ਪੀ.ਏ.ਯੂ. ਦੀ ਵਿਦਿਆਰਥਣ ਨੇ ਅਮਰੀਕਾ ਵਿਚ ਆਪਣੀ ਖੋਜ ਦਾ ਕੰਮ ਪੂਰਾ ਕੀਤਾ

08/18/2018 4:33:37 PM

ਪੀ.ਏ.ਯੂ.ਦੇ ਕੀਟ ਵਿਗਿਆਨ ਵਿਭਾਗ ਦੀ ਐੱਮ.ਐੱਸ. ਸੀ. ਦੀ ਵਿਦਿਆਰਥਣ ਕੁਮਾਰੀ ਹਿਨਾ ਪੁਰੀ ਨੇ ਪੈਨਸਲਵੇਨੀਆ ਰਾਜ ਯੂਨੀਵਰਸਿਟੀ ਅਮਰੀਕਾ ਵਿਚ ਡਾ. ਜੇਸਨ ਐਲ ਰਾਸਗਨ ਦੀ ਪ੍ਰਯੋਗਸ਼ਾਲਾ ਵਿਚ ਆਪਣਾ ਖੋਜ ਕਾਰਜ ਪੂਰਾ ਕਰਨ ਦਾ ਮਾਣ ਹਾਸਲ ਕੀਤਾ ਹੈ। ਇਸ ਖੋਜ ਕਾਰਜ ਲਈ ਕੁਮਾਰੀ ਹਿਨਾ ਪੁਰੀ ਦੀ ਚੋਣ ਮਈ ਵਿਚ ਹੋਈ ਸੀ। ਉਹ 21 ਮਈ ਤੋਂ 31 ਜੁਲਾਈ ਤਕ ਬਹੁਤ ਵੱਕਾਰੀ ਖੋਰਾਣਾ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਇਹ ਖੋਜ ਕਾਰਜ ਦਾ ਹਿੱਸਾ ਬਣੀ। ਕੁਮਾਰੀ ਹਿਨਾ ਨੂੰ ਇਸ ਸਕਾਲਰਸ਼ਿਪ ਦਾ ਹਿੱਸਾ ਬਣਨ ਦਾ ਮੌਕਾ ਰਾਸ਼ਟਰੀ ਪੱਧਰ ਦੀ ਇਕ ਪ੍ਰੀਖਿਆ ਰਾਹੀਂ ਮਿਲਿਆ ਸੀ । ਆਪਣੇ ਖੋਜ ਪ੍ਰੋਗਰਾਮ ਦੌਰਾਨ ਕੁਮਾਰੀ ਹਿਨਾ ਨੇ ਬਹੁਤ ਵਿਲੱਖਣ ਕਿਸਮ ਦੇ ਖੋਜ ਅਨੁਭਵ ਹਾਸਲ ਕੀਤੇ ਅਤੇ ਉਸ ਨੇ ਚਿੱਟੀ ਮੱਖੀ ਅਤੇ ਮੱਛਰ ਸੰਬੰਧੀ ਨਵੀਆਂ ਖੋਜਾਂ ਨੂੰ ਆਪਣੇ ਤਜ਼ਰਬੇ ਦਾ ਹਿੱਸਾ ਬਣਾਇਆ । 

ਸਹਾਇਕ ਕੀਟ ਵਿਗਿਆਨੀ ਅਤੇ ਕੁਮਾਰੀ ਹਿਨਾ ਦੇ ਮੁੱਖ ਨਿਗਰਾਨ ਡਾ. ਵਿਕਾਸ ਜਿੰਦਲ ਨੇ ਦੱਸਿਆ ਕਿ ਕੁਮਾਰੀ ਹਿਨਾ ਦੇ ਅਮਰੀਕਾ ਵਿਚ ਹਾਸਲ ਕੀਤੇ ਗਿਆਨ ਅਤੇ ਅਨੁਭਵ ਉਸ ਦੀ ਅਗਲੇਰੀ ਪੜ੍ਹਾਈ ਦੌਰਾਨ ਬਹੁਤ ਲਾਹੇਵੰਦ ਸਿੱਧ ਹੋਣਗੇ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਹਿਨਾ ਵਲੋਂ ਹਾਸਲ ਕੀਤੀ ਇਸ ਸਕਾਲਰਸ਼ਿਪ ਨੂੰ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸ੍ਰੋਤ ਕਿਹਾ। ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਇਸ ਪ੍ਰਾਪਤੀ ਲਈ ਵਿਦਿਆਰਥਣ ਨੂੰ ਵਧਾਈ ਦਿੱਤੀ । 
ਜਗਦੀਸ਼ ਕੌਰ


Related News