ਕਵਿਤਾ ਖਿੜਕੀ: ਪੜ੍ਹੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਕੁਲਵੰਤ ਸੈਦੋਕੇ ਦੀਆਂ ਕਵਿਤਾਵਾਂ

Friday, Dec 24, 2021 - 03:21 PM (IST)

ਕਵਿਤਾ ਖਿੜਕੀ: ਪੜ੍ਹੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਕੁਲਵੰਤ ਸੈਦੋਕੇ ਦੀਆਂ ਕਵਿਤਾਵਾਂ

ਵਿੱਚ ਚਮਕੌਰ ਦੀ ਗੜ੍ਹੀ
ਵਿੱਚ ਚਮਕੌਰ ਦੀ ਗੜ੍ਹੀ, ਇੱਕ ਜੰਗ ਸੀ ਨਿਰਾਲੀ ਹੋਈ।
ਲਾਸ਼ਾਂ ਦੇਖ ਬੱਚਿਆਂ ਦੀਆਂ, ਦਯਾ ਸਿੰਘ ਜਾਵੇ ਬੁਕ ਬੁਕ ਰੋਈ।

ਹੱਥ ਜੋੜ ਕਰੇ ਅਰਜ਼ਾਂ, ਦਾਤਾ ਖੜ੍ਹ ਕੇ ਤੂੰ ਪੁੱਤਾਂ ਨੂੰ ਨਿਹਾਰ ਲੈ।
ਲੱਥ ਪੱਥ ਹੋਏ ਖ਼ੂਨ ਨਾ, ਟੋਟੇ ਜਿਗਰ ਦੇ ਵੇਖ ਝਾਤੀ ਮਾਰ ਲੈ।
ਫੱਟ ਖਾਧੇ ਸੀਨੇ ਵਿੱਚ ਨੇ, ਪਈ ਲ਼ਹੂ ਨਾਲ ਧਰਤੀ ਹੈ ਧੋਈ।
ਲਾਸ਼ਾਂ ਦੇਖ ਬੱਚਿਆਂ ਦੀਆਂ, ਦਯਾ ਸਿੰਘ ਜਾਵੇ ਬੁਕ ਬੁਕ ਰੋਈ।

ਹੁਕਮ ਜੇ ਕਰੇ ਪਾਤਸ਼ਾਹ,ਪੱਗ ਪਾੜਕੇ ਮੈਂ ਦੇਹਾਂ ਉੱਤੇ ਪਾ ਦਿਆਂ।
ਪਿਆਰ ਨਾਲ ਪਾਲੇ਼ ਪੁੱਤਾਂ ਦੀ, ਅੱਜ ਅੰਤਮ ਰਸਮ ਨਿਭਾ ਦਿਆਂ।
ਹੱਥੀਂ ਤੋਰੇ ਪੁੱਤ ਜੰਗ ਨੂੰ, ਐਸਾ ਪਿਤਾ ਨਹੀਂ ਹੋਵੇਗਾ ਕੋਈ।
ਲਾਸ਼ਾਂ ਦੇਖ਼ ਬੱਚਿਆਂ ਦੀਆਂ, ਦਯਾ ਸਿੰਘ ਜਾਵੇ ਬੁਕ ਬੁਕ ਰੋਈ।

ਪੁੱਤ ਅਤੇ ਖ਼ਾਲਸਾ ਇੱਕੋ, ਦਯਾ ਸਿੰਘ ਇਹੇ ਮਨ ਵਿੱਚ ਧਾਰ ਲੈ।
ਵਾਰਗੇ ਜੋ ਜਾਨਾਂ ਮੇਰੇ ਲਈ, ਵੇਖ ਚਾਰ-ਚੁਫੇਰੇ ਨਿਗ੍ਹਾ ਮਾਰ ਲੈ।
ਉੱਠ! ਹਲੇ ਵਾਟਾਂ ਲੰਮੀਆਂ, ਹੋਣਾ ਉਂਜ ਜਿਵੇਂ ਕਰਦਾ ਏ ਸੋਈ।
ਲਾਸ਼ਾਂ ਦੇਖ ਬੱਚਿਆਂ ਦੀਆਂ, ਦਯਾ ਸਿੰਘ ਜਾਵੇ ਬੁਕ ਬੁਕ ਰੋਈ।

ਸਬਰ ਦਾ ਘੁੱਟ ਭਰ ਕੇ, ਭਾਣਾ ਮੰਨ ਲਿਆ ਓਸ ਕਰਤਾਰ ਦਾ।
ਲਿਖ 'ਤਾ ਸੁਨਹਿਰੀ ਵਰਕਾ, ਖ਼ਾਲਸੇ ਤੇ ਗੁਰੂ ਦੇ ਪਿਆਰ ਦਾ।
ਧੰਨ ਤੇਰੀ ਸਿੱਖੀ ਦਾਤਿਆ, ਹੱਥ ਜੋੜ 'ਸੈਦੋਕੇ' ਦੀ ਅਰਜ਼ੋਈ।
ਲਾਸ਼ਾਂ ਦੇਖ ਬੱਚਿਆਂ ਦੀਆਂ, ਦਯਾ ਸਿੰਘ ਜਾਵੇ ਬੁਕ ਬੁਕ ਰੋਈ।
 

ਨੀਹਾਂ ਸਿੱਖੀ ਦੀਆਂ
ਦੋ ਸੋਹਣੀਆਂ ਜਿੰਦਾਂ ਮਲੂਕ ਜਿਹੀਆਂ, ਨੀਹਾਂ ਵਿੱਚ ਸੀ ਆ ਕੇ ਖਲੋ ਗਈਆਂ। 
ਖ਼ੂਨੀ ਕੰਧ ਸਰਹੰਦ ਦੀ ਕੰਬ ਉੱਠੀ, ਧਾਹਾਂ ਮਾਰਕੇ ਇੱਟਾਂ ਵੀ ਰੋ ਪਈਆਂ।

ਬੁਲਾਈ ਫ਼ਤਹਿ ਸੀ ਗੱਜਕੇ
ਸੂਰਬੀਰਾਂ, ਅੱਖਾਂ ਲਾਲ ਵਜੀਦੇ ਦੀਆਂ ਹੋ ਗਈਆਂ।
ਗੋਰੇ ਰੰਗ ਤੇ ਮੁੱਖੜੇ ਗ਼ੁਲਾਬ ਜਿਵੇਂ, ਸਿਰੀਂ ਸਜੀਆਂ ਕਲਗੀਆਂ ਸੋਹ ਰਹੀਆਂ।

ਡਾਢਾ ਜ਼ੁਲਮ ਕਮਾਇਆ  ਜ਼ਾਲਮਾਂ ਨੇ, ਲੱਖ ਲ੍ਹਾਣਤਾਂ ਹਕੂਮਤ ਸਿਰ ਹੋ ਗਈਆਂ।
ਹਾਅ ਦਾ ਨਾਅਰਾ ਸ਼ੇਰ ਖਾਂ ਨਵਾਬ ਮਾਰਿਆ,
ਸੁੰਦਰ ਸੂਰਤਾਂ ਮਨ ਨੂੰ ਮੋਹ ਗਈਆਂ।

ਸੁੱਚਾ ਨੰਦ ਨੇ ਲਾਈਆਂ ਲੂਤੀਆਂ ਜੋ, ਆਖਰ ਜ਼ੁਲਮ ਦੀ ਚੱਕੀ ਝੋਅ ਗਈਆਂ।
ਰੋਇਆ ਛਮ-ਛਮ ਅੰਬਰ ਤੱਕ ਕੇ ਤੇ, ਰਿਸ਼ਮਾਂ ਚੰਨ ਦੀਆਂ ਧਰਤ ਸਮੋ ਗਈਆਂ।

ਹੋਈਆਂ ਵੱਖ ਰੂਹਾਂ ਜਦ ਜਿਸਮ ਨਾਲ਼ੋਂ, 
ਇੱਟਾਂ ਨਾਲ਼ ਲਹੂ ਦੇ ਸੀ ਧੋ ਗਈਆਂ।
ਹੱਥ ਜੋੜ 'ਸੈਦੋ ਕੇ' ਕਰੇ ਸਿਜਦਾ, ਨੀਹਾਂ ਸਿੱਖੀ ਦੀਆਂ ਪੱਕੀਆਂ ਹੋ ਗਈਆਂ।
ਨੀਹਾਂ ਸਿੱਖੀ ਦੀਆਂ ਪੱਕੀਆਂ ਹੋ ਗਈਆਂ।
  ~~~~~~~~~~~
..✍ਕੁਲਵੰਤ ਸਿੰਘ ਸੈਦੋਕੇ
 


author

Anuradha

Content Editor

Related News