ਕਥਾਵਾਂ ਦੀ ਗੂੰਜ

04/03/2020 5:39:13 PM

ਪੜਤੁਮ - ਸਿਧਾਰਥ
ਲਿਖਤਮ - ਪਰਮਜੀਤ ਸਿੰਘ ਕੱਟੂ
ਮਿਤੀ 30 ਮਾਰਚ 2020

ਸਤਿਕਾਰਯੋਗ ਸਿਧਾਰਥ ਜੀ 

ਇਕਾਂਤਵਾਸ ਵਿਚ ਤੁਹਾਡੇ ਨਾਲ ਇਕਾਂਤ ਸਮਿਆਂ ’ਚ ਕੀਤੇ ਸੰਵਾਦ ਮਨ ਅੰਦਰ ਗੂੰਜ ਰਹੇ ਨੇ। ਜਦੋਂ ਹਰ ਕੋਈ ਇਕੱਲੇ ਹੋ ਜਾਣ ਦੇ ਡਰੋਂ ਪੜ੍ਹਨ ਲਿਖਣ ਦੇਖਣ ਸੁਣਨ ਨੂੰ ਕਹਿ ਰਿਹਾ ਹੈ ਤਾਂ ਮੈਨੂੰ ਤੁਹਾਡੀਆਂ ਆਪਣੇ ਆਪ ਨੂੰ ਜਾਣ ਲੈਣ ਦੀਆਂ ਕਥਾਵਾਂ ਯਾਦ ਆਉਂਦੀਆਂ ਨੇ।

ਇਨ੍ਹਾਂ ਕਥਾਵਾਂ ਦਾ ਆਸਰਾ ਹੀ ਹੈ ਕਿ ਮੈਂ ਇਨ੍ਹਾਂ ਇਕਾਂਤ ਵੇਲਿਆਂ ਵਿਚ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਤੁਹਾਡੇ ਇਹ ਬੋਲ ਯਾਦ ਕਰਦਿਆਂ ਮੈਂ ਧੰਨਵਾਦ ਨਾਲ ਭਰ ਜਾਂਦਾ ਹੈ ਕਿ ਧੰਨਵਾਦ ਸਰੀਰ ਦਾ, ਧੰਨਵਾਦ ਇਸ ਮਨ ਦਾ ਅਤੇ ਧੰਨਵਾਦ ਇਸ ਮਨੁੱਖ ਜਨਮ ਨੂੰ, ਧੰਨਵਾਦ ਸਾਰੀ ਕਾਇਨਾਤ ਦਾ, ਜਿਸਦੇ ਬਿਨਾਂ ਇਕ ਕਣ ਵੀ ਨਹੀਂ ਹੋ ਸਕਦਾ, ਪਲ ਵੀ ਨਹੀਂ, ਇਕ ਛਿਣ ਵੀ ਨਹੀਂ। ਆਪਦੇ ਆਪ ’ਚ ਮਨੁੱਖ ਇਕੱਲਾ ਕੁਝ ਵੀ ਨਹੀਂ। ਇਨਸਾਨ ਦੀ ਪੂਰੀ ਬਣਤਰ ਦੇ ਵਿਚ ਕਿਸੇ ਇਕ ਚੀਜ਼ ਦਾ ਯੋਗਦਾਨ ਨਹੀਂ, ਅਣਗਿਣਤ, ਅਣਦਿੱਖ ’ਤੇ ਬਹੁਤ ਹੀ ਮਹੱਤਵਪੂਰਨ ਮਹਾਂ ਯੋਗ, ਮਹਾਂ ਬ੍ਰਹਮੰਡ ਸ਼ਾਮਲ ਹੁੰਦਾ ਹੈ। ਅਸੀਂ ਜੁੜੇ ਹੋਏ ਹਾਂ ਜਿਵੇਂ-ਤਾਣਾ ਪੇਟਾ, ਇਕ ਮਿਕ ਹਾਂ। ਸਾਰੇ ਯੂਨੀਵਰਸ ਦੇ ਨਾਲ ਜੇ ਕੋਈ ਘਟਨਾ ਚੰਨ ’ਤੇ ਹੋ ਰਹੀ ਹੈ ਤਾਂ ਉਹ ਸਾਡੇ ਨਾਲ ਵੀ ਹੋ ਰਹੀ ਹੈ। ਜੇ ਕੋਈ ਘਟਨਾ ਧਰਤੀ ’ਤੇ ਹੋ ਰਹੀ ਹੈ ਤਾਂ ਉਹ ਸਾਡੇ ਨਾਲ ਵੀ ਹੋ ਰਹੀ ਹੈ, ਜਿਹੜੀ ਬਿਲਕੁਲ ਸਾਹਮਣੇ ਹੋ ਰਹੀ ਹੈ, ਉਹ ਤਾਂ ਸਾਨੂੰ ਅਸਰ ਕਰਦੀ ਹੀ ਕਰਦੀ ਹੈ ਪਰ ਜਿਹੜੀ ਸਾਨੂੰ ਨਹੀਂ ਦਿਸ ਰਹੀ ਉਹ ਵੀ ਸਾਡੇ ’ਤੇ ਅਸਰ ਕਰਦੀ ਹੈ। ਇਕ ਛੋਟੀ ਜਿਹੀ ਕੀੜੀ ਵੀ ਨਹੀਂ ਹੈ ਤਾਂ ਤੁਹਾਡੇ ਵਿਚੋਂ ਬਹੁਤ ਕੁਝ ਘਟਦਾ ਹੈ। ਇਨਸਾਨ ਨੂੰ ਲਗਦਾ ਹੈ ਕਿ ਸ਼ਾਇਦ ਮੈਂ ਪਤਾ ਨਹੀਂ ਕੀ ਕਰ ਰਿਹਾ ਹਾਂ ਪਰ ਅਸੀਂ ਇਕ ਪਲ ਵੀ ਕਿਸੇ ਚੀਜ਼ ਤੋਂ ਅਲਗ ਹੋ ਕੇ ਨਈਂ ਰਹਿ ਸਕਦੇ। ਇਨਸਾਨ ਇਕ ਮਹਾਂਯੋਗ ਹੈ ਪਲ-ਛਿਣ ਵਾਪਰਦੀਆਂ ਘਟਨਾਵਾਂ ਦਾ।

ਹੁਣ ਮੈਂ ਤੁਹਾਨੂੰ ਤੁਹਾਡੀਆਂ ਕਥਾਵਾਂ ਅਤੇ ਪਵਨ ਪਾਣੀ ਧਰਤ ਅਗਨ ਅਕਾਸ਼ ਰਾਹੀਂ ਮਿਲਦਾ ਹਾਂ। ਜਲਦੀ ਹੀ ਭਲੇ ਵੇਲਿਆਂ ਦੀ ਉਮੀਦ ਕਰਦਾ, ਤੈਨੂੰ ਸ਼ਾਖਸਾਤ ਵੀ ਮਿਲਾਂਗਾ। ਤੁਹਾਡਾ ਕਥਾਵਾਂ ਦੀਆਂ ਦਾਤਾਂ ਲਈ ਸ਼ੁਕਰੀਆ ਦਰ ਸ਼ੁਕਰੀਆ...

ਤੁਹਾਡਾ ਬੱਚਾ
ਪਰਮਜੀਤ


rajwinder kaur

Content Editor

Related News