ਪੰਥ ਦੇ ਯੋਧੇ ?

04/27/2021 2:18:35 PM

ਜੱਦੋਂ ਅੱਜ ਮੈਂ ਪੰਜਾਬ ਦੇ ਚੱਲ ਰਹੇ ਵਰਤਮਾਨ ਸਮੇਂ ਅਤੇ ਭਵਿੱਖ ਬਾਰੇ ਸੋਚਦਾਂ ਤਾਂ ਮਨ ਇਕ ਵਾਰ ਤਾਂ ਹਾਉਕਾ ਲੈਂਦਾ, ਫੇਰ ਪਤਾ ਨਹੀਂ ਕਿਵੇਂ ਉਹ ਆਪਣੇ ਅੰਦਰ ਕਿਸੇ ਡੂੰਘਾਈ ਵਿੱਚ ਲੁਕੀਆਂ ਪਈਆਂ ਉਨ੍ਹਾਂ ਪਰਤਾਂ ’ਤੇ ਲੈ ਜਾ ਖੜ੍ਹਦਾ। ਤੇ ਆਪ ਮੁਹਾਰੇ ਅੰਦਰੋ ਅੰਦਰੀ ਬੋਲਦਾ, ‘‘ਕਦੇ ਸਾਡਾ ਵੀ ਯੁਗ ਹੁੰਦਾ ਸੀ ।"
 ਸਾਡੇ ਪੰਜਾਬ ਦਾ ਉਹ ਸੁਨਹਿਰੀ ਇਤਿਹਾਸ’’ ਜਿਥੇ ਪੰਜਾਬ ਦੇ ਪੰਜ ਦਰਿਆਵਾਂ ਦੀ ਸੋਨਾ ਉਗਲਦੀ ਉਹ ਧਰਤੀ, ਜਿੱਥੇ ਕਦੇ ਸਾਰੇ ਯੂਰਪ ਤੋਂ ਗੋਰੇ ਵੀ ਨੌਕਰੀ ਦੀ ਤਲਾਸ਼ ਵਿੱਚ ਆਉਂਦੇ ਸਨ।

ਬਹੁਤੀ ਦੁਨੀਆਂ ’ਤੇ ਕਾਬਜ਼ ਹੋਈ ਬੈਠੀ ਸਭ ਤੋਂ ਵੱਡੀ ਸਲਤਨਤ ਇੰਗਲੈਂਡ , ‘‘ਸੌ ਸਾਲ ਲਲਚਾਈਆਂ ਅੱਖਾਂ ਨਾਲ ਤਾਂ ਸਾਡੇ ਪੰਜਾਬ ਵੱਲ ਤੱਕਦੀ ਰਹੀ’’ ਪਰ ਕੀ ਮਜਾਲ ਸੀ ਸ਼ੇਰੇ ਪੰਜਾਬ ਦੇ ਜਿੰਦਾ ਜੀਅ ਕੋਈ ਪੰਜਾਬ ਵਿੱਚ ਪੈਰ ਪਾਉਣ ਦੀ ਵੀ ਹਿੰਮਤ ਜੁਟਾ ਸਕਦਾ ।
ਫੇਰ ਸੋਚਦਾ , ਅਸੀਂ ਕਿੱਥੋਂ ਦੇ ਕਿੱਥੇ ਪਹੁੰਚ ਗਏ ਹਾਂ, ਅੱਜ ਕਿੱਥੇ ਖੜ੍ਹੇ ਹਾਂ "ਕੌਣ ਹੈ ਪੰਜਾਬ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਜ਼ਿੰਮੇਵਾਰ?"

ਅੱਜ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਆਪਣੇ ਭਵਿੱਖ ਤੇ ਆਰਥਿਕਤਾ ਨੂੰ ਖਤਮ ਹੁੰਦਾ ਦੇਖ ਇਕ ਉਹ ਸਰਕਾਰ ਤੋਂ, ਜੋ ਪੰਜਾਬ ਨੂੰ ਬਰਬਾਦ ਕਰਨ ’ਤੇ ਹੀ ਤੁਲੀ ਹੋਈ ਹੈ’’
ਉਸ ਤੋਂ ਹੀ ਉਮੀਦ ਵਿੱਚ ਪੱਕਾ ਤੰਬੂ ਲਾਈ ਬੈਠਾ ਹੈ। ਉਧਰ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਇਸ ਦੇ ਪੰਜ ਨਵਜੋਤ ਸਿੱਧੂ ਸਮੇਤ ਉਹ ਮੰਤਰੀ ਜਿਨ੍ਹਾਂ ਵਿਧਾਨ ਸਭਾ ਵਿੱਚ ਚੀਕ ਚੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਸੀ, ਉਹ ਕਿਸ ਕਮਜ਼ੋਰੀ ਤੋਂ ਖਾਮੋਸ਼ ਨੇ?

ਪੰਜਾਬੀ, ਖ਼ਾਸ ਕਰ ਸਿੱਖ ਪਾਰਟੀ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਕਦੇ ਆਪਣੀ ਕੀਤੀ ’ਤੇ ਸਜ਼ਾ ਭੁਗਤਣ ਦਮਦਮਾ ਸਾਹਿਬ ਵਿੱਚ ਮੱਥਾ ਟੇਕਣ ਗਏ, ਕਦੇ ਜਲੰਧਰ ਵਿੱਚ ਦਲਿਤ ਭਾਈਚਾਰੇ ਨੂੰ ਉੱਪ ਮੁੱਖ ਮੰਤਰੀ ਦੇ ਅਹੁਦੇ ਦਾ ਐਲਾਨ ਕਰਦੈ।

ਇਹੋ ਜਿਹੀ ਅਕਾਲੀ ਦਲ ਦੀ ਦੁਰਦਸ਼ਾ ਦੇਖ ਦੁਖੀ ਹੋਇਆ ਮਨ ਆਪਣੀ ਇਕਾਗਰਤਾ ਭੰਗ ਹੋਣ ਕਾਰਨ ਕੌੜੇ ਸੱਚ ’ਤੇ ਜਾ ਖੜਾ ਹੋਇਆ, ਜਿਸ ’ਤੇ ਪੰਜਾਬ ਦੇ ਲੋਕਾਂ ਦਾ ਸੋਚਣਾ ਬਣਦਾ ?ਜਿਨ੍ਹਾਂ ਕਦੇ ਆਪਣੇ ਜਾਂ ਆਪਣੇ ਪਰਿਵਾਰ ਨੂੰ ਅਹਿਮੀਅਤ ਨਹੀਂ ਦਿਤੀ ‘‘ਸਗੋਂ ਆਪ ਤਾਕਤਵਰ ਹੋਣ ਦੇ ਬਾਵਜੂਦ ਆਪਣਾ ਸਭ ਕੁੱਝ ਕੁਰਬਾਨ ਕਰ ਪੰਥ ਦੀ ਅਗਵਾਈ  ਲਈ ਆਪਣੇ ਤੋਂ ਯੋਗ ਇਨਸਾਨ ਦੀ ਚੋਣ ਕੀਤੀ।"

ਯਾਦ ਕਰੋ ਅੜਬ ਸੁਭਾਅ ਤੇ ਪੰਥ ਦਾ ਉਸ ਵੇਲੇ ਦਾ ਸਭ ਤੋਂ ਤਾਕਤਵਰ ਅਤੇ ਕੌਮ ਦੇ ਨਾਇਕ ਨਿਹੰਗ ਬਾਬਾ ਫੂਲਾ ਸਿੰਘ ਦਾ ਪੰਥ ਲਈ ਰੋਲ। ਭਾਵੇਂ ਪੰਥ ਦੇ ਏਕੇ ਲਈ ਰਾਮਗੜ੍ਹੀਆ ਮਿਸਲ ਅਤੇ ਸ਼ੇਰੇ ਪੰਜਾਬ ਨੂੰ ਇਕਜੁੱਟ ਕਰਨ ਦੀ ਮੋਹਰੀ ਭੂਮਿਕਾ ਹੋਵੇ! ਭਾਵੇ ਸ਼ੇਰੇ ਪੰਜਾਬ ਨੂੰ ਅਕਾਲ ਤਖ਼ਤ ਸਾਹਿਬ ਤੇ ਖਾਲਸਾਈ ਪ੍ਰਪੰਰਾ ਅਨੁਸਾਰ ਸਜ਼ਾ ਸੁਣਾਉਣ ਦੀ ਜੁਰੱਅਤ ਹੋਵੇ!!
ਜਾਂ ਪੰਥ ਲਈ ਬਿਨਾਂ ਤਨਖ਼ਾਹ ਲੜਨ ਵਾਲੇ ਇਸ ਯੋਧੇ ਦੀ ਸ਼ਹੀਦੀ ਹੋਵੇ ,‘‘ਜੋ ਸਾਰੀ ਜ਼ਿੰਦਗੀ ਬਿਨਾਂ ਕੋਈ ਲੋਭ ਲਾਲਚ ਕੌਮ ਦੀ ਚੜ੍ਹਦੀ ਕਲਾ ਦੇ ਲੇਖੇ ਲਾ ਪੰਥ ਨੂੰ ਕਾਮਯਾਬੀ ਦੀਆਂ ਸਿਖਰਾਂ ਦੀਆਂ ਬੁਲੰਦੀਆਂ ’ਤੇ ਪਹੁੰਚ ਗਿਆ !!
ਫੇਰ ਝਾਤੀ ਮਾਰੋ ਅਕਾਲੀ ਦਲ ਦੇ ਪ੍ਰਧਾਨਾਂ ’ਤੇ , ਉਨ੍ਹਾਂ ਵਿੱਚ ਇੱਕ ਅੜਬ ਸੁਭਾਅ, ਕਹਿਣੀ ਅਤੇ ਕਰਨੀ ਦੇ ਸੂਰੇ ਤੇ ਪੰਥ ਲਈ ਆਪਣੀ 16 ਏਕੜ ਜ਼ਮੀਨ ਕੁਰਬਾਨ ਕਰ ਦੇਣ ਵਾਲੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਨਾਂ ਆਉਂਦਾ।

ਭਾਵੇਂ ਪੰਜਾਬ ਦੇ ਪਾਣੀਆਂ ਦੀ ਲੜਾਈ ਹੋਵੇ ਜਾਂ ਅਨੰਦਪੁਰ ਦੇ ਉਸ ਮਤੇ ਦੀ, ‘‘ਜੋ ਪੰਜਾਬ ਲਈ ਵੱਧ ਅਧਿਕਾਰਾਂ ਦੀ ਗੱਲ ਕਰਦਾ ਹੈ’’ ਜਿਸ ’ਤੇ ਪੰਜਾਬ ਨੇ ਲੰਮੀ ਲੜਾਈ ਲੜੀ, ਉਸ ਵਿੱਚ ਵੱਡਾ ਰੋਲ ਜਥੇਦਾਰ ਸਾਹਿਬ ਦੇ ਹਿੱਸੇ ਆਉਂਦਾ ਹੈ ।ਇਸ ਪਰਿਵਾਰ ਵਲੋਂ ਪੰਥ ਲਈ ਹੋਰ ਦੇਣ ਬਾਰੇ ਸੋਚਦਾਂ ਤਾਂ ਜੇ ਪੰਥ ਨੂੰ ਸੰਤਾਲੀ ਤੋਂ ਪਹਿਲਾਂ ਦੇ ਪੰਜਾਬ ਲਈ ਕਿਸੇ ਪੰਥਕ ਸਖਸ਼ੀਅਤ ਦੀ ਲੋੜ ਮਹਿਸੂਸ ਹੋਈ ਤਾਂ ਉਹ ਪੂਰੀ ਕੀਤੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਿਤਾ ਤੇ ਪੰਜਾਬ ਦੇ ਸਭ ਤੋਂ ਅਮੀਰ ਜ਼ਿਲ੍ਹਾ ਲਾਇਲਪੁਰ ਦੇ ਮੇਅਰ ਰਹੇ ਬਾਬਾ ਛਾਂਗਾ ਸਿੰਘ ਨੇ। ਬਿਨਾਂ ਕੋਈ ਲਾਲਚ ਸਿਰਫ਼ ਪੰਥ ਦੇ ਭਲੇ ਲਈ ਪੰਥ ਦੇ ਦਿਮਾਗ ਕਹੇ ਜਾਣ ਵਾਲੇ ਗਿਆਨੀ ਕਰਤਾਰ ਸਿੰਘ ਨੂੰ ਆਪਣੀ ਜੱਦੀ ਪੱਚੀ ਏਕੜ ਜ਼ਮੀਨ ਪੱਕੇ ਤੌਰ ’ਤੇ ਨਾਂ ਕਰ ਇਲੈਕਸ਼ਨ ਕਰਵਾਈ ਅਤੇ ਮੰਤਰੀ ਤੱਕ ਬਣਾਇਆ। ਅੰਗਰੇਜਾਂ ਦੇ ਕਾਨੂੰਨ ਅਨੁਸਾਰ ਇੰਨੀ ਜ਼ਮੀਨ ਵਾਲਾ ਇਲੈਕਸ਼ਨ ਲੜ ਸਕਦਾ ਸੀ।

ਦੂਜੇ ਪਾਸੇ ਪੰਥ ਦਾ ਮੌਜੂਦਾ ਪ੍ਰਧਾਨ ਦੇਖ ਲਓ ਜਿਸ ਲਈ ਮਸ਼ਹੂਰ ਹੈ, ਜਿੰਨਾ ਕੁ ਉਨ੍ਹਾਂ ਦੇ ਰਾਜਕਾਲ ਵਿੱਚ ਪੰਜਾਬ ਸਿਰ ਕਰਜ਼ਾ ਚੜ੍ਹਿਆ ਉਨੇ ਕੁ ਹੀ ਪ੍ਰਧਾਨ ਸਾਹਿਬ ਦੀ ਪ੍ਰਾਪਟੀ ਵੱਧ ਗਈ।ਬਾਕੀ ਰਹੀ ਉਨ੍ਹਾਂ ਵਲੋਂ ਪੰਥ ਦੇ ਭਲੇ ਲਈ ਕੌਮ ਨੂੰ ਸਮਰਪਿਤ ਪੰਥਕ ਲੋਕਾਂ ਨੂੰ ਅੱਗੇ ਲਿਆਉਣ ਦੀ ਥਾਂ ‘ਉਨ੍ਹਾਂ ਤਾਂ ਆਪਣੇ ਸਾਰੇ ਰਿਸ਼ਤੇਦਾਰ ਪਾਰਟੀ ਅਤੇ SGPC ’ਤੇ ਕਾਬਜ਼ ਕਰ ਦਿੱਤੇ।

ਹੁਣ ਸੋਚਣਾ ਅਤੇ ਚੁਣਨਾ ਤੁਸੀਂ ਹੈ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਾਂ ਪਰਿਵਾਰ ਲਈ ਕੁੱਝ ਨਹੀਂ ਕੀਤਾ। ਜੋ ਕੁੱਝ ਕੀਤਾ ਪੰਥ ਦੀ ਚੜ੍ਹਦੀ ਕਲਾ ਲਈ ਕੀਤਾ! ਭਾਵੇਂ ਨਿਰੰਕਾਰੀ ਮੁਖੀ ਤੋਂ ਜਵਾਨੀ ਵਿੱਚ ਲਿਆ ਬਦਲਾ ਹੋਵੇ ਜਾਂ ਸਾਰੀ ਜਵਾਨੀ ਤਿਹਾੜ ਦੀ ਜੇਲ੍ਹ ਵਿੱਚ ਬਤਾਈ ਹੋਵੇ, ਭਾਵੇਂ ਕੁੱਝ ਕੁ ਦਿਨ ਬਾਅਦ ਹੋਣ ਵਾਲੀਆਂ ਚੋਣਾਂ ਵਿੱਚ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਬਾਦਲਾਂ ਨੂੰ ਬਾਹਰ ਕਰਨਾ ਹੋਵੇ ਜਾਂ SGPC ਅੰਮ੍ਰਿਤਸਰ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣ ਲਈ ਵਿੱਢੀ ਜੰਗ ਹੋਵੇ ।

ਇਸ ਵਿੱਚ ਉਨ੍ਹਾਂ ਦਾ ਮਕਸਦ ਪੰਥ ’ਤੇ ਕਾਬਜ਼ ਲੋਕਾਂ ਨੂੰ ਬਾਹਰ ਕਰ ਪੰਥ ਦਾ ਦਰਦ ਰੱਖਣ ਵਾਲੇ ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਹੈ ਤਾਂ ਜੋ ਗੁਰੂ ਦੀ ਗੋਲਕ ਦਾ ਮੂੰਹ ਇਨ੍ਹਾਂ ਸਿਆਸੀ ਲੋਕਾਂ ਦੀ ਜੇਬ ਦੀ ਥਾਂ ਗ਼ਰੀਬ ਸਿੱਖ ਬੱਚਿਆਂ ਦੀ ਪੜ੍ਹਾਈ ਅਤੇ ਗ਼ਰੀਬ ਲੋਕਾਂ ਦੇ ਇਲਾਜ ਲਈ ਖੁੱਲ੍ਹ ਸਕੇ।
ਫ਼ੈਸਲਾ ਤੁਹਾਡੇ ਹੱਥ ਹੈ?
ਭਗਵੰਤ ਸਿੰਘ ਤੂਰ ਕੈਨੇਡਾ


rajwinder kaur

Content Editor

Related News