ਖੇਤੀ ਖੇਤਰ ’ਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਲੇ ਸਨ ਸਵਾਮੀਨਾਥਨ

10/07/2023 6:11:12 PM

ਕੁਝ ਦਿਨ ਪਹਿਲਾਂ ਅਸੀਂ ਪ੍ਰੋਫੈਸਰ ਐੱਮ. ਐੱਸ. ਸਵਾਮੀਨਾਥਨ ਨੂੰ ਗੁਆ ਦਿੱਤਾ। ਸਾਡੇ ਦੇਸ਼ ਨੇ ਇਕ ਦੂਰਦਰਸ਼ੀ ਨੂੰ ਗੁਆ ਦਿੱਤਾ, ਜਿਸਨੇ ਖੇਤੀਬਾੜੀ ਵਿਗਿਆਨ ਵਿਚ ਕ੍ਰਾਂਤੀ ਲਿਆ ਦਿੱਤੀ। ਇਕ ਮਹਾਨ ਵਿਅਕਤੀ ਜਿਸਦਾ ਭਾਰਤ ਲਈ ਯੋਗਦਾਨ ਹਮੇਸ਼ਾ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਪ੍ਰੋ. ਐੱਮ. ਐੱਸ. ਸਵਾਮੀਨਾਥਨ ਭਾਰਤ ਨੂੰ ਪਿਆਰ ਕਰਦੇ ਸਨ ਅਤੇ ਚਾਹੁੰਦੇ ਸਨ ਕਿ ਸਾਡਾ ਦੇਸ਼ ਅਤੇ ਖਾਸ ਤੌਰ ’ਤੇ ਸਾਡੇ ਕਿਸਾਨ ਖੁਸ਼ਹਾਲ ਜੀਵਨ ਜਿਊਣ। ਅਕਾਦਮਿਕ ਤੌਰ ’ਤੇ ਪ੍ਰਤਿਭਾਵਾਨ, ਉਹ ਕੋਈ ਵੀ ਕਰੀਅਰ ਚੁਣ ਸਕਦੇ ਸੀ ਪਰ ਉਹ 1943 ਦੇ ਬੰਗਾਲ ਦੇ ਅਕਾਲ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹ ਸਪੱਸ਼ਟ ਸਨ ਕਿ ਜੇਕਰ ਉਹ ਇਕ ਕੰਮ ਕਰਨਗੇ ਤਾਂ ਉਹ ਖੇਤੀਬਾੜੀ ਦਾ ਅਧਿਐਨ ਕਰਨਾ ਹੋਵੇਗਾ। ਇਕ ਮੁਕਾਬਲਤਨ ਛੋਟੀ ਉਮਰ ਵਿਚ ਉਹ ਡਾ. ਨੌਰਮਨ ਬੋਰਲੌਗ ਦੇ ਸੰਪਰਕ ਵਿਚ ਆਏ ਅਤੇ ਉਨ੍ਹਾਂ ਦੇ ਕੰਮ ਨੂੰ ਬਹੁਤ ਵਿਸਤਾਰ ਨਾਲ ਦੇਖਿਆ। 1950 ਦੇ ਦਹਾਕੇ ਵਿਚ ਉਨ੍ਹਾਂ ਨੂੰ ਅਮਰੀਕਾ ਵਿਚ ਫੈਕਲਟੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿੱਤਾ ਕਿਉਂਕਿ ਉਹ ਭਾਰਤ ਵਿਚ ਅਤੇ ਭਾਰਤ ਲਈ ਕੰਮ ਕਰਨਾ ਚਾਹੁੰਦੇ ਸਨ।

ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਉਨ੍ਹਾਂ ਚੁਣੌਤੀਪੂਰਨ ਹਾਲਾਤ ਬਾਰੇ ਸੋਚੋ, ਜਿਨ੍ਹਾਂ ਵਿਚ ਉਹ ਇਕ ਮਹਾਨ ਵਿਅਕਤੀ ਦੇ ਰੂਪ ਵਿਚ ਖੜ੍ਹੇ ਹੋਏ ਅਤੇ ਸਾਡੇ ਦੇਸ਼ ਨੂੰ ਆਤਮ-ਨਿਰਭਰਤਾ ਅਤੇ ਆਤਮ-ਵਿਸ਼ਵਾਸ ਦੇ ਰਾਹ ’ਤੇ ਲੈ ਗਏ। ਆਜ਼ਾਦੀ ਤੋਂ ਬਾਅਦ ਦੇ ਪਹਿਲੇ ਦੋ ਦਹਾਕਿਆਂ ਵਿਚ ਅਸੀਂ ਬਹੁਤ ਸਾਰੀਆਂ ਚੁਣੌਤੀਆਂ ਨਾਲ ਨਜਿੱਠ ਰਹੇ ਸੀ ਅਤੇ ਉਨ੍ਹਾਂ ਵਿਚੋਂ ਇਕ ਭੋਜਨ ਦੀ ਕਮੀ ਸੀ। 1960 ਦੇ ਦਹਾਕੇ ਦੇ ਸ਼ੁਰੂ ਵਿਚ ਭਾਰਤ ਅਕਾਲ ਦੇ ਅਸ਼ੁੱਭ ਪ੍ਰਛਾਵੇਂ ਨਾਲ ਜੂਝ ਰਿਹਾ ਸੀ ਅਤੇ ਇਹ ਉਦੋਂ ਹੀ ਸੀ ਜਦੋਂ ਪ੍ਰੋ. ਸਵਾਮੀਨਾਥਨ ਦੀ ਦ੍ਰਿੜ੍ਹ ਪ੍ਰਤੀਬੱਧਤਾ ਅਤੇ ਦੂਰਅੰਦੇਸ਼ੀ ਨੇ ਖੇਤੀਬਾੜੀ ਸਮ੍ਰਿਧੀ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਖੇਤੀਬਾੜੀ ਅਤੇ ਕਣਕ ਦੇ ਪ੍ਰਜਨਨ ਜਿਹੇ ਖਾਸ ਖੇਤਰਾਂ ਵਿਚ ਉਨ੍ਹਾਂ ਦੇ ਮੋਹਰੀ ਕੰਮ ਨਾਲ ਕਣਕ ਦੇ ਉਤਪਾਦਨ ਵਿਚ ਮਹੱਤਵਪੂਰਨ ਵਾਧਾ ਹੋਇਆ। ਇਸ ਤਰ੍ਹਾਂ ਭਾਰਤ ਇਕ ਖੁਰਾਕ ਦੀ ਘਾਟ ਵਾਲੇ ਦੇਸ਼ ਤੋਂ ਇਕ ਸਵੈ-ਨਿਰਭਰ ਦੇਸ਼ ਵਿਚ ਬਦਲ ਗਿਆ। ਇਸ ਸ਼ਾਨਦਾਰ ਪ੍ਰਾਪਤੀ ਨੇ ਉਨ੍ਹਾਂ ਨੂੰ ‘ਭਾਰਤੀ ਹਰੀ ਕ੍ਰਾਂਤੀ ਦੇ ਪਿਤਾਮਾ’ ਦੀ ਉਚਿਤ ਉਪਾਧੀ ਦਿਵਾਈ।

ਹਰੀ ਕ੍ਰਾਂਤੀ ਨੇ ਭਾਰਤ ਦੇ ‘ਕੈਨ ਡੂ ਸਪਿਰਿਟ’ ਦੀ ਝਲਕ ਪੇਸ਼ ਕੀਤੀ-ਕਿ ਜੇਕਰ ਸਾਡੇ ਕੋਲ ਇਕ ਅਰਬ ਚੁਣੌਤੀਆਂ ਹਨ, ਤਾਂ ਸਾਡੇ ਕੋਲ ਉਨ੍ਹਾਂ ਚੁਣੌਤੀਆਂ ਨੂੰ ਪਾਰ ਕਰਨ ਲਈ ਨਵੀਨਤਾ ਦੀ ਲਾਟ ਨਾਲ ਇਕ ਅਰਬ ਦਿਮਾਗ ਵੀ ਹਨ। ਹਰੀ ਕ੍ਰਾਂਤੀ ਸ਼ੁਰੂ ਹੋਣ ਤੋਂ ਪੰਜ ਦਹਾਕਿਆਂ ਬਾਅਦ ਭਾਰਤੀ ਖੇਤੀ ਬਹੁਤ ਜ਼ਿਆਦਾ ਆਧੁਨਿਕ ਅਤੇ ਪ੍ਰਗਤੀਸ਼ੀਲ ਹੋ ਗਈ ਹੈ। ਪਰ, ਪ੍ਰੋ. ਸਵਾਮੀਨਾਥਨ ਦੁਆਰਾ ਰੱਖੀ ਗਈ ਨੀਂਹ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਵਰ੍ਹਿਆਂ ਦੌਰਾਨ ਉਨ੍ਹਾਂ ਨੇ ਆਲੂਆਂ ਦੀ ਫਸਲ ਨੂੰ ਪ੍ਰਭਾਵਿਤ ਕਰਨ ਵਾਲੇ ਪਰਜੀਵੀਆਂ ਨਾਲ ਨਜਿੱਠਣ ਵਿਚ ਮੋਹਰੀ ਖੋਜ ਕੀਤੀ। ਉਨ੍ਹਾਂ ਦੀ ਖੋਜ ਨੇ ਆਲੂ ਦੀ ਫਸਲ ਨੂੰ ਠੰਡੇ ਮੌਸਮ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਇਆ। ਅੱਜ, ਦੁਨੀਆ ਸੁਪਰ ਫੂਡ ਦੇ ਤੌਰ ’ਤੇ ਮਿਲਟਸ ਜਾਂ ਸ਼੍ਰੀ ਅੰਨ ਬਾਰੇ ਗੱਲ ਕਰ ਰਹੀ ਹੈ ਪਰ ਪ੍ਰੋ. ਸਵਾਮੀਨਾਥਨ ਨੇ 1990 ਦੇ ਦਹਾਕੇ ਤੋਂ ਹੀ ਮਿਲਟਸ ਬਾਰੇ ਚਰਚਾ ਨੂੰ ਉਤਸ਼ਾਹਿਤ ਕੀਤਾ ਸੀ।

ਪ੍ਰੋ. ਸਵਾਮੀਨਾਥਨ ਨਾਲ ਮੇਰੀ ਵਿਅਕਤੀਗਤ ਗੱਲਬਾਤ ਬਹੁਤ ਵਿਆਪਕ ਸੀ। ਇਨ੍ਹਾਂ ਦੀ ਸ਼ੁਰੂਆਤ ਮੇਰੇ 2001 ਵਿਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਹੋਈ ਸੀ। ਉਨ੍ਹਾਂ ਦਿਨਾਂ ਵਿਚ ਗੁਜਰਾਤ ਆਪਣੀ ਖੇਤੀ ਸ਼ਕਤੀ ਲਈ ਨਹੀਂ ਜਾਣਿਆ ਜਾਂਦਾ ਸੀ। ਲਗਾਤਾਰ ਸੋਕੇ ਅਤੇ ਇਕ ਸੁਪਰ ਚੱਕਰਵਾਤ ਅਤੇ ਇਕ ਭੂਚਾਲ ਨੇ ਰਾਜ ਦੇ ਵਿਕਾਸ ਦੀ ਚਾਲ ਨੂੰ ਪ੍ਰਭਾਵਿਤ ਕੀਤਾ ਸੀ। ਅਸੀਂ ਸ਼ੁਰੂ ਕੀਤੀਆਂ ਬਹੁਤ ਸਾਰੀਆਂ ਪਹਿਲਾਂ ਵਿਚੋਂ ਮਿੱਟੀ ਸਿਹਤ ਕਾਰਡ ਸੀ, ਜਿਸ ਨੇ ਸਾਨੂੰ ਮਿੱਟੀ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਸਮੱਸਿਆਵਾਂ ਪੈਦਾ ਹੋਣ ’ਤੇ ਉਨ੍ਹਾਂ ਦਾ ਹੱਲ ਕਰਨ ਦੇ ਸਮਰੱਥ ਬਣਾਇਆ। ਇਸੇ ਸਕੀਮ ਦੇ ਸੰਦਰਭ ਵਿਚ ਮੇਰੀ ਮੁਲਾਕਾਤ ਪ੍ਰੋ. ਸਵਾਮੀਨਾਥਨ ਨਾਲ ਹੋਈ। ਉਨ੍ਹਾਂ ਨੇ ਇਸ ਸਕੀਮ ਦੀ ਸ਼ਲਾਘਾ ਕੀਤੀ ਅਤੇ ਇਸ ਲਈ ਆਪਣੇ ਕੀਮਤੀ ਵਿਚਾਰ ਵੀ ਸਾਂਝੇ ਕੀਤੇ। ਉਨ੍ਹਾਂ ਦਾ ਸਮਰਥਨ ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਉਣ ਲਈ ਕਾਫੀ ਸੀ, ਜੋ ਇਸ ਯੋਜਨਾ ਬਾਰੇ ਸ਼ੰਕਾਵਾਦੀ ਸਨ ਜੋ ਆਖਿਰਕਾਰ ਗੁਜਰਾਤ ਦੀ ਖੇਤੀਬਾੜੀ ਸਫਲਤਾ ਲਈ ਪੜਾਅ ਤੈਅ ਕਰੇਗੀ। ਮੁੱਖ ਮੰਤਰੀ ਵਜੋਂ ਮੇਰੇ ਕਾਰਜਕਾਲ ਦੌਰਾਨ ਅਤੇ ਜਦੋਂ ਮੈਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ, ਉਦੋਂ ਵੀ ਸਾਡੀ ਗੱਲਬਾਤ ਜਾਰੀ ਰਹੀ। ਮੈਂ ਉਨ੍ਹਾਂ ਨੂੰ 2016 ਵਿਚ ਇੰਟਰਨੈਸ਼ਨਲ ਐਗਰੋ-ਬਾਇਓਡਾਇਵਰਸਿਟੀ ਕਾਂਗਰਸ ਵਿਚ ਮਿਲਿਆ ਸੀ ਅਤੇ ਅਗਲੇ ਸਾਲ 2017 ਵਿਚ ਮੈਂ ਉਨ੍ਹਾਂ ਵੱਲੋਂ ਲਿਖੀ ਦੋ ਭਾਗਾਂ ਵਾਲੀ ਇਕ ਪੁਸਤਕ ਲੜੀ ਲਾਂਚ ਕੀਤੀ।

ਕੁਰਾਲ ਕਿਸਾਨਾਂ ਨੂੰ ਇਕ ਅਜਿਹੀ ਪਿੰਨ ਵਜੋਂ ਦਰਸਾਉਂਦਾ ਹੈ ਜੋ ਦੁਨੀਆ ਨੂੰ ਇਕੱਠੇ ਰੱਖਦੀ ਹੈ ਕਿਉਂਕਿ ਇਹ ਕਿਸਾਨ ਹੀ ਹਨ ਜੋ ਹਰੇਕ ਨੂੰ ਕਾਇਮ ਰੱਖਦੇ ਹਨ। ਪ੍ਰੋ. ਸਵਾਮੀਨਾਥਨ ਇਸ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਬਹੁਤ ਸਾਰੇ ਲੋਕ ਉਨ੍ਹਾਂ ਨੂੰ ‘ਕ੍ਰਿਸ਼ੀ ਵਿਗਿਆਨਿਕ’-ਇਕ ਖੇਤੀਬਾੜੀ ਵਿਗਿਆਨੀ ਕਹਿੰਦੇ ਹਨ ਪਰ ਮੈਂ ਹਮੇਸ਼ਾ ਵਿਸ਼ਵਾਸ ਕੀਤਾ ਹੈ ਕਿ ਉਹ ਹੋਰ ਵੀ ਜ਼ਿਆਦਾ ਸਨ। ਉਹ ਇਕ ਸੱਚੇ ‘ਕਿਸਾਨ ਵਿਗਿਆਨਿਕ’-ਇਕ ਕਿਸਾਨ ਵਿਗਿਆਨੀ ਸਨ। ਉਨ੍ਹਾਂ ਦੇ ਦਿਲ ਵਿਚ ਇਕ ਕਿਸਾਨ ਸੀ। ਉਨ੍ਹਾਂ ਦੀਆਂ ਰਚਨਾਵਾਂ ਦੀ ਸਫਲਤਾ ਉਨ੍ਹਾਂ ਦੀ ਅਕਾਦਮਿਕ ਉੱਤਕ੍ਰਿਸ਼ਟਤਾ ਤੱਕ ਸੀਮਿਤ ਨਹੀਂ ਹੈ। ਇਹ ਪ੍ਰਯੋਗਸ਼ਾਲਾਵਾਂ ਦੇ ਬਾਹਰ, ਫਾਰਮਾਂ ਅਤੇ ਖੇਤਾਂ ਵਿਚ ਉਨ੍ਹਾਂ ਦੇ ਪ੍ਰਭਾਵ ਵਿਚ ਨਿਹਿਤ ਹੈ। ਉਨ੍ਹਾਂ ਦੇ ਕੰਮ ਨੇ ਵਿਗਿਆਨਿਕ ਗਿਆਨ ਅਤੇ ਇਸ ਦੇ ਵਿਹਾਰਿਕ ਉਪਯੋਗ ਦੇ ਦਰਮਿਆਨ ਪਾੜੇ ਨੂੰ ਘਟਾ ਦਿੱਤਾ। ਉਨ੍ਹਾਂ ਨੇ ਮਾਨਵ ਉੱਨਤੀ ਅਤੇ ਵਾਤਾਵਰਣਿਕ ਸਥਿਰਤਾ ਦਰਮਿਆਨ ਨਾਜ਼ੁਕ ਸੰਤੁਲਨ ’ਤੇ ਜ਼ੋਰ ਦਿੰਦੇ ਹੋਏ ਟਿਕਾਊ ਖੇਤੀਬਾੜੀ ਲਈ ਲਗਾਤਾਰ ਵਕਾਲਤ ਕੀਤੀ। ਇਥੇ, ਮੈਨੂੰ ਛੋਟੇ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਇਹ ਯਕੀਨੀ ਬਣਾਉਣ ’ਤੇ ਪ੍ਰੋ. ਸਵਾਮੀਨਾਥਨ ਦੇ ਵਿਸ਼ੇਸ਼ ਜ਼ੋਰ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਵੀ ਨਵੀਨਤਾ ਦਾ ਲਾਭ ਲੈਣ। ਉਹ ਖਾਸ ਤੌਰ ’ਤੇ ਮਹਿਲਾ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਪ੍ਰਤੀ ਸਮਰਪਿਤ ਸਨ।

ਪ੍ਰੋਫੈਸਰ ਐੱਮ. ਐੱਸ. ਸਵਾਮੀਨਾਥਨ ਬਾਰੇ ਇਕ ਹੋਰ ਪਹਿਲੂ ਹੈ ਜੋ ਕਿ ਕਮਾਲ ਦਾ ਹੈ-ਉਹ ਨਵੀਨਤਾ ਅਤੇ ਮਾਰਗਦਰਸ਼ਕ ਦੇ ਰੂਪ ਵਿਚ ਇਕ ਮਹਾਨ ਪ੍ਰਤੀਕ ਹਨ। ਜਦੋਂ ਉਨ੍ਹਾਂ ਨੇ 1987 ਵਿਚ ਵਰਲਡ ਫੂਡ ਪ੍ਰਾਈਜ਼ ਜਿੱਤਿਆ, ਉਹ ਇਸ ਵੱਕਾਰੀ ਸਨਮਾਨ ਦੇ ਪਹਿਲੇ ਪ੍ਰਾਪਤਕਰਤਾ ਸਨ, ਉਨ੍ਹਾਂ ਨੇ ਇਨਾਮੀ ਰਕਮ ਦੀ ਵਰਤੋਂ ਇਕ ਗੈਰ-ਮੁਨਾਫ਼ਾ ਖੋਜ ਫਾਊਂਡੇਸ਼ਨ ਸਥਾਪਤ ਕਰਨ ਲਈ ਕੀਤੀ। ਅੱਜ ਤੱਕ, ਇਹ ਵੱਖ-ਵੱਖ ਖੇਤਰਾਂ ਵਿਚ ਵਿਆਪਕ ਕੰਮ ਕਰ ਰਹੀ ਹੈ। ਉਨ੍ਹਾਂ ਨੇ ਅਣਗਿਣਤ ਦਿਮਾਗਾਂ ਦਾ ਪੋਸ਼ਣ ਕੀਤਾ ਹੈ। ਉਨ੍ਹਾਂ ਵਿਚ ਸਿੱਖਣ ਅਤੇ ਨਵੀਨਤਾ ਦਾ ਜਨੂੰਨ ਪੈਦਾ ਕੀਤਾ ਹੈ। ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿਚ ਉਨ੍ਹਾਂ ਦਾ ਜੀਵਨ ਸਾਨੂੰ ਗਿਆਨ, ਮਾਰਗਦਰਸ਼ਨ ਅਤੇ ਨਵੀਨਤਾ ਦੀ ਸਥਾਈ ਸ਼ਕਤੀ ਦੀ ਯਾਦ ਦਿਵਾਉਂਦਾ ਹੈ। ਉਹ ਇਕ ਸੰਸਥਾ ਨਿਰਮਾਤਾ ਵੀ ਸਨ। ਉਨ੍ਹਾਂ ਦੇ ਨਾਂ ’ਤੇ ਕਈ ਕੇਂਦਰ ਹਨ, ਜਿੱਥੇ ਜੀਵੰਤ ਖੋਜ ਹੁੰਦੀ ਹੈ। ਉਨ੍ਹਾਂ ਦਾ ਇਕ ਕਾਰਜਕਾਲ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਟਿਊਟ ਮਨੀਲਾ ਦੇ ਡਾਇਰੈਕਟਰ ਵਜੋਂ ਸੀ। ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਟਿਊਟ ਦੱਖਣੀ ਏਸ਼ੀਆ ਖੇਤਰੀ ਕੇਂਦਰ 2018 ਵਿਚ ਵਾਰਾਣਸੀ ਵਿਚ ਖੋਲ੍ਹਿਆ ਗਿਆ ਸੀ।

ਮੈਂ ਡਾ. ਸਵਾਮੀਨਾਥਨ ਨੂੰ ਸ਼ਰਧਾਂਜਲੀ ਦੇਣ ਲਈ ਦੁਬਾਰਾ ਕੁਰਲ ਦਾ ਹਵਾਲਾ ਦੇਵਾਂਗਾ। ਉੱਥੇ ਲਿਖਿਆ ਹੈ, ‘‘ਜੇਕਰ ਯੋਜਨਾਵਾਂ ਬਣਾਉਣ ਵਾਲਿਆਂ ਵਿਚ ਦ੍ਰਿੜ੍ਹਤਾ ਹੋਵੇ, ਤਾਂ ਉਹ ਉਹੀ ਪ੍ਰਾਪਤ ਕਰ ਲੈਂਦੇ ਹਨ, ਜਿਸ ਤਰ੍ਹਾਂ ਉਨ੍ਹਾਂ ਦੀ ਇੱਛਾ ਹੈ।’’ ਇਥੇ ਇਕ ਦਿੱਗਜ਼ ਵਿਅਕਤੀ ਸੀ, ਜਿਸ ਨੇ ਆਪਣੀ ਜ਼ਿੰਦਗੀ ਦੇ ਸ਼ੁਰੂ ਵਿਚ ਹੀ ਫੈਸਲਾ ਕਰ ਲਿਆ ਸੀ ਕਿ ਉਹ ਖੇਤੀਬਾੜੀ ਨੂੰ ਮਜ਼ਬੂਤ ਕਰਨਾ ਅਤੇ ਕਿਸਾਨਾਂ ਦੀ ਸੇਵਾ ਕਰਨੀ ਚਾਹੁੰਦਾ ਹੈ ਅਤੇ ਉਨ੍ਹਾਂ ਨੇ ਇਸਨੂੰ ਅਸਾਧਾਰਨ ਨਵੀਨਤਾ ਅਤੇ ਜਨੂੰਨ ਨਾਲ ਕੀਤਾ। ਜਿਵੇਂ-ਜਿਵੇਂ ਅਸੀਂ ਖੇਤੀਬਾੜੀ ਨਵੀਨਤਾ ਅਤੇ ਸਥਿਰਤਾ ਦੇ ਮਾਰਗ ’ਤੇ ਅੱਗੇ ਵਧਦੇ ਹਾਂ, ਡਾ. ਸਵਾਮੀਨਾਥਨ ਦੇ ਯੋਗਦਾਨ ਸਾਨੂੰ ਪ੍ਰੇਰਿਤ ਅਤੇ ਮਾਰਗਦਰਸ਼ਨ ਕਰਦੇ ਰਹਿਣਗੇ। ਸਾਨੂੰ ਉਨ੍ਹਾਂ ਸਿਧਾਂਤਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਵੀ ਦੁਹਰਾਉਂਦੇ ਰਹਿਣਾ ਚਾਹੀਦਾ ਹੈ, ਜੋ ਉਨ੍ਹਾਂ ਨੂੰ ਪਿਆਰੇ ਸਨ। ਕਿਸਾਨਾਂ ਦੇ ਹਿੱਤਾਂ ਦੀ ਵਕਾਲਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਵਿਗਿਆਨਿਕ ਕਾਢਾਂ ਦੇ ਫਲ ਸਾਡੇ ਖੇਤੀ ਵਿਸਤਾਰ ਦੀਆਂ ਜੜ੍ਹਾਂ ਤੱਕ ਪਹੁੰਚਦੇ ਹਨ, ਭਵਿੱਖ ਦੀਆਂ ਪੀੜ੍ਹੀਆਂ ਲਈ ਵਿਕਾਸ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਦੇ ਹਨ।

ਸ਼੍ਰੀ ਨਰਿੰਦਰ ਮੋਦੀ


Gurminder Singh

Content Editor

Related News