ਬਹੁਤਾ ਖਾਇਆ-ਬੜਾ ਦੁੱਖ ਪਾਇਆ

Friday, Jul 06, 2018 - 05:11 PM (IST)

ਬਹੁਤਾ ਖਾਇਆ-ਬੜਾ ਦੁੱਖ ਪਾਇਆ

ਸਿਆਣਿਆਂ ਦਾ ਕਹਿਣਾ ਹੈ ਕਿ ਹਰ ਵਿਅਕਤੀ ਨੂੰ ਖਾਣਾ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ ਅਤੇ ਖਾਸ ਕਰਕੇ ਭੁੱਖ ਰੱਖ ਕੇ ਖਾਣਾ ਜ਼ਰੂਰੀ ਹੈ।ਵਾਧੂ, ਲੋੜ ਤੋਂ ਵੱਧ ਜਾਂ ਜ਼ਿਆਦਾ ਖਾਣਾ ਸਰੀਰਕ ਪੱਖੋਂ ਵੀ ਮਾੜਾ ਹੈ ਅਤੇ ਇਹ ਖਾਣਾ ਬੀਮਾਰੀਆਂ ਨੂੰ ਵੀ ਜਨਮ ਦਿੰਦਾ ਹੈ। ਜਦੋਂ ਵੀ ਕਿਸੇ ਵਿਅਕਤੀ ਨੇ ਲੋੜ ਤੋਂ ਵੱਧ ਖਾਇਆ ਤਾਂ ਸਦਾ ਹੀ ਉਸ ਨੇ ਕੋਈ ਨਾ ਕੋਈ ਦੁੱਖ ਪਾਇਆ ਹੈ।
ਇਸੇ ਤਰ੍ਹਾਂ ਹੀ ਇਕ ਪਿੰਡ ਦੀ ਕਹਾਣੀ ਹੈ, ਉਸ ਪਿੰਡ ਦੇ ਚਾਰ-ਪੰਜ ਬੱਚੇ ਆਪਸ ਵਿਚ ਬਹੁਤ ਮਿੱਤਰ ਸਨ,  ਉਨ੍ਹਾਂ ਵਿਚ ਇਕ ਲੜਕਾ ਸੀ-ਕਾਕੂ। ਕਾਕੂ ਹੁਰਾਂ ਦੀ ਜ਼ਮੀਨ ਤਾਂ ਥੋੜ੍ਹੀ ਹੀ ਸੀ ਪਰ ਘਰ ਵਿਚ ਉਹ ਸਦਾ ਕਈ ਮੱਝਾਂ ਰੱਖਦੇ ਅਤੇ ਖਾਣ-ਪੀਣ ਨੂੰ ਘਰ ਵਿਚ ਖੁਲ੍ਹਾ ਹੀ ਹੁੰਦਾ। ਕਾਕੂ ਦੀ ਬੇਬੇ ਕਾਕੂ ਨੂੰ ਬਹੁਤ ਪਿਆਰ ਕਰਦੀ ਤੇ ਸਦਾ ਉਸਦੇ ਖਾਣ-ਪੀਣ ਵੱਲ ਹੀ ਜ਼ਿਆਦਾ ਧਿਆਨ ਕਰਦੀ। ਹਰ ਸਮੇਂ ਉਹ ਕਾਕੂ ਨੂੰ ਕੁਝ ਨਾ ਕੁਝ ਖਾਣ ਨੂੰ ਦਿੰਦੀ ਰਹਿੰਦੀ।
ਕਾਕੂ ਦੇ ਮਿੱਤਰ ਜਦੋਂ ਵੀ ਕਾਕੂ ਨੂੰ ਮਿਲਣ ਲਈ ਜਾਂਦੇ ਅਤੇ ਉਸ ਨੂੰ ਖੇਡਣ ਲਈ ਆਖਦੇ ਤਾਂ ਕਾਕੂ ਦੀ ਮਾਂ ਝੱਟ ਬੋਲਦੀ, ''ਬੱਚਿਓ! ਅਜੇ ਠਹਿਰੋ, ਮੈਂ ਇਸ ਨੂੰ ਕੁਝ ਖਾਣ ਲਈ ਦੇ ਦੇਵਾਂ, ਬਾਹਰ ਖੇਡਦੇ ਨੂੰ ਭੁੱਖ ਲੱਗ ਜਾਊ।'' ਇਸ ਤਰ੍ਹਾਂ ਕਾਕੂ ਦੇ ਮਿੱਤਰ ਜਿਹੜੇ ਉਸੇ ਦੀ ਜਮਾਤ ਚੌਥੀ ਵਿਚ ਪੜ੍ਹਦੇ ਸਨ, ਸਕੂਲ ਜਾਣ ਲਈ ਕਾਕੂ ਦੇ ਘਰ ਜਾਂਦੇ ਤਾਂ ਸਕੂਲ ਜਾਣ ਤੋਂ ਪਹਿਲਾਂ ਕਾਕੂ ਦੀ ਮਾਂ ਉਸਨੂੰ ਦਹੀਂ, ਮੱਖਣ ਅਤੇ ਲੱਸੀ ਨਾਲ ਪੂਰਾ ਤੁੰਨ ਕੇ ਤੋਰਦੀ। ਕਾਕੂ ਦੇ ਮਿੱਤਰ ਦੋ-ਤਿੰਨ ਸਾਲ ਤੋਂ ਅਜਿਹਾ ਦੇਖਦੇ ਆ ਰਹੇ ਸਨ। ਜਦੋਂ ਉਹ ਸੱਤਵੀਂ ਜਮਾਤ ਤੱਕ ਪਹੁੰਚੇ ਤਾਂ ਕਾਕੂ ਦਾ ਦਿਮਾਗ ਪੜ੍ਹਾਈ ਪੱਖੋਂ ਪਿੱਛੇ ਰਹਿਣ ਲੱਗਾ ਅਤੇ ਹੌਲੀ-ਹੌਲੀ ਉਹ ਦਿਮਾਗੀ ਤੌਰ ਤੇ ਸੁਸਤ ਹੋਣ ਲੱਗਿਆ। ਬੜੀ ਮੁਸ਼ਕਿਲ ਨਾਲ ਉਸ ਨੇ ਅੱਠਵੀਂ ਪਾਸ ਕੀਤੀ ਪਰ ਕਦੇ ਵੀ ਦਸਵੀਂ ਪਾਸ ਨਾ ਕਰ ਸਕਿਆ।
ਇਕ ਦਿਨ ਕਾਕੂ ਦੀ ਮਾਂ ਨੇ ਉਸਦੇ ਇਕ ਮਿੱਤਰ ਨੂੰ ਪੁੱਛਿਆ, ''ਪੁੱਤਰ ! ਕਾਕੂ ਨੂੰ ਪੜ੍ਹਾਈ ਕਿਉਂ ਨਹੀਂ ਆਉਂਦੀ,''ਤਾਂ ਉਸ ਮਿੱਤਰ ਨੇ ਜੁਆਬ ਦਿੱਤਾ, ''ਤਾਈ, ਤੈਂ ਇਸ ਨੂੰ ਜ਼ਿਆਦਾ ਖੁਆ-ਖੁਆ ਕੇ ਹੀ ਸੁਸਤ ਬਣਾ ਦਿੱਤਾ ਹੈ, ਲੋੜ ਤੋਂ ਵੱਧ ਖਾਣਾ,ਸਿਹਤ ਲਈ ਮਾੜਾ ਅਸਰ ਕਰਦਾ ਏ।''
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ, 
ਚੰਡੀਗੜ੍ਹ। ਮੋਬਾ. ਨੰ: 98764-52223


Related News