ਮਾਂ ਬਨਾਮ ਘਰਵਾਲੀ
Friday, Jul 19, 2019 - 10:48 AM (IST)
ਅੱਜ ਲੋਕ ਸੰਵਾਦ ਦਾ ਸਾਡੇ ਸਮਾਜ ਵਿੱਚ ਭਖਦਾ ਵਿਸ਼ਾ ਮਾਂ ਬਨਾਮ ਘਰਵਾਲੀ ਹੈ। ਔਰਤ ਵੱਖ-ਵੱਖ ਰੂਪਾਂ ਵਿੱਚ ਵੱਖ_ਵੱਖ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਹੈ। ਕਈ ਰਿਸ਼ਤਿਆਂ ਵਿੱਚ ਔਰਤ ਦੀ ਦੁਸ਼ਮਣ ਔਰਤ ਹੀ ਹੋ ਗਈ। ਜਿਵੇਂ ਸੱਸ, ਨੂੰਹ, ਦਰਾਣੀ, ਜਠਾਣੀ ਅਤੇ ਭਰੂਣ ਹੱਤਿਆ ਆਦਿ।ਜਦੋਂ ਕਿਸੇ ਦਾ ਪੁੱਤ ਕਿਸੇ ਦਾ ਪਤੀ ਬਣਦਾ ਹੈ ਤਾਂ ਪੁੱਤ ਤੋਂ ਬਣਿਆ ਪਤੀ ਸਮਾਜ ਦੇ ਦੋ ਪੁੜਾਂ ਵਿਚਾਲੇ ਆ ਜਾਂਦਾ ਹੈ।ਨਵੀਂ ਸਮਾਜਿਕ ਪਾਰੀ ਅਤੇ ਇਕਾਈ ਦੀ ਸ਼ੁਰੂਆਤ ਹੋ ਜਾਂਦੀ ਹੈ।
ਸਾਹਿਤ ਅਤੇ ਹਕੀਕਤ ਵਿੱਚ ਮਾਂ ਨੂੰ ਉੱਚਾ ਦਰਜਾ ਪ੍ਰਾਪਤ ਹੈ ਪਰ ਪਤਨੀ ਵੀ ਕਿਸੇ ਉੱਚੇ ਰਿਸ਼ਤੇ ਤੋਂ ਘੱਟ ਨਹੀਂ ਹੁੰਦੀ। ਕਈ ਪਤੀ ਮਾਂ ਦੇ ਸਤਿਕਾਰ ਦੀ ਆੜ ਹੇਠ ਘਰਵਾਲੀ ਨੂੰ ਨੀਵਾਂ ਦਿਖਾ ਕੇ ਬੇਇਜ਼ਤ ਕਰਦੇ ਰਹਿੰਦੇ ਹਨ।ਘੱਟ ਸੂਝ ਵਾਲੀਆਂ ਮਾਵਾਂ ਇਸ ਦੌਰਾਨ ਅੰਦਰੋਂ_ਅੰਦਰੀ ਖੁਸ਼ ਹੁੰਦੀਆਂ ਹਨ। ਲਾਈਲੱਗ ਨਾ ਹੋਵੇ ਕਿਸੇ ਦਾ ਘਰਵਾਲਾ ਇਸੇ ਅੰਦਾਂ ਦੀ ਤਰਜਮਾਨੀ ਕਰਦੀ ਬੋਲੀ ਹੈ।ਇਸ ਦ੍ਰਿਸ਼ ਵਿੱਚ ਪਤੀ ਪ੍ਰਮੇਸ਼ਵਰ ਤੋਂ ਪਾਪੀ ਬਣਦਾ ਹੈ।ਸਮਾਜ ਦੀ ਰੀਤ ਹੀ ਅਜਿਹੀ ਹੈ ਕਿ ਮਾਂ ਨੂੰ ਘਰਵਾਲੀ ਮਾਂ ਨਹੀਂ ਸਮਝਦੀ ਅਤੇ ਮਾਂ ਘਰਵਾਲੀ ਨੂੰ ਧੀ ਨਹੀਂ ਸਮਝਦੀ।ਇਸੇ ਲਈ ਸਮਾਜਿਕ ਸੋਚ ਨੇ ਮਾਂ ਬਨਾਮ ਘਰਵਾਲੀ ਨੂੰ ਪੇਸ਼ ਕੀਤਾ ਹੈ।ਇਸ ਸੋਚ ਨੂੰ ਬਦਲਣ ਲਈ ਡੂੰਘੀ ਇੱਛਾ ਦੀ ਲੋੜ ਹੈ।ਘਰਵਾਲੀ ਨੂੰ ਓਪਰਾ ਜੀਵ ਸਮਝਣ ਵਾਲੀ ਘਰਾਂ ਵਿੱਚ ਇੱਕ ਸ਼ੈਤਾਨ ਲਾਬੀ ਵੀ ਹੁੰਦੀ ਹੈ।ਇਸ ਲਾਬੀ ਦੀ ਸੋਚ ਅਨੁਸਾਰ ਮਾਂ ਦੀ ਲੁਕਵੀਂ ਇੱਛਾ ਅਨੁਸਾਰ ਘਰਵਾਲੀ ਆਟਾ ਗੁੰਨਦੀ ਸਿਰ ਕਿਉਂ ਹਿਲਾਉਂਦੀ ਦਾ ਸ਼ਿਕਾਰ ਵੀ ਹੋ ਜਾਂਦੀ ਹੈ।
ਅੱਜ ਪ੍ਰਵਿਰਤੀ ਅਤੇ ਇੱਛਾ ਇਹ ਹੋਣੀ ਚਾਹੀਦੀ ਹੈ ਕਿ ਮਾਂ ਬਨਾਮ ਘਰਵਾਲੀ ਨੂੰ ਬੇਜੋੜ ਕਰਕੇ ਮਾਂ ਅਤੇ ਘਰਵਾਲੀ ਦਾ ਸੁਮੇਲ ਹੋਣਾ ਚਾਹੀਦਾ ਹੈ।ਇਸ ਨਾਲ ਘਰ ਵਿੱਚ ਸੱਭਿਅਤ ਸਲੀਕੇ ਦੀ ਆਸ ਬੱਝੇਗੀ। ਸਮਾਜ ਵਿੱਚ ਜਿੱਥੇ ਮਾਂ ਵੱਲੋਂ ਸਮਾਜੀਕਰਨ ਅਤੇ ਸੱਭਿਅਤਾ ਦਾ ਸਲੀਕਾ ਮੁਕਾਇਆ ਜਾਂਦਾ ਹੈ, ਉੱਥੋਂ ਘਰਵਾਲੀ ਅਗਲਾ ਵਰਕਾ ਸ਼ੁਰੂ ਕਰਦੀ ਹੈ। ਮਾਂ ਪਾਲਣ ਪੋਸ਼ਣ ਕਰਕੇ ਅਧਿਕਾਰ ਜਮਾਉਂਦੀ ਹੈ, ਜਦੋਂ ਕਿ ਘਰਵਾਲੀ ਲਾਵਾਂ_ਫੇਰੇ ਲੈ ਕੇ।ਪੁੱਤ ਪਤੀ ਤੇ ਦੋਵਾਂ ਦਾ ਅਧਿਕਾਰ ਹੋਣ ਕਰਕੇ ਇਕੱਲੀ_ਇਕੱਲੀ ਅਧਿਕਾਰ ਜਮਾਉਂਦੀ ਹੈ।ਜੇ ਮਾਂ ਸਮਝੇ ਕਿ “ਸਾਂਸ ਭੀ ਕਭੀ ਬਹੂ ਥੀਂ ਤਾਂ ਸ਼ਾਇਦ ਬਹੁਤ ਕੁੱਝ ਬਦਲ ਸਕਦਾ ਹੈ।ਬੰਦੇ ਪ੍ਰਤੀ ਮਾਂ ਅਤੇ ਘਰਵਾਲੀ ਦੀ ਸੋਚ ਹਮੇਸ਼ਾ ਸਾਰਥਿਕ ਹੁੰਦੀ ਹੈ। ਰੂੜ੍ਹੀਵਾਦੀ ਬਨਾਮ ਨਵਾਂ ਜ਼ਮਾਨਾ ਵੀ ਲੇਖ ਤੇ ਸਿਰਲੇਖ ਨੂੰ ਗੂੜ੍ਹਾ ਕਰਦਾ ਹੈ।
ਮਾਂ ਗਿੱਲੇ ਪੈਦੀ ਸੀ।ਰੋਟੀ ਮੂੰਹ ਵਿੱਚ ਪਾਉਂਦੀ ਸੀ।ਘਣਛਾਵਾਂ ਬੂਟਾ ਕਹਾਉਂਦੀ ਹੈ।ਇਸੇ ਤਰ੍ਹਾਂ ਤੇ ਘਰਵਾਲੀ ਦੀ ਰੋਜ਼ਾਨਾ ਦੀ ਆਦਤ ਘੋਖੋ ਦਾ ਪਤਾ ਚਲਦਾ ਹੈ ਕਿ ਸਿੱਕੇ ਦਾ ਪਹਿਲਾਂ ਪਾਸਾ ਮਾਂ ਅਤੇ ਦੂਜਾ ਪਾਸਾ ਘਰਵਾਲੀ ਹੁੰਦੀ ਹੈ।ਜਦੋਂ ਤੱਕ ਘਰਵਾਲਾ ਸਬਰ_ਸੰਤੋਖ ਨਾਲ ਰੋਟੀ ਪਾਣੀ ਨਾ ਖਾਵੇ_ਪੀਵੇ ਉਦੋਂ ਤੱਕ ਮਾਂ ਵਾਂਗ ਘਰਵਾਲੀ ਨੂੰ ਵੀ ਸਬਰ ਨਹੀਂ ਆਉਂਦਾ।ਕਈ ਵਾਰ ਘਰਵਾਲੀ ਆਪਣੇ ਬੱਚੇ ਅਤੇ ਪਤੀ ਦੇ ਵਿਚਕਾਰ ਫਸ ਕੇ ਮਾਹੋਲ ਨੂੰ ਸਾਂਭਦੀ ਹੈ।ਮਾਂ ਦੀ ਮਮਤਾ ਹੁੰਦੀ ਹੈ ਅਤੇ ਘਰਵਾਲੀ ਦਾ ਪਿਆਰ ਹੁੰਦਾ ਹੈ।ਜੇ ਮਮਤਾ ਅਤੇ ਪਿਆਰ ਇਕੱਠੇ ਹੋ ਜਾਣ ਤਾਂ ਅੰਦਰ ਬਾਹਰ ਖੁਸ਼ੀ ਖੁਸ਼ਹਾਲੀ ਹੁੰਦੀ ਹੈ।ਅੱਜ ਲਿਖਤਾਂ ਦਾ ਰੁਖ ਵੀ ਇਹ ਹੋਣਾ ਚਾਹੀਦਾ ਹੈ ਕਿ ਜੇ ਧਰਤੀ ਤਾਂ ਅਕਾਸ਼ ਵਾਂਗ ਜੇ ਮਾਂ ਤਾਂ ਪੁੱਤ, ਜੇ ਪੁੱਤ ਤਾਂ ਘਰਵਾਲੀ।ਅਜਿਹੇ ਸਮਾਜੀਕਰਨ ਦੀ ਗੁੜ੍ਹਤੀ ਨਾਲ ਹੀ ਮਾਣਮੱਤੇ ਮਾਂ ਅਤੇ ਘਰਵਾਲੀ ਦੇ ਰਿਸ਼ਤੇ ਵਿੱਚ ਨਿੱਘ ਅਤੇ ਮਿਠਾਸ ਆ ਸਕਦਾ ਹੈ।
ਸੁਖਪਾਲ ਸਿੰਘ ਗਿੱਲ
(ਅਬਿਆਣਾ ਕਲਾਂ
98781_11445