ਜਾਣੋ ਕੀ ਹੁੰਦੀ ਹੈ X,Y, Z+ ਸੁਰੱਖਿਆ, ਪ੍ਰਧਾਨ ਮੰਤਰੀ ਨੂੰ ਮਿਲਦੀ ਹੈ ਕਿਹੜੀ ਸੁਰੱਖਿਆ

Saturday, Nov 21, 2020 - 05:53 PM (IST)

ਜਾਣੋ ਕੀ ਹੁੰਦੀ ਹੈ X,Y, Z+ ਸੁਰੱਖਿਆ, ਪ੍ਰਧਾਨ ਮੰਤਰੀ ਨੂੰ ਮਿਲਦੀ ਹੈ ਕਿਹੜੀ ਸੁਰੱਖਿਆ

ਜਲੰਧਰ (ਵੈਬ ਡੈਸਕ): ਭਾਰਤ ਵਿੱਚ ਵੱਡੇ ਨੇਤਾਵਾਂ ਜਾਂ ਵੱਡੀਆਂ ਸ਼ਖ਼ਸੀਅਤਾਂ ਸਮੇਤ ਕਈ ਮਾਮਲਿਆਂ 'ਚ ਆਮ ਲੋਕਾਂ ਨੂੰ ਵੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ।ਇਸ ਸੁਰੱਖਿਆ ਸ਼੍ਰੇਣੀ ਦੀਆਂ ਕਈ ਕੈਟਾਗਰੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਐਕਸ,ਵਾਈ,ਵਾਈ+,ਜ਼ੈੱਡ,ਜ਼ੈੱਡ+ ਅਤੇ SPG ਸੁਰੱਖਿਆ ਕਿਹਾ ਜਾਂਦਾ ਹੈ। ਇਹ ਸੁਰੱਖਿਆ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰ ਸਰਕਾਰ ਦੇ ਮੰਤਰੀ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ ਸਾਹਿਬਾਨ, ਭਾਰਤੀ ਫ਼ੌਜ ਦੇ ਉੱਚ ਅਹੁਦੇਦਾਰ, ਸੂਬੇ ਦਾ ਰਾਜਪਾਲ, ਮੁੱਖ ਮੰਤਰੀ, ਮਸ਼ਹੂਰ ਨੇਤਾ ਅਤੇ ਵੱਡੇ ਅਧਿਕਾਰੀਆਂ ਨੁੰ ਮਿਲਦੀ ਹੈ।

ਭਾਰਤ ਸਰਕਾਰ ਵੱਲੋਂ ਮੁਹੱਈਆ ਕੀਤੀਆਂ ਜਾਣ ਵਾਲੀਆਂ ਸੁਰੱਖਿਆਵਾਂ ਵਿੱਚ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ), ਨੈਸ਼ਨਲ ਸਿਕਿਓਰਿਟੀ ਗਾਰਡਸ (ਐੱਨਐੱਸਜੀ), ਇੰਡੀਅਨ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਅਤੇ ਸੈਂਟ੍ਰਲ ਰਿਜਰਵ ਪੁਲਿਸ ਫੋਰਸ (ਸੀਆਰਪੀਐੱਫ) ਏਜੰਸੀਆਂ ਸ਼ਾਮਲ ਹਨ।

ਮਾਰਚ 2018 ਵਿੱਚ ਲੋਕ ਸਭਾ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤੇ ਇਕ ਬਿਆਨ ਅਨੁਸਾਰ, ਕੇਂਦਰੀ ਸੂਚੀ ਵਿੱਚ ਲਗਭਗ 300 ਲੋਕਾਂ ਨੂੰ ਵੱਖ ਵੱਖ ਸ਼੍ਰੇਣੀਆਂ ਅਧੀਨ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।ਆਓ ਸੁਰੱਖਿਆ ਦੀਆਂ ਇਨ੍ਹਾਂ ਕੈਟਾਗਰੀਆਂ ਬਾਰੇ ਵਿਸਥਾਰ 'ਚ ਜਾਣਦੇ ਹਾਂ- 

ਐਕਸ ਸ਼੍ਰੇਣੀ ਦੀ ਸੁਰੱਖਿਆ 'ਚ ਦੋ ਸੁਰੱਖਿਆ ਕਾਮੇ ਵਿਅਕਤੀ ਦੀ ਸੁਰੱਖਿਆ 'ਚ ਰਹਿੰਦੇ ਹਨ, ਜਿਸਦਾ ਅਰਥ ਹੈ ਕਿ 6 ਸੁਰੱਖਿਆ ਕਾਮੇ 8 ਘੰਟੇ ਦੀ ਸ਼ਿਫਟ ਕਰਦੇ ਹਨ।ਇਨ੍ਹਾਂ ਸੁਰੱਖਿਆ ਕਾਮਿਆਂ 'ਚ ਕੋਈ ਕਮਾਂਡੋ ਨਹੀਂ ਬਲਕਿ ਸਿਰਫ਼ ਹਥਿਆਰਬੰਦ ਪੁਲਿਸ ਕਰਮਚਾਰੀ ਹੁੰਦੇ ਹਨ।
 
ਵਾਈ ਸ਼੍ਰੇਣੀ ਦੀ ਸੁਰੱਖਿਆ 'ਚ ਦੋ ਪੀ.ਐਸ.ਓ.(ਪਰਸਨਲ ਸਿਕਿਓਰਿਟੀ ਆਫੀਸਰਸ)  ਅਤੇ ਇਕ ਹਥਿਆਰਬੰਦ ਸੁਰੱਖਿਆ ਕਾਮਾ(ਕਮਾਂਡੋ) ਤੇ ਵਿਸ਼ੇਸ਼ ਅਰਧ ਸੈਨਿਕ ਬਲਾਂ ਦੇ ਜਵਾਨ ਸ਼ਾਮਿਲ ਹੁੰਦੇ ਹਨ। ਇਸ ਕੈਟਾਗਰੀ 'ਚ ਕੁੱਲ 11 ਕਰਮਚਾਰੀ (ਸਥਿਰ ਡਿਊਟੀ ਲਈ 5 ਅਤੇ ਨਿੱਜੀ ਸੁਰੱਖਿਆ ਲਈ 6) ਸਿਫ਼ਟ ਦੇ ਹਿਸਾਬ ਨਾਲ ਡਿਊਟੀ ਕਰਦੇ ਹਨ।

ਵਾਈ-ਪਲੱਸ ਸ਼੍ਰੇਣੀ ਵਿੱਚ ਇੱਕ ਐਸਕਾਰਟ ਵਾਹਨ ਅਤੇ ਨਿੱਜੀ ਸੁਰੱਖਿਆ ਕਰਮੀ ਤੋਂ ਇਲਾਵਾ ਆਵਾਸ 'ਤੇ ਇੱਕ ਗਾਰਡ ਕਮਾਂਡਰ ਅਤੇ ਚਾਰ ਗਾਰਡ ਤਾਇਨਾਤ ਰਹਿੰਦੇ ਹਨ।ਇਨ੍ਹਾਂ ਕਾਮਿਆਂ ਵਿੱਚ ਇੱਕ ਸਬ-ਇੰਸਪੈਕਟਰ ਰੈਂਕ ਦਾ ਅਧਿਕਾਰੀ ਹੁੰਦਾ ਹੈ ਜਦਕਿ ਤਿੰਨ ਹੋਰਨਾਂ ਸੁਰੱਖਿਆ ਮੁਲਾਜ਼ਮਾਂ ਕੋਲ ਸਵੈਚਾਲਿਤ ਹਥਿਆਰ ਹੁੰਦੇ ਹਨ।

ਜ਼ੈੱਡ ਸ਼੍ਰੇਣੀ ਦੀ ਸੁਰੱਖਿਆ 'ਚ ਕੁੱਲ 22 ਜਵਾਨ ਸ਼ਾਮਿਲ ਹੁੰਦੇ ਹਨ, ਜਿਸ ਵਿੱਚ 4 ਜਾਂ 5 ਐਨਐਸਜੀ ਕਮਾਂਡੋ ਅਤੇ ਹਥਿਆਰਬੰਦ ਪੁਲਿਸ ਕਾਮੇ ਸ਼ਾਮਲ ਹੁੰਦੇ ਹਨ, ਜੋ ਕਰੀਬੀ ਲੜਾਈ ਦੀਆਂ ਕਈ ਵਿਧੀਆਂ 'ਚ ਪੂਰੀ ਤਰ੍ਹਾਂ ਨਿਪੁੰਨ ਹੁੰਦੇ ਹਨ। ਇਹ ਕਮਾਂਡੋ ਬਿਨਾਂ ਹਥਿਆਰ ਦੇ ਵੀ ਦੁਸ਼ਮਣ ਦਾ ਮੁਕਾਬਲਾ ਕਰਨ 'ਚ ਮਾਹਿਰ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸ਼੍ਰੇਣੀ ਦੀ ਸੁਰੱਖਿਆ ਵਿੱਚ ਅਸਕਾਰਟ ਅਤੇ ਪਾਇਲਟ ਵਾਹਨ ਵੀ ਸ਼ਾਮਲ ਹੁੰਦੇ ਹਨ। ਐੱਨਐੱਸਜੀ ਕਮਾਂਡੋ ਟੁਕੜੀ ਤੋਂ ਇਲਾਵਾ ਸੁਰੱਖਿਆ 'ਚ ਸੀ.ਆਰ.ਪੀ.ਐੱਫ. (ਕੇਂਦਰੀ ਰਿਜ਼ਰਵ ਪੁਲਿਸ ਬਲ) ਅਤੇ ਆਈ.ਟੀ.ਬੀ.ਪੀ. (ਇੰਡੋ-ਤਿੱਬਤਨ ਬਾਰਡਰ ਪੁਲਿਸ ) ਦੇ ਜਵਾਨਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ।

ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦੇਸ਼ ਦੀ ਸਖ਼ਤ ਸੁਰੱਖਿਆ ਵਿਵਸਥਾ ਹੈ।ਇਹ ਵੀਆਈਪੀਪੀ ਨੂੰ ਮਿਲਣ ਵਾਲੀ ਸੁਰੱਖਿਆ ਹੈ। ਜ਼ੈੱਡ ਪਲੱਸ ਤਿੰਨ ਪੱਧਰ ਦੀ ਸੁਰੱਖਿਆ ਹੁੰਦੀ ਹੈ।ਇਸ ਸ਼੍ਰੇਣੀ ਦੀ ਸੁਰੱਖਿਆ ਵਿੱਚ 36 ਸੁਰੱਖਿਆ ਕਰਮੀ ਤਾਇਨਾਤ ਹੁੰਦੇ ਹਨ। ਇਨ੍ਹਾਂ 'ਚ 10 ਐੱਨਐੱਸਜੀ ਦੇ ਵਿਸ਼ੇਸ਼ ਕਮਾਂਡੋ ਹੁੰਦੇ ਹਨ ਜੋ ਪਹਿਲੇ ਘੇਰੇ ਤੋਂ ਇਲਾਵਾ ਪਹਿਲੇ ਪੱਧਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਦੇ ਹਨ।ਇਨ੍ਹਾਂ ਵਿੱਚ ਐੱਨਐੱਸਜੀ ਅਤੇ ਐੱਸਪੀਜੀ ਦੇ ਕਮਾਂਡੋ ਸ਼ਾਮਲ ਰਹਿੰਦੇ ਹਨ।ਇਸ ਸੁਰੱਖਿਆ ਵਿੱਚ ਪਹਿਲੇ ਘੇਰੇ ਦੀ ਜ਼ਿੰਮੇਵਾਰੀ ਐੱਨਐੱਸਜੀ ਦੀ ਹੁੰਦੀ ਹੈ ਜਦਕਿ ਦੂਜੇ ਘੇਰੇ ਦੀ ਜ਼ਿੰਮੇਵਾਰੀ ਐੱਸਪੀਜੀ ਕਮਾਂਡੋ ਦੀ ਹੁੰਦੀ ਹੈ। ਤੀਜੇ ਘੇਰੇ ਦੀ ਜ਼ਿੰਮੇਵਾਰੀ ਵਿੱਚ ਅਰਧ ਸੈਨਿਕ ਬਲਾਂ ਵਰਗੀਆਂ ਆਈਟੀਬੀਪੀ, ਸੀਆਰਪੀਐੱਫ, ਸੀਆਈਐੱਸਐੱਫ ਆਦਿ ਦੇ ਜਵਾਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।ਜ਼ੈੱਡ ਪਲੱਸ ਸੁਰੱਖਿਆ ਆਮ ਤੌਰ 'ਤੇ ਉਨ੍ਹਾਂ ਕੇਂਦਰੀ ਮੰਤਰੀਆਂ ਜਾਂ ਮਹਿਮਾਨਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਅੱਤਵਾਦੀਆਂ ਤੋਂ ਖ਼ਤਰਾ ਹੋਵੇ।

ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਦੀ ਸੁਰੱਖਿਆ ਪ੍ਰਧਾਨ ਮੰਤਰੀ ਨੂੰ ਮਿਲਦੀ ਹੈ, ਜਿਸਦਾ ਅਨੁਮਾਨਿਤ ਸਾਲਾਨਾ ਬਜਟ 300 ਕਰੋੜ ਤੋਂ ਵੱਧ ਹੈ। ਇਸ ਨੂੰ ਦੇਸ਼ ਦੀ ਸਭ ਤੋਂ ਮਹਿੰਗੀ ਅਤੇ ਪੁਖ਼ਤਾ ਸੁਰੱਖਿਆ ਵਿਵਸਥਾ ਮੰਨਿਆ ਜਾਂਦਾ ਹੈ।

ਵੀਆਈਪੀ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਦਾ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦਾ ਹੈ। ਗ੍ਰਹਿ ਮੰਤਰਾਲਾ ਸਮੇਂ-ਸਮੇਂ 'ਤੇ ਵੀਆਈਪੀ ਸੁਰੱਖਿਆ ਦੀ ਸਮੀਖਿਆ ਕਰਦਾ ਰਹਿੰਦਾ ਹੈ।

 


 


author

Harnek Seechewal

Content Editor

Related News