ਕੁੱਤੇ ਰੱਖਣ ਦੀ ਨਹੀਂ ਲੋੜ

07/26/2018 2:02:48 PM

ਬਹੁਤ ਸਮਾਂ ਪਹਿਲਾਂ ਮਨੁੱਖ ਨੇ ਆਪਣੀ ਜ਼ਰੂਰਤ ਅਤੇ ਸਹੂਲਤ ਵਾਸਤੇ ਪਸ਼ੁ ਜਾਨਵਰ ਅਤੇ ਪੰਛੀ ਪਾਲਣੇ ਸ਼ੁਰੂ ਕਰ ਦਿੱਤੇ ਸਨ, ਜਿੱਥੇ ਬਲਦ ਅਤੇ  ਊਠ ਢੋਆ-ਢੁਆਈ ਅਤੇ ਜ਼ਮੀਨ ਵਾਹੁਣ ਦੇ ਕੰਮ ਆਉਂਦੇ ਸਨ। ਘੋੜੇ-ਘੋੜੀਆਂ ਇਕ ਥਾਂ ਤੋਂ ਦੂਜੇ ਥਾਂ ਜਾਣ ਵਾਸਤੇ ਸਵਾਰੀ ਕਰਨ ਦੇ ਕੰਮ ਆਉਂਦੇ ਸਨ । ਮੱਝਾਂ, ਗਾਵਾਂ, ਭੇਡਾਂ ਅਤੇ ਬੱਕਰੀਆਂ ਦੁਧਾਰੂ ਪਸ਼ੂ ਮਨੁੱਖੀ ਖੁਰਾਕ ਦਾ ਵੱਡਮੁੱਲਾ ਖਜ਼ਾਨਾ ਸਨ। ਮੁਰਗੇ-ਮੁਰਗੀਆਂ ਤੋਂ ਮੀਟ ਅਤੇ ਆਂਡੇ ਪ੍ਰਾਪਤ ਹੁੰਦੇ ਸਨ । ਕੁੱਤੇ ਅਤੇ ਬਿੱਲੀਆਂ ਘਰਾਂ ਦੀ ਰਾਖੀ ਵਾਸਤੇ ਸਹਾਇਕ ਸਨ ।
ਪ੍ਰੰਤੂ ਸਮੇਂ ਦੀ ਚਾਲ ਚੱਲਦਿਆਂ ਮਾਹੌਲ ਅਤੇ ਹਾਲਾਤਾਂ ਵਿਚ ਬਹੁਤ ਵੱਡੀ ਤਬਦੀਲੀ ਆ ਚੁੱਕੀ ਹੈ । ਮਸ਼ੀਨਰੀ ਯੁੱਗ ਨੇ ਪਸ਼ੂ ਪਾਲਣ ਦੀ ਲੋੜ ਅਤੇ ਮਹੱਤਵ ਨੂੰ ਬਿਲਕੁੱਲ ਖਤਮ ਕਰਕੇ ਰੱਖ ਦਿੱਤਾ ਹੈ। ਊਠ, ਬਲਦ, ਘੋੜੇ-ਘੋੜੀਆਂ, ਭੇਡਾਂ ਅਤੇ ਬੱਕਰੀਆਂ ਲਗਭਗ ਸਭ ਘਰਾਂ ਵਿਚੋਂ ਗਾਇਬ ਹੋ    ਚੁੱਕੇ ਹਨ । ਮੱਝਾਂ ਅਤੇ ਗਾਵਾਂ ਦੀ ਗਿਣਤੀ ਮਹਿੰਗਾਈ ਕਾਰਨ ਘਟਦੀ ਜਾ ਰਹੀ ਹੈ । 
ਪੰਤੂ ਵੱਡੇ ਪੱਧਰ ਤੇ ਸ਼ਹਿਰੀਕਰਨ ਹੋ ਜਾਣ ਦੇ ਬਾਵਜੂਦ ਮਨੁੱਖ ਨੇ ਅੱਜ ਤੱਕ ਕੁੱਤਾ ਪਾਲਣ ਦਾ ਸ਼ੌਂਕ ਨਹੀਂ ਛੱਡਿਆ, ਜਿਸਨੂੰ ਹੁਣ ਸ਼ੌਂਕ ਨਹੀਂ, ਰੋਗ ਕਿਹਾ ਜਾ ਸਕਦਾ ਹੈ । ਕਹਿ ਸਕਦੇ ਹਾਂ ਕਿ ਮਨੁੱਖ ਅੱਜ ਤੱਕ ਬਿਨ੍ਹਾਂ ਲੋੜ ਤੋਂ ਕੁੱਤੇ ਦਾ ਗੁਲਾਮ ਬਣਿਆ ਚੱਲਿਆ ਆ ਰਿਹਾ ਹੈ । ਸੁਬ੍ਹਾ ਸਵੇਰੇ ਬਹੁਤ ਸਾਰੇ ਸ਼ਹਿਰੀ ਤਾਜ਼ੀ ਅਤੇ ਸਾਫ-ਸੁਥਰੀ ਹਵਾ ਖਾਣ ਪਾਰਕਾਂ ਅਤੇ ਹੋਰ ਖੁਲ੍ਹੀਆਂ ਥਾਵਾਂ ਤੇ ਸੈਰ ਕਰਨ ਜਾਂਦੇ ਹਨ ਪਰ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਆਪਣੀ ਆਜ਼ਾਦ ਘੁੰਮਣ ਦੀ ਹਸਤੀ ਨੂੰ ਮਿਟਾਕੇ ਬਹੁਤ ਸਾਰੇ ਆਮ ਆਦਮੀ ਤੋਂ ਲੈ ਕੇ ਉਨੂੰਚ ਰੁਤਬਿਆਂ ਅਤੇ ਅਹੁਦਿਆਂ ਤੇ ਬਿਰਾਜਮਾਨ ਮਰਦ ਅਤੇ ਔਰਤਾਂ ਸੁਬ੍ਹਾ ਸਵੇਰੇ ਆਪਣੇ ਕੁੱਤੇ ਦੀ ਗੁਲਾਮੀ ਕਰਦੇ, ਉਸ ਦੀ ਬਦਬੂ ਝੱਲਦੇ ਨਜ਼ਰ ਆਉਂਦੇ ਹਨ । ਇਸ ਸਮੇਂ ਦੂਸਰਿਆਂ ਦੇ ਘਰਾਂ ਮੁਹਰੇ ਗੰਦ ਪਾਉਂਣ 'ਤੇ ਤੂੰ_ਤੂੰ, ਮੈਂ_ਮੈਂ ਅਤੇ ਬਗੈਰ ਕਿਸੇ ਲਿਹਾਜ਼ ਲਾਹਪਾਹ ਹੁੰਦੀ ਆਮ ਦੇਖੀਦੀ ਹੈ ।
ਮੇਰੇ ਗਵਾਂਢ 10 ਫੁੱਟ ਉਚੀ ਕੱਚ ਲੱਗੀ ਕੰਧ ਟੱਪਕੇ ਚੋਰ ਆਰਾਮ ਨਾਲ ਸਲੰਡਰ ਚੋਰੀ ਕਰਕੇ ਲੈ ਗਏ । ਡਾਕਟਰ ਸਾਹਿਬ ਦੇ ਸ਼ੇਰ ਕੱਦ, ਮੀਟ ਪਾ_ਪਾ ਪਾਲੇ ਕੁੱਤੇ ਨੇ ਚੂੰਅ ਤੱਕ ਨਹੀਂ ਕੀਤੀ । ਇਕ ਹੋਰ ਘਰੇ ਦੋ ਕੁੱਤੇ ਹੋਣ ਦੇ ਬਾਵਜੂਦ ਚੋਰ ਭਾਰੀ ਬੈਟਰੀ ਅਤੇ ਇਨਵਰਟਰ ਤੇ ਹੱਥ ਸਾਫ ਕਰ ਗਏ । ਘਰ ਦੇ ਮਾਲਿਕ, ਬੱਚਿਆਂ ਅਤੇ ਘਰ ਆਏ ਮਹਿਮਾਨਾਂ ਨੂੰ ਬੁਰੀ ਤਰ੍ਹਾਂ ਵੱਡਣ ਦੀਆਂ ਦਰਦਨਾਕ ਖਬਰਾਂ ਆਮ ਸੁਣਨ ਅਤੇ ਪੜ੍ਹਨ ਨੂੰ ਮਿਲਦੀਆਂ ਹਨ । ਕੁੱਤੇ ਨੂੰ ਘਰ ਛੱਡ ਕੇ ਆਦਮੀ ਕਿਸੇ ਸ਼ਾਦੀ ਗਮੀ ਵਿਚ ਨਿਸ਼ਚਿੰਤ ਹੋ ਕੇ ਸ਼ਾਮਿਲ ਨਹੀਂ ਹੋ ਸਕਦਾ । ਕਿਸੇ ਰਿਸ਼ਤੇਦਾਰ ਦੇ ਘਰ ਆਉਂਣ ਤੇ ਕੁੱਤਾ ਸਿਰਦਰਦੀ ਦਾ ਕਾਰਨ ਬਣ ਜਾਂਦਾ ਹੈ । ਘਰ ਵਿਚ ਚੰਗੀ ਜਗ੍ਹਾ ਉਪਲੱਬਧ ਨਾ ਹੋਣ ਕਰਕੇ ਕੁੱਤੇ ਨੂੰ ਛੱਤ ਤੇ ਟੰਗ ਕੇ ਇਕ ਤਰ੍ਹਾਂ ਨਾਲ ਜ਼ੁਲਮ ਹੀ ਢਾਇਆ ਜਾਂਦਾ ਹੈ । ਆਖਿਰ ਕੁੱਤੇ ਵਲੋਂ ਘਰ ਵਿਚ ਰੋਟੀਆਂ ਖਾਣ, ਗੰਦ ਪਾਉਂਣ, ਵਾਲ ਖਿਲਾਰਨ ਅਤੇ ਆਬੋ ਹਵਾ ਪਰਦੂਸ਼ਿਤ ਕਰਨ ਤੋਂ ਬਿਨਾਂ ਹੋਰ ਕੀ ਮਿਲਦਾ ਹੈ? 
                  ਕਈ ਅਮੀਰ ਅਤੇ ਸ਼ਦਾਈ ਸੁਭਾਅ ਦੇ ਆਦਮੀ ਆਪਣੇ ਕੁੱਤੇ ਦਾ ਪਾਲਣ_ਪੋਸ਼ਣ ਆਪਣੇ ਬੱਚਿਆਂ ਨਾਲੋਂ ਵੀ ਵਧ ਕਰਦੇ ਹਨ । ਜੋ ਆਪਣੇ ਕੁੱਤਿਆਂ ਨੂੰ ਏ. ਸੀ. ਕਮਰਿਆਂ ਅਤੇ ਮਹਿੰਗੀਆਂ ਗੱਡੀਆਂ ਦਾ ਆਨੰਦ ਦੇ ਸਕਦੇ ਹਨ । ਇਕ ਮਹੀਨੇ ਦੇ ਕਤੂਰੇ ਦੇ ਪੈਰ ਤੇ ਲਗੀ    ਮਾਮੂਲੀ ਸੱਟ, ਗੰਭੀਰ ਸੱਟ ਹੋਣ ਦੇ ਸ਼ੱਕ ਵਿਚ ਮੋਗਾ ਤੋਂ ਲੁਧਿਆਣਾ ਆਪਣੀ ਕਾਰ ਤੇ ਲਿਜਾ ਕੇ ਐਕਸਰੇ ਕਰਵਾਕੇ ਲਿਆਉਂਦੇ ਮੈਂ ਖੁਦ ਦੇਖਿਆ ਹੈ । ਪਰ ਅਸੀਂ ਆਮ ਸਧਾਰਨ ਅਤੇ ਮੱਧ ਵਰਗ ਨਾਲ ਸੰਬੰਧ ਰੱਖਣ ਵਾਲੇ ਲੋਕ ਹਾਂ, ਜੇਕਰ ਆਮ ਆਦਮੀ ਅਮੀਰਾਂ ਦੀ ਰੀਸ ਕਰਨਗੇ ਤਾਂ ਮੁਸ਼ਕਿਲਾਂ ਵਿਚ ਘਿਰੇ ਰਹਿਣਗੇ ।
                  ਕੁਝ ਲੋਕ ਵਪਾਰਿਕ ਨਜ਼ਰੀਏ ਨਾਲ ਵੀ ਵੱਖ-ਵੱਖ ਨਸਲ ਦੇ ਕੁੱਤੇ ਪਾਲਦੇ ਵੇਖਦੇ ਹਾਂ ਪਰ ਇਹ ਕੌੜਾ ਸੱਚ ਹੈ ਕਿ ਜਿੱਥੇ ਇਸ ਤਰ੍ਹਾਂ ਕੁੱਤੇ ਪਾਲਣ ਵਾਲੇ ਬਦਬੂ ਤੋਂ ਪੀੜਿਤ ਹੁੰਦੇ ਹਨ । ਉਥੇ ਆਂਢੀ-ਗਵਾਂਢੀਆਂ ਦੀ ਕੁੱਤਿਆਂ ਦੇ ਭੌਕਣ ਨਾਲ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਹਰਾਮ ਕੀਤੀ ਜਾਂਦੀ ਹੈ । ਕੁੱਤਾ ਰੱਖਣ ਦਾ ਸਨਕ ਤਾਂ ਆਸਟ੍ਰੇਲੀਆ, ਕਨੇਡਾ, ਅਮਰੀਕਾ ਆਦਿ ਵਿਕਸਿਤ ਦੇਸ਼ਾਂ ਵਿਚ ਵੀ ਆਮ ਹੈ । ਹਾਂ ਪਰ    ਕੁੱਤੇ ਨੂੰ ਬਾਹਰ ਘੁੰਮਾਉਣ ਸਮੇਂ ਮਾਲਿਕ ਨੂੰ ਆਪਣੇ ਪਾਸ ਇਕ ਲਿਫਾਫਾ ਰੱਖਣਾ ਪੈਂਦਾ ਹੈ । ਜਿਸ ਨਾਲ ਕੁੱਤੇ ਦਾ ਗੰਦ ਚੁੱਕ ਕੇ ਇਕ ਅੱਧਾ ਕਿਲੋਮੀਟਰ ਦੂਰ ਡਸਟਬਿਨ ਤਕ ਲਿਜਾਣਾ ਪੈਂਦਾ ਹੈ। ਪੂਰੀ ਤਰ੍ਹਾਂ ਵਿਕਸਿਤ ਅਤੇ ਸੱਭਿਅਕ ਸਮਾਜ ਦੇ ਲੋਕ ਵੀ ਲੀਹੋਂ ਲੱਥੇ ਮਹਿਸੂਸ ਹੁੰਦੇ ਹਨ।
ਸਾਡੇ ਪੰਜਾਬ ਦਾ ਤਾਂ ਬਾਬਾ ਆਦਮ ਹੀ ਨਿਰਾਲਾ ਹੈ । ਇੱਥੇ ਅਵਾਰਾ ਕੁੱਤਿਆਂ ਦੇ ਝੁੰਡ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ, ਹਸਪਤਾਲਾਂ, ਸਕੂਲਾਂ, ਬੱਸ ਸਟੈਂਡ, ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ ਅਤੇ ਧਾਰਮਿਕ ਸਥਾਨਾਂ 'ਤੇ ਬੇਖੌਫ ਆਰਾਮ ਕਰਦੇ ਦੇਖ ਸਕਦੇ ਹਾਂ । ਅਵਾਰਾ ਕੁੱਤੇ ਗਲੀਆਂ ਅਤੇ ਬਜ਼ਾਰਾਂ ਵਿਚ ਸ਼ਰੇਆਮ ਦਨਦਨਾਉਂਦੇ ਫਿਰਦੇ ਹਨ ਅਤੇ ਕਈ ਵਾਰ ਰਾਹਗੀਰਾਂ ਨੂੰ ਸ਼ਰਮਸਾਰ ਕਰਦੇ ਆਮ ਦੇਖਦੇ ਹਾਂ । ਕੁੱਤਾ ਪ੍ਰੇਮੀਆਂ ਨੂੰ ਕੁੱਤਾ ਰੱਖਣ ਦੀ ਗੰਭੀਰ ਸਮੱਸਿਆ ਬਾਰੇ ਸੋਚਣਾ ਬਣਦਾ ਹੈ । ਵੇਲਾ ਵਿਹਾਅ ਚੁੱਕੇ ਇਸ ਸ਼ੌਂਕ ਤੋਂ ਕਿਨਾਰਾ ਕਰਨ ਦੀ ਜ਼ਰੂਰਤ ਹੈ । 
ਬਲਵਿੰਦਰ ਸਿੰਘ ਰੋਡੇ, 
ਮੋਗਾ, ਜਿਲ੍ਹਾ ਮੋਗਾ ।
ਮੋਬਾ: 09855738113


Related News