ਭਿੰਡੀ ਦੇ ਪੀਲੀਆ ਰੋਗ ਦਾ ਟਾਕਰਾ ਕਰਨ ਲਈ ਪੀ.ਏ.ਯੂ. ਨੂੰ ਮਿਲਿਆ ਵਿਸ਼ੇਸ਼ ਪ੍ਰੋਜੈਕਟ
Wednesday, Oct 31, 2018 - 02:17 PM (IST)

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕੂਲ ਆਫ ਐਗਰੀਕਲਚਰਲ ਬਾਇਓਟੈਕਨੋਲੋਜੀ ਅਤੇ ਸਬਜ਼ੀ ਵਿਭਾਗ ਨੂੰ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਦੁਆਰਾ 67 ਲੱਖ ਦਾ ਖੋਜ ਪ੍ਰੋਜੈਕਟ ਹਾਸਲ ਹੋਇਆ ਹੈ। ਇਹ ਪ੍ਰੋਜੈਕਟ ਭਿੰਡੀ ਦੇ ਪੀਲੀਆ ਰੋਗ ਸੰਬੰਧੀ ਖੋਜ ਲਈ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਭਿੰਡੀ ਦੀ ਭਿਆਨਕ ਬੀਮਾਰੀ ਹੈ ਅਤੇ ਇਸ ਪ੍ਰੋਜੈਕਟ ਤਹਿਤ ਇਸ ਬੀਮਾਰੀ ਨਾਲ ਟਾਕਰਾ ਕਰਨ ਵਾਲੇ ਜੀਨ ਭਿੰਡੀ ਦੀਆਂ ਜੰਗਲੀ ਕਿਸਮਾਂ ਤੋਂ ਲਏ ਜਾਣਗੇ ਅਤੇ ਉੱਨਤ ਕਿਸਮ ਪੰਜਾਬ ਪਦਮਿਨੀ ਵਿਚ ਪਾਏ ਜਾਣਗੇ।
ਮੁੱਖ ਵਿਗਿਆਨੀ ਡਾ. ਨਵਰਾਜ ਕੋਰ (ਅਸਿਸਟੈਂਟ ਪਲਾਂਟ ਬਰੀਡਰ) ਅਤੇ ਡਾ. ਮਮਤਾ ਪਾਠਕ (ਵੈਜੀਟੇਬਲ ਬਰੀਡਰ) ਅਨੁਸਾਰ ਇਸ ਪ੍ਰੋਜੈਕਟ ਵਿਚ ਪਹਿਲੀ ਵਾਰ 07 ਤਕਨਾਲੋਜੀ ਰਾਹੀ ਭਿੰਡੀ ਦੇ ਜੀਨੋਮ ਤੋਂ ਮਾਰਕਰ ਬਣਾਏ ਜਾਣਗੇ। ਇਸ ਤਰਾਂ ਇਹਨਾਂ ਮਾਰਕਰਾਂ ਦੀ ਸਹਾਇਤਾ ਨਾਲ ਭਿੰਡੀ ਦੀਆਂ ਸੁਧਰੀਆਂ ਕਿਸਮਾਂ ਵਿਚ ਹੋਰ ਸੁਧਾਰ ਸੰਭਵ ਹੋਵੇਗਾ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਨਿਰਦੇਸ਼ਕ, ਸਕੂਲ ਆਫ ਐਗਰੀਕਲਚਰਲ ਬਾਇਓਟੈਕਨੋਲੋਜੀ ਡਾ. ਪ੍ਰਵੀਨ ਛੁਨੇਜਾ, ਖੋਜ ਨੇ ਭਿੰਡੀ ਫਸਲ ਤੇ ਮਿਲੇ ਬਾਇਓਟੈਕਨੋਲੋਜੀ ਪ੍ਰੋਜੈਕਟ ਦੀ ਪ੍ਰਸ਼ੰਸਾ ਕਰਦਿਆਂ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਫਸਲ ਤੇ ਵਿਸ਼ਵ ਪੱਧਰ 'ਤੇ ਬਾਇਓਟੈਕਨੋਲੋਜੀ ਦੇ ਖੇਤਰ ਵਿਚ ਘੱਟ ਕੰਮ ਹੋਣ ਕਰਕੇ ਇਹ ਪ੍ਰੋਜੈਕਟ ਭਿੰਡੀ ਦੇ ਸੁਧਾਰ ਦਾ ਵੱਡਾ ਕਦਮ ਹੈ।