ਕਵਿਤਾ ਖਿੜਕੀ: ਪੜ੍ਹੋ ''ਮਿਹਨਤ'' ਤੇ ''ਗਰੂਰ'' ਨੂੰ ਬਿਆਨਦੀਆਂ ਦੋ ਰਚਨਾਵਾਂ
Wednesday, Oct 05, 2022 - 05:52 PM (IST)

ਕਵਿਤਾ ਖਿੜਕੀ: ਪੜ੍ਹੋ 'ਮਿਹਨਤ' ਤੇ 'ਗਰੂਰ' ਨੂੰ ਬਿਆਨਦੀਆਂ ਦੋ ਰਚਨਾਵਾਂ
ਮਿਹਨਤਾਂ ਬਾਜ ਨਾ ਕੰਮ ਸਿਰੇ ਚੜ੍ਹ ਦੇ
ਯਾਰਾਂ ਬਾਝੋਂ ਨਾ ਹੌਂਸਲੇ ਬੁਲੰਦ ਹੁੰਦੇ
ਕਿਰਤ ਬਾਝੋਂ ਨਾ ਕਮਾਈ ਨੇਕ ਬਣ ਦੀ
ਮਾਂ ਬਾਝੋਂ ਨਾ ਦੁੱਖੜੇ ਰੋਏ ਜਾਂਦੇ
ਅਸੂਲਾਂ ਬਾਝੋਂ ਨਾ ਹੁੰਦਾ ਮਨਾਰ ਉੱਚਾ
ਪਿਓ ਬਾਝੋਂ ਨਾ ਸਿਦਕ ਖਲੋਏ ਜਾਂਦੇ
ਦਲੇਰੀ ਬਾਝੋਂ ਨਾ ਜਾਂਦੀ ਜੰਗ ਜਿੱਤੀ
ਭਰਾਵਾਂ ਬਾਝੋਂ ਨਾ ਵਾਅਦੇ ਪੁਗਾਏ ਜਾਂਦੇ
ਦਸਵੰਦ ਬਾਝੋਂ ਨਾ ਕਮਾਈ ਹੋਵੇ ਸੁੱਚੀ
ਭੈਣਾਂ ਬਾਝੋਂ ਨਾ ਅਰਦਾਸ ਦੀ ਸੁਣਾਈ ਹੋਵੇ
ਪਤਨੀ ਬਾਝੋਂ ਨਾ ਕੋਈ ਰਿਸ਼ਤਾ ਨਿੱਘਾ
ਜੋ ਸਾਥ ਉਮਰਾਂ ਤੱਕ ਨਿਭਾਈ ਜਾਵੇ
ਹਰਪ੍ਰੀਤ ਨੇ ਲਿਖਿਆ ਜੋ ਸੱਚ ਲਿਖਿਆ
ਰਿਸ਼ਤਾ ਹਰ ਬੰਦੇ ਨੂੰ ਸਹਾਈ ਹੋਵੇ
ਰਿਸ਼ਤਾ ਹਰ ਬੰਦੇ ਨੂੰ ਸਹਾਈ ਹੋਵੇ
ਹਰਪ੍ਰੀਤ ਸਿੰਘ ਮੂੰਡੇ
---
ਆਪਣਾ ਆਪ ਲੁਕਾਉਂਦਾ ਫਿਰਦੈ
ਦੂਜਿਆਂ ਨੂੰ ਸਮਝਾਉਂਦਾ ਫਿਰਦੈ
ਕਿੰਨੀ ਕੁ ਗੱਲ ਹਜ਼ਮ ਕਰ ਲੀਏ
ਈਰਖਾ ਸਾੜਾ ਪਾਉਂਦਾ ਫਿਰਦੈ।
ਆਪਣੇ ਆਪ ਵਿੱਚ ਬਣਿਆ ਫਿਰਦੈ
ਘਰ ਦਿਆਂ ਨਾਲ ਲੜਿਆ ਫਿਰਦੈ
ਮੈਂਬਰ ਘਰ ਦਾ ਸੁਣਦਾ ਕੋਈ ਨਹੀਂ
ਬਾਹਰ ਨਾਢੂ ਖਾਂ ਬਣਿਆ ਫਿਰਦੈ।
ਗੱਲ ਤਾਰਨ ਦੀ ਕਰਦਾਂ ਫਿਰਦੈ
ਅੰਦਰੋਂ ਆਪ ਤੂੰ ਡਰਦਾ ਫਿਰਦੈ
ਤੇਰੇ ਸਾਹਾਂ ਦਾ ਭਰੋਸਾ ਕੋਈ ਨੀਂ
ਗਵਾਹੀ ਹੋਰਾਂ ਦੀ ਭਰਦਾ ਫਿਰਦੈ।
ਬੰਦਿਆਂ ਮੈਂ ਮੈਂ ਕਰਦਾ ਫਿਰਦੈ
ਆਪਣਿਆਂ ਲਈ ਮਰਦਾ ਫਿਰਦੈ
ਸੁਖਚੈਨ,ਅੰਤ ਕਿਸੇ ਨਾ ਨਾਲ ਖਲੋਣਾ
ਕਿਉਂ ਅੰਦਰੋਂ ਅੰਦਰੀ ਖਰਦਾ ਫਿਰਦੈ।
ਸੁਖਚੈਨ ਸਿੰਘ,ਠੱਠੀ ਭਾਈ