ਪੰਜਾਬੀ ਭਾਸ਼ਾ ਦਾ ਵਿਦੇਸ਼ਾਂ ’ਚ ਝੰਡਾ ਲਹਿਰਾਉਣ ਵਾਲਾ ਸਾਹਿਤਕਾਰ ‘ਰਵਿੰਦਰ ਰਵੀ’

2/28/2021 2:16:22 PM

ਉਜਾਗਰ ਸਿੰਘ

ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਦਾ ਸਰਬਾਂਗੀ ਪ੍ਰਤਿਭਾਵਾਨ ਸਾਹਿਤਕਾਰ ਰਵਿੰਦਰ ਰਵੀ ਵਿਲੱਖਣ ਸ਼ਖ਼ਸੀਅਤ ਦਾ ਮਾਲਕ ਹੈ। ਉਸਨੇ ਵਿਦੇਸ਼ ਵਿਚ ਬੈਠਕੇ ਪੰਜਾਬੀ ਮਾਂ ਬੋਲੀ ਦਾ ਕਰਜ਼ ਉਤਾਰਕੇ ਇਹ ਸਾਬਤ ਕਰ ਦਿੱਤਾ ਕਿ ਜਿਨ੍ਹੀ ਦੇਰ ਪੰਜਾਬੀ ਆਪਣੀ ਮਾਂ ਬੋਲੀ ਨੂੰ ਨਿਹਾਰਦੇ ਰਹਿਣਗੇ ਉਨ੍ਹੀਂ ਦੇਰ ਪੰਜਾਬੀ ਦਾ ਝੰਡਾ ਹਮੇਸ਼ਾ ਝੁਲਦਾ ਰਹੇਗਾ। ਪੰਜਾਬੀ ਵਿਚ ਹੁਣ ਤੱਕ ਜਿਨ੍ਹਾਂ ਵੀ ਸਾਹਿਤ ਰਚਨਾ ਹੋਈ ਹੈ, ਉਸ ’ਤੇ ਦੇਸ਼ ਵਿਦੇਸ਼ ਅਤੇ ਪੰਜਾਬ ਵਿਚ ਚਲੀਆਂ ਲਹਿਰਾਂ ਦਾ ਗਹਿਰਾ ਪ੍ਰਭਾਵ ਪਿਆ ਹੈ। ਬਾਬਾ ਫਰੀਦ ਦੀ ਸੂਫੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਕ, ਸਿੰਘ ਸਭਾ, ਗਦਰੀ ਬਾਬਿਆਂ, ਦੇਸ਼ ਦੀ ਆਜ਼ਾਦੀ, ਨਕਸਲਵਾੜੀ, ਸੁਧਾਰਵਾਦੀ, ਪ੍ਰਗਤੀਵਾਦੀ, ਪੰਜਾਬੀ ਸੂਬਾ, ਰੁਮਾਂਟਿਕ, ਪ੍ਰਯੋਗਵਾਦੀ, ਖਾੜਕੂਵਾਦ, ਧਰਮ ਯੁੱਧ ਮੋਰਚਾ ਅਤੇ ਕੋਰੋਨਾ ਲਹਿਰਾਂ ਦੇ ਗਹਿਰੇ ਪ੍ਰਭਾਵ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਉਪਰ ਸਾਹਮਣੇ ਆਏ ਹਨ। ਇਨ੍ਹਾਂ ਲਹਿਰਾਂ ਵਿਚ ਲਿਖੇ ਗਏ ਸਾਹਿਤ ਨੂੰ ਭਾਵੇਂ ਵਕਤੀ ਵੀ ਕਿਹਾ ਗਿਆ ਪਰ ਇਹ ਸਾਹਿਤ ਇਤਿਹਾਸ ਦਾ ਹਿੱਸਾ ਬਣਕੇ ਸਾਡੀ ਵਿਰਾਸਤ ਦੇ ਸਮਿਆਂ ਦੀ ਪੜਚੋਲ ਹੀ ਨਹੀਂ ਕਰਦਾ ਸਗੋਂ ਮਨੁੱਖੀ ਅਧਿਕਾਰਾਂ ਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਵੀ ਨਿਭਾ ਰਿਹਾ ਹੈ। ਉਸੇ ਲੜੀ ਵਿਚ ਰਵਿੰਦਰ ਰਵੀ ਵੱਲੋਂ ਲਿਖੇ ਗਏ ਸਾਹਿਤ ਦੇ ਵੱਖ ਵੱਖ ਰੂਪਾਂ ਉਪਰ ਪ੍ਰਯੋਗਵਾਦੀ ਲਹਿਰ ਦਾ ਪ੍ਰਭਾਵ ਸਾਫ ਵਿਖਾਈ ਦਿੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ‘ਲੱਖਾ ਸਿਧਾਣਾ’ ਦਾ ਫੇਸਬੁੱਕ ਪੇਜ ਹੋਇਆ ਬੰਦ, ਟਵਿੱਟਰ ਅਤੇ ਹੋਰ ਸੋਸ਼ਲ ਅਕਾਊਂਟ ਵੀ ਹੋਏ ਬੰਦ

ਪੰਜਾਬੀ ਭਾਸ਼ਾ ਦੀ ਝੋਲੀ ਵਿਚ 60 ਪੁਸਤਕਾਂ ਦਾ ਯੋਗਦਾਨ ਪਾਉਣ ਵਾਲਾ ਰਵਿੰਦਰ ਰਵੀ ਬਹੁੱਪੱਖੀ ਸਰਬਾਂਗੀ ਸਾਹਿਤਕਾਰ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਪਰਵਾਸ ਵਿਚ ਬਿਤਾਉਣ ਦੇ ਬਾਵਜੂਦ ਪੰਜਾਬੀ ਬੋਲੀ ਨਾਲੋਂ ਆਪਣਾ ਮੋਹ ਨਹੀਂ ਤੋੜਿਆ ਸਗੋਂ ਪਰਵਾਸ ਵਿਚ ਜਾਣ ਤੋਂ ਬਾਅਦ ਪੰਜਾਬੀ ਨਾਲ ਉਸਦਾ ਮੋਹ ਹੋਰ ਗੂੜ੍ਹਾ ਹੋ ਗਿਆ। ਪਰਵਾਸ ਵਿਚ ਰਹਿੰਦਿਆਂ ਉਨ੍ਹਾਂ ਨੇ ਅੰਗਰੇਜ਼ੀ ਸਾਹਿਤ ਬਹੁਤ ਮਾਤਰਾ ਵਿਚ ਪੜ੍ਹਿਆ ਪਰ ਪੰਜਾਬ ਵਿਚ ਤਾਂ ਉਸਨੇ 4 ਪੁਸਤਕਾਂ ਹੀ ਪ੍ਰਕਾਸ਼ਤ ਕਰਵਾਈਆਂ। ਉਨ੍ਹਾਂ ਨੇ ਬਾਕੀ 56  ਪੁਸਤਕਾਂ ਕੀਨੀਆਂ ਅਤੇ ਕੈਨੇਡਾ ਵਿਚ ਰਹਿੰਦਿਆਂ ਲਿਖੀਆਂ ਹਨ। ਉਨ੍ਹਾਂ ਨੇ ਸਾਹਿਤ ਦੇ ਸਾਰੇ ਰੂਪਾਂ ਕਵਿਤਾ, ਕਹਾਣੀ, ਕਾਵਿ ਨਾਟਕ, ਜੀਵਨੀ, ਵਾਰਤਕ ਅਤੇ ਆਲੋਚਨਾ ਦੇ ਖੇਤਰ ਵਿਚ ਲਿਖਕੇ ਸਾਹਿਤਕ ਜਗਤ ਵਿਚ ਆਪਣਾ ਮਹੱਤਵਪੂਰਨ ਸਥਾਨ ਬਣਾਇਆ ਹੈ। 

ਪੜ੍ਹੋ ਇਹ ਵੀ ਖ਼ਬਰ -  ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼

ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਪਰਵਾਸ ਵਿਚ ਇਨਸਾਨ ਕੰਮ ਕਾਰ ਵਿਚ ਬਹੁਤਾ ਰੁਝਿਆ ਹੋਣ ਕਰਕੇ ਉਸ ਕੋਲ ਸਮੇਂ ਦੀ ਘਾਟ ਹੁੰਦੀ ਹੈ ਪਰ ਰਵਿੰਦਰ ਰਵੀ ਨੇ ਜਿਥੇ ਆਪਣੇ ਕਿੱਤੇ ਵਿਚ ਅਧਿਆਪਕ ਦੇ ਤੌਰ ਮਲਾਂ ਮਾਰੀਆਂ ਹਨ, ਉਥੇ ਹੀ ਉਨ੍ਹਾਂ ਸਾਹਿਤਕ ਖੇਤਰ ਵਿਚ ਨਾਮਣਾ ਖੱਟਿਆ ਹੈ। ਇਕ ਸੰਸਥਾ ਜਿਤਨਾ ਕੰਮ ਕੀਤਾ ਹੈ। ਰਵਿੰਦਰ ਰਵੀ ਨੇ ਸਭ ਤੋਂ ਪਹਿਲਾਂ 1955 ਵਿਚ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਪਰ ਉਸਦੀ ਪਹਿਲੀ ਕਵਿਤਾ ਦੀ ਪੁਸਤਕ ‘ਦਿਲ ਦਰਿਆ ਸਮੁੰਦਰੋਂ ਡੂੰਘੇ’ 1961 ਵਿਚ ਪ੍ਰਕਾਸ਼ਤ ਹੋਈ। ਉਸਤੋਂ ਬਾਅਦ ਦੂਜੀ ਕਹਾਣੀਆਂ ਦੀ ਪੁਸਤਕ ਉਸਨੇ 1963 ਵਿਚ ਪ੍ਰਕਾਸ਼ਤ ਕੀਤੀ। ਉਸ ਤੋਂ ਬਾਅਦ ਤਾਂ ਫਿਰ ਚਲ ਸੋ ਚਲ ਲਗਾਤਰ 1982 ਤੱਕ 60 ਪੁਸਤਕਾਂ ਲਿਖਕੇ ਪ੍ਰਕਾਸ਼ਤ ਕਰਵਾਈਆਂ। 

ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਾ ਹੋਣ ’ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ

1960 ਵਿਚ ਪ੍ਰਯੋਗਵਾਦੀ ਕਵਿਤਾਵਾਂ ਲਿਖਣ ਦੀ ਲਹਿਰ ਸਮੇਂ ਰਵਿੰਦਰ ਰਵੀ ਮੁੱਢਲੇ ਤਿੰਨ ਪ੍ਰਯੋਗਵਾਦੀ ਕਵਿਤਾ ਲਿਖਣ ਵਾਲੇ ਕਵੀਆਂ ਜਸਵੀਰ ਸਿੰਘ ਆਹਲੂਵਾਲੀਆ, ਸੁਖਪਾਲਵੀਰ ਸਿੰਘ ਹਸਰਤ ਅਤੇ ਖੁਦ ਮੋਹਰੀ ਦੀ ਭੂਮਿਕਾ ਨਿਭਾ ਰਿਹਾ ਸੀ। ਉਸਨੇ ਕਵਿਤਾ ਦੀਆਂ 24, ਕਾਵਿ ਨਾਟਕ 16, ਕਹਾਣੀਆਂ 9, ਸਾਹਿਤਕ ਆਲੋਚਨਾ 4, ਵਾਰਤਕ 4, ਯਾਤਰਾ 1, ਜੀਵਨੀ 1, ਸ਼ਾਹ ਮੁਖੀ ਵਿਚ ਕਵਿਤਾ ਦੀਆਂ 6 ਅਤੇ ਕਾਵਿ ਨਾਟਕ ਦੀਆਂ 10 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ। 50 ਕਹਾਣੀਆਂ ਵੀ ਸ਼ਾਹਮੁਖੀ ਵਿਚ ਪ੍ਰਕਾਸ਼ਤ ਹੋਈਆਂ ਹਨ। ਉਨ੍ਹਾਂ ਨੇ ਕੁਝ ਪੁਸਤਕਾਂ ਸੰਪਾਦਿਤ ਵੀ ਕੀਤੀਆਂ। ਰਵਿੰਦਰ ਰਵੀ ਦੀਆਂ ਪੁਸਤਕਾਂ ਹਿੰਦੀ ਅਤੇ ਉਰਦੂ ਵਿਚ ਅਨੁਵਾਦ ਵੀ ਹੋਈਆਂ। ਉਸਨੇ ਅੰਗਰੇਜ਼ੀ ਵਿਚ ਵੀ ਪੁਸਤਕਾਂ ਲਿਖੀਆਂ। ਇਸ ਲਈ ਉਨ੍ਹਾਂ ਨੂੰ ਬਹੁਪੱਖੀ ਸਾਹਿਤਕਾਰ ਕਿਹਾ ਜਾਂਦਾ ਹੈ। 84 ਸਾਲ ਦੀ ਉਮਰ ਵਿਚ ਵੀ ਉਹ ਆਪਣੀ ਦੀ ਕਲਮ ਕਰਾਮਾਤ ਵਿਖਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਮਿੱਟੀ ਤੋਂ ਬਿਨਾਂ ਘਰ ਦੀ ਛੱਤ 'ਤੇ ਸਬਜ਼ੀਆਂ ਦੀ ਖੇਤੀ ਕਰ ਮਿਸਾਲ ਬਣਿਆ ਗੁਰਦਾਸਪੁਰ ਦਾ ਇਹ ਆਟੋਮੋਬਾਇਲ ਇੰਜੀਨੀਅਰ

ਰਵਿੰਦਰ ਸਿੰਘ ਗਿੱਲ ਸਾਹਿਤਕ ਨਾਮ ਰਵਿੰਦਰ ਰਵੀ ਦਾ ਜਨਮ ਸਰਕਾਰੀ ਰਿਕਾਰਡ ਮੁਤਾਬਕ 8 ਮਾਰਚ 1938 ਨੂੰ ਪਿਤਾ ਪਿਆਰਾ ਸਿੰਘ ਗਿੱਲ ਅਤੇ ਮਾਤਾ ਚਰਨਜੀਤ ਕੌਰ ਦੇ ਘਰ ਸਿਆਲਅਕੋਟ ਵਿਚ ਹੋਇਆ, ਜਿਥੇ ਉਨ੍ਹਾਂ ਦਾ ਪਿਤਾ ਅਧਿਆਪਕ ਲੱਗਿਆ ਹੋਇਆ ਸੀ। ਪ੍ਰਾਇਮਰੀ ਤੱਕ ਦੀ ਪੜ੍ਹਾਈ ਉਨ੍ਹਾਂ ਸਿਆਲਕੋਟ ਵਿਚ ਹੀ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਆਪਣੇ ਜੱਦੀ ਪਿੰਡ ਜਗਤਪੁਰ ਜ਼ਿਲ੍ਹਾ ਜਲੰਧਰ ਵਿਚ ਆ ਗਿਆ। ਅੱਜ ਕਲ੍ਹ ਇਹ ਪਿੰਡ ਨਵਾਂ ਸ਼ਹਿਰ ਜ਼ਿਲ੍ਹੇ ਵਿਚ ਹੈ। ਉਨ੍ਹਾਂ ਨੇ 10ਵੀਂ ਖਾਲਸਾ ਹਾਈ ਸਕੂਲ ਸਰਹਾਲ ਕਾਜ਼ੀਆਂ ਤੋਂ 1952 ਵਿਚ ਪਾਸ ਕੀਤੀ। ਉਨ੍ਹਾਂ ਦਾ ਪਿਤਾ ਰਵਿੰਦਰ ਰਵੀ ਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ, ਇਸ ਲਈ ਉਨ੍ਹਾਂ ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਐੱਫ.ਐੱਸ.ਸੀ. ਮੈਡੀਕਲ ਵਿਚ ਦਾਖਲ ਕਰਵਾ ਦਿੱਤਾ ਗਿਆ ਪਰ ਉਨ੍ਹਾਂ ਦੀ ਮੈਡੀਕਲ ਦੀ ਪੜ੍ਹਾਈ ਵਿਚ ਦਿਲਚਸਪੀ ਨਹੀਂ ਸੀ। ਫਿਰ ਉਹ ਜੂਨੀਅਰ ਬੇਸਿਕ ਟਰੇਨਿੰਗ ਕਰਕੇ 1956 ਵਿਚ ਆਪਣੇ ਪਿੰਡ ਹੀ ਅਧਿਆਪਕ ਲੱਗ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਸਾਰੀ ਪੜ੍ਹਾਈ ਪ੍ਰਾਈਵੇਟਲੀ ਕੀਤੀ। ਪਹਿਲਾਂ ਗਿਆਨੀ, ਬੀ.ਏ.ਆਨਰਜ਼, ਐੱਮ.ਏ. ਪੰਜਾਬੀ ਅਤੇ ਬੀ.ਟੀ.ਪਾਸ ਕੀਤੀ। 

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਕਰੋ ਆਪਣੇ ‘ਪੈਰਾਂ ਦੀ ਮਾਲਸ਼’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

4 ਦਸੰਬਰ 1960 ਨੂੰ ਉਨ੍ਹਾਂ ਦਾ ਵਿਆਹ ਕਸ਼ਮੀਰ ਕੌਰ ਨਾਲ ਹੋ ਗਿਆ। ਉਨ੍ਹਾਂ ਦੇ ਦੋ ਮੁੰਡੇ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਅਤੇ ਸਹਿਜਪਾਲ ਸਿੰਘ ਸ਼ੇਰਗਿੱਲ ਹਨ। ਉਨ੍ਹਾਂ ਦੀ ਨੂੰਹ ਪਲਬਿੰਦਰ ਕੌਰ ਸ਼ੇਰਗਿਲ ਕੈਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਹੈ। ਦਸ ਸਾਲ ਪੜ੍ਹਾਉਣ ਤੋਂ ਬਾਅਦ ਸੁਨਹਿਰੇ ਭਵਿਖ ਲਈ 1967 ਵਿਚ ਕੀਨੀਆਂ ਚਲੇ ਗਏ। ਉਥੇ ਵੀ 8 ਸਾਲ ਪੜ੍ਹਾਉਣ ਤੋਂ ਬਾਅਦ ਜਦੋਂ ਪੱਕੇ ਨਾ ਹੋਏ ਤਾਂ 1974 ਵਿਚ ਅਮਰੀਕਾ ਚਲੇ ਗਏ ਪ੍ਰੰਤੂ ਉਥੇ ਵੀ ਨੌਕਰੀ ਨਾ ਮਿਲੀ ਫਿਰ ਉਹ ਕੈਨੇਡਾ ਆ ਗਏ। ਨੌਕਰੀ ਲਈ ਏਥੇ ਜਦੋਜਹਿਦ ਕਰਨੀ ਪਈ ਪ੍ਰੰਤੂ ਅਖ਼ੀਰ ਇਕ ਸਕੂਲ ਵਿਚ ਅਧਿਆਪਕ ਦੀ ਨੌਕਰੀ ਲੱਗ ਗਈ ਜਿਥੇ 27 ਸਾਲ ਤੋਂ ਵੱਧ ਸਮਾਂ ਪੜ੍ਹਾਉਣ ਤੋਂ ਬਾਅਦ 2003 ਵਿਚ ਸੇਵਾ ਮੁਕਤ ਹੋ ਗਏ।


ਰਵਿੰਦਰ ਰਵੀ ਲਈ ਮਾਣ ਦੀ ਗੱਲ ਹੈ ਕਿ ਉਸਦੀਆਂ ਰਚਨਾਵਾਂ ਉਪਰ 5 ਵਿਦਿਆਰਥੀਆਂ ਨੇ ਪੀ.ਐੱਚ.ਡੀ. ਅਤੇ 8 ਵਿਦਿਆਰਥੀਆਂ ਨੇ ਐੱਮ ਫਿਲ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਇਕ ਵਿਦਿਆਰਥੀ ਨੇ ਪੀ.ਐੱਚ.ਡੀ. ਕੀਤੀ ਹੈ। ਉਸ ਦੀਆਂ ਪੁਸਤਕਾਂ ਪੰਜਾਬ, ਪੰਜਾਬੀ, ਗੁਰੂ ਨਾਨਕ ਦੇਵ ਅਤੇ ਦਿੱਲੀ ਯੂਨੀਵਰਸਿਟੀਆਂ ਵਿਚ ਬੀ.ਏ.ਅਤੇ ਐੱਮ.ਏ. ਦੀਆਂ ਕਲਾਸਾਂ ਵਿਚ ਲੱਗੀਆਂ ਹੋਈਆਂ ਹਨ। ਇਸੇ ਤਰ੍ਹਾਂ ਕਾਇਦੇ ਆਜ਼ਮ ਯੂਨੀਵਰਸਿਟੀ ਇਸਲਾਮਾਬਾਦ ਪਾਕਿ ਵਿਚ ਐੱਮ.ਏ. ਵਿਚ ਉਨ੍ਹਾਂ ਦੀਆਂ ਪੁਸਤਕਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਦੇ ਕਾਵਿ ਨਾਟਕ ਸਭ ਤੋਂ ਜ਼ਿਆਦਾ ਪੰਜਾਬ ਵਿਚ ਚੋਟੀ ਦੇ ਨਾਟਕ ਡਾਇਰੈਕਟਰਾਂ ਜਿਨ੍ਹਾਂ ਵਿਚ ਸੁਰਜੀਤ ਸਿੰਘ ਸੇਠੀ, ਭਾਅ ਗੁਰਸ਼ਰਨ ਸਿੰਘ, ਕੇਵਲ ਧਾਲੀਵਾਲ, ਅਜਮੇਰ ਔਲਖ, ਡਾ. ਸਾਹਿਬ ਸਿੰਘ, ਸ਼ੁਭਾਸ਼ ਪੁਰੀ, ਕਿਰਤੀ ਕਿਰਪਾਲ ਅਤੇ ਪ੍ਰੀਤਮ ਸਿੰਘ ਢੀਂਡਸਾ ਵੱਲੋਂ ਖੇਡੇ ਗਏ। ਉਨ੍ਹਾਂ ਦੇ 12 ਨਾਟਕ ਬਹੁਤ ਹੀ ਹਰਮਨ ਪਿਆਰੇ ਹੋਏ ਅਤੇ ਵਾਰ ਵਾਰ ਖੇਡੇ ਗਏ, ਉਨ੍ਹਾਂ ਵਿਚ ਬੀਮਾਰ ਸਦੀ, ਰੂਹ ਪੰਜਾਬ ਦੀ, ਚੌਕ ਨਾਟਕ, ਮਕਰੀ ਨਾਟਕ, ਸਿਫਰ ਨਾਟਕ, ਮਖੌਟੇ ਹਸਦੇ, ਮਨ ਦੇ ਹਾਣੀ, ਚਕਰਵਿਊ ਤੇ ਪਿਰਾਮਿਡ, ਅੱਧੀ ਰਾਤ ਦੁਪਹਿਰ, ਰੁਕੇ ਹੋਏ ਯਥਾਰਥ ਅਤੇ ਹੋਂਦ ਨਿਹੋਂਦ ਆਦਿ ਸ਼ਾਮਲ ਹਨ। ਯੂਨੀਵਰਸਿਟੀਆਂ ਦੇ ਯੂਥ ਫੈਸਟੀਵਲਾਂ ਵਿਚ ਉਨ੍ਹਾਂ ਦੇ ਨਾਟਕ ਆਮ ਖੇਡੇ ਜਾਂਦੇ ਅਤੇ ਹਮੇਸ਼ਾ ਇਨਾਮ ਜਿੱਤਦੇ ਸਨ। ਉਨ੍ਹਾਂ ਨੂੰ ਦੇਸ਼ ਅਤੇ ਵਿਦੇਸ ਦੀਆਂ ਸਰਕਾਰੀ ਅਤੇ ਗ਼ੈਰ ਸਰਕਾਰੀ 50 ਸੰਸਥਾਵਾਂ ਨੇ ਮਾਣ ਸਨਮਾਨ ਦੇ ਕੇ ਨਿਵਾਜ਼ਿਆ। ਪੰਜਾਬ ਆਰਟਸ ਕੌਂਸਲ ਨੇ ਜਦੋਂ ਡਾ ਮਹਿੰਦਰ ਸਿੰਘ ਰੰਧਾਵਾ ਉਸਦੇ ਪ੍ਰਧਾਨ ਸਨ ਤਾਂ 1980 ਵਿਚ ਸ਼ਰੋਮਣੀ ਸਾਹਿਤਕਾਰ ਅਵਾਰਡ (ਵਿਦੇਸ਼ੀ) ਦੇ ਕੇ ਸਨਮਾਨਿਤ ਕੀਤਾ। ਭਾਸ਼ਾ ਵਿਭਾਗ ਪੰਜਾਬ ਨੇ ਆਪਨੂੰ 1983 ਵਿਚ ਉਨ੍ਹਾਂ ਦੇ ਨਾਟਕ ‘ਅੱਧੀ ਰਾਤ ਦੁਪਹਿਰ’ ‘ਤੇ ਈਸ਼ਵਰ ਚੰਦਰ ਨੰਦਾ ਪੁਰਸਕਾਰ ਦੇ ਕੇ ਸਨਮਾਨਤ ਕੀਤਾ।

ਪੜ੍ਹੋ ਇਹ ਵੀ ਖ਼ਬਰ - Health Tips: ‘ਸਰਵਾਈਕਲ’ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਕਾਰਨ ਤੇ ਦੂਰ ਕਰਨ ਦੇ ਘਰੇਲੂ ਨੁਸਖ਼ੇ

ਹੈਰਾਨੀ ਇਸ ਗੱਲ ਦੀ ਹੈ ਕਿ ਰਵਿੰਦਰ ਰਵੀ ਨੇ ਆਪਣੀ ਸਾਰੀ ਪੜ੍ਹਾਈ ਪੰਜਾਬੀ ਮਾਧਿਅਮ ਵਿਚ ਕੀਤੀ ਪਰ ਉਹ ਕੀਨੀਆਂ ਵਿਚ 8 ਸਾਲ ਅਤੇ ਕੈਨੇਡਾ ਵਿਚ 29 ਸਾਲ ਅੰਗਰੇਜ਼ੀ ਦਾ ਸਾਹਿਤ ਪੜ੍ਹਾਉਂਦਾ ਰਿਹਾ। ਪਰਵਾਸ ਵਿਚਲੇ ਪੰਜਾਬੀਆਂ ਦਾ ਪੰਜਾਬ ਤੇ ਪੰਜਾਬੀਅਤ ਦੀ ਵਿਰਾਸਤ ਨਾਲ ਜੁੜੇ ਰਹਿਣ ਦੇ ਹੇਰਵੇ ਵਾਲੀ ਸਿਮਬਾਕਿਲਕ ਕਵਿਤਾ ‘ਮਾਂ ਦਾ ਇਕ ਸਿਰਨਾਮਾਂ’ ਸਿਰਲੇਖ ਵਾਲੀ ਦੋਹਰੇ ਅਰਥਾਂ ਵਾਲੀ ਕਵਿਤਾ ਹੈ -

ਅੱਕ ਕੱਕੜੀ ਦੇ ਫੰਬੇ ਖਿੰਡੇ, ਬਿਖਰੇ ਵਿਚ ਹਵਾਵਾਂ!
ਸਵੈ-ਪਹਿਚਾਣ ‘ਚ ਉੱਡੇ ਭਟਕੇ-ਦੇਸ਼, ਦੀਪ, ਦਿਸ਼ਾਵਾਂ!
ਬਾਹਰੋਂ ਅੰਦਰ, ਅੰਦਰੋਂ ਬਾਹਰ-ਭਟਕੇ ਚਾਨਣ, ਚਾਨਣ ਦਾ ਪਰਛਾਵਾਂ!
ਮਾਂ-ਬੋਲੀ ‘ਚੋਂ ਮਮਤਾ ਢੂੰਡਣ, ਤੜਪ ਰਹੇ ਬਿਨ ਮਾਵਾਂ!
ਮੰਗਦੀ ਹੈ ਪਹਿਚਾਣ ਇਨ੍ਹਾਂ ਦੀ,  ਅੱਜ ਜੜ੍ਹ ਦਾ ਸਿਰਨਾਵਾਂ!!!
ਜੜ੍ਹਾਂ ਵਾਲਿਓ ! ਜੜ੍ਹ ਦੇ ਸੁਫਨੇ, ਲੱਥੇ ਵਿਚ ਖਲਾਵਾਂ!
ਮਾਂ-ਭੋਂ ਬਾਝੋਂ ਕਿਥੇ ਪੱਲ੍ਹਰਣ,  ਸਭ ਬੇਗਾਨੀਆਂ ਥਾਵਾਂ!
ਮੋਹ ਮਾਇਆ ਦੇ ਕਈ ਸਿਰਨਾਵੇਂ, ਮਾਂ ਦਾ ਇੱਕ ਸਿਰਨਾਵਾਂ!

ਰਵਿੰਦਰ ਰਵੀ ਉਨ੍ਹਾਂ ਚੋਟੀ ਦੇ ਸਾਹਿਤਕਾਰਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਸਾਹਿਤ ਦੇ ਸਾਰੇ ਰੂਪਾਂ ਵਿਚ ਸਾਹਿਤ ਰਚ ਕੇ ਉਸਨੂੰ ਮਾਲੋਮਾਲ ਕੀਤਾ ਹੈ। ਅੱਜ ਕਲ੍ਹ ਉਹ ਆਪਣੇ ਪਰਿਵਾਰ ਨਾਲ ਕੈਨੇਡਾ ਵਿਚ ਰਹਿ ਰਹੇ ਹਨ ਪਰ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਨਾਲ ਬਾਵਾਸਤਾ ਰੱਖਦੇ ਹੋਏ ਸਾਹਿਤਕ ਸਰਗਰਮੀਆਂ ਵਿਚ ਹਿੱਸਾ ਲੈ ਰਹੇ ਹਨ।


ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com


rajwinder kaur

Content Editor rajwinder kaur