ਪੰਜਾਬ ਉਦਾਸੀ ਦੀ ਰਾਹ ''ਤੇ

Sunday, Mar 24, 2019 - 10:36 AM (IST)

ਪੰਜਾਬ ਉਦਾਸੀ ਦੀ ਰਾਹ ''ਤੇ

ਪੰਜ ਪਾਣੀਆਂ ਦੀ ਧਰਤੀ ਪੰਜਾਬ ਸੂਰਬੀਰ ਅਣਖੀਲੇ ਯੋਧਿਆਂ, ਭਗਤਾਂ, ਗੁਰੂਆਂ ਤੇ ਪੈਗੰਬਰਾਂ ਦੀ ਧਰਤੀ। ਜਿਸ ਬਾਬਤ ਕਦੇ ਪ੍ਰੋਫੈਸਰ ਪੂਰਨ ਸਿੰਘ ਨੇ ਆਖਿਆ ਸੀ ਕਿ “ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ“। ਕਦੇ ਆਖਿਆ ਗਿਆ ਸੀ ਕਿ “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ“। ਪੰਜਾਬ ਦੇ ਅਣਖੀਲੇ ਸਪੂਤਾਂ ਨੇ ਜਰਵਾਣਿਆਂ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਹਿੱਕ ਡਾਹ ਕੇ ਵੈਰੀ ਦੇ ਅੱਗੇ ਖਲੋਤੇ, ਪਰ ਪੰਜਾਬ ਨੂੰ ਕਦੇ ਤੱਤੀ ਹਵਾ ਨਹੀਂ ਲੱਗਣ ਦਿੱਤੀ। ਬਾਹਰੀ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੰਦਾ ਪੰਜਾਬ ਅੱਜ ਆਪਣਿਆਂ ਹੱਥੋਂ ਹਾਰ ਗਿਆ। ਅੱਜ ਪੰਜਾਬ ਉਦਾਸੀ ਦੇ ਆਲਮ 'ਚ ਹੈ ਅਤੇ ਆਪਣੀ ਹੋਣੀ 'ਤੇ ਝੂਰ ਰਿਹਾ। ਕਦੇ ਪੰਜਾਬ ਵਿੱਚ ਪੰਜ ਸੱਭਿਅਤਾਵਾਂ ਰਾਜ ਕਰਦੀਆਂ ਸੀ, ਪਰ ਅੱਜ ਉਨ੍ਹਾਂ ਦੇ ਕੇਵਲ ਵੇਖਣਯੋਗ ਅੰਸ਼ ਹੀ ਰਹਿ ਗਏ ਹਨ। ਮੋਹਿੰਜੋਦੜੋ, ਹੜੱਪਾ, ਸਿੰਧੂ ਘਾਟੀ, ਮਾਇਆ ਆਦਿ ਸੱਭਿਅਤਾਵਾਂ ਦੇ ਖ਼ਤਮ ਹੋਣ ਦੇ ਪ੍ਰਮੁੱਖ ਕਾਰਨ ਸਨ- ਪਾਣੀ ਦਾ ਖ਼ਤਮ ਹੋ ਜਾਣਾ, ਵੱਡੀ ਬਿਮਾਰੀ ਦਾ ਫੈਲਣਾ ਅਤੇ ਲੋਕਾਂ ਦਾ ਪਰਵਾਸ ਕਰਕੇ ਕਿਤੇ ਦੂਰ ਦੁਰਾਡੇ ਚਲੇ ਜਾਣਾ। ਅੱਜ ਵੀ ਇਹ ਤਿੰਨੇ ਵੱਡੇ ਕਾਰਨ ਪੰਜਾਬ ਦੀ ਤਬਾਹੀ ਲਈ ਜ਼ਿੰਮੇਵਾਰ ਹਨ ।ਪੰਜਾਬ ਦੀ ਹਵਾ ਤੇ ਪਾਣੀ ਪਲੀਤ ਹੋ ਚੁੱਕੇ ਹਨ।ਧਰਤੀ ਦੀ ਹਿੱਕ ਪਾੜ ਕੇ ਅਸੀਂ ਪਾਣੀ ਕੱਢ ਲਿਆ ਹੈ। ਧਰਤੀ ਬੰਜਰ ਹੋ ਗਈ ਹੈ ਅਤੇ ਪੀਣ ਯੋਗ ਪਾਣੀ ਬਹੁਤ ਥੱਲੇ ਚਲਾ ਗਿਆ ਹੈ।ਹਵਾ ਜ਼ਹਿਰੀਲੀ ਹੋ ਚੁੱਕੀ ਹੈ।ਗੁਰੂ ਸਾਹਿਬ ਵੱਲੋਂ ਦਿੱਤਾ ਹੋਇਆ ਸਿਧਾਂਤ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ' ਤੋਂ ਮੁੱਖ ਮੋੜ ਲਿਆ ਹੈ।ਗੁਰੂ ਸਾਹਿਬ ਨੇ ਫੁਰਮਾਇਆ ਸੀ “ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤੁ ਨ ਜਾਈ ਲਖਿਆ“।ਪਰ ਅਸੀਂ ਕੁਦਰਤ ਨਾਲ ਖਿਲਵਾੜ੍ਹ ਕਰਨ ਦੀ ਕੋਈ ਕਮੀ ਨਹੀਂ ਛੱਡੀ।ਹਾਲਾਤ ਸਾਡੇ ਸਾਹਮਣੇ ਹਨ।ਉਹ ਦਿਨ 
ਦੂਰ ਨਹੀਂ ਜਦੋਂ ਪੰਜਾਬ ਨੇ ਵੀ ਮਾਰੂਥਲ ਬਣ ਜਾਣਾ ਹੈ।ਜਿੰਨੀ ਪਾਣੀ ਦੀ ਬਰਬਾਦੀ ਅਸੀਂ ਪੰਜਾਬੀ ਕਰ ਰਹੇ ਹਾਂ, ਸ਼ਾਇਦ ਹੀ ਕੋਈ ਹੋਰ ਕਰਦਾ ਹੋਵੇ। ਕੈਂਸਰ ਵਰਗੀ ਭਿਆਨਕ ਬਿਮਾਰੀ ਪੰਜਾਬ ਦੇ ਲਗਭਗ ਹਰ ਘਰ ਵਿੱਚ ਵੜ ਚੁੱਕੀ ਹੈ। ਕਿੰਨੇ ਸਿਤਮ ਦੀ ਗੱਲ ਹੈ ਕਿ ਬਠਿੰਡਾ ਤੋਂ ਬੀਕਾਨੇਰ ਜਾਣ ਵਾਲੀ ਟਰੇਨ ਦਾ ਨਾਮ ਹੀ ਕੈਂਸਰ ਐਕਸਪ੍ਰੈੱਸ ਮਸ਼ਹੂਰ ਹੋ ਗਿਆ ਹੈ। ਫ਼ਸਲਾਂ ਉੱਤੇ ਕੀਟਨਾਸ਼ਕਾਂ ਦੇ ਅੰਨ੍ਹੇਵਾਹ ਛਿੜਕਾਅ ਕਰਕੇ ਅਸੀਂ ਖੁਰਾਕਾਂ ਵੀ ਜ਼ਹਿਰੀਲੀਆਂ ਕਰ ਲਈਆਂ ਹਨ। ਏਡਜ਼ ਵਰਗੀ ਭਿਆਨਕ ਬਿਮਾਰੀ ਵਿੱਚ ਪੰਜਾਬੀਆਂ ਦੀ ਗਿਣਤੀ 30% ਹੈ ਜਦ ਕਿ ਦੁਨੀਆਂ ਪੱਧਰ ਦਾ ਇਹ ਅੰਕੜਾ 9% ਹੈ। ਜਿੱਥੇ ਜਾਨ ਵਾਰਨ ਵਿੱਚ ਪੰਜਾਬੀ ਪਹਿਲੇ ਨੰਬਰ ਤੇ ਸਨ, ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਨਸ਼ਿਆਂ ਵਿੱਚ ਵੀ ਪੰਜਾਬੀ ਪਹਿਲੇ ਨੰਬਰ 'ਤੇ ਹਨ।ਨੌਜਵਾਨ ਨਸ਼ਿਆਂ ਦੇ ਟੀਕੇ ਨਸਾਂ ਵਿੱਚ ਵਿੰਨ੍ਹ ਕੇ ਜਿੱਥੇ ਅੱਜ ਨਾਲੀਆਂ ਵਿੱਚ ਮੂਧੇ ਮੂੰਹ ਪਏ ਦਿਸਦੇ ਹਨ ਕੱਲ ਨੂੰ ਲਾਸ਼ਾਂ ਦੇ ਰੂਪ ਵਿੱਚ ਪਏ ਦਿੱਸਣਗੇ।ਪਿਛਲੇ ਦਿਨੀਂ ਏਮਜ਼ ਵੱਲੋਂ ਜਾਰੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਸੂਬੇ ਵਿੱਚ 1.2 ਲੱਖ ਬੱਚੇ (ਜਿਨ੍ਹਾਂ ਦੀ ਉਮਰ 10 ਤੋਂ 17 ਸਾਲ ਹੈ) ਸ਼ਰਾਬ ਦਾ ਸੇਵਨ ਕਰਦੇ ਹਨ। ਹਨ। ਜੇਕਰ ਇਨ੍ਹਾਂ ਅੰਕੜਿਆਂ ਦੀ ਤੁਲਨਾ ਕੌਮਾਂਤਰੀ ਪੱਧਰ ਤੇ ਕੀਤੀ ਜਾਵੇ ਤਾਂ ਪੰਜਾਬ ਵਿੱਚ ਇਹ ਤਿੰਨ ਗੁਣਾ ਜ਼ਿਆਦਾ ਹੈ। ਪੰਜਾਬ ਦਾ ਕਿਸਾਨ ਹਰ ਰੋਜ਼ ਆਤਮ ਹੱਤਿਆ ਕਰ ਰਿਹਾ ਹੈ। ਡੱਬੀਆਂ ਵਾਲਾ ਪਰਨਾ ਕਦੇ ਕਿਸਾਨ ਦੀ ਸ਼ਾਨ ਹੋਇਆ ਕਰਦਾ ਸੀ, ਪਰ ਅੱਜ ਫਾਹ ਲੈਣ ਦੇ ਕੰਮ ਆ ਰਿਹਾ ਹੈ।ਅੱਜ ਖੇਤੀ ਵੀ ਲਾਹੇਵੰਦ ਧੰਦਾ ਨਹੀਂ ਰਿਹਾ।ਕਰਜ਼ਾਈ ਹੋਇਆ ਕਿਸਾਨ ਹਾਲਾਤ ਨਾਲ ਲੜਨ ਦੀ ਬਜਾਏ ਮੌਤ ਨੂੰ ਗਲੇ ਲਾਉਣਾ ਜ਼ਿਆਦਾ ਚੰਗਾ ਸਮਝ ਰਿਹਾ ਹੈ। ਸਾਡੇ ਵਿੱਚੋਂ ਸਹਿਣ ਸ਼ਕਤੀ ਖ਼ਤਮ ਹੋ ਚੁੱਕੀ ਹੈ। ਕਿਰਤ ਕਰਨ ਤੋਂ ਮੁਨਕਰ ਨੌਜਵਾਨੀ ਉੱਪਰ ਬੰਦੂਕਾਂ ਅਤੇ ਨਸ਼ਿਆਂ ਦਾ ਕਲਚਰ ਭਾਰੂ ਹੋ ਗਿਆ ਹੈ। ਨੰਗੇਜ਼ ਅਤੇ ਲੱਚਰ ਗੀਤ ਸੰਗੀਤ ਜਿੱਥੇ ਢਾਹ ਲਾ ਰਿਹਾ ਹੈ, ਉੱਥੇ ਪੰਜਾਬ ਦੀਆਂ ਧੀਆਂ ਵੀ ਨਸ਼ਿਆਂ ਚ ਗਲਤਾਨ ਹਨ। ਪਹਿਲਾਂ ਭੁੱਕੀ ਅਫੀਮ ਨੇ ਘਰਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਤੇ ਹੁਣ ਚਿੱਟੇ ਨੇ ਘਰ ਘਰ ਸੱਥਰ ਵਿਛਾ ਦਿੱਤੇ ਹਨ।ਜਵਾਨੀ ਦਾ ਨਛੱਤਰ ਹੀ ਮਾੜਾ ਲੱਗਦੈ।ਜਿੱਥੇ ਦਿਨ ਦਿਹਾੜੇ ਧੀਆਂ ਦੀ ਬੇਪਤੀ ਹੋ ਰਹੀ ਹੈ, ਉੱਥੇ 68% ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹਨ। ਪੁੱਤਰਾਂ ਦੀ ਲਾਲਸਾ ਕਰਕੇ ਔਰਤਾਂ ਦੇ ਗਰਭ ਡੇਗ ਕੇ ਕੁੱਖਾਂ ਬੰਜਰ ਕਰ ਦਿੱਤੀਆਂ ਹਨ, ਜਿਸ ਕਰਕੇ ਮਾਵਾਂ ਔਲਾਦ ਪੈਦਾ ਕਰਨ ਦੇ ਯੋਗ ਨਹੀਂ ਰਹੀਆਂ। ਮੁੰਡੇ ਦੇ ਲਾਲਚ ਨੂੰ ਮਾਵਾਂ ਨੂੰ ਟੈਸਟੋਸਟੀਰੋਨ ਦੀਆਂ ਗੋਲੀਆਂ ਖੁਆ ਕੇ ਜਿੱਥੇ ਕੈਂਸਰ ਕਰ ਰਹੇ ਹਾਂ, ਉੱਥੇ ਮੇਲ ਸੈਕਸ ਹਾਰਮੋਨ ਵਧਣ ਕਰਕੇ ਹਿਜੜੇ ਪੈਦਾ ਹੋ ਰਹੇ ਹਨ। ਏਮਜ਼ ਅਤੇ ਪੀਜੀਆਈ ਨੇ ਟੈਸਟ ਕਰਕੇ ਇਹ ਸਿੱਧ ਕਰ ਦਿੱਤਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਅਨੁਸਾਰ ਨੌਜਵਾਨਾਂ ਦਾ ਸਪਰਮ ਕਾਊਂਟ ਜੋ ਪਹਿਲਾਂ 60 ਮਿਲੀਅਨ ਹੁੰਦਾ ਸੀ ਹੁਣ ਘਟ ਕੇ 15 ਮਿਲੀਅਨ ਰਹਿ ਗਿਆ ਹੈ। ਫਰਟੀਲਿਟੀ ਸੈਂਟਰਾਂ ਦੇ ਬਾਹਰ ਨੌਜਵਾਨਾਂ ਦੀ ਭੀੜ ਆਪਣੇ ਘਰ ਬਾਹਰ ਵੇਚ ਕੇ ਨਪੁੰਸਕਤਾ ਦਾ ਇਲਾਜ 
ਕਰਵਾਉਣ ਲਈ ਕਤਾਰਾਂ ਬੰਨ੍ਹੀ ਖੜ੍ਹੀ ਹੈ। ਇੱਕ ਪਾਸੇ ਅਸੀਂ ਬੰਜਰ ਕੁੱਖਾਂ ਅਤੇ ਦੂਜੇ ਪਾਸੇ ਨਿਪੁੰਸਕ ਨੌਜਵਾਨ ਤਿਆਰ ਕਰ ਰਹੇ ਹਾਂ ।ਸਰਕਾਰਾਂ ਵੱਲੋਂ ਸਿੱਖਿਆ ਤੇ ਸਮਾਜਿਕ ਢਾਂਚੇ ਨੂੰ ਲਵਾਰਿਸ ਕੀਤੇ ਜਾਣ ਦਾ ਨਤੀਜਾ ਹੈ ਕਿ ਜਵਾਨੀ ਹੁਣ ਵਿਦੇਸ਼ਾਂ ਚ ਸੁਪਨੇ ਤਲਾਸ਼ਣ ਲੱਗੀ ਹੈ। ਨੌਜਵਾਨ ਹਰ ਜਾਇਜ਼ ਨਾਜਾਇਜ਼ ਹੀਲਾ ਵਰਤ ਕੇ ਵਿਦੇਸ਼ ਉਡਾਰੀ ਮਾਰਨਾ ਚਾਹੁੰਦਾ ਹੈ। ਨਹੀਂ ਤਾਂ ਕਿਸ ਦਾ ਦਿਲ ਕਰਦਾ ਹੈ ਆਪਣਾ ਆਲ੍ਹਣਾ
ਛੱਡਣ ਨੂੰ? ਸਰਕਾਰਾਂ ਨੇ ਪੰਜਾਬ ਨੂੰ ਸਲੱਮ ਬਣਾ ਕੇ ਰੱਖ ਦਿੱਤਾ ਹੈ, ਜਿੱਥੋਂ ਹੁਣ ਨੌਜਵਾਨ ਪਲਾਇਨ ਕਰਨ ਲਈ ਮਜਬੂਰ ਹਨ। ਹਰ ਨੌਜਵਾਨ ਦੀ ਇਹੋ ਕਹਾਣੀ ਹੈ ਜੇਕਰ ਕਿਸੇ ਤੋਂ ਪੁੱਛੋ ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਇੱਥੇ ਕੀ ਪਿਆ ਹੈ? ਆਈਲੈਟਸ ਦੇ ਰੁਝਾਨ ਨੇ ਕਾਲਜਾਂ ਨੂੰ ਵੱਡੀ ਸੱਟ ਮਾਰੀ ਹੈ। ਕਾਲਜ ਖਾਲੀ ਹੋਣ ਲੱਗੇ ਹਨ ਤੇ ਅਧਿਆਪਕਾਂ ਦੀ ਛਾਂਟੀ ਹੋਣ ਲੱਗ ਪਈ ਹੈ। ਕਈ ਕਾਲਜਾਂ ਨੂੰ ਜਿੰਦਰੇ ਲੱਗ ਗਏ ਹਨ। ਵੇਖਦੇ ਹੀ ਵੇਖਦੇ ਬੇਰੁਜ਼ਗਾਰ ਅਧਿਆਪਕ ਵੀ ਵਿਦੇਸ਼ਾਂ ਨੂੰ ਕੂਚ ਕਰਨ ਲੱਗੇ ਹਨ। ਆਈਲੈਟਸ ਪ੍ਰੀਖਿਆ ਤੇ ਕੋਚਿੰਗ ਸੈਂਟਰਾਂ ਦਾ ਸਾਲਾਨਾ ਕਾਰੋਬਾਰ ਕਰੀਬ 1100 ਕਰੋੜ ਰੁਪਏ ਹੋਣ ਲੱਗਾ ਹੈ। ਲਗਪਗ 3.36 ਲੱਖ ਨੌਜਵਾਨ ਹਰ ਵਰ੍ਹੇ ਆਈਲੈਟਸ ਪ੍ਰੀਖਿਆ ਵਿੱਚ ਬੈਠਦੇ ਹਨ, ਜੋ ਫੀਸ ਦੇ ਰੂਪ ਵਿੱਚ ਲੱਗਭੱਗ 425 ਕਰੋੜ ਰੁਪਏ ਸਾਲਾਨਾ ਤਾਰਦੇ ਹਨ। ਜਿਮੀਂਦਾਰ ਦੀ ਹਾੜ੍ਹੀ ਤੇ ਸਾਉਣੀ ਦੀ ਪੂਰੀ ਕਮਾਈ ਹੁਣ ਵਿਦੇਸ਼ਾਂ ਚ ਜਾ ਰਹੀ ਹੈ।ਵੱਡੀਆਂ ਕੰਪਨੀਆਂ ਨੇ ਪੰਜਾਬ ਵਿੱਚ ਪੈਰ ਪਸਾਰ ਲਏ ਹਨ ਤੇ ਹੁਣ ਕਿਸਾਨਾਂ ਤੋਂ ਜ਼ਮੀਨਾਂ ਖਰੀਦ ਰਹੀਆਂ ਹਨ। ਕਿਸਾਨ ਬੇਜ਼ਮੀਨਾ ਹੋ ਰਿਹਾ ਹੈ।ਪੰਜਾਬ ਦਾ ਨਾਂ ਕੇਵਲ ਸਰੀਰਕ, ਬਲਕਿ ਬੌਧਿਕ ਅਤੇ ਆਰਥਿਕ ਪਰਵਾਸ ਵੀ ਹੋਣ ਲੱਗਾ ਹੈ ਜੋ ਕਿ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਕਾਫੀ ਮਹਿੰਗਾ ਪੈ ਰਿਹਾ ਹੈ। ਪਹਿਲਾਂ ਚਿੱਟੇ ਨੇ ਚਿੱਟੀਆਂ ਚੁੰਨੀਆਂ ਦਾ ਹੜ੍ਹ ਵਗਾਇਆ ਹੁਣ ਸਟੱਡੀ ਵੀਜੇ ਨੇ ਜ਼ਮੀਨਾਂ ਵਿਕਵਾ ਦਿੱਤੀਆਂ ਹਨ।ਪਹਿਲਾਂ ਐਨ ਆਰ ਆਈ ਪੰਜਾਬ 'ਚ ਇਨਵੈਸਟ ਕਰਦੇ ਸੀ ਪਰ ਹੁਣ ਸਭ ਕੁੱਝ ਵੇਚ ਵੱਟ ਕੇ ਵਿਦੇਸ਼ਾਂ ਨੂੰ ਲਈ ਜਾ ਰਹੇ ਹਨ। ਪੰਜਾਬ ਦੇ ਭਵਿੱਖ ਨੂੰ ਵੇਖਦੇ ਹੋਏ ਬਹੁਤ ਸਾਰੇ ਪ੍ਰਚਾਰਕਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਨੇ ਵਿਦੇਸ਼ਾਂ ਦੀ ਪੀ ਆਰ ਹਾਸਲ ਕਰ ਲਈ ਹੈ ।ਪਤਾ ਨਹੀਂ ਲੱਗ ਰਿਹਾ ਕਿ ਇਹ ਸਾਰਾ ਵਰਤਾਰਾ ਸਹਿਜ ਸੁਭਾਅ ਹੋ ਰਿਹਾ ਹੈ ਜਾਂ ਇਸ ਪਿੱਛੇ ਕਿਸੇ ਦਾ ਕੋਈ ਗੁੱਝਾ ਮੰਤਵ ਛੁਪਿਆ ਹੋਇਆ ਹੈ। ਹਰ ਪਿੰਡ ਵਿੱਚ ਸਿਆਸਤ ਪਿੱਛੇ ਲੜਾਈ ਹੁੰਦੀ ਹੈ ਅਤੇ ਸਿਆਸਤਦਾਨਾਂ ਨੇ ਧੜੇਬਾਜ਼ੀ ਬਣਾ ਕੇ ਰੱਖ ਦਿੱਤੀ ਹੈ। ਮਹਿੰਗੀਆਂ ਗੱਡੀਆਂ,ਵੱਡੀਆਂ ਕੋਠੀਆਂ ਤੇ ਮਹਿੰਗੇ ਵਿਆਹਾਂ ਨੇ ਕਿਸਾਨੀ ਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ ਹੈ। ਬਿਰਧ ਆਸ਼ਰਮ ਅਤੇ ਅਨਾਥ ਆਸ਼ਰਮਾਂ ਦੀ ਵਧ ਰਹੀ ਗਿਣਤੀ ਪੰਜਾਬੀ ਸੱਭਿਆਚਾਰ ਲਈ ਖਤਰੇ ਦੀ ਘੰਟੀ ਹੈ। ਸਾਡੀ ਜ਼ਮੀਰ ਮਰ ਚੁੱਕੀ ਹੈ ਤੇ ਕੋਈ ਆਵਾਜ਼ ਚੁੱਕਣ ਨੂੰ ਵੀ ਤਿਆਰ ਨਹੀਂ। ਲੱਗਦੈ ਪੰਜਾਬ ਸਿਵਿਆਂ ਦੇ ਰਾਹ 'ਤੇ ਤੁਰ ਪਿਆ ਹੈ। ਰੱਬ ਅੱਗੇ ਦੁਆ ਹੈ ਕਿ ਪੰਜਾਬੀਆਂ ਨੂੰ ਸੁਮੱਤ ਬਖਸ਼ੇ। ਕੋਈ ਠੰਡੀ ਹਵਾ ਦਾ ਬੁੱਲ੍ਹਾ ਆਵੇ ਤੇ ਇਹ ਰੰਗਲਾ ਪੰਜਾਬ ਮੁੜ ਕੇ ਮਹਿਕਾਂ ਵੰਡਣ ਲੱਗ ਜਾਵੇ। ਸਾਰਾ ਸੰਸਾਰ ਪੰਜਾਬ ਵੱਲ ਟਿਕਟਿਕੀ ਲਾ ਕੇ ਵੇਖ ਰਿਹਾ ਹੈ......

ਐਡਵੋਕੇਟ ਗਗਨਦੀਪ ਸਿੰਘ ਗੁਰਾਇਆ
ਫ਼ਤਹਿਗੜ੍ਹ ਸਾਹਿਬ
97815-00050


author

Aarti dhillon

Content Editor

Related News