ਕਵਿਤਾ ਖਿੜਕੀ 'ਚ ਪੜ੍ਹੋ ਸਤਨਾਮ ਸਿੰਘ ਦਰਦੀ ਦੀਆਂ ਗ਼ਜ਼ਲਾਂ

05/09/2022 2:54:59 PM

              ਐਵਾਨ-ਏ-ਗ਼ਜ਼ਲ  

                        ਪੰਤਾਲ਼ੀ
ਕੀ ਕੀ ਸਿਤਮ ਕੀਤੇ ਨੇ, ਤੂੰ ਅਪਣੇ ਗੁਲਾਮ ਨਾਲ,
ਮੁੜ ਮੁੜ ਨਿਵਾਜ਼ਦਾ ਹੈ, ਕਿਹੜੇ ਇਨਾਮ ਨਾਲ।

ਸੂਰਤ ਤਿਰੀ ਦੀ ਦਿਲ ਦੇ ਵਿਚ, ਸੂਰਤ ਬਣਾ ਲਵਾਂ,
ਅੱਖਾਂ 'ਚ ਆ ਕੇ ਦੋ ਕੁ ਪਲ, ਬਹਿ ਜਾ ਅਰਾਮ ਨਾਲ।

ਮਰਦੇ ਪਏ ਨੇ ਉਹ ਜਿਨ੍ਹਾਂ ਦੇ, ਮੋਢਿਆਂ 'ਤੇ ਭਾਰ ਹੈ,
ਅਰਥੀ ਦੇ ਉਤੇ ਸੌਂ ਰਿਹਾ, ਮੁਰਦਾ ਅਰਾਮ ਨਾਲ।

ਦੁਨੀਆ ਦੇ ਹਰ ਬਸ਼ਰ 'ਤੇ, ਇਕ ਧਾੜਵੀ ਦਾ ਭੈਅ,
ਡਰਦਾ ਕੋਈ ਨਾ ਖੜਿਆ, ਅਣਖੀ ਸਦਾਮ ਨਾਲ।

ਸ਼ਿਅਰਾਂ 'ਚ ਮਗਜ਼ ਮਾਰੀ, 'ਦਰਦੀ' ਹੈ ਕੀ ਮਜ਼ਾ,
ਦਿਲ ਮਚਲਿਆ ਨਾ ਜੇਕਰ, ਤੇਰੇ ਕਲਾਮ ਨਾਲ।


                      ਛਿਆਲ਼ੀ
ਕੀ ਸੁਣਾਵਾਂ ਦੋਸਤੋ ਮੈਂ, ਹਾਲ ਅਪਣੇ ਸ਼ਹਿਰ ਦਾ।
ਵਿਗੜਿਆ ਹੋਇਆ ਹੈ ਸਭ, ਸਰੁ ਤਾਲ ਆਪਣੇ ਸ਼ਹਿਰ ਦਾ।

ਰਹਿਨੁਮਾ ਹਾਕਮ ਲੁਟੇਰੇ, ਚੋਰ ਕੁੱਤੀ ਰਲ ਗਏ,
ਦਿਨ ਦਿਹਾੜੇ ਲੁਟ ਰਿਹਾ ਹੈ,ਮਾਲ ਅਪਣੇ ਸ਼ਹਿਰ ਦਾ।

ਖੂਨ ਬੇਦੋਸ਼ਾਂ ਦਾ ਅੱਜ, ਪਾਣੀ ਦੇ ਵਾਂਗੂੰ ਵਹਿ ਰਿਹਾ,
ਹਰ ਚੁਰਸਤਾ ਹੋ ਰਿਹਾ ਹੈ, ਲਾਲ ਅਪਣੇ ਸ਼ਹਿਰ ਦਾ।

ਚਮਕ ਦੇ ਸੂਰਜ ਦੀ ਲੋਏ, ਚਲ ਰਹੇ ਕਾਲੇ ਬਾਜ਼ਾਰ,
ਖ਼ੁਦ ਸਮਗਲਰ ਬਣ ਗਿਆ, ਰਖਵਾਲ ਅਪਣੇ ਸ਼ਹਿਰ ਦਾ।

ਸੱਚ ਬੋਲਣ ਵਾਲਿਆਂ ਦਾ, ਕੌਣ ਕਰਦਾ ਹੈ ਯਕੀਨ,
ਝੂਠਿਆਂ ਦਾ ਬਾਦਸ਼ਾਹ, ਕੁਤਵਾਲ ਆਪਣੇ ਸ਼ਹਿਰ ਦਾ।

ਕੀ ਪਤਾ 'ਦਰਦੀ' ਸਵੇਰੇ, ਮਿਲੇਗੀ ਕਿਹੜੀ ਖ਼ਬਰ,
ਦੇ ਰਿਹਾ ਗ਼ਮ ਦੀ ਸਦਾ, ਘੜਿਆਲ ਅਪਣੇ ਸ਼ਹਿਰ ਦਾ।


                          ਸੰਤਾਲ਼ੀ
ਕਿੱਧਰ ਜਾਵਾਂ ਕੋਈ ਵੀ, ਰਸਤਾ ਨਹੀਂ ਰਿਹਾ।
ਮਤਲਬੀ ਦੁਨੀਆ ਕੋਈ, ਰਿਸ਼ਤਾ ਨਹੀਂ ਰਿਹਾ।

ਸਹਿਮ ਅੱਖੀਂ ਬੁੱਲ੍ਹ ਸੀਂਤੇ, ਦਿਸਣ ਚਿਹਰੇ ਉਦਾਸ,
ਕਿਸੇ ਦੇ ਬੁੱਲਾਂ 'ਤੇ ਹੁਣ, ਹਾਸਾ ਨਹੀਂ ਰਿਹਾ।

ਤੇਰੇ ਦਿਲ ਅੰਦਰ ਜਗ੍ਹਾ, ਮੇਰੇ ਲਈ ਹੈ ਝੂਠ ਜੇ,
ਤੇਰੀ ਮਹਿਫਲ ਵਿਚ, ਮੇਰਾ ਚਰਚਾ ਨਾ ਰਿਹਾ।

ਮੂੰਹ ਭਵਾ ਕੇ ਘੁੰਢ ਕੱਢ ਕੇ, ਕਹਿ ਰਿਹੈਂ ਹਾਲੇ ਵੀ ਕਿ,
ਆਪਣੇ ਵਿਚ ਕੋਈ ਵੀ ,ਪਰਦਾ ਨਹੀਂ ਰਿਹਾ।

ਮੇਰਾ ਘਰ ਮੇਰੇ ਹੀ, ਘਰਦਿਆਂ ਨੇ ਸਾੜਿਆ ,
ਦੁਸ਼ਮਣਾਂ ਦਾ ਕੋਈ ਵੀ, ਖ਼ਤਰਾ ਨਹੀਂ ਰਿਹਾ।

ਹੁਸਨ ਹੀ ਹੁਣ ਹੋ ਗਿਆ, ਤੋਤੇ ਚਸ਼ਮ ਕੇ ਜਾਂ,
ਆਸ਼ਕਾਂ ਵਿਚ ਮਾਰਨ ਦਾ, ਜਿਗਰਾ ਨਹੀਂ ਰਿਹਾ।

ਜੀਉਂਦਾ ਹੀ ਮਰ ਗਿਆ, ਆਇਆ ਕੀ ਜਹਾਨ 'ਤੇ,
'ਦਰਦੀ' ਜਿਸਦਾ ਸੰਸਾਰ ਤੇ, ਚਰਚਾ ਨਹੀਂ ਰਿਹਾ।

ਲੇਖਕ: ਸਤਨਾਮ ਸਿੰਘ ਦਰਦੀ (ਚਾਨੀਆਂ-ਜਲੰਧਰ)


Harnek Seechewal

Content Editor

Related News