ਪੀ.ਏ.ਯੂ. ਵਿਚ ਵਾਤਾਵਰਨ ਹਿਤੈਸ਼ੀ ਕਿਸਾਨਾਂ ਦੀ ਐਸੋਸੀਏਸ਼ਨ ਦਾ ਗਠਨ

Tuesday, Dec 25, 2018 - 05:19 PM (IST)

ਪੀ.ਏ.ਯੂ. ਵਿਚ ਵਾਤਾਵਰਨ ਹਿਤੈਸ਼ੀ ਕਿਸਾਨਾਂ ਦੀ ਐਸੋਸੀਏਸ਼ਨ ਦਾ ਗਠਨ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਅੱਜ ਪੰਜਾਬ ਭਰ ਵਿਚੋਂ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਕਰਨ ਵਾਲੇ ਕਿਸਾਨ ਭਾਰੀ ਗਿਣਤੀ ਵਿਚ ਇਕੱਠੇ ਹੋਏ। ਇਹ ਕਿਸਾਨ ਪਰਾਲੀ ਹੋਰ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਰਵਾਇਤੀ ਤਰੀਕਿਆਂ ਨਾਲ ਕਰਨ ਦੀ ਥਾਂ ਪੀ.ਏ.ਯੂ. ਵਲੋਂ ਸਿਫ਼ਾਰਸ਼ ਕੀਤੀ ਨਵੀਂ ਤਕਨੀਕ ਅਤੇ ਵਿਧੀਆਂ ਦੀ ਵਰਤੋਂ ਕਰਕੇ ਵਾਤਾਵਰਨ ਪੱਖੀ ਖੇਤੀ ਨਾਲ ਜੁੜੇ ਹੋਏ ਹਨ। ਇਹ ਕਿਸਾਨ ਖੇਤੀ ਸੰਬੰਧੀ ਆਪਣੇ ਸਵਾਲ ਅਤੇ ਜਗਿਆਸਾਵਾਂ ਲੈ ਕੇ ਇਕ ਸਿਖਲਾਈ ਗੋਸ਼ਟੀ ਦਾ ਹਿੱਸਾ ਬਣੇ। ਇਸ ਦੇ ਨਾਲ ਹੀ ਪੂਰੇ ਪੰਜਾਬ ਵਿਚੋਂ ਆਏ ਭਾਰੀ ਗਿਣਤੀ ਕਿਸਾਨਾਂ ਨੇ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਕਰਨ ਵਾਲੀ ਐਸੋਸੀਏਸ਼ਨ ਦਾ ਗਠਨ ਕੀਤਾ। ਇਸ ਐਸੋਸੀਏਸ਼ਨ ਵਿਚ ਉਹ ਸਾਰੇ ਕਿਸਾਨ ਸ਼ਾਮਿਲ ਹੋਏ ਜੋ ਫ਼ਸਲੀ ਰਹਿੰਦ-ਖੂੰਹਦ ਵਿਸ਼ੇਸ਼ ਕਰਕੇ ਪਰਾਲੀ ਦੀ ਸੰਭਾਲ ਵਾਤਾਵਰਨ ਹਿਤੈਸ਼ੀ ਤਰੀਕਿਆਂ ਨਾਲ ਕਰਦੇ ਹਨ। ਪੀ.ਏ.ਯੂ.ਕਿਸਾਨ ਕਲੱਬ ਦੇ ਵਰਤਮਾਨ ਪ੍ਰਧਾਨ ਮਨਪ੍ਰੀਤ ਸਿੰਘ ਗਰੇਵਾਲ ਨੂੰ ਇਸ ਐਸੋਸੀਏਸ਼ਨ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ। ਇਹ ਐਸੋਸੀਏਸ਼ਨ ਆਉਣ ਵਾਲੇ ਸਮੇਂ ਵਿਚ ਆਪਣਾ ਸੰਵਿਧਾਨ, ਕਾਰਜਕਾਰੀ ਕਮੇਟੀ ਅਤੇ ਹੋਰ ਤਕਨੀਕੀ ਲੋੜਾਂ ਤੋਂ ਬਾਅਦ ਰਜਿਸਟਰਡ ਹੋਵੇਗੀ। 

ਅੱਜ ਦੇ ਇਸ ਸਮਾਗਮ ਦੀ ਪ੍ਰਧਾਨਗੀ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਕੀਤੀ। ਉਹਨਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਸ ਇਕੱਤਰਤਾ ਅਤੇ ਐਸੋਸੀਏਸ਼ਨ ਦੇ ਗਠਨ ਨੂੰ ਇਤਿਹਾਸਕ ਮਹੱਤਵ ਵਾਲੀ ਕਿਹਾ। ਉਹਨਾਂ ਕਿਹਾ ਕਿ ਅੱਜ ਖੇਤੀ ਤਬਦੀਲੀ ਦੇ ਇਤਿਹਾਸਕ ਮੋੜ ਤੇ ਖੜੀ ਹੈ। ਹਰੀ ਕ੍ਰਾਂਤੀ ਵੀ ਅਜਿਹੇ ਹੀ ਇਤਿਹਾਸਕ ਮੋੜ ਵਿਚੋਂ ਸਾਕਾਰ ਹੋਈ ਸੀ ਪਰ ਉਸ ਵੇਲੇ ਖੇਤੀ ਖੇਤਰ ਅੱਗੇ ਚੁਣੌਤੀ     ਉਤਪਾਦਨ ਵਧਾਉਣ ਦੀ ਸੀ। ਉਹਨਾਂ ਕਿਹਾ ਕਿ ਖੇਤੀ ਵਿਚ ਕੋਈ ਵੀ ਦਿਸ਼ਾ ਸਦੀਵੀ ਨਹੀਂ ਹੁੰਦੀ। ਅੱਜ ਚੁਣੌਤੀ, ਉਤਪਾਦਨ ਬਰਕਰਾਰ ਰੱਖਣ ਦੇ ਨਾਲ-ਨਾਲ ਵਾਤਾਵਰਨੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਹੈ। ਉਹਨਾਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਭਿਆਨਕਤਾ ਬਾਰੇ ਫ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕ ਕਿਸਾਨ ਲਾਜ਼ਮੀ ਤੌਰ ਤੇ ਪੌਣ ਪਾਣੀ ਅਤੇ ਵਾਤਾਵਰਨ ਸੰਭਾਲਣ ਵਿਚ ਆਪਣੀ ਇਤਿਹਾਸਕ ਜ਼ਿੰਮੇਵਾਰੀ ਨਿਭਾਉਣਗੇ। ਉਹਨਾਂ ਤਕਨੀਕੀ ਵਿਕਾਸ ਲਈ ਨਿਰੰਤਰ ਸੰਵਾਦ ਨੂੰ ਲਾਜ਼ਮੀ ਸ਼ਰਤ ਦੱਸਿਆ। ਕਿਸਾਨਾਂ ਦੇ ਤਜ਼ਰਬੇ ਹੀ ਇਸ ਦਾ ਮੂਲ ਆਧਾਰ ਹੁੰਦੇ ਹਨ। ਉਹਨਾਂ ਕਿਹਾ ਕਿ 2006 ਵਿਚ ਹੈਪੀਸੀਡਰ ਨਾਲ ਸ਼ੁਰੂ ਹੋਈ ਪਰਾਲੀ ਦੀ ਸਾਂਭ-ਸੰਭਾਲ ਦੀ ਤਕਨੀਕ ਨੇ ਅੱਜ ਲੰਬਾ ਸਫਰ ਤੈਅ ਕਰ ਲਿਆ ਹੈ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੁੱਚਜੀ ਸੰਭਾਲ ਲਈ ਸੁਪਰ ਐਸਐਮਐਸ ਵਰਗੀਆਂ ਤਕਨੀਕਾਂ ਇਸ ਵਿਚ ਸ਼ਾਮਲ ਹੋ ਚੁੱਕੀਆਂ ਹਨ ਜੋ ਵਾਤਾਵਰਨ ਹਿਤੈਸ਼ੀ ਕਿਸਾਨਾਂ ਵਿਚ ਲਗਾਤਾਰ ਪ੍ਰਵਾਨ ਹੋ ਰਹੀਆਂ ਹਨ। ਡਾ. ਬੈਂਸ ਨੇ ਕਿਸਾਨਾਂ ਅਤੇ ਪੀ.ਏ.ਯੂ .ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਮਾਹਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਾਡੀ ਜ਼ਿੰਮੇਵਾਰੀ ਵੀ ਹੈ, ਸਾਡੇ ਸਾਹਮਣੇ ਮੌਕਾ ਵੀ ਹੈ ਅਤੇ ਚੁਣੌਤੀ ਵੀ ਕਿ ਵਾਤਾਵਰਨ ਦੀ ਸਾਂਭ-ਸੰਭਾਲ ਦੇ ਤਰੀਕੇ ਅਪਣਾ ਕੇ ਖੇਤੀ ਉਤਪਾਦਨ ਨੂੰ ਬਰਕਰਾਰ ਰੱਖਿਆ ਜਾਵੇ। 

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਨਿਰਦੇਸ਼ਕ ਅਟਾਰੀ ਡਾ. ਰਾਜਬੀਰ ਸਿੰਘ ਬਰਾੜ ਨੇ ਵੀ ਕਿਸਾਨਾਂ ਦੀ ਇਸ ਐਸੋਸੀਏਸ਼ਨ ਦੇ ਗਠਨ ਬਾਰੇ ਆਪਣੀ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਹਰ ਨਵੀਂ ਤਕਨੀਕ ਦੀ ਵਰਤੋਂ ਵੇਲੇ ਇਕ ਦੁਚਿੱਤੀ ਹੁੰਦੀ ਹੈ। ਹਰੀ ਕ੍ਰਾਂਤੀ ਦੀ ਆਮਦ ਸਮੇਂ ਵੀ ਕਿਸਾਨਾਂ ਅੱਗੇ ਅਜਿਹੀਆਂ ਦੁਚਿੱਤੀਆਂ ਸਨ। ਅੱਜ ਵੀ ਕਿਸਾਨ ਪਰਾਲੀ ਨੂੰ ਅੱਗ ਲਾਉਣੀ ਨਹੀਂ ਚਾਹੁੰਦਾ ਪਰ ਸਥਿਤੀਆਂ ਉਸਨੂੰ ਅਜਿਹਾ ਕਰਨ ਵੱਲ ਲਈ ਜਾਂਦੀਆਂ ਹਨ। ਉਹਨਾਂ ਅੱਜ ਦੀ ਇਕੱਤਰਤਾ ਵਿਚ ਸ਼ਾਮਿਲ ਕਿਸਾਨਾਂ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਉਹਨਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਅਗਾਂਹ ਹੋ ਕੇ ਅਗਵਾਈ ਕਰਨ ਲਈ ਕਿਹਾ । 

ਇਸ ਤੋਂ ਪਹਿਲਾਂ ਪੂਰੇ ਪੰਜਾਬ ਤੋਂ ਭਰਵੀਂ ਗਿਣਤੀ ਵਿਚ ਸ਼ਾਮਿਲ ਹੋਏ ਕਿਸਾਨਾਂ, ਖੇਤੀ ਮਾਹਿਰਾਂ ਅਤੇ ਵਿਗਿਆਨੀਆਂ ਦਾ ਸਵਾਗਤ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਐਸੋਸੀਏਸ਼ਨ ਦੇ ਗਠਨ ਦਾ ਮੰਤਵ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਾਂਝਾ ਪਲੇਟਫਾਰਮ ਦੇਣਾ ਦੱਸਿਆ। ਉਹਨਾਂ ਕਿਹਾ ਕਿ ਜੋ ਤਕਨੀਕਾਂ ਪੀਏਯੂ ਨੇ ਵਿਕਸਿਤ ਕੀਤੀਆਂ ਹਨ ਉਹਨਾਂ ਦੀ ਵਾਕਫ਼ੀ ਲਈ ਇਕ ਸਾਂਝੇ ਮੰਚ ਦੀ ਲੋੜ ਹੈ ਜੋ ਇਹ ਐਸੋਸੀਏਸ਼ਨ ਮੁਹੱਈਆ ਕਰੇਗੀ। ਡਾ. ਮਾਹਲ ਨੇ ਇਤਿਹਾਸ ਵੱਲ ਝਾਤ ਪਾਉਂਦਿਆਂ ਦੱਸਿਆ ਕਿ 1966 ਵਿਚ ਪੀਏਯੂ ਕਿਸਾਨ ਕਲੱਬ ਕੁਝ ਕਿਸਾਨਾਂ ਵਲੋਂ ਕੀਤੀ ਗਈ ਇਕ ਸ਼ੁਰੂਆਤ ਸੀ। ਅੱਜ 7000 ਤੋਂ ਵਧੇਰੇ ਕਿਸਾਨ ਇਸ ਕਲੱਬ ਦੀ ਸਹਾਇਤਾ ਨਾਲ ਵਿਕਸਿਤ ਖੇਤੀ ਪ੍ਰਬੰਧ ਨੂੰ ਅਪਣਾ ਕੇ ਆਪਣਾ ਜੀਵਨ ਪੱਧਰ ਉਚਾ ਚੁੱਕ ਰਹੇ ਹਨ। ਉਹਨਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਮਿਲਦੀਆਂ ਸਬਸਿਡੀਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਅਤੇ ਇਹ ਵੀ ਕਿਹਾ ਕਿ ਇਹ ਐਸੋਸੀਏਸ਼ਨ ਅੱਗੇ ਜਾ ਕੇ ਵਾਤਾਵਰਨ ਦੀ ਸੰਭਾਲ ਦੀ ਚੇਤਨਾ ਅਤੇ ਸਰਕਾਰ ਵੱਲੋਂ ਮਿਲਦੀ ਅਜਿਹੇ ਕਾਰਜਾਂ ਲਈ ਸਹਾਇਤਾ ਪ੍ਰਤੀ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਜਾਗ੍ਰਿਤ ਕਰੇਗੀ । 

ਇਸ ਮੌਕੇ ਪੀਏਯੂ ਦੇ ਫ਼ਸਲ ਵਿਗਿਆਨ, ਭੂਮੀ ਵਿਗਿਆਨ, ਫਾਰਮ ਪਾਵਰ ਮਸ਼ੀਨਰੀ, ਪੌਦਾ ਰੋਗ ਵਿਗਿਆਨ, ਕੀਟ ਵਿਗਿਆਨ, ਪਲਾਂਟ ਬਰੀਡਿੰਗ ਐਂਡ ਜੈਨੇਟਿਕਸ ਵਿਭਾਗਾਂ ਦੇ ਮਾਹਿਰ ਵਿਗਿਆਨੀਆਂ ਨੇ ਕਿਸਾਨਾਂ ਨਾਲ ਸੰਵਾਦ ਰਚਾਇਆ ਅਤੇ ਕਿਸਾਨਾਂ ਵਲੋਂ ਪੁੱਛੇ ਗਏ ਸਵਾਲਾਂ ਅਤੇ ਉਹਨਾਂ ਦੀਆਂ ਜਗਿਆਸਾਵਾਂ ਦੇ ਉਤਰ ਦਿੱਤੇ । 

ਪੰਜਾਬ ਭਰ ਵਿਚੋਂ ਵਾਤਾਵਰਨ ਹਿਤੈਸ਼ੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਅਨੁਭਵ ਸਾਂਝੇ ਕਰਨ ਲਈ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸਮਾਂ ਦਿੱਤਾ ਗਿਆ। ਬਠਿੰਡਾ ਇਲਾਕੇ ਤੋਂ ਸ. ਦਰਸ਼ਨ ਸਿੰਘ ਸਿੱਧੂ ਅਤੇ ਮਾਲਵਾ ਖੇਤਰ ਤੋਂ ਸ੍ਰੀ ਬਰਾੜ ਨੇ ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ ਨਾਲ ਸੰਬੰਧਿਤ ਆਪਣੇ ਅਨੁਭਵ ਬਾਕੀ ਕਿਸਾਨਾਂ ਨਾਲ ਸਾਂਝੇ ਕੀਤੇ। ਸਮਾਗਮ ਦੀ ਕਾਰਵਾਈ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਦੀਦਾਰ ਸਿੰਘ ਭੱਟੀ ਨੇ ਸੁਚੱਜੇ ਢੰਗ ਨਾਲ ਚਲਾਈ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚੋਂ ਆਏ ਕਿਸਾਨਾਂ ਨੇ ਇਸ ਐਸੋਸੀਏਸ਼ਨ ਦੇ ਗਠਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਮਾਹਲ ਨੂੰ ਵਿਸ਼ੇਸ਼ ਰੂਪ ਵਿਚ ਇਸ ਕਾਰਜ ਲਈ ਵਧਾਈ ਦਿੱਤੀ । ਇਸੇ ਖੁਸ਼ੀ ਵਿਚ 300 ਤੋਂ ਵਧ ਕਿਸਾਨਾਂ ਨੇ ਪੀਏਯੂ ਅਧਿਕਾਰੀਆਂ ਨਾਲ ਇਕ ਸਮੂਹਿਕ ਫੋਟੋ ਵੀ ਕਰਵਾਈ। ਬਿਨਾਂ ਸ਼ੱਕ ਇਸ ਐਸੋਸੀਏਸ਼ਨ ਦੀ ਸਥਾਪਤੀ ਵਾਤਾਵਰਨ ਹਿਤੈਸ਼ੀ ਕਿਰਸਾਨੀ ਲਈ ਇਕ ਮੀਲ ਪੱਥਰ ਸਾਬਿਤ ਹੋਵੇਗੀ । 

 


author

Neha Meniya

Content Editor

Related News