ਵਿਕਾਸ ਦੀ ਦੌੜ ''ਚ ਕੁਦਰਤ ਦਾ ਵਿਨਾਸ਼

Saturday, Mar 30, 2019 - 01:03 PM (IST)

ਵਿਕਾਸ ਦੀ ਦੌੜ ''ਚ ਕੁਦਰਤ ਦਾ ਵਿਨਾਸ਼

ਕੁਦਰਤ ਆਪਣੇ ਆਪ ਵਿੱਚ ਧਰਤੀ ਦੀ ਸਭ ਤੋਂ ਕੀਮਤੀ ਦਾਤ ਹੈ। ਕੁਦਰਤ ਦੀ ਬੁੱਕਲ ਵਿੱਚ ਲੱਖਾਂ ਕਰੋੜਾਂ ਜੀਵ ਜੰਤੂ ਪਲਦੇ ਹਨ। ਇਸ ਉੱਪਰ ਮਨੁੱਖੀ ਜੀਵਨ ਵੀ ਕੁਦਰਤ ਕਰਕੇ ਹੀ ਸੰਭਵ ਹੈ। ਕੁਦਰਤ ਮਨੁੱਖੀ ਜਾਤੀ ਤੇ ਜੀਵ ਜੰਤੂਆਂ ਨੂੰ ਜੀਵਨ ਲਈ ਲੋੜੀਦੀਆਂ ਚੀਜ਼ਾਂ ਦਿੰਦਾ ਹੈ। ਜਿਸ ਵਿੱਚੋਂ ਆਕਸੀਜਨ, ਪਾਣੀ, ਫਲ਼ ਤੇ ਫਸਲਾਂ ਤੋਂ ਪੈਦਾ ਹੋਣ ਵਾਲਾ ਭੋਜਨ। ਸਮੇਂ ਸਮੇਂ ਕੁਦਰਤੀ ਪਰਿਵਰਤਨ ਆਉਦੇ ਰਹੇ ਹਨ। ਕੁਝ ਪਰਿਵਰਤਨ ਚੰਗੇ ਤੇ ਕੁਝ ਬੁਰੇ ਨਤੀਜਿਆਂ ਨੂੰ ਜਨਮ ਦਿੰਦੇ ਹਨ। ਜਦੋਂ ਮਨੁੱਖੀ ਜੀਵਨ ਹੌਦ ਵਿੱਚ ਆਇਆ ਉਦੋ ਜੰਗਲਾਂ ਚ ਜੀਵਨ ਦੀ ਸ਼ੁਰੂਆਤ ਹੋਈ। ਦਰੱਖਤਾਂ ਤੋਂ ਮਿਲਣ ਵਾਲੇ ਫਲ ਭੋਜਨ ਦੇ ਰੂਪ ਵਿੱਚ ਵਰਤੇ ਜਾਂਦੇ ਸਨ। ਫੇਰ ਹੌਲੀ ਹੌਲੀ ਘਰ ਹੋਂਦ ਵਿੱਚ ਆਉਣੇ ਸ਼ੁਰੂ ਹੋਏ, ਜਿਸਨੇ ਅੱਗ ਵਰਗੀਆਂ ਕਾਢਾਂ ਨੂੰ ਜਨਮ ਦਿੱਤਾ। ਫੇਰ ਸਮਾਂ ਬੀਤਣ ਦੇ ਨਾਲ ਵਿਕਾਸ ਨੇ ਜੰਗਲਾਂ ਨੂੰ ਖਤਮ ਕਰਕੇ ਇਮਾਰਤਾਂ ਦਾ ਨਿਰਮਾਣ ਕੀਤਾ। ਜ਼ਮੀਨ ਪੱਧਰੀ ਕਰਕੇ ਵਾਹੀਯੋਗ ਬਣਾਈ ਗਈ। ਸ਼ੁਰੂ ਸ਼ੁਰੂ ਵਿੱਚ ਫਸਲ ਗੁਜਾਰੇ ਜੋਗੀ ਹੁੰਦੀ ਸੀ। ਫੇਰ ਹਰੀ ਕ੍ਰਾਂਤੀ ਆਈ ਫਸਲਾਂ ਉੱਪਰ ਰੇਹਾਂ ਸਪਰੇਆ ਦੀ ਵਰਤੋਂ ਕਰਕੇ ਝਾੜ ਵਧਾਏ ਗਏ। ਜਿਸਦੇ ਨਤੀਜੇ ਕੁਝ ਜ਼ਿਆਦਾ ਚੰਗੇ ਨਹੀਂ ਹਨ। ਜੇ ਅਸੀਂ ਸਮਝੀਏ ਤਾਂ, ਕੁਦਰਤ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ 'ਚ ਅਸੀਂ ਬਹੁਤ ਪਿੱਛੇ ਚਲੇ ਜਾ ਰਹੇ ਹਾਂ। ਪਹਿਲਾ ਇੱਕ ਕੁਇੰਟਲ ਕਣਕ ਵਿੱਚ ਜਿੰਨੇ ਖੁਰਾਕੀ ਤੱਤ ਸਨ ਅੱਜ
ਉਨ੍ਹੇ ਹੀ ਖੁਰਾਕੀ ਤੱਤ ਦੋ ਜਾਂ ਤਿੰਨ ਕੁਇੰਟਲ ਵਿੱਚ ਮਿਲਦੇ ਹਨ। ਝਾੜ ਵੱਧ ਗਏ ਪਰ ਖ਼ੁਰਾਕੀ ਤੱਤ ਘੱਟ ਗਏ। ਇਸ ਵਧੇ ਹੋਏ ਝਾੜ ਨੇ ਸਾਡੇ ਖਰਚੇ ਵਧਾ ਦਿੱਤੇ, ਬਿਮਾਰੀਆਂ ਵੱਧ ਗਈ। ਜਿਹੜੀ ਹਰੀ ਕ੍ਰਾਂਤੀ ਬਾਹਰਲੇ ਦੇਸ਼ਾਂ ਵਿੱਚ ਫੇਲ੍ਹ ਹੋ ਚੁੱਕੀ ਸੀ ਸਾਨੂੰ ਉਸ ਫੇਲ੍ਹ ਹੋਏ ਮਾਡਲ ਉੱਪਰ ਕੰਮ ਕਰਨ ਦੀ ਕੀ ਲੋੜ ਸੀ। ਪਹਿਲਾਂ ਸਾਡੇ ਪੁਰਖੇ ਹੱਥੀ ਕਿਰਤ ਕਰਦੇ ਸਨ ਵਧੀਆਂ ਖੁਰਾਕ ਖਾਂਦੇ ਸਨ, ਉਹਨਾਂ ਦਾ ਪਹਿਰਾਵਾ ਵੀ ਸਾਦਾ ਹੁੰਦਾ ਸੀ। ਪਰ ਅੱਜ ਕੰਮ ਉਲਟ ਹੋ ਚੁੱਕਾ ਗੋਰੇ ਜਾਂ ਵਿਦੇਸ਼ੀ ਲੋਕ ਛੋਟੇ ਘਰਾਂ ਚ ਰਹਿ ਸਕਦੇ ਨੇ ਛੋਟੀਆਂ ਗੱਡੀਆਂ ਨਾਲ ਜ਼ਿੰਦਗੀ ਦੀ ਰਫਤਾਰ ਨਾਲ ਮੁਕਾਬਲਾ ਕਰ ਸਕਦੇ ਨੇ ਪਰ ਉਹ ਕਦੇ ਵੀ ਮਾੜੀ ਖੁਰਾਕ ਨਹੀਂ ਖਾਂਦੇ ਸਿਹਤ ਨੂੰ ਲੈਕੇ ਕੋਈ ਸਮਝੌਤਾ ਨਹੀਂ ਕਰਦੇ, ਸਾਰੇ ਹੱਥੀਂ ਕਿਰਤ ਵੀ ਕਰਦੇ ਹਨ। ਅਸੀ ਹੱਥੀ ਕੰਮ ਕਰਨਾ ਤਾਂ ਛੱਡਿਆਂ ਹੀ
ਹੈਂ ਸਗੋਂ ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਵੀ ਜ਼ਹਿਰ ਘੋਲ ਚੁੱਕੇ ਹਾਂ। ਸਾਡਾ ਸਿਹਤ ਵੱਲ ਕੋਈ ਧਿਆਨ ਨਹੀਂ। ਅਸੀਂ ਦਿਸ਼ਾਹੀਣ ਹੋ ਚੁੱਕੇ ਹਾਂ। ਪਰ ਅਸੀਂ ਵਿਕਾਸ ਦੇ ਨਾਮ ਤੇ ਵਿਨਾਸ਼ ਦੇ ਰਾਹ ਤੇ ਤੁਰ ਪਏ ਹਾਂ। ਆਉ ਕੁਦਰਤ ਨੂੰ ਉਜਾੜਨ ਦੀ ਥਾਂ ਸੰਵਾਰਨ ਵੱਲ ਧਿਆਨ ਦੇਣਾ ਸ਼ੁਰੂ ਕਰੀਏ, ਬਾਕੀ ਸਭ ਆਪਣੇ ਆਪ ਠੀਕ ਹੋ ਜਾਵੇਗਾ। ਸੜਕਾਂ ਚੌੜੀਆਂ ਕਰਨ ਦੇ ਚੱਕਰ ਚ , ਇਮਾਰਤਾਂ ਪਾਉਣ ਲਈ ਲੱਖਾਂ ਕਰੋੜਾਂ ਦੱਰਖਤ ਵੱਡ ਦਿੱਤੇ ਗਏ। ਪਰ ਕੀ ਅਸੀਂ ਕੁਝ ਇਸ ਤਰੀਕੇ ਨਾਲ ਨਹੀਂ ਸੋਚ ਸਕਦੇ ਕਿ ਵਿਕਾਸ ਲਈ ਜੋ ਦਰੱਖਤਾਂ ਨੂੰ ਵੱਡਣਾ ਹੈ ਉਸਤੋਂ ਵੱਧ ਗਿਣਤੀ ਵਿੱਚ ਨਵੇਂ ਦਰੱਖਤ ਪਹਿਲਾਂ ਈ ਤਿਆਰ ਕੀਤੇ ਜਾ ਸਕਣ। ਇਸ ਤਰ੍ਹਾਂ ਵਿਕਾਸ ਵੀ ਜਾਰੀ ਰਹੇਗਾ, ਤੇ ਕੁਦਰਤ ਵੀ ਪ੍ਰਭਾਵਿਤ ਨਹੀ ਹੋਵੇਗੀ। ਆਓ ਕੁਦਰਤ ਨੂੰ ਸਮਝੀਏ, ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਦਮ ਚੁੱਕੀਏ। ਪਾਣੀ ਵਰਗੀਆਂ ਕੁਦਰਤ ਦੀਆਂ ਅਨਮੋਲ ਦਾਤਾਂ ਨੂੰ ਸਾਂਭ ਕੇ ਰੱਖੀਏ ਤਾਂ ਜੋ ਆਉਣ ਵਾਲੀਆਂ
ਪੀੜੀਆਂ ਵੀ ਇਸ ਨੂੰ ਵਰਤ ਸਕਣ। ਕੁਦਰਤ ਤੋਂ ਅੱਗੇ ਵੱਧਣ ਦੀ ਕੋਈ ਲੋੜ ਨਹੀਂ ਕੁਦਰਤ ਨੂੰ ਨਾਲ ਲੈਕੇ ਚੱਲਣ ਵਿੱਚ ਹੀ ਵਿਕਾਸ ਹੈ। ਕੁਦਰਤ ਦੀ ਗੋਦ ਵਿੱਚ ਜੜੀ ਬੂਟੀਆਂ ਹਰ ਬਿਮਾਰੀਆਂ ਦੀ ਰੋਕਥਾਮ ਲਈ ਮੌਜੂਦ ਹਨ, ਪਰ ਲੋੜ ਹੈ ਸਾਨੂੰ ਇਸਦੀ ਜਾਣਕਾਰੀ ਦੀ। ਡਾਕਟਰਾਂ ਦੁਆਰਾ ਤਿਆਰ ਦਵਾਈ ਵੀ ਕੁਦਰਤੀ ਬੂਟੀਆਂ ਦੀ ਹੀ ਦੇਣ ਹੈ। ਆਓ ਸਾਰੇ ਕੁਦਰਤ ਨੂੰ ਸੰਵਾਰਨ ਦੀ ਰਾਹ ਤੇ ਕਦਮ ਪੁੱਟੀਏ ਤਾਂ ਜੋ ਗੁਰੂਆਂ ਦੁਆਰਾ ਇਸਨੂੰ ਦਿੱਤਾ ਮਾਣ ਸਤਿਕਾਰ ਦੁਆਰਾ ਦੇ ਸਕੀਏ, ਪਵਨ ਗੁਰੂ ਤੇ ਪਾਣੀ ਪਿਤਾ ਤੇ ਧਰਤੀ ਨੂੰ ਮਾਂ ਦੇ ਰੂਪ ਵਿੱਚ ਵੇਖੀਏ, ਕੋਈ ਪੁੱਤ ਨਹੀਂ ਚਾਹੇਗਾ ਕਿ ਉਸਦੀ ਮਾਂ ਦੀਆਂ ਨਸਾਂ ਵਿੱਚ ਪ੍ਰਦੂਸ਼ਣ ਹੋਵੇ।

ਲਿਖਤ ਅਤਿੰਦਰਪਾਲ ਸਿੰਘ ਪਰਮਾਰ
ਸੰਪਰਕ 81468 08995


author

Aarti dhillon

Content Editor

Related News