ਕਵਿਤਾ ਖਿੜਕੀ : ''ਮੂਲ ਚੰਦ ਸ਼ਰਮਾ ਦੇ ਵਿਚਾਰ ਅਤੇ ਜਜ਼ਬਾਤ''

10/19/2020 3:21:20 PM

ਸੱਤਾਧਾਰੀ ਆਗੂ

ਹੋਰਾਂ ਨੂੰ ਸਮਝਾਉਣ ਤੁਰੇ ਸੀ,
ਆਪਣਿਆਂ ਨੂੰ ਸਮਝਾ ਨਾ ਹੋਇਆ.
ਦੂਜਿਆਂ ਦੇ ਘਰ ਸੰਨ੍ਹ ਲਾਉਣਾ ਸੀ,
ਆਪਣਾ ਘਰ ਬਚਾਅ ਨਾ ਹੋਇਆ .
ਕਹਿੰਦੇ ਸੀ ਪਿੰਡ ਪਿੰਡ ਜਾਵਾਂਗੇ ,
ਹਰ ਇੱਕ ਦੇ ਘਰ ਤੱਕ ਪਹੁੰਚਾਂਗੇ ,
ਆਪਣੇ ਘਰਾਂ 'ਚ ਕੈਦ ਹੋ ਗਏ ,
ਗੇਟ ਤੋਂ ਬਾਹਰੇ ਆ ਨਾ ਹੋਇਆ .
            
            
ਅਸੀਂ ਜਦੋਂ ਆਈ 'ਤੇ ਆਏ

ਤੇਰਾ ਹਾਕਮਾਂ ਵੇ ਘਰੋਂ ਬਾਹਰ
ਜਾਣ ਨਹੀਓਂ ਹੋਣਾਂ .
ਐਨਾਂ ਪੀਹਾਂਗੇ ਬਾਰੀਕ 
ਤੈਥੋਂ ਛਾਣ ਨਹੀਂਓਂ ਹੋਣਾਂ.
ਤੇਰੇ ਘਰਦਿਆਂ ਤੇ ਦੁਨੀਆਂ ਦੀ
ਗੱਲ ਬੜੀ ਦੂਰ  ,
ਤੈਥੋਂ ਸ਼ੀਸ਼ੇ ਵਿੱਚ ਚਿਹਰਾ 
ਪਹਿਚਾਣ ਨਹੀਂਓਂ ਹੋਣਾਂ .
          
         
ਅਸਲੀ ਆਜ਼ਾਦੀ

ਇੱਕ ਆਜ਼ਾਦੀ ਲਈ ਬਜ਼ੁਰਗਾਂ ,
ਦੂਜੀ ਆਪਾਂ ਨੇ ਲੈਣੀ ਏਂ .
ਰੁਲਦੂ ਦੀ ਗੱਲ ਪੱਲੇ ਬੰਨ੍ਹ ਲੋ ,
ਹੋਰ ਘੂਰ ਨੀਂ ਸਹਿਣੀ ਏਂ .
ਘਰ-ਘਰ ਤੱਕ ਪੁਚਾਉਣਾਂ ਪੈਣਾਂ,
ਲੋਕ-ਰਾਜ ਦੇ ਅਰਥਾਂ ਨੂੰ ,
ਹੱਕਾਂ ਵਾਲ਼ੇ ਹੱਕ ਲੈਣਗੇ ,
ਕੋਈ ਕਮੀ ਨਾ ਰਹਿਣੀਂ ਏਂ .
            
           
ਉੱਠੋ ਦੱਬੇ ਕੁਚਲ਼ੇ ਲੋਕੋ

ਮਸਲਾ 'ਕੱਲੀ ਕਿਸਾਨੀ’ ਦਾ ਨੀਂ ,
ਮਸਲੇ ਹੋਰ ਵਥੇਰੇ .
ਸਭ ਨੂੰ ਸ਼ਾਮਲ ਹੋਣਾ ਪਊਗਾ ,
ਪਾਉਣੇਂ ਪੈਣਗੇ ਘੇਰੇ .
'ਕੱਲੇ 'ਕੱਲੇ ਕਲ-ਪੁਰਜੇ ਦੀ ,
ਪਊ ਸਫ਼ਾਈ ਕਰਨੀ ,
ਕਾਲ਼ੀ ਰਾਤ ਦਾ ਫਸਤਾ ਵੱਢ ਕੇ,
ਲਿਆਉਣੇ ਸੁਰਖ਼ ਸਵੇਰੇ।

ਮੂਲ ਚੰਦ ਸ਼ਰਮਾ ਪ੍ਰਧਾਨ
ਸਾਹਿਤ ਸਭਾ ਧੂਰੀ (ਸੰਗਰੂਰ)
ਸੰਪਰਕ-9478408898


rajwinder kaur

Content Editor

Related News