ਪੰਜਾਬ ਦੀ ਜਵਾਨੀ ਨੂੰ ਜ਼ਹਿਰੀਲੇ ਕੈਮੀਕਲ ਨਾਲ ਬਣੇ ਸਿੰਥੈਟਿਕ ਨਸ਼ਿਆਂ ਤੋਂ ਬਚਾਉਣਾ

Tuesday, Jul 24, 2018 - 01:34 PM (IST)

ਪੰਜਾਬ ਦੀ ਜਵਾਨੀ ਨੂੰ ਜ਼ਹਿਰੀਲੇ ਕੈਮੀਕਲ ਨਾਲ ਬਣੇ ਸਿੰਥੈਟਿਕ ਨਸ਼ਿਆਂ ਤੋਂ ਬਚਾਉਣਾ

ਪਿਛਲੇ ਕੁੱਝ ਸਾਲਾਂ ਤੋਂ ਸੋਨੇ ਦੀ ਚਿੜੀ ਕਹਾਉਣ ਵਾਲਾ ਪੰਜਾਬ ਨਸ਼ਿਆਂ ਦੀ ਦਲਦਲ ਵਿਚ ਲਗਾਤਾਰ ਧੱਸਦਾ ਜਾ ਰਿਹਾ ਹੈ, ਜਿਸ ਵਿਚ ਚਿੱਟੇ ਦੀ ਲਪੇਟ ਵਿਚ ਆਇਆ ਪੰਜਾਬ ਜ਼ਿਆਦਾ ਖਤਰਨਾਕ ਸਾਬਿਤ ਹੋਇਆ ਹੈ।ਨਸ਼ਿਆਂ ਕਾਰਣ ਰਾਜਨੀਤਿਕ ਪਾਰਟੀਆਂ ਇਕ-ਦੂਜੇ 'ਤੇ ਚਿੱਕੜ ਸੁੱਟ ਕੇ ਰਾਜਨੀਤੀ ਕਰ ਰਹੀਆਂ ਹਨ ਪਰ ਨਸ਼ਿਆਂ ਦੀ ਜੜ੍ਹ ਤੱਕ ਕੋਈ ਵੀ ਨਹੀਂ ਪਹੁੰਚ ਰਿਹਾ।2013-14 ਵਿਚ ਸਮੇਂ ਦੀ ਪੰਜਾਬ ਸਰਕਾਰ ਵਲੋਂ ਨਸ਼ੇ ਅਤੇ ਨਸ਼ੇੜੀਆਂ ਵਿਰੁੱਧ ਨਸ਼ਾ ਅਭਿਆਨ ਸ਼ੁਰੂ ਕੀਤਾ ਗਿਆ ਪਰ ਬਦਕਿਸਮਤੀ ਕਾਰਨ ਇਹ ਅਭਿਆਨ ਵੱਡੇ ਮਗਰਮੱਛ ਅਤੇ ਵਪਾਰੀਆਂ ਤਕ ਪਹੁੰਚਣ ਦੀ ਬਜਾਏ ਛੋਟੇ-ਮੋਟੇ ਨਸ਼ਾ ਕਰਨ ਦੇ ਆਦੀਆਂ ਲਈ ਜੀ ਦਾ ਜੰਜਾਲ ਬਣ ਗਿਆ, ਜਿਹੜੇ ਰੋਜਮਰ੍ਰਾ ਦੀ ਜ਼ਿੰਦਗੀ ਵਿਚ ਪੰਜਾਹ-ਸੌ ਰੁਪਏ ਦੀ ਭੁੱਕੀ ਜਾਂ ਛੋਟਾ ਨਸ਼ਾ ਕਰਕੇ ਆਪਣੀ ਦਿਹਾੜੀ ਕਰਦੇ ਸੀ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸੀ, ਉਨ੍ਹਾਂ ਨੂੰ ਚੁੱਕ-ਚੁੱਕ ਕੇ ਜੇਲਾਂ ਭਰ ਦਿੱਤੀਆਂ ਅਤੇ ਸਰਕਾਰ ਨਸ਼ਾਂ ਵਿਰੋਧੀ ਅਭਿਆਨ ਦੀ ਕਾਮਯਾਬੀ ਦਾ ਟਿੰਢੋਰਾ ਪਿੱਟਦੀ ਰਹੀ।ਸੱਚ ਤਾਂ ਇਹ ਸੀ ਕਿ ਪੁਲਿਸ ਅਧਿਕਾਰੀਆਂ ਨੂੰ ਉਸ ਸਮੇਂ ਸਰਕਾਰ ਦਾ ਅਣਲਿਖਤ ਆਦੇਸ਼  ਮੰਨਣਾ ਪਿਆ ਸੀ ਅਤੇ ਨਸ਼ਾ ਵਿਰੋਧੀ ਅਭਿਆਨ ਦੇ ਨਾਮ ਤੇ ਗਿਣਤੀ ਪੂਰੀ ਕਰਨ ਲਈ ਲੋਕਾਂ ਨੂੰ ਜੇਲ੍ਹਾਂ ਅੰਦਰ ਸੁੱਟਣਾ ਸੀ।ਸਰਕਾਰੀ ਅਦੇਸ਼ਾ ਦਾ ਟੀਚਾ ਪੂਰਾ ਕਰਨ ਲਈ ਸਾਰੇ ਪੰਜਾਬ ਦੇ ਪੁਲਸ ਮੁਖੀ ਅਤੇ ਥਾਣਾ ਮੁਖੀ ਇਸ ਕੰਮ ਤੇ ਲੱਗੇ ਹੋਏ ਸਨ ਤਾਂ ਕਿ ਕਿਵੇਂ ਨਾ ਕਿਵੇਂ ਆਪਣਾ ਟਾਰਗੇਟ ਪੂਰਾ ਕੀਤਾ ਜਾਵੇ ।ਇਸ ਦਾ ਨਤੀਜਾ ਇਹ ਰਿਹਾ ਕਿ ਇਸ ਅਭਿਆਨ ਵਿਚ ਗਰੀਬਾਂ ਦੇ ਬੱਚੇ ਅਤੇ ਛੋਟਾ-ਮੋਟਾ ਨਸ਼ਾ ਕਰਨ ਵਾਲੇ ਬਲੀ ਦਾ ਬੱਕਰਾ ਬਣਾਏ ਗਏ ਅਤੇ ਕੁੱਝ ਪੁਲਸ ਅਧਿਕਾਰੀਆਂ ਦੀ ਚਾਂਦੀ ਵੀ ਬਣਦੀ ਰਹੀ।ਉਸ ਸਮੇਂ ਤੱਤਕਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਅੰਮ੍ਰਿਤਸਰ ਜੇਲ ਵਿਚ ਗਏ ਸਨ ਅਤੇ ਕੈਦੀਆਂ ਨੇ ਆਪਣੇ ਦੁਖੜੇ ਵੀ ਸੁਣਾਏ ਸਨ ਜਿਹੜੇ ਇਸ ਅਭਿਆਨ ਵਿਚ ਸਜਾਯਾਫਤਾ ਹੋਏ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਅਸੀਂ ਤਾਂ ਛੋਟੇ-ਮੋਟੇ ਨਸ਼ੇ ਕਰਨ ਦੇ ਆਦੀ ਸੀ ਅਤੇ ਸਾਡੇ ਵਿਚੋਂ ਬਹੁਤਿਆਂ ਨੇ ਨਸ਼ਾ ਛੱਡ ਵੀ ਦਿੱਤਾ ਸੀ ਅਤੇ ਅਸੀਂ ਵੀ ਨਸ਼ਾ ਛੱਡਣਾ ਚਾਹੁੰਦੇ ਹਾਂ ਤੇ ਸਾਨੂੰ ਜੇਲ੍ਹਾਂ ਵਿਚੋਂ ਬਾਹਰ ਕੱਢ ਕੇ ਸਾਡਾ ਇਲਾਜ ਕਰਵਾਇਆ ਜਾਵੇ।ਇੰਨ੍ਹਾ ਵਿਚ ਛੋਟੇ ਕਿਸਾਨਾਂ ਦੇ ਬੱਚੇ ਵੀ ਸਨ ਜਿੰਨ੍ਹਾਂ ਦੇ ਮਾਪਿਆਂ ਨੇ ਆਪਣੀ ਜ਼ਮੀਨ ਨੂੰ ਵੇਚ ਕੇ ਜਾਂ ਲੋਨ ਲੈ ਕੇ ਅਦਾਲਤਾਂ ਵਿਚ ਲੁਟਾ ਦਿੱਤੀ ਅਤੇ ਕੁੱਝ ਥੋੜ੍ਹੀ-ਬਹੁਤੀ ਜ਼ਮੀਨ ਵਾਲਿਆਂ ਨੇ ਸਾਰੀ ਜ਼ਮੀਨ ਹੀ ਅਦਾਲਤਾਂ ਦੇ ਚੱਕਰਾਂ ਵਿਚ ਗੁਆ ਲਈ ਹੈ ਇਸਦੇ ਬਾਵਜੂਦ ਵੀ ਉਨ੍ਹਾਂ ਦੇ ਬੱਚੇ  ਜੇਲ੍ਹਾਂ ਵਿਚ ਹੀ ਰਹੇ।
                      ਹੁਣ ਪੰਜਾਬ  ਵਿਚ ਕਾਂਗਰਸ ਦੀ ਸਰਕਾਰ ਹੈ ਅਤੇ ਵੋਟਾਂ ਤੋਂ ਪਹਿਲਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਖਾਤਿਰ ਬੜੇ ਜੋਸ਼ ਵਿਚ ਹੱਥ ਵਿਚ ਗੁੱਟਕਾ ਸਾਹਿਬ ਫੜ੍ਹ ਕੇ ਜਨਤਾ ਸਾਹਮਣੇ ਸੌਂਹ ਖਾਧੀ ਕਿ ਕਾਂਗਰਸ ਸਰਕਾਰ ਬਣਨ ਤੇ ਚਾਰ ਹਫਤਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗਾ ਜਦਕਿ ਅਸਲੀਅਤ ਇਹ ਹੈ ਕਿ ਚਾਰ ਹਫਤਿਆਂ ਵਿਚ ਤਾਂ ਨਰਮੇਂ ਤੋਂ ਸੁੰਡੀ ਖਤਮ ਨਹੀਂ ਹੁੰਦੀ। ਜਦਕਿ ਪੰਜਾਬ ਦੀ ਰਗ-ਰਗ ਵਿਚ ਸਮਾਇਆ ਨਸ਼ਾਂ ਕਿਸ ਤਰਾਂ ਖਤਮ ਹੋਵੇਗਾ।ਹੁਣ ਵੀ ਹਲਾਤ ਉਸੇ ਤਰ੍ਹਾਂ ਹੀ ਹਨ ਸਰਕਾਰ ਨੇ ਨਸ਼ਾਂ ਵੇਚਣ ਵਾਲਿਆਂ ਨੂੰ ਫਾਂਸੀ ਦੇਣ ਦਾ ਕਾਨੂੰਨ ਬਨਾਉਣ ਦੀ ਫਰਮਾਇਸ਼ ਕਰ ਦਿੱਤੀ, ਜੋ ਕਿ ਅਸਲੀਅਤ ਤੋਂ ਕੋਹਾਂ ਦੂਰ ਹੈ ਕਿਉਂਕਿ ਇਸ ਵਿਚ ਛੋਟਾ ਨਸ਼ਾ ਕਰਨ ਵਾਲੇ ਹੀ ਬਲੀ ਦਾ ਬੱਕਰਾ ਬਣਨਗੇ ਜਾਂ ਇਕ-ਦੂਜੇ ਨਾਲ ਪੁਰਾਣੀਆਂ ਰੰਜਿਸ਼ਾਂ ਕੱਢੀਆਂ ਜਾਣਗੀਆਂ ਪਰ ਮਗਰਮੱਛ ਫਿਰ ਵੀ ਪੁਲਸ ਦੇ ਹੱਥ ਨਹੀਂ ਆਉਣੇ ਕਿਉਂਕਿ ਵੋਟਾਂ ਦਾ ਸਮਾਂ ਵੀ ਨੇੜੇ ਹੀ ਹੈ ਅਤੇ ਪੰਜਾਬ ਵਿਚ ਕੋਈ ਫਾਇਦੇ ਵਾਲਾ ਕਾਨੂੰਨ ਘੱਟ ਹੀ ਲਾਗੂ ਹੁੰਦਾ ਹੈ, ਜੋ ਕਿ ਰਾਜਨੀਤੀ ਦੀ ਭੇਟਾ ਚੜ੍ਹ ਜਾਂਦਾ ਹੈ।ਚਾਰ ਕੁ ਦਿਨਾਂ ਬਾਅਦ ਉਹੀ ਕਹੀ ਤੇ ਉਹੀ ਕੁਹਾੜਾ ਵਾਲੀ ਕਹਾਵਤ ਫਿਰ ਲਾਗੂ ਹੋ ਜਾਂਦੀ ਹੈ। ਪੰਜਾਬ ਵਿਚ ਵਿਕ ਰਹੇ ਸਿਰਫ ਚਿੱਟੇ (ਹਿਰੋਇਨ) ਦੀ ਗੱਲ ਕਰੀਏ ਤਾਂ ਇਸਦੀ ਅੰਤਰਰਾਸ਼ਟਰੀ ਕੀਮਤ ਡੇਢ ਕਰੋੜ ਰੁਪਏ ਕਿਲੋ ਹੈ ਅਤੇ ਸਿਰਫ ਇਕ ਗ੍ਰਾਮ ਹੈਰੋਇਨ ਪੰਦਰਾ ਹਜ਼ਾਰ ਰੁਪਏ ਦੀ ਪੈਂਦੀ ਹੈ, ਜੋ ਆਮ ਆਦਮੀ ਦੇ ਵੱਸੋਂ ਬਾਹਰ ਹੈ ਅਤੇ ਇਸ ਨੂੰ ਵੱਡੇ ਘਰਾਂ ਦੇ ਕਾਕੇ ਹੀ ਖਰੀਦ ਸਕਦੇ ਹਨ ਪਰ ਸਰਾਰਤੀ ਅਨਸਰਾਂ ਦੁਆਰਾ ਆਪਣੀਆਂ ਜੇਬਾਂ ਭਰਨ ਖਾਤਿਰ ਖਤਰਨਾਕ ਕੈਮੀਕਲ ਨਾਲ ਤਿਆਰ ਕੀਤੇ ਨਸ਼ੇ ਨੂੰ ਚਿੱਟੇ ਦਾ ਰੂਪ ਦੇ ਕੇ ਪੰਜਾਬ ਦੇ ਗਰੀਬ ਘਰਾਂ ਦੇ ਨੌਜਵਾਨਾਂ ਨੂੰ ਸਸਤੇ ਰੇਟਾਂ ਵਿੱਚ ਮੁਹਈਆ ਕਰਵਾਇਆ ਜਾ ਰਿਹਾ ਹੈ ਜੋ ਕਿ ਪੰਜਾਬ ਅੰਦਰ ਮੌਤਾਂ ਵੰਡ ਰਹੇ ਹਨ ਅਤੇ ਪਿਛਲੇ ਦਿਨੀਂ ਪੰਜਾਬ ਵਿਚ ਚਿੱਟੇ ਕਾਰਨ ਹੋਈਆਂ ਮੌਤਾਂ ਇਸ ਦੀ ਗਵਾਈ ਭਰਦੀਆਂ ਹਨ।ਹੁਣ ਸਰਕਾਰ ਬੇਵਜ੍ਹਾ ਸਰਕਾਰੀ ਮੁਲਾਜ਼ਮਾਂ ਤੇ ਡੋਪ ਟੈਸਟਾਂ ਤੇ ਲੱਖਾਂ ਰੁਪਏ ਖਰਚ ਕਰ ਰਹੀ ਹੈ, ਜਿਸਦਾ ਬੋਝ ਸਾਡੇ 'ਤੇ ਪੈ ਰਿਹਾ ਹੈ ਅਤੇ ਜਿਸਦਾ ਕੋਈ ਅਧਾਰ ਨਹੀਂ ਹੈ
                              ਬੇਸ਼ੱਕ ਕੋਈ ਵੀ ਨਸ਼ਾ ਸਾਡੇ ਸਰੀਰ ਲਈ ਹਾਨੀਕਾਰਕ ਹੈ ਜਿਸ ਵਿਚ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸ਼ਰਾਬ ਵੀ ਮੌਜੂਦ ਹੈ ਪਰ ਜਵਾਨੀ ਵਿਚ ਭੁੱਕੀ ਜਾਂ ਅਫੀਮ ਦੀ ਲੱਤ ਲਗਾ ਚੁੱਕੇ ਲੋਕ ਹੁਣ ਇਹ ਛੱਡ ਵੀ ਨਹੀਂ ਸਕਦੇ ਅਤੇ ਨਾ ਹੀ ਕੋਈ ਦਵਾਈ ਇੰਨ੍ਹਾਂ ਤੇ ਅਸਰ ਕਰਦੀ ਹੈ।ਅਫੀਮ-ਭੁੱਕੀ ਜਿਹੜੀ ਕੁਦਰਤੀ ਜੜ੍ਹੀ-ਬੂਟੀਆਂ ਤੋਂ ਤਿਆਰ ਪੰਜਾਬ ਦੇ ਰਿਵਾਇਤੀ ਨਸ਼ੇ ਹਨ ਅਤੇ ਬਹੁਤ ਪਹਿਲਾਂ ਰਾਜੇ-ਮਹਾਰਾਜਿਆਂ ਦੇ ਸਮੇਂ ਤੋਂ ਇਨ੍ਹਾਂ ਦਾ ਇਸਤੇਮਾਲ ਹੋ ਰਿਹਾ ਹੈ।ਜਿਸ ਨੂੰ ਖਾਣ ਤੇ ਕੋਈ ਸਾਈਡ ਇਫੈਕਟ ਨਹੀਂ ਅਤੇ ਨਾ ਹੀ ਇਹ ਨਸ਼ਾ ਕਰਨ ਨਾਲ ਕੋਈ ਮਰਿਆ ਹੈ ਅਤੇ ਨਾ ਹੀ ਕੋਈ ਮਰ ਸਕਦਾ ਹੈ। ਇਸ ਤੋਂ ਇਲਾਵਾ ਇਸਦੀ ਕੀਮਤ ਵੀ ਜ਼ਿਆਦਾ ਨਹੀਂ ਸੀ ਪਰ ਹੁਣ ਸਰਕਾਰਾਂ ਦੁਆਰਾ ਚਿੱਟੇ ਵਿਰੁੱਧ ਸਿੰਕਜਾ ਕਸਣ ਕਾਰਣ ਗੁਆਂਢੀ ਸੂਬਿਆਂ ਤੋਂ (ਜਿੱਥੇ ਇਸਦੀ ਖੇਤੀ ਕਰਨ ਦੀ ਖੁੱਲ੍ਹ ਹੈ) ਆਉਣ ਵਾਲੀ ਭੁੱਕੀ ਅਫੀਮ ਖਾਣ ਵਾਲਿਆਂ ਤੇ ਵੀ ਸਿਕੰਜਾ ਕੱਸ ਦਿੱਤਾ ਗਿਆ ਹੈ ਅਤੇ ਇਹ ਸਭ ਸਿਆਸੀ ਲਾਹਾ ਲੈਣ ਲਈ ਹੋ ਰਿਹਾ ਹੈ। ਚੋਰੀ ਛੁਪੇ ਸਿਆਸੀ ਸਹਿ ਤੇ ਨਸ਼ਾ ਵੇਚਣ ਵਾਲੇ ਬਲੈਕੀਆਂ ਦੀ ਖੂਬ ਚਾਂਦੀ ਬਣੀ ਹੋਈ ਹੈ ਜਿਨ੍ਹਾਂ ਨੇ ਇਨ੍ਹਾਂ ਦੀਆਂ ਕੀਮਤਾਂ ਵੀ ਅਸਮਾਨੀ ਚੜ੍ਹਾ ਦਿੱਤੀਆਂ ਜੋ ਕਿ ਪਹਿਲਾਂ ਤੋਂ ਭੁੱਕੀ ਅਫੀਮ ਖਾ ਰਹੇ ਅਮਲੀਆਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ।ਜਦ ਇਸ ਬਾਰੇ ਭੁੱਕੀ-ਅਫੀਮ ਦਾ ਨਸ਼ਾ ਕਰਨ ਵਾਲੇ ਅਮਲੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਕ ਹਜ਼ਾਰ ਰੁਪਏ ਕਿਲੋ ਮਿਲਣ ਵਾਲੀ ਭੁੱਕੀ ਹੁਣ ਪੰਜ ਹਜਾਰ ਰੁਪਏ ਕਿਲੋ ਮਿਲਦੀ ਹੈ (ਜਿਸ ਵਿਚ ਕਿੱਕਰ ਦੇ ਤੁੱਕੇ,ਚੌਲ,ਮੂੰਗਫਲੀ ਦੇ ਛਿੱਲੜ ਆਦਿ ਪਤਾ ਨਹੀਂ ਕੀ-ਕੀ ਮਿਲਾਵਟ ਹੋ ਕੇ ਆ ਰਿਹਾ ਹੈ ਜਿਸ ਨਾਲ ਸਰੀਰ ਤੇ ਬੁਰਾ ਪ੍ਰਭਾਵ ਪੈਂਦਾ ਹੈ) ਜੋ ਸਾਡੀ ਪਹੁੰਚ ਤੋਂ ਪਰ੍ਹੇ ਹੈ ,ਇਸ ਲਈ ਸਾਨੂੰ ਸਸਤੇ ਵਿਚ ਮਿਲ ਰਿਹਾ ਜ਼ਹਿਰੀਲਾ ਪਾਊਡਰ, ਮੈਡੀਕਲ ਨਸ਼ਾ ਅਤੇ ਹੋਰ ਸਿੰਥੈਟਿਕ ਨਸ਼ਿਆ ਨੂੰ ਪਹਿਲ ਦੇਣੀ ਪੈ ਰਹੀ ਹੈ। ਪੰਜਾਬ ਦੇ ਅਮਲੀ ਅਤੇ ਨਸ਼ਿਆਂ ਦੀ ਲੱਤ ਲੱਗਾ ਚੁੱਕੇ ਗੱਭਰੂ ਇੰਨ੍ਹਾਂ ਸਿੰਥੈਟਿਕ ਨਸ਼ਿਆਂ ਕਾਰਨ ਆਪਣੀ ਜਵਾਨੀ ਨੂੰ ਤਬਾਹ ਕਰ ਰਹੇ ਹਨ ਅਤੇ ਮੌਤ ਦੇ ਮੂੰਹ 'ਚ ਜਾ ਰਹੇ ਹਨ।
     ਇੰਨ੍ਹਾਂ ਮਾਰੂ ਨਸ਼ਿਆਂ ਨੂੰ ਰੋਕਣ ਲਈ ਸਰਕਾਰਾਂ ਨੂੰ ਚਾਹੀਦਾ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਉਨ੍ਹਾਂ ਮਗਰਮੱਛਾਂ ਨੂੰ ਦਬੋਚਿਆ ਜਾਵੇ ਜਿਹੜੇ ਚਿੱਟੇ ਦਾ ਨਾਮ ਵਰਤ ਕੇ ਕੈਮੀਕਲ ਨਾਲ ਤਿਆਰ ਕਰਕੇ ਨਸ਼ਾਂ ਬਣਾ ਰਹੇ ਹਨ ਅਤੇ ਸਰਹੱਦਾਂ 'ਤੇ ਬੈਠੀ ਫੌਜ ਅਤੇ ਪੁਲਸ ਵਿਚੋਂ ਕਾਲੀਆਂ ਭੇਡਾਂ ਨੂੰ ਨੌਕਰੀ ਤੋਂ ਬਰਖਾਸਿਤ ਕਰਕੇ ਜੇਲ੍ਹਾਂ ਵਿਚ ਸੁਟਿਆ ਜਾਵੇ।ਪੁਰਾਣੇ ਭੁੱਕੀ ਜਾਂ ਅਫੀਮ ਖਾਣ ਵਾਲਿਆਂ ਲਈ ਕਾਰਡ ਬਨਾਏ ਜਾਣ ਅਤੇ ਚਿੱਟੇ ਵਰਗੇ ਹਾਨੀਕਾਰਕ ਨਸ਼ਿਆਂ ਦੀ ਲਤ ਲਗਾ ਚੁੱਕੇ ਨੌਜਵਾਨਾਂ ਦਾ ਫਰੀ ਇਲਾਜ ਕਰਵਾਇਆ ਜਾਵੇ।ਅਖੀਰ ਵਿਚ ਇਹੀ ਕਹਾਂਗਾ ਕਿ ਸਰਕਾਰ ਇਸ ਕਹਾਵਤ ਨੂੰ ਸਿੱਧ ਕਰੇ ਚੋਰ ਨੂੰ ਨਾ ਮਾਰੋ,ਚੋਰ ਦੀ ਮਾਂ ਨੂੰ ਮਾਰੋ।   
ਮਨਜੀਤ ਪਿਉਰੀ ਗਿੱਦੜਬਾਹਾ 
ਮੋਬਾਇਲ 94174 47986
ਮਨਜੀਤ ਸਟੂਡੀਓ,ਨੇੜੇ ਭਾਰੂ ਗੇਟ ਗਿੱਦੜਬਾਹਾ


Related News