ਕਹਾਣੀਨਾਮਾ ''ਚ ਪੜ੍ਹੋ ਮਿੰਨੀ ਕਹਾਣੀ ''ਮਜਬੂਰੀ''

08/01/2022 2:42:29 PM

ਰਾਮ ਸਿੰਘ ਦੇ ਸਾਲ਼ੇ ਬਿੱਲੇ ਦਾ ਅਮਰੀਕਾ ਤੋਂ ਫੋਨ ਆਇਆ। ਰਾਜ਼ੀ ਖ਼ੁਸ਼ੀ ਦਾ ਪੁੱਛਣ ਤੋਂ ਬਾਅਦ ਬਿੱਲੇ ਨੇ  ਆਖਿਆ, “ਰਾਮ ਸਿਹਾਂ ਪਟੀਸ਼ਨ ਤਾਂ ਤੁਹਾਡੀ ਪਤਾ ਨੲ੍ਹੀਂ ਕਦੋਂ ਨਿਕਲਣੀ...ਨਿਕਲਣੀਂ ਵੀ ਆ ਕ ਨੲ੍ਹੀਂ! ਤੂੰ ਏਦਾਂ ਕਰ, ਮੈਂ ਤੈਨੂੰ ਤੇ ਭੈਣ ਛਿੰਦੋ ਨੂੰ ਰਾਹਦਾਰੀ ਭੇਜਦਾਂ, ਤੁਸੀਂ ਆ ਜਾਓ...ਨਿਆਣਿਆਂ ਨੂੰ ਮਾਸੀ, ਮਾਸੜ ਆਪੇ ਸਾਂਭ ਲੈਣਗੇ...ਕੁਝ ਦੇਰ ਰਿਹੋ 'ਕੱਠੇ...ਛਿੰਦੋ ਵਾਪਸ ਆ ਜੂ ਤੇ ਤੂੰ ਏਥੇ ਸਾਡੇ ਕੋਲ ਇੱਲ-ਲੀਗਲ ਰਹਿ ਲਵੀਂ...ਕੀ ਖ਼ਿਆਲ ਐ?

  “ਖ਼ਿਆਲ ਤਾਂ ਨੇਕ ਐ ਭਾ ਜੀ ਧੰਨਬਾਦ ਤੁਹਾਡਾ...ਪਰ ਗੱਲ ਇਉਂ ਐ ਪਈ ਇੱਥੇ ਤਿੰਨ ਖੇਤ ਮੇਰੇ ਕੋਲ ਪੈਲ਼ੀ ਦੇ ਐ..ਚਾਰ ਦੁਕਾਨਾਂ ਅੱਡੇ ’ਤੇ ਕਿਰਾਏ ਨੂੰ ਚੜ੍ਹੀਆਂ....ਆ ਹੁਣ ਸੁਖ ਨਾਲ ਘਰ ਦੀ ਸ਼ੜਕ ਵਾਲੀ ਬੈਠਕ ਵਿਚ ਏ.ਟੀ.ਐਮ. ਲੱਗ ਗਿਆ...ਦੋ ਨਿਆਣੇਂ ਆ ਝੂੰਗੇ ’ਚ...ਸੁੱਖ ਨਾਲ ਸੋਹਣੀਂ ਰੋਟੀ ਖਾਈ ਜਾਨੇ ਆਂ....ਗੱਲ ਏਦਾਂ ਪਈ ਬੀਬੀ-ਭਾਪਾ ਬਿਮਾਰ ਜਿਹਾ ਰਹਿੰਦੇ ਆ...ਇਨ੍ਹਾਂ ਨੂੰ ਛੱਡ ਕੇ ਮੈਂ ਕਿਤੇ ਜਾ ਨੲ੍ਹੀਂ ਸਕਦਾ ਵੀਰੇ....ਇਨ੍ਹਾਂ ਦੀ ਸਾਂਭ-ਸੰਭਾਲ਼ ਕੌਣ ਕਰੂ ਵੀਰੇ...ਮੇਰੀ ਮਜਬੂਰੀ ਆ...ਕੋ ਗੱਲ ਨੀ...ਐਥੇ ਬੀ ਠੀਕ ਈ ਆ...ਤੁਸੀਂ ਫਿਕਰ ਨਾ ਕਰੋ...ਹੈਂ ਚੰਗਾ...ਧੰਨਬਾਦ!” ਕਹਿੰਦਿਆਂ ਰਾਮ ਸਿੰਘ ਨੇ ਫੋਨ ਕੱਟ ਦਿੱਤਾ।

ਸਵੇਰੇ ਸੁਵਖ਼ਤੇ ਜਦੋਂ ਰਾਮ ਸਿੰਘ ਖੇਤ ਵੱਲ ਜਾਣ ਲਈ ਘਰੋਂ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਗੁਆਂਢੀ ਤਰਲੋਕ ਸਿੰਘ ਦਾ ਜਵਾਨ ਪੁੱਤਰ ਸੰਤੋਖ, ਨੂੰਹ ਸੁਖਮਨ ਤੇ ਪੋਤਾ ਸਹਿਜ ਵੱਡੀ ਗੱਡੀ ਵਿਚ ਅਟੈਚੀ-ਕੇਸ ਲੱਦ ਰਹੇ ਸਨ। ਰਾਮ ਸਿੰਘ ਗੱਡੀ ਕੋਲ ਖਲੋ ਗਿਆ। ਉਸ ਨੇ ਸੰਤੋਖ਼ ਨੂੰ ਪੁੱਛਿਆ, “ ਸੰਤੋਖਿਆ, ਮੁੰਡਾ ਚੱਲਿਆ ਕਨੇਡਾ?”
 “ਮੁੰਡਾ ਈ ਨੲ੍ਹੀਂ ਅਸੀਂ ਤਿੰਨੋਂ ਚੱਲੇ ਆਂ...ਅਸੀਂ ਵਰਕ ਪਰਮਿਟ ’ਤੇ ਚੱਲੇ ਆਂ! ” 
“ਅੱਛਾ...ਤੇ ਪੈਲ਼ੀ-ਬੰਨਾਂ ? ” ਰਾਮ ਸਿੰਘ ਨੇ ਹੈਰਾਨ ਹੁੰਦੇ ਪੁੱਛਿਆ।

 “ਆ ਜਾ ਜਰਾ ਮੇਰੀ ਗੱਲ ਸੁਣ ( ਕਹਿੰਦਿਆਂ ਸੰਤੋਖ਼ ਸਿੰਘ ਰਾਮ ਸਿੰਘ ਨੂੰ ਆਪਣੇ ਘਰ ਲੈ ਗਿਆ) ਮੇਰੀ ਗੱਲ ਸੁਣ ਯਾਰ, ਬਹਿ ਜਾ...ਪੈਲ਼ੀ ਭਈਏ ਗਿਆਸ ਨੂੰ ਪੰਜ ਕਿੱਲੇ ਠੇਕੇ ’ਤੇ ਦੇ ਤੇ ਆ...ਬਾਕੀ ਦਸ ਕਿੱਲੇ ਇਹਦਾ ਭਰਾ ਵਾਹੂਗਾ।ਤੂੰ ਸਾਡਾ ਸਾਥ ਦੇ...ਆ ਬੀਬੀ- ਭਾਪਾ ਤੈਨੂੰ ਪਤਾ ਈ ਆ ਬਿਮਾਰ ਪਏ ਆ...ਭਾਪੇ ਨੂੰ ਤਾਂ ਪਿਸ਼ਾਬ ਆਲ਼ੀ ਨਾਲ਼ੀ ਲੱਗੀ ਆ...ਇਨ੍ਹਾਂ ਦਾ ਖ਼ਿਆਲ ਰੱਖੀਂ...ਉਂਝ ਗਿਆਸ ਨੇ ਆਪਣੀ ਘਰ ਆਲ਼ੀ ਸੱਦ ਲਈ ਆ..ਉਹ ਦੇਖ ਭਾਲ਼ ਕਰਨਗੇ...ਕੋਠੀ ਦੇ ਦੋ ਕਮਰੇ ਉਨ੍ਹਾਂ ਲਈ ਖੋਲ੍ਹ ਚੱਲੇ ਆਂ...ਸਾਡਾ ਕਿਹੜਾ ਦਿਲ ਕਰਦਾ ਮਾਂ-ਬਾਪ ਨੂੰ ਇਸ ਹਾਲਤ ਵਿਚ ਛੱਡ ਕੇ ਜਾਣ ਨੂੰ......ਤੂੰ ਆਪ ਸਿਆਣਾਂ....ਵਰਕ ਪਰਮਿਟ ਕਿਹੜਾ ਐਵੇਂ ਮਿਲ ਜਾਂਦੇ,ਓ ਵੀ ਕਨੇਡਾ ਦੇ... ਮਜਬੂਰੀ ਆ, ਕੀ ਕਰੀਏ...!” ਸੰਤੋਖ਼ ਸਿੰਘ ਬੋਲੀ ਜਾ ਰਿਹਾ ਸੀ।

ਬਾਹਰ ਖੜ੍ਹੀ ਗੱਡੀ ਦਾ ਹਾਰਨ ਵੱਜਿਆ। ਸੰਤੋਖ਼ ਸਿੰਘ ਕਾਹਲ਼ੀ ਨਾਲ਼ ਬੂਹਿਊਂ ਬਾਹਰ ਹੋਣ ਲੱਗਾ ਤਾਂ ਉਸ ਦੀ ਬੀਬੀ ਸੁਵਰਨ ਕੌਰ ਨੇ ਸਰਦਲਾਂ ‘ਤੇ ਤੋਲ ਚੋ ਕੇ ਤੇ ਪਿਆਰ ਦੇ ਕੇ,ਤਿੰਨਾਂ ਨੂੰ ਬਾਹਰ ਤੋਰਿਆ। ਉਹ ਤਿੰਨੋਂ ਬਾਹਰ ਖੜ੍ਹੇ ਬਿਮਾਰ ਆਪਣੇ ਬੀਬੀ -ਭਾਪੇ ਦੇ ਪੈਰੀਂ ਹੱਥ ਲਾ ਕੇ ਗੱਡੀ ਵਿਚ ਜਾ ਬੈਠੇ। ਰਾਮ ਸਿੰਘ ਨੇ ਭਰੀਆਂ ਅੱਖਾਂ ਨਾਲ ਸੰਤੋਖ਼ ਦੀ ਮਾਂ ਵੱਲ ਵੇਖਿਆ ਤਾਂ ਉਹ ਕਹਿਣ ਲੱਗੀ, “ਕੀ ਕਰਨ ਵਿਚਾਰੇ...ਮਜਬੂਰੀ ਜਿਉਂ ਹੋਈ!” ਤੇ ਉਹ ਪੱਲੇ ਨਾਲ ਅੱਖਾਂ ਪੂੰਝਦੀ ਅੰਦਰ ਜਾ ਵੜੀ। ਰਾਮ ਸਿੰਘ ਕਿੰਨ੍ਹੀਂ ਦੇਰ ਸਿਲ਼-ਪੱਥਰ ਬਣਿਆ ਗਲ਼ੀ ਵਿਚ ਖਲੋਤਾ ਪਤਾ ਨਹੀਂ ਕੀ ਸੋਚੀ ਜਾ ਰਿਹਾ ਸੀ।

ਡਾ.ਰਾਮ ਮੂਰਤੀ  


Harnek Seechewal

Content Editor

Related News