ਮੇਰੀ ਕਵਿਤਾ ਅਮਰ ਹੈ

Saturday, Apr 27, 2019 - 12:15 PM (IST)

ਮੇਰੇ ਸੱਜਣ ਪਿਆਰਿਓ ਲੱਖਾਂ ਮੌਤਾਂ ਭਾਵੇਂ ਮਰ ਜਾਵਾਂ,
ਪਰ ਮੇਰੀ ਕਵਿਤਾ ਅਮਰ ਹੈ, ਕਦੇ ਇਸਨੇ ਮਰਨਾ ਨਹੀਂ,
ਕੂੜ-ਕਪਟ ਤੇ ਚਤੁਰੀ-ਚਾਲਾਕੀ, ਦੁਨੀਆਂ ਝੱਲਦੀ ਏ,
ਪਰ ਸੱਚੇ ਹਰਫ਼ਾਂ ਵਾਲੀ ਨੂੰ ਕਿਸੇ ਭੜੂਏ ਜਰਨਾ ਨਹੀਂ।
ਮੇਰੇ ਸੱਜਣ ਪਿਆਰਿਓ ਲੱਖਾਂ ਮੌਤਾਂ ਭਾਵੇਂ ਮਰ ਜਾਵਾਂ...।
ਇਹ ਬਣ ਚਲੂਣੇ ਲੜਦੀ ਬਹੁਤੇ ਚੌਧਰ ਪੱਟਿਆ ਦੇ,
ਲੱਗੇ ਢਿੱਡ ਵਿੱਚ ਹੁੰਦੈ ਸੂਲ਼, ਸਭ ਉੱਲੂ ਦੇ ਪੱਠਿਆਂ ਦੇ,
ਇਹਨੂੰ ਜ਼ਖ਼ਮੀ ਕੀਤਾ ਮਾਨਵਤਾ ਦੇ ਰਸਤੇ ਕੰਡਿਆਂ ਨੇ,
ਢੂਏ ਤੱਕ ਜ਼ੋਰ ਲਗਾਉਂਣ ਭਾਵੇਂ, ਪਰ ਇਸਨੇ ਹਰਨਾ ਨਹੀਂ।
ਮੇਰੇ ਸੱਜਣ ਪਿਆਰਿਓ ਲੱਖਾਂ ਮੌਤਾਂ ਭਾਵੇਂ ਮਰ ਜਾਵਾਂ...।
ਕੋਈ ਅਸਲੀ ਚਿਹਰਾ ਸੀਸੇ ਵਿੱਚੋਂ ਤੱਕਣਾ ਚਾਹੁੰਦਾ ਨਹੀਂ,
ਏਥੇ ਕੂੜ ਦੇ ਸਭ ਵਪਾਰੀ, ਸੱਚਾ ਬਿਜ਼ਨਸ ਭਾਉਂਦਾ ਨਹੀਂ,
ਨਾ ਸਮਝਣਾ ਇਸ ਤਾਈਂ ਕੱਚਾ ਘੜਾ ਇਹ ਸੋਹਣੀ ਦਾ,
ਚਲੋ ਮੰਨ ਲੈਂਦੇ ਆਂ ਕੱਚਾ, ਫਿਰ ਵੀ ਇਸਨੇ ਖਰਨਾ ਨਹੀਂ।
ਮੇਰੇ ਸੱਜਣ ਪਿਆਰਿਓ ਲੱਖਾਂ ਮੌਤਾਂ ਭਾਵੇਂ ਮਰ ਜਾਵਾਂ...।
ਬੇਸ਼ੱਕ ਭੇਡਾਂ ਦੀਆਂ ਡਾਰਾਂ, ਬੇੜੀ ਮਜ਼ਬੂਤ ਬਣਾਈ ਏ,
ਮੈਂ-ਬਾਦ ਵਿੱਚ ਅੱਗੇ ਜਾਣ ਦੀ, ਬੇਸ਼ੱਕ ਰੇਸ ਲਗਾਈ ਏ,
ਬੇੜੀ ਦਾ ਚਾਲਕ ਸਦੀਆਂ ਤੋਂ, ਹੁਣ ਬੁੱਢਾ ਹੋ ਚੱਲਿਆ,
ਇਹਦੇ ਡੁੱਬਣੇ ਸਭ ਮੁਸਾਫ਼ਰ, ਕੋਈ ਵੀ ਤਰਨਾ ਨਹੀਂ।
ਮੇਰੇ ਸੱਜਣ ਪਿਆਰਿਓ ਲੱਖਾਂ ਮੌਤਾਂ ਭਾਵੇਂ ਮਰ ਜਾਵਾਂ...।
ਜੋ ਦੇਖ ਕੇ ਮੈਨੂੰ ਸੜਦੀ, ਬੇਸ਼ੱਕ ਦੁਨੀਆਂ ਸੜੀ ਜਾਵੇ,
ਜੋ ਆਪਣਾ ਕੀਤਾ ਭਾਵੇਂ, ਮੇਰੇ ਉੱਤੇ ਮੜੀ ਜਾਵੇ,
ਮੇਰੀ ਕਲਮ ਬੋਲਦੀ ਸੱਚ, ਕੂੜ ਦੀ ਛਾਤੀ ਮੂੰਗ ਦਲ਼ੇ,
ਜੋ ਵੈਰੀ ਨੇ ਪਰਸ਼ੋਤਮ ਬਿਨਾਂ ਇਨਾਂ ਦਾ ਸਰਨਾ ਨਹੀਂ।
ਮੇਰੇ ਸੱਜਣ ਪਿਆਰਿਓ ਲੱਖਾਂ ਮੌਤਾਂ ਭਾਵੇਂ ਮਰ ਜਾਵਾਂ...।
ਸਰੋਏ ਹਿੱਕ ਠੋਕ ਕੇ ਲਿਖਦਾ, ਸੱਚੇ ਹਰਫ਼ ਬਿਆਨਾਂ ਨੂੰ,
ਉਹਦੀ ਸੱਚ ਦੀ ਕਲਮ ਹੈ ਐਸੀ, ਜੋ ਮੋੜੇ ਤੁਫ਼ਾਨਾਂ ਨੂੰ,
ਇਹ ਗਿੱਦੜ ਲੂੰਬੜੀ ਵਾਲੀ ਖੇਡ ਸਿਆਸਤ ਜੋ ਖੇਡੇ,
ਪਰ ਮੇਰੀ ਕਵਿਤਾ ਨੇ, ਕਦੇ ਵੀ ਇਸਤੋਂ ਡਰਨਾ ਨਹੀਂ।
ਮੇਰੇ ਸੱਜਣ ਪਿਆਰਿਓ ਲੱਖਾਂ ਮੌਤਾਂ ਭਾਵੇਂ ਮਰ ਜਾਵਾਂ...।

ਪਰਸ਼ੋਤਮ ਲਾਲ ਸਰੋਏ,

ਮੋਬਾ : 92175-44348

Aarti dhillon

Content Editor

Related News