ਪੀ.ਏ.ਯੂ. ਦੇ ਭੂਮੀ ਵਿਗਿਆਨੀ ਨੂੰ ਮਿਲਿਆ ਅੰਤਰਰਾਸ਼ਟਰੀ ਜ਼ਿੰਕ ਪੁਰਸਕਾਰ
Thursday, Dec 13, 2018 - 03:43 PM (IST)

ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਦੇ ਸੀਨੀਅਰ ਭੂਮੀ ਵਿਗਿਆਨੀ ਡਾ. ਐਸ. ਐਸ. ਧਾਲੀਵਾਲ ਨੂੰ ਭਾਰਤੀ ਖੇਤੀ ਵਿਚ ਜ਼ਿੰਕ ਦੇ ਪ੍ਰਸਾਰ ਲਈ 2੦18 ਦਾ ਵੱਕਾਰੀ ਪੁਰਸਕਾਰ ਮਿਲਿਆ ਹੈ । ਉਨ੍ਹਾਂ ਨੂੰ ਇਹ ਐਵਾਰਡ ਐਫ. ਏ. ਆਈ. ਦੇ ਸਲਾਨਾ ਸੈਮੀਨਾਰ ਵਿਚ ਸ੍ਰੀ. ਡੀ .ਵੀ ਸਦਾਨੰਦ ਮਾਣਯੋਗ ਮੰਤਰੀ ਕੈਮੀਕਲਜ਼ ਅਤੇ ਫਰਟੀਲਾਈਜਰਜ਼ ਅਤੇ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਪ੍ਰਦਾਨ ਕੀਤਾ। ਇਸ ਪੁਰਸਕਾਰ ਵਿਚ ਗੋਲਡ ਮੈਡਲ, ਪ੍ਰਮਾਣ-ਪੱਤਰ, ਪ੍ਰਸ਼ੰਸਾ ਪੱਤਰ ਅਤੇ ਨਕਦ ਰਾਸ਼ੀ ਵੀ ਸ਼ਾਮਲ ਹੈ। ਇਹ ਪੁਰਸਕਾਰ ਡਾ. ਧਾਲੀਵਾਲ ਨੂੰ ਜ਼ਿੰਕ ਫਰਟੀਲਾਈਜਰਜ਼ ਦੀ ਵੱਖ-ਵੱਖ ਫਸਲਾਂ ਲਈ ਸੁਚੱਜੀ ਵਰਤੋਂ ਹਿੱਤ ਵਿਕਸਿਤ ਤਕਨਾਲੋਜੀ ਵਿਚ ਯੋਗਦਾਨ ਲਈ ਦਿੱਤਾ ਗਿਆ ।
ਜ਼ਿਕਰਯੋਗ ਹੈ ਕਿ ਡਾ. ਧਾਲੀਵਾਲ 1994 ਵਿਚ ਸਹਾਇਕ ਭੂਮੀ ਵਿਗਿਆਨ ਵਜੋਂ ਪੀ.ਏ.ਯੂ. ਦਾ ਹਿੱਸਾ ਬਣੇ। ਵਰਤਮਾਨ ਸਮੇਂ ਉਹ ਏ.ਆਈ.ਸੀ.ਆਰ.ਪੀ. ਦੀ ਲਘੂ-ਪੋਸ਼ਕ ਤੱਤ ਸਕੀਮ ਦੇ ਇੰਚਾਰਜ ਦੀਆਂ ਸੇਵਾਵਾਂ ਸੰਭਾਲ ਰਹੇ ਹਨ। ਉਨ੍ਹਾਂ ਨੇ 2009 ਵਿਚ ਇਕ ਵਿਗਿਆਨੀ ਦੇ ਤੌਰ 'ਤੇ ਯੂਨੀਵਰਸਿਟੀ ਆਫ ਫਲੋਰਿਡਾ ਦਾ ਦੌਰਾ ਵੀ ਕੀਤਾ। ਉਨ੍ਹਾਂ ਨੂੰ ਉਹਨਾਂ ਦੇ ਕਾਰਜਾਂ ਲਈ ਬਹੁਤ ਸਾਰੇ ਐਵਾਰਡ ਵੀ ਪ੍ਰਾਪਤ ਹੋਏ ਜਿਨ੍ਹਾਂ ਵਿਚ 2016 ਦਾ ਚੌਧਰੀ ਦੇਵੀ ਲਾਲ ਐਵਾਰਡ ਪ੍ਰਮੁੱਖ ਹੈ। ਉਹ ਬਹੁਤ ਸਾਰੇ ਖੋਜ ਪ੍ਰੋਜੈਕਟਾਂ ਦੇ ਨਿਗਰਾਨ ਵਜੋਂ ਕਾਰਜਸ਼ੀਲ ਰਹੇ ਹਨ ਅਤੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕਲਾਸਾਂ ਦੇ ਅਧਿਆਪਕ ਦੇ ਨਾਲ-ਨਾਲ ਐਮ.ਐਸ.ਸੀ. ਅਤੇ ਪੀ.ਐਚ.ਡੀ. ਵਿਦਿਆਰਥੀਆਂ ਦੇ ਨਿਗਰਾਨ ਵੀ ਰਹੇ ਹਨ ।
ਡਾ. ਧਾਲੀਵਾਲ ਨੇ ਲਘੂ-ਪੋਸ਼ਕ ਤੱਤਾਂ ਦੇ ਖੇਤਰ ਵਿਚ ਬਹੁਤ ਜ਼ਿਕਰਯੋਗ ਕੰਮ ਕੀਤਾ ਹੈ। ਉਨ੍ਹਾਂ ਨੇ ਵੱਖ-ਵੱਖ ਫ਼ਸਲੀ ਚੱਕਰਾਂ ਦੀਆਂ ਫ਼ਸਲਾਂ ਲਈ ਜ਼ਿੰਕ ਫਾਰਟੀਲਾਈਜਰਜ਼ ਦੀ ਵਰਤੋਂ ਤੇ ਇਸਦੇ ਪ੍ਰਭਾਵਾਂ ਬਾਰੇ ਵਿਸਤ੍ਰਿਤ ਖੋਜ ਕੀਤੀ ਹੈ। ਅਜਿਹਾ ਕਰਦਿਆਂ ਉਨ੍ਹਾਂ ਨੇ 10 ਤੋਂ ਵਧੇਰੇ ਨਵੀਆਂ ਤਜਵੀਜਾਂ ਲਘੂ ਤੱਤਾਂ ਦੇ ਖੇਤਰ ਵਿਚ ਕੀਤੀਆਂ ਜਿਨ੍ਹਾਂ ਨਾਲ ਭੂਮੀ ਦੇ ਉਪਜਾਊਪਨ ਅਤੇ ਫ਼ਸਲੀ ਪੋਸ਼ਟਕਤਾ ਦਾ ਸੁਮੇਲ ਬਣਾਇਆ ਜਾ ਸਕਦਾ ਹੈ । ਉਨ੍ਹਾਂ ਦੀਆਂ ਅਕਾਦਮਿਕ ਖੋਜ ਦੇ ਖੇਤਰ ਵਿਚ 300 ਤੋਂ ਵਧੇਰੇ ਪ੍ਰਕਾਸ਼ਨਾਵਾਂ ਹਨ। ਉਨ੍ਹਾਂ ਨੇ 'ਖੇਤੀ ਅਤੇ ਵਾਤਾਵਰਣੀ ਬਦਲਾਅ' ਵਿਸ਼ੇ ਤੇ ਇਕ ਕਿਤਾਬ ਦੀ ਸੰਪਾਦਨ ਵੀ ਕੀਤੀ ਹੈ।
ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਡੀਨ ਖੇਤੀਬਾੜੀ ਕਾਲਜ ਡਾ. ਐਸ ਐਸ ਕੁੱਕਲ ਨੇ ਵਿਗਿਆਨੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
ਜਗਦੀਸ਼ ਕੌਰ