ਕਹਾਣੀਨਾਮਾ ''ਚ ਪੜ੍ਹੋ ਅੱਜ ਦੀ ਕਹਾਣੀ ‘ਸਾਂਝਾ ਸੰਘਰਸ਼’

Saturday, Jan 02, 2021 - 04:25 PM (IST)

ਅਜੇ ਸਵੇਰ ਦੇ ਛੇ ਈ ਵੱਜੇ ਸਨ, ਤਾਈ ਬੰਤੋ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਸਿੱਧੀ ਮੇਰੇ ਘਰੇ ਆ ਗਈ, ਆਵਾਜ ਮਾਰ ਕੇ ਕਹਿਣ ਲੱਗੀ, ਵੇ ਕੈਲਿਆ ਅਜੇ ਸੁੱਤਾ ਈ ਪਿਆਂ ਕਿ ਉੱਠ ਬੈਠਾ ਏਂ, ਮੈਂ ਆਵਾਜ ਪਛਾਣ ਕੇ ਆਖਿਆ, ਆਇਆ ਤਾਈ ਜੀ, ਮੈਂ ਉੱਠ ਕੇ ਗਿਆ ਦਰਵਾਜ਼ਾ ਖੋਲਿ੍ਹਆ, ਸਤ ਸ੍ਰੀ ਆਕਾਲ ਬੁਲਾਈ, ਸਤ ਸ੍ਰੀ ਆਕਾਲ ਦਾ ਜਵਾਬ ਦੇ ਕੇ ਤਾਈ ਕਹਿਣ ਲੱਗੀ, ਵੇ ਪੁੱਤ ਕੈਲਿਆ ਤੇਰੀ ਮੰਮੀ ਕਿੱਥੇ ਆ, ਮੈਂ ਕਿਹਾ ਤਾਈ ਜੀ ਉਹ ਤਾਂ ਦਿੱਲੀ ਗਈ ਆ, ਹੈਂ ਦਿੱਲੀ ਗਈ ਆ? ਤੇ ਮੈਨੂੰ ਕਿਉਂ ਨਹੀਂ ਦੱਸਿਆ ਉਹਨੇ?, ਤਾਈ ਜੀ ਉਹ ਤਾਂ ਪੰਦਰਾਂ ਸੋਲਾਂ ਜਣੀਆਂ ਕੱਠੀਆਂ ਹੋ ਕੇ ਗਈਆਂ ਨੇ, ਇਹ ਕਿੱਥੇ ਲਿਖਿਆ ਬਈ ਤੁਹਾਨੂੰ ਪਤਾ ਈ ਨਾ ਹੋਵੇ ਕਿ ਉਹ ਦਿੱਲੀ ਗਈਆਂ ਨੇ, ਨਹੀਂ ਸੱਚੀ ਸੌਂਹ ਲੱਗੇ ਬਾਬੇ ਦੀ ਮੈਨੂੰ ਨਹੀਂ ਪਤਾ ਬਈ ਉਹ ਦਿੱਲੀ ਗਈਆਂ ਨੇ, ਮੈਂ ਤਾਂ ਸਭ ਤੋਂ ਮੋਹਰੀ ਜਾਣਾ ਸੀ, ਮੈਂ ਤਾਈ ਜੀ ਨੂੰ ਵਿੱਚੋਂ ਟੋਕ ਕੇ ਆਖਿਆ ਅੰਦਰ ਆ ਜਾਓ ਨਾਲੇ ਚਾਹ ਪੀਨੇ ਆਂ ਤੇ ਨਾਲੇ ਗੱਲਾਂ ਕਰਨੇ ਆਂ, ਮੈਂ ਤਾਈਂ ਜੀ ਨੂੰ ਮਜ਼ਾਕੀਆ ਤੌਰ ਤੇ ਕਿਹਾ, ਤਾਈ ਜੀ, ਤੁਰਿਆ ਤੁਹਾਡੇ ਕੋਲੋਂ ਜਾਂਦਾ ਨਹੀਂ, ਗੁਰਦੁਆਰੇ ਆਉਣ ਤੱਕ ਰਾਹ ਵਿੱਚ ਤੁਸੀਂ ਚਾਰ ਵਾਰੀ ਸਾਹ ਲੈਂਦੇ ਹੋ, ਤੁਸੀਂ ਦਿੱਲੀ ਜਾ ਕੇ ਕੀ ਕਰ ਲਉਗੇ, ਚੁੱਪ ਕਰਕੇ ਘਰੇ ਬਉ, ਤੁਹਾਡੇ ਕੋਲ ਕਿਹੜੀ ਪੈਲੀ ਆ ।

ਤਾਈ ਜੀ ਨੇ ਮੈਨੂੰ ਜਵਾਬ ਦਿੱਤਾ, ਵੇ ਪੁੱਤ, ਜੇ ਮੇਰੇ ਕੋਲ ਪੈਲੀ ਨਹੀਂ ਤਾਂ ਕੀ ਹੋਇਆ, ਇਹ ਕੱਲੇ ਪੈਲੀਆਂ ਵਾਲਿਆਂ ਵਾਸਤੇ ਕਾਨੂੰਨ ਨਹੀਂ ਗੇ ਬਣੇ, ਇਨ੍ਹਾਂ ਦੀ ਮਾਰ ਸਾਰਿਆਂ ਨੂੰ ਈਂ ਪੈਣੀ ਆਂ  ਆਹ ਜਿੰਨੇ ਪੈਲੀਆਂ ਵਾਲੇ ਕਿਸਾਨ ਵੀਰ ਆ ਨਾ, ਇਹ ਵੀ ਸਾਡੇ ਭਰਾ ਨੇ, ਤੇ ਪੁੱਤ ਨੇ, ਅੱਜ ਸਾਡਾ ਸਾਰਿਆਂ ਦਾ ਫਰਜ ਬਣਦਾ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਈਏ, ਜੇ ਹੋਰ ਨਾ ਕੁਝ ਹੋਇਆ ਤਾਂ ਰੋਟੀਆਂ ਈ ਪਕਾਈ ਰੱਖਾਂਗੇ, ਹਾਂ ਤਾਈ ਜੀ ਮੈਂ ਤਾਂ ਮਜ਼ਾਕ ਕਰਦਾ ਸੀ , ਵੇ ਪੁੱਤ ਮੈਂ ਤਾਂ ਤੇਰੇ ਵੰਨੇ ਆਈਂ ਆਂ, ਸਾਡੇ ਘਰੇ ਕੱਲਾ ਢੋਲੂ ਰਹਿ ਗਿਆ ਅਸੀਂ ਸਾਰੇ ਈ ਚੱਲੇ ਆਂ ਦਿੱਲੀ, ਤੇ ਉਹਦਾ ਧਿਆਨ ਤੂੰ ਰੱਖਣਾ ਈਂ, ਵੇਲੇ ਕੁਵੇਲੇ ਉਹਦੇ ਨਾਲ ਪੱਠੇ ਪਵਾ ਦਿਆ ਕਰੀ, ਚੇਤਾ ਰੱਖੀ ਕਿਤੇ ਭੁੱਲ ਨਾ ਜਾਈਂ, ਤਾਈ ਜੀ ਤੁਸੀਂ ਫਿਕਰ ਨਾ ਕਰੋ, ਅਸੀਂ ਸਿਰਫ ਚਾਰ ਬੰਦੇ ਆਂ ਪਿੰਡ ਚ, ਸਾਰਿਆਂ ਦੇ ਪਸ਼ੂਆਂ ਨੂੰ ਪੱਠੇ ਪਾਉਣ ਦੀ ਤੇ ਘਰਾਂ ਦੀ ਰਾਖੀ ਕਰਨ ਦੀ ਜਿੰਮੇਵਾਰੀ ਅਸੀਂ ਆਪਣੇ ਸਿਰ ਲਈ ਆ, ਤੁਸੀਂ ਬੇਫਿਕਰ ਹੋਕੇ ਜਾਉ ਦਿੱਲੀ, ਸਾਡੇ ਹੁੰਦਿਆਂ ਕੋਈ ਫਿਕਰ ਨਹੀਂ ਕਰਨਾ, ਅਸੀਂ ਸਾਰਿਆਂ ਨੇ ਸਲਾਹ ਕੀਤੀ ਆ, ਬਈ ਜਿੰਨਾਂ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ ਉਨ੍ਹਾਂ ਚਿਰ ਸਾਰਿਆਂ ਦੇ ਪਸ਼ੂਆਂ ਨੂੰ ਪੱਠੇ ਅਸੀਂ  ਪਾਵਾਂਗੇ ਤੇ ਬਾਕੀ ਸਾਰੇ ਪਿੰਡ ਵਾਲੇ ਦਿੱਲੀ ਜਾਣਗੇ। ਅੱਜ ਤੋਂ ਹੋਰ ਵੀ ਟਰਾਲੀਆਂ ਤਿਆਰ ਕਰਕੇ ਅਸੀਂ ਆਪਣੇ ਸਾਰੇ ਪਿੰਡ ਦੀ ਸੰਗਤ ਭੇਜ ਰਹੇ ਆਂ, ਮੈਂ ਤਾਈ ਜੀ ਦਾ ਹੌਂਸਲਾ ਤੇ ਦਲੇਰੀ ਵੇਖ ਕੇ ਮਨ ਹੀ ਮਨ ਬਹੁਤ ਖੁਸ਼ ਹੋਇਆ ਤੇ ਰੱਬ ਅੱਗੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੇ ਸਾਰੀ ਸਮੁੱਚੀ ਮਨੁੱਖਤਾ ਤੇ ਹਰ ਧਰਮ ਦੇ ਲੋਕ ਇਸ ਤਰ੍ਹਾਂ ਪਿਆਰ ਤੇ ਮੁਹੱਬਤ ਨਾਲ ਕਿਤੇ ਰਹਿਣਾ ਸਿੱਖ ਜਾਣ ਤਾਂ ਇਹ ਸਾਰੀ ਧਰਤੀ ਸਵਰਗ ਬਣ ਜਾਵੇ।

ਵੀਰ ਸਿੰਘ ਵੀਰਾ
9855069972 
9780253156


 


Aarti dhillon

Content Editor

Related News