‘ਪ੍ਰਿੰ: ਸੇਵਾ ਸਿੰਘ ਚਾਵਲਾ’ ਸੁੱਚੇ ਸਿੱਦਕ ਵਾਲਾ ਕਰਮਯੋਗੀ

07/24/2020 11:38:14 AM

ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਹੁਰਾਂ ਦਾ ਨਾਮ ਜ਼ਿਹਨ ਵਿੱਚ ਉਤਰਦਿਆਂ ਹੀ ਪੰਜਾਬੀ ਦੇ ਨੌਜਵਾਨ ਸ਼ਾਇਰ ਮਨਜੀਤ ਪੁਰੀ ਹੁਰਾਂ ਦਾ ਇਕ ਸ਼ੇਅਰ ਜ਼ੁਬਾਨ ’ਤੇ ਆ ਜਾਂਦਾ ਹੈ :-

''ਜੇ ਸਿਦਕ ਸੁੱਚਾ ਹੋਵੇ, ਹੱਥਾਂ 'ਚ ਹੁਨਰ ਹੋਵੇ,
ਬੰਦਾ ਦਿਖਾ ਵੀ ਸਕਦਾ, ਸੂਲਾਂ ਗੁਲਾਬ ਕਰਕੇ?''

ਪ੍ਰਿੰਸੀਪਲ ਚਾਵਲਾ ਹੁਰਾਂ ਦੀ ਸਮੁੱਚੀ ਸ਼ਖਸ਼ੀਅਤ ਇਸ ਸ਼ੇਅਰ ਦੇ ਆਰ-ਪਾਰ ਫੈਲੀ ਹੋਈ ਹੈ। ਪਿਛਲੇ ਲਗਭਗ ਪੰਜ ਦਹਾਕਿਆਂ ਤੋਂ ਉਹ ਸੁੱਚਾ ਸਿਦਕ ਪਾਲ ਰਹੇ ਹਨ। ਜ਼ਿੰਦਗੀ ਨੂੰ ਜ਼ਿੰਦਾਬਾਦ ਦੇ ਅਰਥਾਂ ਵਿੱਚ ਢਾਲ ਰਹੇ ਹਨ। ਡਿੱਗਦਿਆਂ ਨੂੰ ਬੋਚ ਰਹੇ ਹਨ। ਤੁਰਦਿਆਂ ਦਾ ਹੌਂਸਲਾ ਬਣ ਰਹੇ ਹਨ। ਧੂੜ ਭਰੇ ਰਾਹਾਂ ਨੂੰ ਸਾਫ ਕਰਨ ਦੇ ਆਹਰ 'ਚ ਹਨ। ਸੂਲਾਂ ਚੁਗ ਰਹੇ ਤੇ ਉਨ੍ਹਾਂ ਦੀ ਥਾਂ ਫੁੱਲ ਵਿਛਾਉਣ ਲਈ ਯਤਨਸ਼ੀਲ ਹਨ। ਖੇਤਰ ਚਾਹੇ ਕੋਈ ਵੀ ਹੋਵੇ, ਸਿੱਖਿਆ ਦਾ ਖੇਡਾਂ ਦਾ ਸਭਿਆਚਾਰ ਦਾ, ਸਮਾਜ ਦਾ, ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਸੁੱਚੇ ਸਿਦਕ ਨਾਲ ਵਿਚਰ ਰਹੇ ਹਨ। ਅਜਿਹੀਆਂ ਸਖਸ਼ੀਅਤਾਂ ਜੁਗਾਂ ਯੁਗਾਂਤਰਾਂ ਤੱਕ ਮਨੁੱਖਤਾ ਦੇ ਚੇਤਿਆਂ 'ਚ ਸਦਾ ਵਸਦੀਆਂ ਰਹਿੰਦੀਆਂ ਹਨ।

ਸ਼ਾਂਤ, ਸਹਿਜ ਤੇ ਭਰ ਵਗਦੇ ਇਸ ਸੁੱਚ ਸਿਦਕਵਾਨ, ਕਰਮਯੋਗੀ ਦਾ ਜਨਮ ਅਣਵੰਡੇ ਪੰਜਾਬ ਦੇ ਜ਼ਿਲਾ ਸਿਆਲਕੋਟ ਦੇ ਇੱਕ ਪਿੰਡ ਸਿਰਾਂਵਾਲੀ ਵਿੱਚ 15 ਜੁਲਾਈ 1942 ਨੂੰ ਹੋਇਆ। ਭਾਰਤ ਸਮੇਤ ਖਾਸ ਕਰਕੇ ਪੰਜਾਬ ਲਈ ਇਹ ਕਸ਼ਮਕਸ਼ ਦਾ ਸਮਾਂ ਸੀ। ਸੁਰਤ ਸੰਭਲੀ ਤਾਂ ਜਿਸ ਬਚਪਨ ਨੇ ਅਠਖੇਲੀਆਂ ਕਰਨੀਆਂ ਸਨ ਉਹ ਬਚਪਨ ਹਿਜਰਤ ਦੇ ਦਰਦਨਾਕ ਮੰਜ਼ਰ ਦੇ ਰੂਬਰੂ ਸੀ, 1947 ਦੀ ਦੇਸ਼ ਵੰਡ ਸਮੇਂ ਪ੍ਰਿੰਸੀਪਲ ਚਾਵਲਾ ਹੁਰਾਂ ਦੀ ਉਮਰ ਮਹਿਜ਼ 5 ਵਰ੍ਹੇ ਸੀ। ਬਾਲਮਨ ਨੇ ਦੇਸ਼ ਦੀ ਵੰਡ ਦਾ ਦਰਦਨਾਕ ਹਾਦਸਾ ਤੱਕਿਆ। ਪਰਿਵਾਰ ਸਿਰਾਂਵਾਲੀ ਤੋਂ ਹਿਜਰਤ ਕਰਕੇ ਦਿੱਲੀ ਆ ਗਿਆ। ਜ਼ਿੰਦਗੀ ਵਿੱਚ ਉਜੜਨ ਤੋਂ ਬਾਅਦ ਫਿਰ ਵਸਣ ਦੀ ਜੱਦੋ-ਜਹਿਦ ਕਰਦਿਆਂ ਇਹ ਪਰਿਵਾਰ ਕੁਝ ਵਰਿਆਂ ਬਾਅਦ ਕੋਟਕਪੂਰਾ ਵਿਖੇ ਆ ਵੱਸਿਆ।

ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਹੁਰਾਂ ਨੇ ਆਪਣੀ ਮੈਟ੍ਰਿਕ ਤੱਕ ਦੀ ਪੜ੍ਹਾਈ ਕੋਟਕਪੂਰਾ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉੱਚ ਵਿੱਦਿਆ ਲਈ ਫਰੀਦਕੋਟ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਦਾਖਲ ਹੋਏ। ਇਥੋਂ ਹੀ ਉਨ੍ਹਾਂ ਦੀ ਸ਼ਖਸ਼ੀਅਤ ਉਸਾਰੀ ਸ਼ੁਰੂ ਹੋਈ। ਭਾਸ਼ਣ ਕਲਾ ਤੇ ਹੋਰ ਵੱਖ-ਵੱਖ ਗਤੀਵਿਧੀਆਂ ਵਿੱਚ ਹਾਸਲਯੋਗ ਪ੍ਰਾਪਤੀਆਂ ਕੀਤੀਆਂ।

ਪ੍ਰਿੰਸੀਪਲ ਚਾਵਲਾ ਸਿੱਖਿਆ ਦੇ ਖੇਤਰ ਵਿਚ ਪਿਛਲੇ ਲਗਭਗ ਸਾਢੇ ਪੰਜ ਦਹਾਕਿਆਂ ਤੋਂ ਸੁੱਚੇ ਸਿਦਰ ਨਾਲ ਕਾਰਜਸ਼ੀਲ ਹਨ। ਆਪਣੀ ਵਿੱਦਿਆ ਮੁਕੰਮਲ ਕਰਨ ਤੋਂ ਬਾਅਦ ਉਨ੍ਹਾਂ ਨੇ ਇੱਕ ਅਧਿਆਪਕ ਵਜੋਂ ਸਿੱਖਿਆ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ। ਏਡਿਡ ਸਕੂਲ ਸਿੱਖਿਆ ਵਿੱਚ ਪ੍ਰਿੰਸੀਪਲ ਚਾਵਲਾ ਹੁਰਾਂ ਦਾ ਨਾਮ ਪਿਛਲੇ ਚਾਰ ਦਹਾਕਿਆਂ ਤੋਂ ਗੂੰਜ ਰਿਹਾ ਹੈ। ਉਨ੍ਹਾਂ ਨੇ ਮੁੱਢਲੇ ਸਮੇਂ ਵਿੱਚ ਗਾਂਧੀ ਮੈਮੋਰੀਅਲ ਹਾਈ ਸਕੂਲ ਕੋਟਕਪੂਰਾ ਵਿੱਚ ਕੁਝ ਸਮਾਂ ਅਧਿਆਪਕ ਵਜੋਂ ਸੇਵਾ ਨਿਭਾਈ ਤੇ ਫਿਰ 1977 ਈ: ਵਿੱਚ ਮਹਾਤਮਾ ਗਾਂਧੀ ਮੈਮੋਰੀਅਲ ਸਕੂਲ ਫਰੀਦਕੋਟ ਵਿਖੇ ਬਤੌਰ ਮੁੱਖ ਅਧਿਆਪਕ ਸੇਵਾ ਸੰਭਾਲੀ। ਜਿਸ ਸਮੇਂ ਇਨ੍ਹਾਂ ਨੇ ਇੱਥੇ ਹਾਜ਼ਰੀ ਦਿੱਤੀ, ਉਦੋਂ ਇਹ ਹਾਈ ਸਕੂਲ ਸੀ, ਜੋ ਬਾਅਦ ਵਿੱਚ ਸੀਨੀਅਰ ਸੈਕੰਡਰੀ ਬਣ ਗਿਆ। ਉਸ ਸਮੇਂ ਗਾਂਧੀ ਮੈਮੋਰੀਅਲ ਸਕੂਲ ਦਾ ਦਾਇਰਾ 250 ਵਿਦਿਆਰਥੀਆਂ ਤੱਕ ਮਹਿਦੂਦ ਸੀ।

ਪ੍ਰਿੰਸੀਪਲ ਚਾਵਲਾ ਮਹਾਤਮਾ ਗਾਂਧੀ ਮੈਮੋਰੀਅਲ ਸਕੂਲ ਨਾਲ ਅਜਿਹੇ ਜੂੜੇ ਕਿ ਪ੍ਰਿੰਸੀਪਲ ਚਾਵਲਾ ਅਤੇ ਗਾਂਧੀ ਮੈਮੋਰੀਅਲ ਸਕੂਲ ਇੱਕ ਦੂਜੇ ਦੇ ਪੂਰਕ ਹੋ ਗਏ। ਦੋਹਾਂ ਨੇ ਇੱਕ ਦੂਜੇ ਨੂੰ ਸੰਪੂਰਨਤਾ ਦਿੱਤੀ। ਗਾਂਧੀ ਮੈਮੋਰੀਅਲ ਹਾਈ ਤੋਂ ਸੀਨੀਅਰ ਸੈਕੰਡਰੀ ਹੋਇਆ ਤਾਂ ਪ੍ਰਿੰਸੀਪਲ ਚਾਵਲਾ ਮੁੱਖ ਅਧਿਆਪਕ ਤੋਂ ਪ੍ਰਿੰਸੀਪਲ ਬਣ ਗਏ।ਅੱਜ ਇਹ ਸਕੂਲ ਸਿੱਖਿਆ ਦੇ ਗੁਣਾਤਮਕ ਪੱਖ ਤੋਂ ਹਰ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਪ੍ਰਿੰਸੀਪਲ ਚਾਵਲਾ ਹੁਰਾਂ ਦੀ ਰਹਿਨੁਮਾਈ ਵਿੱਚ ਸਕੂਲ ਨੇ ਪੜ੍ਹਾਈ, ਖੇਡਾਂ ਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ। ਪੜ੍ਹਾਈ ਦੇ ਖੇਤਰ ਵਿੱਚ ਇਸ ਸਕੂਲ ਦੇ ਵਿਦਿਆਰਥੀਆਂ ਦੀ ਲੰਬੀ ਮੈਰਿਟ ਸੂਚੀ ਹੈ। ਖੇਡਾਂ ਦੇ ਖੇਤਰ ਵਿੱਚ ਇਸ ਸਕੂਲ ਨੇ ਨਾਮੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ। ਇਹ ਸਭ ਕੁਝ ਪ੍ਰਿੰਸੀਪਲ ਚਾਵਲਾ ਹੁਰਾਂ ਦੇ ਸੁੱਚੇ ਸਿਦਕ ਦਾ ਅਮਲ ਹੈ ਕਿ ਜਿੱਧਰ ਨੂੰ ਵੀ ਤੁਰੇ ਨਵੇਂ ਰਸਤੇ ਬਣਾਉਂਦੇ ਗਏ। ਪ੍ਰਿੰਸੀਪਲ ਚਾਵਲਾ ਲੰਮਾਂ ਸਮਾਂ ਅਧਿਆਪਕਾਂ, ਖਾਸ ਕਰਕੇ ਏਡਿਡ ਸਕੂਲਾਂ ਦੇ ਹੱਕਾਂ ਦੀ ਰਾਖੀ ਲਈ ਕੀਤੇ ਗਏ ਸੰਘਰਸ਼ਾਂ ਵਿੱਚ ਮੋਹਰੀ ਰਹੀ, ਜਿਸ ਕਾਰਨ ਉਨ੍ਹਾਂ ਨੂੰ ਜੇਲ ਵੀ ਕੱਟਣੀ ਪਈ।

ਸਿੱਖਿਆ ਦੇ ਨਾਲ-ਨਾਲ ਪ੍ਰਿੰਸੀਪਲ ਚਾਵਲਾ ਹੁਰਾਂ ਦਾ ਸਮਾਜਿਕ ਖੇਤਰ ਵਿੱਚ ਯੋਗਦਾਨ ਵੀ ਲਾਸਾਨੀ ਹੈ।ਜ਼ਿਲਾ ਲੀਗਲ ਸਰਵਸਿਜ਼ ਆਥਰਟੀ, ਲੋਕ ਅਦਾਲਤ ਪੁਲਸ ਸੁਵਿਧਾ ਤੇ ਸਾਂਝ ਕੇਂਦਰ, ਜ਼ਿਲਾ ਟ੍ਰੈਫਿਕ ਅਵੇਰਨੈਸ ਕਮੇਟੀ, ਜ਼ਿਲਾ ਸਿੱਖਿਆ ਵਿਕਾਸ ਕਮੇਟੀ, ਡਰੱਗਜ਼ ਕੰਟਰੋਲ ਕਮੇਟੀ ਅਤੇ ਨਵੋਦਿਆ ਵਿਦਿਆਲਿਆ ਮੈਨਜਮੈਂਟ ਕਮੇਟੀ ਵਿੱਚ ਸੇਵਾਵਾਂ ਨਿਭਾਉਣ ਦਾ ਅਵਸਰ ਪ੍ਰਾਪਤ ਹੋਇਆ। 

ਭਾਰਤ ਵਿਕਾਸ ਪ੍ਰੀਸ਼ਦ ਦੇ ਰਾਸ਼ਟਰੀ ਸਕੱਤਰ ਕਈ ਵਰ੍ਹਿਆਂ ਤੱਕ ਰਹੇ ਅਤੇ ਸਟੇਟ ਇਕਾਈ ਦੇ ਐਡਵਾਈਜ਼ਰ ਵਜੋਂ ਲੰਬੇ ਸਮੇ ਤੋਂ ਪ੍ਰੇਰਨਾ ਸ੍ਰੋਤ ਬਣੇ ਹੋਏ ਹਨ। ਕਾਫੀ ਸਮੇ ਤੋਂ ਸ੍ਰੀ ਗੁਰੂ ਤੇਗ ਬਹਾਦਰ ਫਾਊਂਡੇਸ਼ਨ (ਇੰਟਰਨੈਸ਼ਨਲ) ਦੇ ਪ੍ਰਧਾਨ ਹਨ। ਰਾਸ਼ਟਰੀ ਸਿੱਖ ਸੰਗਤ ਪੰਜਾਬ ਦੇ ਪ੍ਰਧਾਨ ਅਤੇ ਕਈ ਵਰੇ ਰਾਸ਼ਟਰੀ ਸਕੱਤਰ ਵੀ ਰਹੇ। ਸਟੇਟ ਪ੍ਰਧਾਨ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਮੈਨੇਜਮੈਂਟ ਐਸੋਸੀਏਸਨ ਪੰਜਾਬ, ਪ੍ਰਧਾਨ ਸੀਨੀਅਰ ਸਿਟੀਜਨਜ ਵੈਲਫੇਅਰ ਐਸੋਸੀਏਸਨ ਰਜਿ: ਫਰੀਦਕੋਟ,ਸਟੇਟ ਪ੍ਰਧਾਨ ਸ੍ਰੀ ਗੁਰੂ ਤੇਗ ਬਹਾਦਰ ਫਾਊਂਡੇਸਨ ਪੰਜਾਬ, ਸਟੇਟ ਐਡਵਾਈਜ਼ਰ ਭਾਰਤ ਵਿਕਾਸ ਪ੍ਰੀਸਦ ਪੰਜਾਬ,ਪ੍ਰਧਾਨ ਸ੍ਰੀ ਗੁਰੂ ਗੋਬਿੰਦ ਸਿੰਘ ਟਰੱਸਟ (ਰਜਿ.) ਕੋਟਕਪੂਰਾ, ਪ੍ਰਧਾਨ ਗੁਰੂ ਨਾਨਕ ਵਿਚਾਰ ਮੰਚ ਪੰਜਾਬ ,ਪੈਟਰਨ ਨੈਸਨਲ ਯੂਥ ਵੈਲਫੇਅਰ ਕਲੱਬ ਰਜਿ. ਫਰੀਦਕੋਟ, ਪ੍ਰਧਾਨ ਕੇਸ਼ਵ ਵਿਕਾਸ ਪਬਲਿਕ ਹਾਈ ਸਕੂਲ ਕੋਟਕਪੂਰਾ, ਜਰਨਲ ਸਕੱਤਰ ਐੱਸ.ਡੀ.ਪੁੱਤਰੀ ਪਾਠਸ਼ਾਲਾ ਹਾਈ ਸਕੂਲ ਕੋਟਕਪੂਰਾ, ਜ਼ਿਲਾ ਪ੍ਰਧਾਨ ਸਾਫਟਬਾਲ ਐਸੋਸੀਏਸਨ, ਚੇਅਰਮੈਨ ਅਰੋੜਾ ਮਹਾਂਸਭਾ ਜਿਲਾ ਫਰੀਦਕੋਟ ਹਨ।

ਜ਼ਿੰਦਗੀ ਦੇ ਲਗਭਗ 78 ਵਰ੍ਹਿਆਂ ਦਾ ਸਫਰ ਤੈਅ ਕਰ ਚੁੱਕੇ ਪ੍ਰਿੰਸੀਪਲ ਚਾਵਲਾ ਅੱਜ ਵੀ ਨੌਜਵਾਨੀ ਵਾਲੇ ਜੋਸ਼ ਨਾਲ ਕਾਰਜਸ਼ੀਲ ਹਨ। ਸੱਚੇ ਮਾਰਗ ਚਲਦਿਆਂ ਬਹੁਤ ਵਾਰ ਜ਼ਿੰਦਗੀ ਦੀਆਂ ਤਲਖੀਆਂ ਦੇ ਰੁਬਰੂ ਵੀ ਹੋਏ ਤੇ ਸੱਚ ਬੋਲਣ ਦੀ ਕੀਮਤ ਤਾਰਨ ਤੋਂ ਪਿੱਛੇ ਨਹੀਂ ਹਟੇ। 1975 ਈ: ਦੀ ਐਮਰਜੰਸੀ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਵਿੱਚ ਪ੍ਰਿੰਸੀਪਲ ਚਾਵਲਾ ਝੰਡਾ ਬਰਦਾਰ ਸਨ। ਸਿੱਟੇ ਵਜੋਂ ਉਹ ਸੈਂਟਰਲ ਜੇਲ ਫਿਰੋਜ਼ਪੁਰ ਵਿੱਚ ਲਗਭਗ ਇੱਕ ਸਾਲ ਨਜ਼ਰਬੰਦ ਰਹੇ ਪਰ ਇਨ੍ਹਾਂ ਤਲਖ ਹਕੀਕਤਾਂ ਨੇ ਉਨ੍ਹਾਂ ਨੂੰ ਪਿੱਛੇ ਨਹੀਂ ਹਟਣ ਦਿੱਤਾ ਸਗੋਂ ਹੋਰ ਬਲ ਬਖਸ਼ਿਆਂ ਤੇ ਉਹ ਮੁਸੱਲਸਸ ਮਨੁੱਖਤਾ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜੱਦੋ-ਜਹਿਦ ਕਰਦੇ ਰਹੇ।

ਪ੍ਰਿੰਸੀਪਲ ਚਾਵਲਾ ਵਰਗੇ ਲੋਕ ਵਰਿਆਂ ਪਿੱਛੋ ਜਨਮਦੇ ਹਨ ਅਤੇ ਸਦੀਆਂ ਤੱਕ ਉਹ ਲੋਕ-ਚੇਤਿਆਂ ਵਿੱਚ ਵਸਦੇ ਰਹਿੰਦੇ ਹਨ। ਅਜਿਹੇ ਲੋਕ ਰੌਸ਼ਨੀ ਦੇ ਟੋਟਿਆਂ ਵਰਗੇ ਹੁੰਦੇ ਹਨ, ਜਿੱਧਰ ਵੀ ਜਾਂਦੇ ਹਨ ਚਾਨਣ ਦਾ ਛਿੱਟਾ ਦਿੰਦੇ ਜਾਂਦੇ ਹਨ। ਅਜਿਹੇ ਲੋਕ ਜ਼ਿੰਦਗੀ ਦੀ ਧੜਕਣ ਵਰਗੇ ਹੁੰਦੇ ਹਨ। ਜਿੱਧਰ ਵੀ ਜਾਂਦੇ ਹਨ ਜ਼ਿੰਦਗੀ ਧੜਕਣ ਲੱਗਦੀ ਹੈ। ਅਜਿਹੇ ਲੋਕ ਲਟ-ਲਟ ਬਲਦੀ ਜੋਤ ਵਰਗੇ ਹੁੰਦੇ ਹਨ, ਜਿੱਧਰ ਵੀ ਜਾਂਦੇ ਹਨ ਪੱਥਰ ਪਿਘਲ ਜਾਂਦੇ ਹਨ। ਅਜਿਹੇ ਲੋਕ ਜ਼ਿੰਦਾਬਾਦ ਦੇ ਨਾਅਰੇ ਵਰਗੇ ਹੁੰਦੇ ਹਨ, ਜਿੱਧਰ ਵੀ ਜਾਂਦੇ ਹਨ ਮੁਰਦੇਹਾਣੀ ਜੜੋਂ ਪੁੱਟ ਦਿੰਦੇ ਹਨ। ਸ਼ਾਲਾ ! ਪ੍ਰਿੰਸੀਪਲ ਚਾਵਲਾ ਵਰਗੇ ਲੋਕ ਸਦਾ ਸਿਦਕ, ਸਿਰੜ ਤੇ ਹਿੰਮਤ ਨਾਲ ਭਰੇ ਰਹਿਣ ਤੇ ਸਾਡੀਆਂ ਨਸਲਾਂ ਲਈ ਅਦਰਸ਼ ਬਣੇ ਰਹਿਣ। 

PunjabKesari

ਕੁਮਾਰ ਜਗਦੇਵ ਸਿੰਘ ਬਰਾੜ
160 (ਬਰਾੜ ਹਾਊਸ), ਪਾਰਕ ਐਵੇਨਿਊ ਫਰੀਦਕੋਟ
ਸੰਪਰਕ : 92096-00001


rajwinder kaur

Content Editor

Related News