ਐਵਾਨ-ਏ-ਗ਼ਜ਼ਲ: ਕਿਰਤੀ ਤਾਂ ਹਰ ਤਰਫ਼ ਤੋਂ, ਬੇਜ਼ਾਰ ਜਾਪਦਾ ਹੈ....

05/16/2022 4:27:24 PM

ਲੇਖਕ: ਸਤਨਾਮ ਸਿੰਘ ਦਰਦੀ 
(ਚਾਨੀਆਂ-ਜਲੰਧਰ)
92569-73526


ਅਠਤਾਲ਼ੀ
ਕਰਦੇ ਹਾਂ ਯਤਨ ਜੋ ਵੀ, ਬੇਕਾਰ ਜਾਪਦਾ ਹੈ।
ਹਰ ਪਲ ਹੀ ਆਉਣ ਵਾਲਾ, ਦੁਸ਼ਵਾਰ ਜਾਪਦਾ ਹੈ।

ਅਪਣੇ ਗ਼ਮਾਂ ਦਾ ਪੁੱਛੀਏ, ਕਿਸ ਨੂੰ ਇਲਾਜ ਜਾ ਕੇ,
ਸਾਡਾ ਮਸੀਹਾ ਖ਼ੁਦ ਹੀ, ਬੀਮਾਰ ਜਾਪਦਾ ਹੈ।

ਮੇਰੇ ਤੋਂ ਮੂੰਹ ਭਵਾ ਕੇ, ਤੂੰ ਤੁਰ ਗਿਆ ਜਦੋਂ ਦਾ,
ਸਾਰਾ ਹੀ ਸੁੰਨਾ ਸੁੰਨਾ, ਸੰਸਾਰ ਜਾਪਦਾ ਹੈ।

ਗਾਉਂਦਾ ਹੈ ਰੋਜ਼ ਨਗ਼ਮੇ, ਭਾਰਤ ਮਹਾਨ ਦੇ ਜੋ,
ਲਿਖਦਾ ਹੈ ਝੂਠ ਸਾਰਾ, ਅਖ਼ਬਾਰ ਜਾਪਦਾ ਹੈ।

ਸਾਰੀ ਉਮਰ ਹੈ ਚੁਕਿਆ, ਬਚਿਆਂ ਦਾ ਭਾਰ ਜਿਸ ਨੇ,
ਖੂੰਜੇ 'ਚ ਬੈਠਾ ਬਾਪੂ, ਹੁਣ ਭਾਰ ਜਾਪਦਾ ਹੈ।

ਹਰ ਚੀਜ਼ ਵਿਚ ਮਿਲਾਵਟ, ਤੋਲਾਂ 'ਚ ਹੇਰਾ ਫੇਰੀ,
ਅੱਡਾ ਲੁਟੇਰਿਆਂ ਦਾ, ਬਾਜ਼ਾਰ ਜਾਪਦਾ ਹੈ।

ਘੁਟਦੇ ਨੇ ਪੈਰ ਆ ਕੇ, ਜਿਸ ਦੇ ਸਮੇਂ ਦੇ ਹਾਕਮ,
ਪੜ੍ਹਿਆਂ ਤੋਂ ਬਾਬਾ ਅਨਪੱੜ, ਹੁਸ਼ਿਆਰ ਜਾਪਦਾ ਹੈ।

ਢੇਰਾਂ ਤੋ ਚੁੱਗ ਰਹੇ ਨੇ, ਕਚਰਾ ਜੋ ਢਿੱਡ ਖਾਤਰ,
ਮੈਨੂੰ 'ਤ ਇਹ ਆਪਣਾ, ਪਰਿਵਾਰ ਜਾਪਦਾ ਹੈ।

ਜਾਂਦੇ ਨੇ ਦੇਸ਼ ਲੁੱਟੀ, ਹਨ ਹੱਥ ਜਿਨ੍ਹਾਂ ਦੇ ਲੰਬੇ,
ਕਿਰਤੀ ਤਾਂ ਹਰ ਤਰਫ਼ ਤੋਂ, ਬੇਜ਼ਾਰ ਜਾਪਦਾ ਹੈ।


ਉਣੱਜਾ

ਮੈਂ ਦਰਦ ਕਹਾਣੀ ਕਹਿੰਦਾ ਹਾਂ, ਦੇਵੇ ਜੇ ਹੁੰਗਾਰਾ ਕਦੀ ਕਦੀ।
ਮੈਂ ਸਾਕੀ ਤੇਰੀਆਂ ਬ੍ਹਾਵਾਂ ਦਾ, ਚਾਹੁੰਦਾ ਹਾਂ ਸਹਾਰਾ ਕਦੀ ਕਦੀ।
ਉਹ ਮਾਲਕ ਮਨ ਦੀਆਂ ਮੌਜਾਂ ਦਾ,ਕਦੀ ਮਿਨਤਾਂ ਨਾਲ ਨਹੀਂ ਮਨਦਾ,
ਕਦੀ ਬਿਨ ਸਦਿਓਂ ਹੀ ਆ ਜਾਂਦਾ, ਉਹ ਆਪ ਮੁਹਾਰਾ ਕਦੀ ਕਦੀ।
ਨਿਸ਼ਚਾ ਹੈ ਫਾਹੀ ਜ਼ਿੱਲਤਾਂ ਦੀ, ਜ਼ਿੰਦਗੀ ਭਰ ਗਲ਼ ਚੋਂ ਨਹੀਂ ਲਹਿਣੀ,
ਤੁੱਲ ਬਹੇ ਬਗ਼ਾਵਤ ਤੇ ਫਿਰ ਵੀ, ਇਹ ਦਿਲ ਦੁਖਿਆਰਾ ਕਦੀ ਕਦੀ।
ਹੰਝੂਆਂ ਨੂੰ ਡੱਕ ਡੱਕ ਰੱਖਦਾ ਹਾਂ, ਮੈਂ ਬੰਨ੍ਹ ਸਬਰ ਦੇ ਲਾ ਲਾ ਕੇ,
ਯਾਦਾਂ ਦੀਆਂ ਛੱਲਾਂ ਵੱਜ ਵੱਜ ਕੇ ,ਟੁਟ ਜਾਏ ਕਿਨਾਰਾ ਕਦੀ ਕਦੀ।
ਨਾ ਫਿਕਰ ਐ ਹਮਦਰਦੋ, ਮੇਰਾ ਆਲ੍ਹਣਾ ਸੜਦਾ ਸੜਨ ਦਿਓ,
ਘਰ ਫੂਕ ਤਮਾਸ਼ਾ ਦੇਖਣ ਦਾ, ਮਿਲਦਾ ਹੈ ਨਜ਼ਾਰਾ ਕਦੀ ਕਦੀ।
ਅੰਗੂਰ ਆਣ ਜਦ ਜ਼ਖ਼ਮਾਂ ਤੇ, ਤੇਰੀ ਯਾਦ ਕਿਤੇ ਨਾ ਭੁੱਲ ਜਾਏ,
ਲਾ ਜਾਇਆ ਕਰ ਤੂੰ ਬੇਦਰਦੀ ,ਕੋਈ ਫੱਟ ਕਰਾਰਾ ਕਦੀ ਕਦੀ।


ਪੰਜਾਹ
ਅਪਣਾ ਖ਼ਿਆਲ ਰੱਖੋ ,ਮੌਸਮ ਖ਼ਰਾਬ ਹੈ।
ਪਰਦੇ 'ਚ ਮਾਲ ਰੱਖੋ, ਮੌਸਮ ਖ਼ਰਾਬ ਹੈ।

ਘਰ ਦਾ ਪਤਾ ਟਿਕਾਣਾ, ਆਪਣੇ ਬਚਾ ਦਾ ਸਾਧਨ।
ਹਰ ਵਕਤ ਨਾਲ ਰੱਖੋ, ਮੌਸਮ ਖ਼ਰਾਬ ਹੈ।

ਅੱਖਾਂ ਤੋਂ ਭੇਤ ਜਾਣੋ, ਡੁੱਲ੍ਹੋ ਨਾ ਸੂਰਤਾਂ ਤੇ,
ਸੁਰਤੀ ਸੰਭਾਲ ਰੱਖੋ, ਮੌਸਮ ਖ਼ਰਾਬ ਹੈ।

ਚੜ੍ਹਦੀ ਕਲਾ 'ਚ ਰਹਿ ਕੇ, ਹਰ ਹਾਲ ਮੁਸਕਰਾਓ,
ਦਿਲ ਨਾ ਮਲਾਲ ਰੱਖੋ, ਮੌਸਮ ਖ਼ਰਾਬ ਹੈ।

ਹੋਵੇ ਚਾਹੇ ਕਿਤੇ ਵੀ, ਘਰ ਵਿਚ ਸੰਪਰਕ ਰੱਖੋ,
ਨਾ ਘੌਲ ਘਾਲ ਰੱਖੋ, ਮੌਸਮ ਖ਼ਰਾਬ ਹੈ।

ਚੱਲੋ ਜ਼ਰਾ ਸੰਭਲ ਕੇ, ਸੜਕਾਂ ਤੇ ਹੈ ਅੰਧੇਰਾ,
ਬਲਦੀ ਮਸ਼ਾਲ ਰੱਖੋ, ਮੌਸਮ ਖ਼ਰਾਬ ਹੈ।

ਵੇਲਾ ਨਹੀਂ ਹੈ ਅੱਜ ਕੱਲ੍ਹ, ਜਾਉ ਕਿਤੇ ਇਕੱਲੇ,
ਜੇ ਹੋ ਸਕੇ ਤਾਂ ਅਪਣੇ, 'ਦਰਦੀ' ਨੂੰ ਨਾਲ ਰੱਖੋ।

ਆਪਣਾ ਖਿਆਲ ਰੱਖੋ ,ਮੌਸਮ ਖ਼ਰਾਬ ਹੈ,
ਪਰਦੇ 'ਚ ਮਾਲ ਰੱਖੋ, ਮੌਸਮ ਖ਼ਰਾਬ ਹੈ।


rajwinder kaur

Content Editor

Related News