ਨਫ਼ਸਾਨੀ ਚਾਹਤਾਂ ਅਤੇ ਬੁਰਾਈਆਂ ਤੋਂ ਬਚੇ ਰਹਿਣ ਦਾ ਮਹੀਨਾ ਰਮਜ਼ਾਨ
Thursday, Mar 23, 2023 - 04:19 PM (IST)
ਰਮਜ਼ਾਨ ਦਾ ਇਹ ਪਵਿੱਤਰ ਮਹੀਨਾ ਬਰਕਤਾਂ ਤੇ ਰਹਿਮਤਾਂ ਦਾ ਮਹੀਨਾ ਹੈ। ਇਸ ਮਹੀਨੇ ਨੂੰ ਹੋਰ ਮਹੀਨਿਆਂ ਤੋਂ ਪਾਕ ਮਹੀਨਾ ਮੰਨਿਆ ਜਾਂਦਾ ਹੈ। ਅੱਲ੍ਹਾ ਪਾਕ ਨੂੰ ਰਮਜ਼ਾਨ ਦਾ ਮਹੀਨਾ ਸਾਰੇ ਮਹੀਨਿਆਂ ਤੋਂ ਜ਼ਿਆਦਾ ਮਹਿਬੂਬ ਹੈ। ਇਸਲਾਮ ਧਰਮ ਦੀ ਬੁਨਿਆਦ 5 ਥੰਮ੍ਹਾਂ (ਸਿਧਾਂਤਾਂ) ’ਤੇ ਕਾਇਮ ਹੈ, ਜਿਸ ’ਚ ਤੌਹੀਦ, ਨਮਾਜ਼, ਰੋਜ਼ਾ ਜ਼ਕਾਤ ਅਤੇ ਹੱਜ ਹਨ। ਇਨ੍ਹਾਂ ’ਚੋਂ ਨਮਾਜ਼ ਤੋਂ ਬਾਅਦ ਦੂਜੇ ਨੰਬਰ ’ਤੇ ਮਹੀਨੇ ਦੇ ਰੋਜ਼ੇ ਰੱਖਣਾ ਆਉਂਦਾ ਹੈ। ਨਮਾਜ਼ ਦੀ ਤਰ੍ਹਾਂ ਰੋਜ਼ੇ ਵੀ ਅੱਲ੍ਹਾ ਨੇ ਹਰ ਬਾਲਗ ਮੁਸਲਮਾਨ ਮਰਦ-ਔਰਤ ’ਤੇ ਲਾਜ਼ਮੀ (ਫ਼ਰਜ਼) ਕੀਤੇ ਹਨ। ਜੇਕਰ ਕੋਈ ਵਿਅਕਤੀ ਬੀਮਾਰ ਜਾਂ ਸਫ਼ਰ ਦੀ ਹਾਲਤ ’ਚ ਹੋਵੇ ਤਾਂ ਉਹ ਵਿਅਕਤੀ ਰੋਜ਼ੇ ਬਾਅਦ ’ਚ ਵੀ ਰੱਖ ਸਕਦਾ ਹੈ।
ਰਮਜਾਨ ’ਚ ਇਕ ਸੱਚਾ ਮੁਸਲਮਾਨ ਸਮੇਂ ਅਨੁਸਾਰ ਸਵੇਰੇ ਰੋਜ਼ਾ ਰੱਖਦਾ ਹੈ। ਸ਼ਾਮ ਨੂੰ ਦਿੱਤੇ ਟਾਈਮ ਮੁਤਾਬਕ (ਖੋਲ੍ਹਦਾ) ਇਫ਼ਤਾਰ ਕਰਦਾ ਹੈ। ਰੋਜ਼ੇਦਾਰ ਸਵੇਰ ਤੋਂ ਸ਼ਾਮ ਸੂਰਜ ਛਿਪਣ ਤੱਕ ਭੁੱਖ ਸਹਾਰਦਾ ਹੈ ਅਤੇ ਨਫ਼ਸਾਨੀ ਚਾਹਤਾਂ ਤੋਂ ਦੂਰ ਰਹਿਣ ਦੇ ਨਾਲ-ਨਾਲ ਰੱਬ ਦੀ ਬੰਦਗੀ ਕਰਦਾ ਹੈ। ਪੂਰੇ ਰਮਜ਼ਾਨ ’ਚ ਆਪਣੇ ਆਪ ਨੂੰ ਰੱਬ ਦੀ ਰਜ਼ਾ ’ਚ ਗੁਜ਼ਾਰਦਾ ਹੈ ਅਤੇ ਆਪਣੇ-ਆਪ ਨੂੰ ਸੱਚੇ ਰੱਬ ਲਈ ਹਰ ਚੀਜ਼ ਤੋਂ ਅਲੱਗ ਕਰ ਲੈਣ ਦਾ ਨਾਂ ਹੀ ਰੋਜ਼ਾ ਹੈ।
ਰਮਜ਼ਾਨ ਮਹੀਨੇ ’ਚ ਪਿਛਲੀਆਂ ਉਮਤਾਂ ਵੀ ਇਸੇ ਤਰ੍ਹਾਂ ਰੋਜ਼ੇ ਰੱਖਦੀਆਂ ਸਨ। ਇਸ ਮਹੀਨੇ ’ਚ ਜਨਤ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਂਦੇ ਹਨ ਅਤੇ ਨਰਕ ਦੇ ਦਰਵਾਜ਼ੇ ਬੰਦ ਕੀਤੇ ਜਾਂਦੇ ਹਨ। ਸ਼ੈਤਾਨ ਨੂੰ ਕੈਦ ਕਰ ਲਿਆ ਜਾਂਦਾ ਹੈ। ਹਜ਼ਰਤ ਮੁਹੰਮਦ ਦਾ ਕਥਨ ਹੈ ਕਿ ਨੇਕੀ ਅਤੇ ਈਮਾਨਦਾਰੀ ’ਤੇ ਕਾਇਮ ਰਹਿੰਦੇ ਹੋਏ ਇਸ ਮਹੀਨੇ ’ਚ ਰੋਜ਼ੇ ਰੱਖੇ ਜਾਣ, ਨਮਾਜਾਂ ਪੜ੍ਹੀਆਂ ਜਾਣ, ਇਬਾਦਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਪੂਰੇ ਮਹੀਨੇ ’ਚ ਇਕ ਸੱਚਾ ਮੁਸਲਮਾਨ ਅੱਲ੍ਹਾ ਦੀ ਖੂਬ ਇਬਾਦਤ ਕਰਦਾ ਹੈ।
ਇਨ੍ਹਾਂ ਰੋਜ਼ਿਆਂ ਦਾ ਵੱਡਾ ਮੈਡੀਕਲ ਮਹੱਤਵ ਵੀ ਹੈ। ਰੋਜ਼ੇ ਰੱਖਣ ਨਾਲ ਮਨੁੱਖ ਸਰੀਰਕ ਰੂਪ ਤੋਂ ਕਮਜ਼ੋਰ ਨਹੀਂ ਹੁੰਦਾ, ਬਲਕਿ ਅਧਿਆਤਮਿਕ ਸ਼ਕਤੀ ਰੋਜ਼ੇਦਾਰਾਂ ਦੀ ਸਿਹਤ ਲਈ ਨਵੀਂ ਆਤਮਾ ਸਾਬਿਤ ਹੁੰਦੀ ਹੈ। ਰੋਜ਼ੇ ਦਾ ਇਕ ਵਿਸ਼ੇਸ਼ ਫ਼ਾਇਦਾ ਇਹ ਵੀ ਹੈ ਕਿ ਇਨਸਾਨ ਅੰਦਰ ਰੱਬ ਦੀ ਵਢਿਆਈ ਪੈਦਾ ਹੁੰਦੀ ਹੈ। ਮਨ ਦੀਆਂ ਇੱਛਾਵਾਂ ’ਤੇ ਕੰਟਰੋਲ ਕਰਨ ਦੀ ਤਾਕਤ ਆਉਂਦੀ ਹੈ। ਰੂਹ ਮਜ਼ਬੂਤ ਬਣਦੀ ਹੈ ਕਿਉਂਕਿ ਮਜ਼ਬੂਤ ਰੂਹ ਹੀ ਇਨਸਾਨ ਨੂੰ ਬੁਰੀਆਂ ਹਰਕਤਾਂ, ਝੂਠ ਬੋਲਣ, ਘੱਟ ਤੋਲਣ ਅਤੇ ਦੂਜਿਆਂ ਨੂੰ ਧੋਖਾ ਦੇਣ ਤੋਂ ਰੋਕਦੀ ਹੈ। ਰੋਜ਼ੇ ਦਾ ਇਹ ਮਕਸਦ ਨਹੀਂ ਕਿ ਰੋਜ਼ੇਦਾਰਾਂ ਨੂੰ ਭੁੱਖਾ ਰੱਖਣਾ, ਬਲਕਿ ਰੱਬ ਕਹਿੰਦਾ ਹੈ ਕਿ ਮੈਂ ਇਨਸਾਨ ਨੂੰ ਨੇਕ ਅਤੇ ਪ੍ਰਹੇਜ਼ਗਾਰ ਬਣਾਉਣਾ ਚਾਹੁੰਦਾ ਹਾਂ। ਰੋਜ਼ਾ ਰੱਖ ਕੇ ਸਾਨੂੰ ਉਨ੍ਹਾਂ ਭੁੱਖੇ-ਪਿਆਸੇ, ਬੇਬੱਸ ਲਾਚਾਰ, ਬੇਸਹਾਰਾ ਅਤੇ ਗਰੀਬਾਂ ਪ੍ਰਤੀ ਹਮਦਰਦੀ ਪੈਦਾ ਹੁੰਦੀ ਹੈ, ਜੋ ਭੁੱਖੇ ਰਹਿਣ ਲਈ ਮਜਬੂਰ ਹਨ। ਰੋਜ਼ਾ ਰੱਖਣ ਵਾਲਾ ਇਨਸਾਨ ਹਰ ਪ੍ਰਕਾਰ ਦੀ ਬੁਰਾਈ ਤੋਂ ਬਚਿਆ ਰਹਿੰਦਾ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਰੋਜ਼ੇ ਨੂੰ ਸਰੀਰ ਦੀ ਜਕਾਤ ਕਿਹਾ ਹੈ। ਇਹ ਰੋਜ਼ੇ ਖ਼ੁਦਾ ਨੂੰ ਖ਼ੁਸ਼ ਕਰਨ ਲਈ ਰੱਖੇ ਜਾਂਦੇ ਹਨ।
ਰਹਿਮਤ ਅਤੇ ਬਰਕਤ ਦੇ ਨਜ਼ਰੀਏ ਨਾਲ ਰਮਜ਼ਾਨ ਮਹੀਨੇ ਦੇ ਪਹਿਲੇ 10 ਦਿਨਾਂ ’ਚ ਅੱਲ੍ਹਾ ਪਾਕ ਆਪਣੇ ਰੋਜ਼ੇਦਾਰਾਂ ’ਤੇ ਰਹਿਮਤ ਦੀ ਬਾਰਿਸ਼ ਕਰਦਾ ਹੈ। ਵਿਚਕਾਰਲੇ 10 ਦਿਨਾਂ ’ਚ ਅੱਲ੍ਹਾ ਉਨ੍ਹਾਂ ਦੇ ਗੁਨਾਹ ਮਾਫ਼ ਕਰ ਦਿੰਦਾ ਹੈ। ਮਹੀਨੇ ਦੇ ਆਖ਼ਰੀ 10 ਦਿਨਾਂ ’ਚ ਇਕ ਰਾਤ ਐਸੀ ਆਉਂਦੀ ਹੈ, ਜਿਸ ਨੂੰ ਸ਼ਬੇ ਕਦਰ ਕਹਿੰਦੇ ਹਨ। ਜੋ ਅੱਲ੍ਹਾ ਦੀ ਇਬਾਦਤ ’ਚ ਗੁਜ਼ਾਰੀ ਜਾਂਦੀ ਹੈ। ਇਹ ਰਾਤ ਹਜ਼ਾਰ ਮਹੀਨਿਆਂ ਦੀ ਇਬਾਦਤ ਦੇ ਬਰਾਬਰ ਹੁੰਦੀ ਹੈ।
ਇਥੇ ਇਹ ਗੱਲ ਵੀ ਵਿਚਾਰਨ ਯੋਗ ਹੈ ਕਿ ਰੋਜ਼ਾ ਸਿਰਫ਼ ਪੂਰੇ ਦਿਨ ਭੁੱਖੇ-ਪਿਆਸੇ ਰਹਿਣ ਦਾ ਨਾਂ ਨਹੀਂ, ਸਗੋਂ ਰੋਜ਼ੇ ਦੌਰਾਨ ਤੁਹਾਡੇ ਇਖ਼ਲਾਕ ’ਚੋਂ ਰੋਜ਼ੇ ਦੀ ਝਲਕ ਸਪੱਸ਼ਟ ਵਿਖਾਈ ਦੇਣੀ ਚਾਹੀਦੀ ਹੈ। ਰਮਜਾਨ ’ਚ ਖਾਣਾ ਪੀਣਾ ਛੱਡਣਾ ਹੀ ਰੋਜ਼ਾ ਨਹੀਂ, ਬਲਕਿ ਰੋਜ਼ੇ ਦਾ ਅਸਲ ਭਾਵ ਹੈ ਕਿ ਸਾਡੀ ਨਿਗ੍ਹਾ ਦੀ ਹਿਫਾਜ਼ਤ (ਸਾਡੀਆਂ ਅੱਖਾਂ ਮਾੜਾ ਨਾ ਦੇਖਣ) ਸਾਡੀ ਜੁਬਾਨ ਦੀ ਹਿਫ਼ਾਜ਼ਤ (ਸਾਡੀ ਜੁਬਾਨ ਤੋਂ ਮਾੜੇ ਬੋਲ ਨਾ ਨਿਕਲਣ ਅਤੇ ਝੂਠ, ਚੁਗਲਖੋਰੀ ਤੋਂ ਗੁਰੇਜ਼ ਕੀਤਾ ਜਾਵੇ। ਦਿਲ ’ਚੋਂ ਗਲਤ ਕਿਸਮ ਦੇ ਖ਼ਿਆਲਾਤ ਨਾ ਪੈਦਾ ਹੋਣ ਅਤੇ ਕੰਨਾਂ ਤੋਂ ਕਿਸੇ ਦੀਆਂ ਚੁਗਲੀਆਂ ਜਾਂ ਬੁਰਾਈ ਨਾ ਸੁਣਨਾ। ਸਰੀਰ ਦੇ ਬਾਕੀ ਹਿੱਸੇ ਜਿਵੇਂ ਹੱਥ ਮਾੜਾ ਕੰਮ ਨਾ ਕਰਨ, ਪੈਰਾਂ ਨੂੰ ਗਲਤ ਰਾਹ ਤੋਂ ਰੋਕਣਾ, ਆਦਿ। ਰੋਜ਼ਾ ਇਫ਼ਤਾਰੀ (ਖੋਲ੍ਹਣ ਸਮੇਂ) ਦੇ ਵਕਤ ਹਲਾਲ-ਮਾਲ ਨਾਲ ਰੋਜ਼ਾ ਖੋਲ੍ਹਣਾ।
ਇਸ ਮੁਬਾਰਕ ਮਹੀਨੇ ’ਚ ਅੱਲ੍ਹਾ ਪਾਕ ਨੇ ਕਿਸੇ ਵੀ ਤਰ੍ਹਾਂ ਦੇ ਝਗੜੇ ਜਾਂ ਗੁੱਸੇ ਤੋਂ ਮਨ੍ਹਾ ਕੀਤਾ ਬਲਕਿ ਕਿਸੇ ਨਾਲ ਗਿਲ੍ਹਾ ਸਿਕਵਾ ਹੈ ਤਾਂ ਉਸ ਤੋਂ ਮੁਆਫ਼ੀ ਮੰਗ ਕੇ ਸਮਾਜ ’ਚ ਏਕਤਾ ਕਾਇਮ ਕਰਨ ਦੀ ਸਲਾਹ ਦਿੱਤੀ ਹੈ। ਇਸ ਮਹੀਨੇ ’ਚ ਪੈਗੰਬਰ ਦੀ ਤਰ੍ਹਾਂ ਇਨਸਾਨੀਅਤ ਦੀ ਰੱਖਿਆ ਲਈ ਪਵਿੱਤਰ ਆਚਰਣ ਅਤੇ ਚੰਗਾ ਵਿਵਹਾਰ ਕਰਨ ਵਾਲੇ ਹੀ ਅੱਲ੍ਹਾ ਦੀ ਰਹਿਮਤ ਦਾ ਹੱਕਦਾਰ ਬਣਦੇ ਹਨ। ਮੁਸਲਿਮ ਭਾਈਚਾਰੇ ਦੇ ਰਮਜ਼ਾਨ ਮਹੀਨੇ ’ਚ ਦੂਜੇ ਭਾਈਚਾਰੇ ਦੇ ਲੋਕ ਵੀ ਰੋਜ਼ੇਦਾਰਾਂ ਦਾ ਰੋਜ਼ਾ ਇਫ਼ਤਾਰ ਕਰਵਾਉਂਦੇ ਹਨ, ਜਿਸ ਨਾਲ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ। ਰੋਜ਼ੇਦਾਰਾਂ ਦਾ ਰੋਜ਼ਾ ਇਫਤਾਰ ਕਰਵਾਉਣ ਵਾਲੇ ਉਸ ਵਿਅਕਤੀ ਨੂੰ ਰੋਜ਼ੇਦਾਰ ਦੇ ਬਰਾਬਰ ਦਾ ਸਵਾਬ ਨਸੀਬ ਹੁੰਦਾ ਹੈ।
ਰੋਜ਼ੇਦਾਰ ਜਦੋਂ ਦਿਨ ਭਰ ਭੁੱਖ ਅਤੇ ਪਿਆਸ ਦੀ ਸ਼ਿੱਦਤ ਨੂੰ ਸਹਿਣ ਕਰ ਕੇ ਨਮਾਜ, ਸਦਕਾ, ਤਿਲਾਵਤ-ਏ-ਕੁਰਆਨ ਅਤੇ ਯਾਦ-ਏ-ਇਲਾਹੀ ’ਚ ਪੂਰਾ ਦਿਨ ਗੁਜ਼ਾਰਦਾ ਹੈ। ਜਦੋਂ ਸ਼ਾਮ ਨੂੰ ਰੋਜ਼ਾ ਖੋਲ੍ਹਦਾ ਹੈ ਤਾਂ ਇਹ ਇਫ਼ਤਾਰ ਅੱਲ੍ਹਾ ਵੱਲੋਂ ਨਕਦ ਪੁਰਸਕਾਰ ਹੁੰਦਾ ਹੈ।
ਰੋਜ਼ੇ ਮਰੀਜ਼ਾਂ, ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਲਈ ਮੁਆਫ਼ ਹਨ। ਜੇਕਰ ਕੋਈ ਸਫ਼ਰ ’ਤੇ ਹੋਵੇ ਤਾਂ ਰੋਜ਼ਾ ਨਾ ਰੱਖਣ ਦੀ ਛੋਟ ਹਾਸਲ ਹੈ ਪਰ ਜਾਣ-ਬੁਝ ਕੇ ਰੋਜ਼ੇ ਨਾ ਰੱਖਣਾ ਗੁਨਾਹ ਹੈ।
ਅਲੀ ਘਨੌਰ, ਪ੍ਰਤੀਨਿਧੀ ਘਨੌਰ