ਭੈਣ ਕੋਲੋਂ ਵੀਰਾ ਵੇ ਬੰਨ੍ਹਾ ਲੈ ਰੱਖੜੀ, ਸੋਹਣੇ ਜਿਹੇ ਗੁੱਟ ’ਤੇ ਸਜਾ ਲੈ ਰੱਖੜੀ...

08/03/2020 11:13:43 AM

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਜਨਮ ਤੋਂ ਮਨੁੱਖ ਬਹੁਤ ਸਾਰੇ ਰਿਸ਼ਤੇ ਨਾਲ ਘਿਰਿਆ ਹੁੰਦਾ ਹੈ। ਇਹ ਰਿਸ਼ਤੇ ਮਨੁੱਖ ਨੂੰ ਘਰ, ਸਮਾਜ ਅਤੇ ਦੇਸ਼ ਨਾਲ ਭਾਵਨਾਤਮਕ ਤੌਰ ’ਤੇ ਜੋੜਣ ਵਿੱਚ ਸਹਾਇਕ ਹੁੰਦੇ ਹਨ। ਬੇਸ਼ੱਕ ਮਾਂ-ਬਾਪ ਦਾ ਰਿਸ਼ਤਾ ਸਾਰੇ ਰਿਸ਼ਤਿਆਂ ਤੋਂ ਅਨਮੋਲ ਹੁੰਦਾ ਪਰ ਮਾਂ-ਪਿਓ ਜਾਏ ਭੈਣ ਭਰਾਵਾਂ ਦੀ ਦਿਲੀ ਸਾਂਝ ਹੁੰਦੀ ਹੈ। ਇਸ ਰਿਸ਼ਤੇ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬੜਾ ਔਖਾ ਹੁੰਦਾ ਹੈ। ਫਿਰ ਵੀ ਸਾਹਿਤਕਾਰਾਂ ਨੇ ਆਪਣੀਆਂ ਲਿਖਤਾਂ ਵਿੱਚ ਇਸ ਨੂੰ ਬਾਖੂਬੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਪੜ੍ਹੋ ਇਹ ਵੀ ਖਬਰ - ਭੈਣ-ਭਰਾ ਦੇ ਪਿਆਰ ਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ‘ਰੱਖੜੀ’

ਭੈਣ-ਭਰਾ ਦਾ ਰਿਸ਼ਤਾ ਪਾਕ-ਪਵਿੱਤਰ ਅਤੇ ਭਾਵਨਾਤਮਕ ਮੰਨਿਆ ਗਿਆ ਹੈ। ਇਸ ਰਿਸ਼ਤੇ ਨੂੰ ਹੋਰ ਵੀ ਵੱਧ ਸ਼ਿੰਗਾਰਦਾ ਤਿਉਹਾਰ ਹੈ " ਰੱਖੜੀ"। ਰੱਖੜੀ ਦਾ ਤਿਉਹਾਰ ਦੇਸੀ ਮਹੀਨੇ ਸਾਉਣ ਦੀ ਪੁੰਨਿਆਂ ਨੂੰ ਮਨਾਇਆ ਜਾਂਦਾ ਹੈ। ਇਸ ਨੂੰ "ਰੱਖੜ ਪੁੰਨਿਆਂ" ਵੀ ਕਿਹਾ ਜਾਂਦਾ ਹੈ। ਇਹ ਦਿਨ ਭੈਣਾਂ ਦੇ ਆਪਣੇ ਭਰਾਵਾਂ ਪ੍ਰਤੀ ਪਵਿੱਤਰ ਪਿਆਰ ਅਤੇ ਭਰਾਵਾਂ ਦਾ ਆਪਣੀਆਂ ਭੈਣਾਂ ਦੀ ਰੱਖਿਆ ਪ੍ਰਤੀ ਸੰਕਲਪ ਲੈਣ ਦਾ ਪ੍ਰਤੀਕ ਹੈ। ਭੈਣਾਂ ਵੀਰਾਂ ਤੋਂ ਛੋਟੀਆਂ ਹੋਣ ਜਾਂ ਵੱਡੀਆਂ, ਰੱਖੜੀ ਵਾਲੇ ਦਿਨ ਦੀ ਇਨ੍ਹਾਂ ਨੂੰ ਬਹੁਤ ਉਡੀਕ ਹੁੰਦੀ ਹੈ। ਇਸ ਦਿਨ ਜਿੱਥੇ ਭੈਣਾਂ ਵੀਰਾਂ ਦੀ ਵੀਣੀ ਭਾਵ ਗੁੱਟ ’ਤੇ ਸੋਹਣਾ ਧਾਗਾ ਜਾਂ ਆਕਰਸ਼ਿਤ ਰੱਖੜੀਆਂ ਬੰਨ੍ਹ ਕੇ ਉਸ ਦੀ ਲੰਬੀ ਉਮਰ, ਜਿੱਤ ਅਤੇ ਕਾਮਯਾਬੀ ਲਈ ਅਰਦਾਸ ਕਰਦੀਆਂ ਹਨ। ਉੱਥੇ ਵੀਰ ਵੀ ਆਪਣੀਆਂ ਭੈਣਾਂ ਦੀ ਰੱਖਿਆ ਦਾ ਪ੍ਰਣ ਲੈਂਦੇ ਹਨ।

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਰੱਖੜੀ ਦਾ ਤਿਉਹਾਰ ਪ੍ਰਾਚੀਨ ਕਾਲ ਤੋਂ ਹੀ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਦੇਵਤਿਆਂ ਅਤੇ ਦੈਤਾਂ ਦੇ ਯੁੱਧ ਵਿੱਚ ਜੱਦੋ ਇੰਦਰ ਦੇਵਤਾ ਹਾਰ ਦੇ ਕਿਨਾਰੇ ਆ ਖੜ੍ਹਾ ਹੋਇਆ ਤਾਂ ਉਸ ਨੇ ਯੁੱਧ ਨੂੰ ਜਿੱਤਣ ਲਈ ਯੱਗ ਕਰਵਾਇਆ। ਉਸ ਦੀ ਪਤਨੀ ਨੇ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਉਸ ਦੇ ਗੁੱਟ ’ਤੇ ਰੱਖਿਆ ਧਾਗਾ ਬੰਨ੍ਹ ਕੇ ਯੁੱਧ ਦੇ ਮੈਦਾਨ ਵਿੱਚ ਭੇਜਿਆ, ਜਿਸ ਦੇ ਪ੍ਰਭਾਵ ਨਾਲ ਇੰਦਰ ਦੁੱਗਣੀ ਤਾਕਤ ਨਾਲ ਲੜਿਆ ਅਤੇ ਜਿੱਤ ਪ੍ਰਾਪਤ ਕਰ ਵਾਪਸ ਆਇਆ। ਇੱਕ ਹੋਰ ਕਥਾ ਅਨੁਸਾਰ ਦਰੁਪਦ ਰਾਜੇ ਦੀ ਧੀ ਅਤੇ ਪਾਂਡਵਾਂ ਦੀ ਪਤਨੀ ਦਰੋਪਦੀ ਨੇ ਭਗਵਾਨ ਕ੍ਰਿਸ਼ਨ ਦੀ ਕੱਟੀ ਉਂਗਲ ਤੇ ਆਪਣੇ ਦੁਪੱਟੇ ਨੂੰ ਫਾੜ ਕੇ ਪੱਟੀ ਬੰਨ੍ਹੀ ਸੀ, ਜਿਸ ਕਾਰਨ ਭਗਵਾਨ ਕ੍ਰਿਸ਼ਨ ਨੇ ਉਸ ਨੂੰ ਰੱਖਿਆ ਦਾ ਵਚਨ ਦਿੱਤਾ ਸੀ। ਸਮਾਂ ਆਉਣ ਤੇ ਉਨ੍ਹਾਂ ਨੇ ਦਰੋਪਦੀ ਦੀ ਰੱਖਿਆ ਵੀ ਕੀਤੀ ਸੀ। ਇਸ ਤੋਂ ਇਲਾਵਾ ਮੁਗ਼ਲ ਇਤਿਹਾਸ ਵਿੱਚ ਵੀ ਰੱਖੜੀ ਦੀ ਮਹੱਤਤਾ ਅਤੇ ਸਬੂਤ ਮਿਲਦੇ ਹਨ। ਕਿਹਾ ਜਾਂਦਾ ਹੈ ਕਿ ਮੁਗ਼ਲ ਸਮਰਾਟ ਹੁਮਾਂਯੂੰ ਨੂੰ ਮੇਵਾੜ ਦੀ ਰਾਣੀ ਕਰਮਵਤੀ ਨੇ ਰੱਖੜੀ ਭੇਜੀ ਸੀ, ਜਿਸ ਦੇ ਪ੍ਰਭਾਵ ਨਾਲ ਹੁਮਾਂਯੂੰ ਨੇ ਦੁਸ਼ਮਣੀ ਭੁਲਾ ਕੇ ਮੇਵਾੜ ਦੀ ਰੱਖਿਆ ਕਰਨ ਦਾ ਵਚਨ ਦਿੱਤਾ ਸੀ। ਮੁਗ਼ਲ ਰਾਜਿਆਂ ਦੀਆਂ ਰਾਣੀਆਂ ਵੀ ਯੁੱਧ ਤੇ ਭੇਜਣ ਤੋਂ ਪਹਿਲਾਂ ਰਾਜਿਆਂ ਦੇ ਗੁੱਟ ਤੇ ਰੱਖਿਆ ਧਾਗਾ ਬੰਨ੍ਹਦੀਆਂ ਸਨ। ਹੌਲੀ-ਹੌਲੀ ਇਹ ਧਾਗਾ ਸਿਰਫ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਬੰਨ੍ਹਣ ਲੱਗੀਆਂ ਅਤੇ ਰੱਖੜੀ ਦਾ ਤਿਉਹਾਰ ਭੈਣ-ਭਰਾਵਾਂ ਦੇ ਪਵਿੱਤਰ ਰਿਸ਼ਤੇ ਅਤੇ ਪਿਆਰ ਦਾ ਪ੍ਰਤੀਕ ਬਣ ਗਿਆ। 

ਪੜ੍ਹੋ ਇਹ ਵੀ ਖਬਰ - ਭਰਾ ਦੇ ਗੁੱਟ ’ਤੇ ਕਦੇ ਵੀ ਭੈਣ ਭੁੱਲ ਕੇ ਨਾ ਬੱਨ੍ਹੇ ਅਜਿਹੀ ਰੱਖੜੀ, ਹੋ ਸਕਦੈ ਅਸ਼ੁੱਭ

ਰੱਖੜੀ ਤੋਂ ਕਈ ਦਿਨ ਪਹਿਲਾਂ ਹੀ ਬਜ਼ਾਰਾਂ ਵਿੱਚ ਰੌਣਕ ਵੱਧਣ ਲੱਗਦੀ ਹੈ। ਹਰ ਪਾਸੇ ਸੋਹਣੀਆਂ ਸੋਹਣੀਆਂ ਰੱਖੜੀਆਂ ਅਤੇ ਖੁਸ਼ਬੂਦਾਰ ਮਠਿਆਈਆਂ ਹੀ ਨਜ਼ਰ ਆਉਂਦੀਆਂ ਹਨ। ਬਜ਼ਾਰਾਂ ਵਿੱਚ ਰੱਖੜੀਆਂ ਸਧਾਰਨ ਧਾਗੇ ਤੋਂ ਲੈ ਕੇ ਸੋਨੇ ਅਤੇ ਚਾਂਦੀ ਦੀਆਂ ਵੀ ਆਉਂਦੀਆਂ ਹਨ, ਭੈਣਾਂ ਆਪਣੇ ਵਿਤ ਅਤੇ ਗੁੰਜਾਇਸ਼ ਅਨੁਸਾਰ ਰੰਗ ਬਰੰਗੀਆਂ ਸੋਹਣੀਆਂ ਰੱਖੜੀਆਂ ਖਰੀਦ ਕੇ ਆਪਣੇ ਮਨ ਦੇ ਚਾਅ ਪੂਰੇ ਕਰਦੀਆਂ ਹਨ। ਸਹੁਰੇ ਵੱਸਦੀਆਂ ਭੈਣਾਂ ਆਪਣੇ ਵੀਰਾਂ ਨੂੰ ਰੱਖੜੀ ਬੰਨ੍ਹਣ ਪੇਕੇ ਘਰ ਜਾਂਦੀਆਂ ਹਨ। ਰੱਖੜੀ ਬੰਨ੍ਹਦੀਆਂ ਭੈਣਾਂ ਗਾਉਂਦਿਆਂ ਹਨ," ਭੈਣ ਕੋਲੋਂ ਵੀਰਾ ਵੇ ਬੰਨ੍ਹਾ ਲੈ ਰੱਖੜੀ, ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ। " 

ਪ੍ਰਦੇਸ਼ ਗਏ ਵੀਰਾਂ ਨੂੰ ਡਾਕ ਰਾਹੀਂ ਰੱਖੜੀ ਭੇਜੀ ਜਾਂਦੀ ਹੈ। ਵੀਰ ਵੀ ਆਪਣੀਆਂ ਭੈਣਾਂ ਲਈ ਸੋਹਣੇ ਉਪਹਾਰ ਲੈ ਕੇ ਆਉਂਦੇ ਹਨ ਜੋ ਰੱਖੜੀ ਬੰਨ੍ਹਣ ਤੇ ਆਪਣੀਆਂ ਭੈਣਾਂ ਨੂੰ ਦਿੰਦੇ ਹਨ। ਇਸ ਤਰ੍ਹਾਂ ਇਹ ਦਿਨ ਖੁਸ਼ੀਆਂ ਅਤੇ ਉਮੰਗਾਂ ਲੈ ਕੇ ਆਉਂਦਾ ਹੈ। ਜਿਹਨਾਂ ਭੈਣਾਂ ਦੇ ਵੀਰ ਨਹੀਂ ਹੁੰਦੇ ਉਹ ਰੱਬ ਨੂੰ ਫਰਿਆਦ ਕਰਦੀਆਂ ਹਨ, " ਇੱਕ ਵੀਰ ਦੇਈਂ ਵੇ ਰੱਬਾ, ਮੈਨੂੰ ਰੱਖੜੀ ਬੰਨ੍ਹਣ ਦਾ ਚਾਅ। "

ਪੜ੍ਹੋ ਇਹ ਵੀ ਖਬਰ - 29 ਸਾਲ ਬਾਅਦ ਆਏ ਇਸ ਸ਼ੁੱਭ ਮਹੂਰਤ ’ਚ ਬੰਨ੍ਹੋ ਰੱਖੜੀ, ਹੋਵੇਗਾ ਸ਼ੁੱਭ

ਫੌਜ ਵਿੱਚ ਜਾਂ ਪ੍ਰਦੇਸ ਵੱਸਦੇ ਵੀਰਾਂ ਦੀ ਤੰਦਰੁਸਤੀ ਲਈ ਵੀ ਭੈਣਾਂ ਦੁਆਵਾਂ ਕਰਦੀਆਂ ਹਨ। ਸਦੀਵੀ ਵਿਛੋੜਾ ਦੇ ਗਏ ਵੀਰਾਂ ਨੂੰ ਭੈਣਾਂ ਯਾਦ ਕਰ ਕੇ ਉਦਾਸ ਹੋ ਜਾਂਦੀਆਂ ਹਨ ਪਰ ਆਪਣੇ ਭਤੀਜਿਆਂ ਦੀ ਲੰਬੀ ਉਮਰ ਲਈ ਅਰਦਾਸਾਂ ਕਰਦੀਆਂ ਉਹਨਾਂ ਨੂੰ ਰੱਖੜੀ ਜ਼ਰੂਰ ਬੰਨ੍ਹਦੀਆਂ ਹਨ । 

ਭਾਰਤ ਤਿਉਹਾਰਾਂ ਦਾ ਦੇਸ਼ ਹੈ , ਭਾਵੇਂ ਸਾਲ ਭਰ ਕਈ ਤਿਉਹਾਰ ਮਨਾਏ ਜਾਂਦੇ ਹਨ ਪਰ ਰੱਖੜੀ ਦਾ ਤਿਉਹਾਰ ਇਹਨਾਂ ਸਾਰੇ ਤਿਉਹਾਰਾਂ ਨਾਲੋ ਪਿਆਰਾ ਹੈ। ਰੱਬ ਕਰੇ ਇਹ ਤਿਉਹਾਰ ਸਦਾ ਖੁਸ਼ੀਆਂ ਭਰਿਆ ਆਉਂਦਾ ਰਹੇ ਅਤੇ ਭੈਣ-ਭਰਾਵਾਂ ਦੀ ਸਾਂਝ ਸੰਸਾਰ ਉੱਤੇ ਸਦਾ ਹੀ ਬਣੀ ਰਹੇ .... ਆਮੀਨ !!

ਅੰਜੂ ‘ਵ’ ਰੱਤੀ
ਹੁਸ਼ਿਆਰਪੁਰ

ਦਿਨ ’ਚ 2 ਵਾਰ ਇਸਤੇਮਾਲ ਕਰਨੀ ਜ਼ਰੂਰੀ ਹੁੰਦੀ ਹੈ ‘ਐਲੋਵੇਰਾ’, ਜਾਣੋ ਕਿਉਂ


rajwinder kaur

Content Editor

Related News