ਜਦੋਂ 'ਲਾਲ ਇਮਾਰਤ' 'ਚ ਇਸ ਸ਼ਰਤ 'ਤੇ ਜਾਣ ਦੀ ਖਾਧੀ ਸੀ ਸਹੁੰ, ਜਾਣੋ ਮਮਤਾ ਬੈਨਰਜੀ ਦਾ ਸਿਆਸੀ ਸਫ਼ਰ

Monday, Apr 05, 2021 - 01:48 PM (IST)

ਭਾਰਤ ਦੀ ਉੱਘੀ ਸਿਆਸਤਦਾਨ ਮਮਤਾ ਬੈਨਰਜੀ ਜੋ ਕਿ 2011 ਵਿੱਚ ਪਹਿਲੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੇ ਸਨ ਤੇ ਉਸ ਤੋਂ ਬਾਅਦ ਉਹ 2016 ਵਿਚ ਦੁਬਾਰਾ ਮੁੱਖ ਮੰਤਰੀ ਚੁਣੇ ਗਏ ਸਨ। ਜਦ ਕਿ ਇਸ ਤੋਂ ਪਹਿਲਾਂ ਮਮਤਾ ਦੋ ਵਾਰ ਕੇਂਦਰ ਸਰਕਾਰ ’ਚ ਰੇਲ ਮੰਤਰੀ ਵਜੋਂ  ਸੇਵਾ ਨਿਭਾ ਚੁੱਕੇ ਹਨ। ਇਸ ਦੇ ਨਾਲ-ਨਾਲ ਉਹ ਭਾਰਤ ਸਰਕਾਰ ਦੇ ਮੰਤਰੀ ਮੰਡਲ ਵਿੱਚ ਕੋਲਾ ਦੀ ਪਹਿਲੀ ਮਹਿਲਾ ਮੰਤਰੀ ਅਤੇ ਮਨੁੱਖੀ ਸਰੋਤ ਵਿਕਾਸ, ਯੁਵਾ ਮਾਮਲੇ, ਖੇਡ, ਔਰਤ ਅਤੇ ਬਾਲ ਵਿਕਾਸ ਰਾਜ ਮੰਤਰੀ ਵੀ ਰਹਿ ਚੁੱਕੇ ਹਨ ।ਸਿੰਗੂਰ ਵਿਖੇ ਖੇਤੀਬਾੜੀ ਅਤੇ ਕਿਸਾਨਾਂ ਦੀ ਕੀਮਤ 'ਤੇ ਵਿਸ਼ੇਸ਼ ਆਰਥਿਕ ਖੇਤਰਾਂ ਲਈ ਪੱਛਮੀ ਬੰਗਾਲ ਵਿੱਚ ਕਮਿਊਨਿਸਟ ਸਰਕਾਰ ਦੇ ਉਦਯੋਗੀਕਰਨ ਲਈ ਭੂਮੀ ਗ੍ਰਹਿਣ ਕਰਨ ਵਾਲੀਆਂ ਨੀਤੀਆਂ ਦਾ ਵਿਰੋਧ ਕਰਨ ਤੋਂ ਬਾਅਦ ਉਹ ਪ੍ਰਮੁੱਖਤਾ ਪ੍ਰਾਪਤ ਹੋਈ। ਸਾਲ 2011 ਵਿੱਚ ਬੈਨਰਜੀ ਨੇ ਪੱਛਮੀ ਬੰਗਾਲ ਵਿੱਚ ਏ.ਆਈ.ਟੀ.ਸੀ. ਗੱਠਜੋੜ ਲਈ ਵੱਡੀ ਜਿੱਤ ਹਾਸਲ ਕੀਤੀ ਅਤੇ 34 ਸਾਲਾਂ ਦੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਅਗਵਾਈ ਵਾਲੀ ਖੱਬੇ ਮੋਰਚੇ ਦੀ ਸਰਕਾਰ ਨੂੰ ਸੂਬੇ ਦੀ ਸੱਤਾ ਚੋਂ ਬੇਦਖਲ , ਜੋ ਕਿ ਉਸ ਸਮੇਂ ਇਸ ਪ੍ਰਕਿਰਿਆ ਵਿੱਚ ਵਿਸ਼ਵ ਦੀ ਸਭ ਤੋਂ ਲੰਬੀ ਸੇਵਾ ਨਿਭਾ ਰਹੀ ਕਮਿਊਨਿਸਟ ਸਰਕਾਰ ਸੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਅਤੇ ਪ੍ਰਾਈਵੇਟ ਸਕੂਲ ਆਹਮੋ-ਸਾਹਮਣੇ, ਫੈੱਡਰੇਸ਼ਨ ਵੱਲੋਂ 10 ਤੋਂ ਸਕੂਲ ਖੋਲ੍ਹਣ ਦਾ ਐਲਾਨ

ਮੁੱਢਲਾ ਜੀਵਨ ਤੇ ਸਿੱਖਿਆ
ਜੇਕਰ ਮਮਤਾ ਦੇ ਮੁਢਲੇ ਜੀਵਨ ਨੂੰ ਵੇਖੀਏ ਤਾਂ ਮਮਤਾ ਬੈਨਰਜੀ ਦਾ ਜਨਮ ਕੋਲਕਾਤਾ ਪੱਛਮੀ ਬੰਗਾਲ ਦੇ ਕੋਲਕਾਤਾ (ਕਲਕੱਤਾ) ਵਿਖੇ 5 ਜਨਵਰੀ 1955 ਨੂੰ ਇੱਕ ਬੰਗਾਲੀ ਹਿੰਦੂ ਪਰਿਵਾਰ ’ਚ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਪ੍ਰੋਲੇਮਸਵਰ ਬੈਨਰਜੀ ਅਤੇ ਮਾਤਰਾ ਗਾਇਤਰੀ ਦੇਵੀ ਸਨ। ਬੈਨਰਜੀ ਜਦੋਂ ਉਹ ਸਿਰਫ਼ 15 ਸਾਲਾਂ ਦੀ ਸੀ ਤਾਂ ਉਹ ਰਾਜਨੀਤੀ ਵਿੱਚ ਸ਼ਾਮਲ ਹੋ ਗਈ ਸੀ। ਜੋਗਾਮਾਯਾ ਦੇਵੀ ਕਾਲਜ ਵਿੱਚ ਪੜ੍ਹਦਿਆਂ ਉਸ ਨੇ ਕਾਂਗਰਸ (ਆਈ) ਪਾਰਟੀ ਦੇ ਵਿਦਿਆਰਥੀ ਵਿੰਗ, ਵਿਦਿਆਰਥੀ ਪਰਿਸ਼ਦ ਯੂਨੀਅਨਾਂ ਦੀ ਸਥਾਪਨਾ ਕਰਦਿਆਂ, ਭਾਰਤ ਦੇ ਸਮਾਜਵਾਦੀ ਏਕਤਾ ਕੇਂਦਰ ਨਾਲ ਜੁੜੇ ਆਲ ਇੰਡੀਆ ਡੈਮੋਕਰੇਟਿਕ ਵਿਦਿਆਰਥੀ ਸੰਗਠਨ ਨੂੰ ਹਰਾਇਆ। ਉਸ ਨੇ ਪੱਛਮੀ ਬੰਗਾਲ ਵਿੱਚ ਕਾਂਗਰਸ (ਆਈ) ਪਾਰਟੀ ਵਿੱਚ ਅਤੇ ਹੋਰ ਸਥਾਨਕ ਰਾਜਨੀਤਿਕ ਸੰਗਠਨਾਂ ਵਿੱਚ ਕਈ ਅਹੁਦਿਆਂ 'ਤੇ ਸੇਵਾ ਨਿਭਾਈ। ਮਮਤਾ ਜਦੋਂ 17 ਸਾਲਾਂ ਦੇ ਹੋਏ ਤਾਂ ਉਸ ਦੇ ਪਿਤਾ ਪ੍ਰੋਲੇਮਸਵਰ ਦੀ ਡਾਕਟਰੀ ਇਲਾਜ ਦੀ ਘਾਟ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ: ਜੇਲ੍ਹ ’ਚ ਹੋਇਆ ਸੀ ਪੰਜਾਬ ਦੀ ਇਸ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਜਨਮ (ਵੀਡੀਓ)

1970 ਵਿੱਚ, ਬੈਨਰਜੀ ਨੇ ਦੇਸ਼ਬੰਧੂ ਸਿਸ਼ੂ ਸਿੱਖਿਆ ਤੋਂ ਉੱਚ ਸੈਕੰਡਰੀ ਬੋਰਡ ਦੀ ਪ੍ਰੀਖਿਆ ਪੂਰੀ ਕੀਤੀ। ਉਸ ਨੇ ਜੋਗਮਾਯਾ ਦੇਵੀ ਕਾਲਜ ਤੋਂ ਇਤਿਹਾਸ ਵਿੱਚ ਆਪਣੀ ਬੈਚਲਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕੋਲਕਾਤਾ ਯੂਨੀਵਰਸਿਟੀ ਤੋਂ ਇਸਲਾਮੀ ਇਤਿਹਾਸ ਵਿੱਚ ਆਪਣੀ ਮਾਸਟਰ ਡਿਗਰੀ ਪ੍ਰਾਪਤ ਕੀਤੀ। ਜਦੋਂ ਕਿ ਇਸ ਤੋਂ ਬਾਅਦ ਸ਼੍ਰੀ ਸਿੱਖਿਆਯਤਨ ਕਾਲਜ ਤੋਂ ਸਿੱਖਿਆ ਦੀ ਡਿਗਰੀ ਅਤੇ ਜੋਗੇਸ਼ ਚੰਦਰ ਚੌਧਰੀ ਲਾਅ ਕਾਲਜ, ਕੋਲਕਾਤਾ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਗਈ। ਜਦੋਂ ਕਿ ਕਲਿੰਗਾ ਇੰਸਟੀਚਿਊਟ ਆਫ਼ ਇੰਡਸਟ੍ਰੀਅਲ ਟੈਕਨਾਲੋਜੀ, ਭੁਵਨੇਸ਼ਵਰ ਤੋਂ ਆਨਰੇਰੀ ਡਾਕਟਰੇਟ ਵੀ ਪ੍ਰਾਪਤ ਕੀਤੀ। ਕਲਕੱਤਾ ਯੂਨੀਵਰਸਿਟੀ ਦੁਆਰਾ ਉਸ ਨੂੰ ਡਾਕਟਰੇਟ ਆਫ਼ ਲਿਟਰੇਚਰ (ਡੀ. ਲਿਟ.) ਦੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: ਸਰਕਾਰੀ ਰਿਹਾਇਸ਼ ਵਿਵਾਦ ਵਾਲੇ ਮਾਮਲੇ ਦਾ ਬੀਬੀ ਭੱਠਲ ਨੇ ਦੱਸਿਆ ਪੂਰਾ ਸੱਚ

ਸਿਆਸੀ ਜੀਵਨ ’ਤੇ ਝਾਤ
ਇਸ ਸਮੇਂ ਮਮਤਾ ਸੂਬੇ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਤੀਜੀ ਵਾਰ ਆਪਣੀ ਪਾਰਟੀ ਟੀ.ਐੱਮ.ਸੀ. ਦੀ ਸਰਕਾਰ ਬਨਾਉਣ ਲਈ ਜਦੋ-ਜਹਿਦ ਕਰ ਰਹੀ ਹੈ। ਵੈਸੇ ਜਦ ਅਸੀਂ ਮਮਤਾ ਬੈਨਰਜੀ ਦੇ ਸਿਆਸੀ ਜੀਵਨ ਤੇ ਝਾਤ ਪਾਉਂਦੇ ਹਾਂ ਤਾਂ ਉਨ੍ਹਾਂ ਦਾ ਪੂਰਾ ਰਾਜਨੀਤਕ ਜੀਵਨ ਹੀ ਇਕ ਸੰਘਰਸ਼ਸ਼ੀਲ ਗਾਥਾ ਬਿਆਨ ਕਰਦਾ ਜਾਪਦਾ ਹੈ। ਪ੍ਰਸਿੱਧ ਪੱਤਰਕਾਰ ਸੁਪਤਾ ਪਾਲ ਜਿਨ੍ਹਾਂ ਨੇ ਮਮਤਾ ਦੇ ਜੀਵਨ ਤੇ ਇਕ ਕਿਤਾਬ 'ਦੀਦੀ: ਦਿ ਅਨਟੋਲਡ ਮਮਤਾ ਬੈਨਰਜ਼ੀ' ਸਿਰਲੇਖ ਹੇਠ ਲਿਖੀ ਹੈ ਦਾ ਕਹਿਣਾ ਹੈ ਕਿ , "ਮਮਤਾ ਦੇਸ਼ ਦੀ ਸਭ ਤੋਂ ਮਜ਼ਬੂਤ ਇਰਾਦੇ ਵਾਲੀਆਂ ਔਰਤ ਆਗੂਆਂ ਵਿੱਚੋਂ ਇੱਕ ਹਨ।''

ਆਪਣੀ ਕਿਤਾਬ ਚ' ਪਾਲ ਮਮਤਾ ਦੀ ਜੁਝਾਰੂ ਪ੍ਰਵਿਰਤੀ ਵਾਲੇ ਸੁਭਾਅ ਦੇ ਸੰਦਰਭ ਵਿੱਚ ਲਿਖਦੇ ਹਨ ਕਿ , ''ਆਪਣੀ ਸਿਆਸਤ ਦੇ ਵਿਲੱਖਣ ਰੂਪ ਅਤੇ ਜੁਝਾਰੂ ਪ੍ਰਵਿਰਤੀ ਕਾਰਨ ਦੀਦੀ ਨੇ ਆਪਣੇ ਕਰੀਅਰ ਵਿੱਚ ਕਈ ਅਜਿਹੀਆਂ ਚੀਜ਼ਾਂ ਨੂੰ ਸੰਭਵ ਕਰ ਦਿਖਾਇਆ ਹੈ, ਜਿਨ੍ਹਾਂ ਦੀ ਪਹਿਲਾਂ ਕਲਪਨਾ ਤੱਕ ਨਹੀਂ ਸੀ ਕੀਤੀ ਜਾ ਸਕਦੀ। ਇਸ ਵਿੱਚ ਖੱਬੇ ਪੱਖੀ ਸਰਕਾਰ ਨੂੰ ਅਰਸ਼ ਤੋਂ ਫ਼ਰਸ਼ ਤੱਕ ਪਹੁੰਚਾਉਣਾ ਵੀ ਸ਼ਾਮਿਲ ਹੈ।''

ਇਸੇ ਤਰ੍ਹਾਂ ਇਕ ਹੋਰ ਕਿਤਾਬ ਜੋ ਕਿ ਮਮਤਾ ਦੇ ਸਿਆਸੀ ਸਫ਼ਰ 'ਤੇ 'ਡੀਕੋਡਿੰਗ ਦੀਦੀ' ਨਾਮ ਤਹਿਤ ਪੱਤਰਕਾਰ ਦੋਲਾ ਮਿੱਤਰ ਹੁਰਾਂ ਨੇ ਲਿਖੀ ਹੈ ਦੋਲਾ ਆਖਦੇ ਹਨ ਕਿ ''ਦੇਸ ਵਿੱਚ ਕਿਸੇ ਹੋਰ ਔਰਤ ਆਗੂ ਦੀਆਂ ਗਤੀਵਿਧੀਆਂ ਵਿੱਚ ਲੋਕਾਂ ਦੀ ਇੰਨੀ ਦਿਲਚਸਪੀ ਨਹੀਂ ਰਹਿੰਦੀ, ਜਿੰਨੀ 'ਦੀਦੀ' ਦੇ ਨਾਮ ਨਾਲ ਮਸ਼ਹੂਰ ਮਮਤਾ ਬੈਨਰਜੀ ਪ੍ਰਤੀ ਰਹਿੰਦੀ ਹੈ। ਇਹ ਉਨ੍ਹਾਂ ਦੇ ਜਾਦੂਈ ਵਿਅਕਤੀਤਵ (ਸ਼ਖਸੀਅਤ) ਦਾ ਹੀ ਕ੍ਰਿਸ਼ਮਾ ਹੈ।"ਉਕਤ ਦੋਵੇਂ ਹੀ ਕਿਤਾਬਾਂ ਵਿੱਚ ਮਮਤਾ ਬੈਨਰਜੀ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਸਾਲ 2011 ਵਿੱਚ ਪਹਿਲੀ ਵਾਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੱਕ ਦੇ ਸਫ਼ਰ ਨੂੰ ਸਮੇਟਣ ਦੀ ਇਕ ਸਫਲ ਕੋਸ਼ਿਸ਼ ਕੀਤੀ ਗਈ ਹੈ।

ਜ਼ਿੰਦਗੀ ਨਾਲ ਜੁੜੀਆਂ ਦੋ ਅਹਿਮ ਘਟਨਾਵਾਂ 
ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕੁੱਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਕਿ ਅੱਗੇ ਚੱਲ ਕੇ ਉਨ੍ਹਾਂ ਦੀ ਜ਼ਿੰਦਗੀ ਦਾ ਟਰਨਿੰਗ ਪੋਇੰਟ ਸਾਬਤ ਹੁੰਦੀਆਂ ਹਨ। ਇਸ ਸੰਦਰਭ ਵਿੱਚ ਜਦੋਂ ਅਸੀਂ ਮਮਤਾ ਬੈਨਰਜੀ ਦੇ ਸਿਆਸੀ ਕਰੀਅਰ ਵੱਲ ਵੇਖਦੇ ਹਾਂ ਤਾਂ ਅਜਿਹੀਆਂ ਦੋ ਘਟਨਾਵਾਂ ਨੇ ਜੋ ਉਨ੍ਹਾਂ ਦੇ ਰਾਜਨੀਤਕ ਕਰੀਅਰ ਵਿੱਚ ਫ਼ੈਸਲਾਕੁੰਨ ਮੋੜ ਦਿੰਦੀਆਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ’ਚ ਸਾਲ 1990 ਵਿੱਚ ਸੀ.ਪੀ.ਐੱਮ. ਦੇ ਇੱਕ ਕਾਰਕੁੰਨ ਲਾਲੂ ਆਲਮ ਵਲੋਂ ਕੀਤਾ ਗਿਆ। ਜਾਨਲੇਵਾ ਹਮਲਾ ਅਤੇ ਦੂਜੇ ਸਿੰਗੂਰ ਵਿੱਚ ਟਾਟਾ ਪ੍ਰੋਜੈਕਟਾਂ ਲਈ ਜ਼ਮੀਨ ਕਬਜ਼ੇ ਖ਼ਿਲਾਫ਼ 26 ਦਿਨਾਂ ਦੀ ਭੁੱਖ ਹੜਤਾਲ ਦਰਅਸਲ ਅਜਿਹੀਆਂ ਘਟਨਾਵਾਂ ਹਨ।

ਇਹ ਵੀ ਪੜ੍ਹੋ:  26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ

16 ਅਗਸਤ, 1990 ਨੂੰ ਕਾਂਗਰਸ ਦੀ ਅਪੀਲ 'ਤੇ ਬੰਗਾਲ ਬੰਦ ਦੌਰਾਨ ਲਾਲੂ ਆਲਮ ਨੇ ਹਾਜਰਾ ਮੋੜ 'ਤੇ ਮਮਤਾ ਦੇ ਸਿਰ ਵਿੱਚ ਸੋਟੀ ਨਾਲ ਵਾਰ ਕੀਤਾ ਸੀ। ਇਸ ਨਾਲ ਉਨ੍ਹਾਂ ਦੀ ਖੋਪੜੀ ਵਿੱਚ ਫਰੈਕਚਰ ਹੋ ਗਿਆ ਸੀ ਪਰ ਉਹ ਸਿਰ 'ਤੇ ਪੱਟੀ ਬੰਨ੍ਹਵਾ ਕੇ ਮੁੜ ਸੜਕ 'ਤੇ ਪ੍ਰਚਾਰ ਲਈ ਉੱਤਰ ਆਏ ਸਨ।ਇਸ ਸੰਦਰਭ ਵਿੱਚ ਮਮਤਾ ਦੇ ਨਜ਼ਦੀਕੀ ਰਹੇ ਸੌਗਤ ਰਾਏ ਦਾ ਆਖਣਾ ਹੈ ਕਿ "ਅਸੀਂ ਤਾਂ ਮੰਨ ਲਿਆ ਸੀ ਹੁਣ ਮਮਤਾ ਦਾ ਬਚਣਾ ਔਖਾ ਹੈ ਪਰ ਜਿਉਂਣ ਅਤੇ ਬੰਗਾਲ ਦੇ ਲੋਕਾਂ ਲਈ ਕੁਝ ਕਰਨ ਦੀ ਧੁਨ ਨੇ ਹੀ ਉਨ੍ਹਾਂ ਨੂੰ ਬਚਾਇਆ ਸੀ।"

ਚਿੱਟੀ ਸਾੜੀ ਅਤੇ ਹਵਾਈ ਚੱਪਲਾਂ ਨਾਲ ਮਮਤਾ ਦਾ ਨਾਤਾ 
ਮਮਤਾ ਬੈਨਰਜੀ ਜਿਨ੍ਹਾਂ ਸਾਦਗੀ ਦੀ ਪੂਰੇ ਦੇਸ਼ ਤਾਰੀਫ ਕੀਤੀ ਜਾਂਦੀ ਹੈ ਇਸ ਸੰਦਰਭ ਵਿੱਚ ਪ੍ਰੋਫ਼ੈਸਰ ਸਮੀਰਨ ਪਾਲ ਆਖਦੇ ਹਨ "ਸਾਦਗੀ ਮਮਤਾ ਦੇ ਜੀਵਨ ਦਾ ਹਿੱਸਾ ਰਹੀ ਹੈ। ਸਫ਼ੇਦ ਸਾੜੀ ਅਤੇ ਹਵਾਈ ਚੱਪਲ ਨਾਲ ਉਨ੍ਹਾਂ ਦਾ ਨਾਤਾ ਟੁੱਟਿਆ ਨਹੀਂ। ਚਾਹੇ ਉਹ ਕੇਂਦਰ ਵਿੱਚ ਮੰਤਰੀ ਹੋਣ ਜਾਂ ਮਹਿਜ਼ ਸੰਸਦ ਮੈਂਬਰ।" ਉਹ ਅੱਗੇ ਕਹਿੰਦੇ ਹਨ "ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਦੇ ਪਹਿਰਾਵੇ ਜਾਂ ਰਹਿਣ ਸਹਿਣ ਵਿੱਚ ਕੋਈ ਫ਼ਰਕ ਨਹੀਂ ਆਇਆ। ਨਿੱਜੀ ਜਾਂ ਜਨਤਕ ਜੀਵਨ ਵਿੱਚ ਉਨ੍ਹਾਂ ਦੇ ਰਹਿਣ-ਸਹਿਣ ਜਾਂ ਕਿਰਦਾਰ 'ਤੇ ਕੋਈ ਸਵਾਲ ਨਹੀਂ ਚੁੱਕਿਆ ਜਾ ਸਕਦਾ।"

ਇਹ ਵੀ ਪੜ੍ਹੋ:   ਆੜ੍ਹਤੀਆਂ ਦੀ ਕੇਂਦਰ ਸਰਕਾਰ ਨੂੰ ਵੱਡੀ ਲਲਕਾਰ, ਮਹਾ-ਸੰਮੇਲਨ ਦੌਰਾਨ ਕੀਤਾ ਜਾਵੇਗਾ ਵੱਡਾ ਧਮਾਕਾ: ਵਿਜੈ ਕਾਲੜਾ

ਪ੍ਰੋਫ਼ੈਸਰ ਪਾਲ ਅਨੁਸਾਰ ਮਮਤਾ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਰਹੀ ਹੈ ਕਿ ਉਹ ਜ਼ਮੀਨ ਨਾਲ ਜੁੜੀ ਹੋਈ ਆਗੂ ਹੈ। ਚਾਹੇ ਸਿੰਗੂਰ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਧਰਨਾ ਅਤੇ ਮਰਨ ਵਰਤ ਦਾ ਮਾਮਲਾ ਹੋਵੇ ਜਾਂ ਫ਼ਿਰ ਨੰਦੀਗ੍ਰਾਮ ਵਿੱਚ ਪੁਲਸ ਦੀਆਂ ਗੋਲੀਆਂ ਦੇ ਸ਼ਿਕਾਰ ਲੋਕਾਂ ਦੇ ਹੱਕ ਦੀ ਲੜਾਈ ਦਾ, ਮਮਤਾ ਨੇ ਹਮੇਸ਼ਾ ਮੋਰਚੇ 'ਤੇ ਰਹਿ ਕੇ ਲੜਾਈ ਕੀਤੀ।ਉਧਰ ਤ੍ਰਿਣਮੂਲ ਕਾਂਗਰਸ ਦੇ ਗਠਨ ਤੋਂ ਵੀ ਪਹਿਲਾਂ ਮਮਤਾ ਦੀ ਸਿਆਸੀ ਸੂਝਬੂਝ ਨੂੰ ਨਜ਼ਦੀਕ ਤੋਂ ਵੇਖਣ ਵਾਲੇ ਪੱਤਰਕਾਰ ਤਾਪਸ ਮੁਖਰਜੀ ਦਾ ਕਹਿਣਾ ਹੈ ਕਿ , "ਮਮਤਾ ਵਿੱਚ ਵਾਰ-ਵਾਰ ਡਿੱਗ ਕੇ ਉੱਠਣ ਦਾ ਜੋ ਮਾਦਾ ਹੈ, ਉਹ ਰਾਜਨੀਤੀ ਦੇ ਮੌਜੂਦਾ ਦੌਰ ਵਿੱਚ ਕਿਸੇ ਆਗੂ ਵਿੱਚ ਦੇਖਣ ਨੂੰ ਨਹੀਂ ਮਿਲਦਾ। ਹਾਰ ਤੋਂ ਘਬਰਾਉਣ ਦੀ ਬਜਾਇ ਉਹ ਦੁਗਣੀ ਤਾਕਤ ਅਤੇ ਜੋਸ਼ ਨਾਲ ਆਪਣੀ ਮੰਜ਼ਲ ਵੱਲ ਤੁਰ ਪੈਂਦੀ ਹੈ।" ਮੁਖ਼ਰਜੀ ਹੁਰਾਂ ਦਾ ਕਹਿਣਾ ਹੈ ਕਿ, "ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਮਮਤਾ ਟੀ.ਐੱਮ.ਸੀ. ਦੇ ਇੱਕਲੇ ਸੰਸਦ ਮੈਂਬਰ ਸਨ। ਪਰ 2009 ਵਿੱਚ ਉਨ੍ਹਾਂ ਨੇ ਪਾਰਟੀ ਦੀਆਂ ਸੀਟਾਂ ਦੀ ਗਿਣਤੀ 19 ਤੱਕ ਪਹੁੰਚਾ ਦਿੱਤੀ।"

ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ

2006 ਵਿੱਚ ਪੱਛਮੀ ਬੰਗਾਲ ਨੂੰ ਜਿੱਤਣ ਦਾਅਵਾ ਕਰਨ ਵਾਲੀ ਮਮਤਾ ਬੈਨਰਜੀ ਭਾਵੇਂ ਉਸ ਸਮੇਂ ਸਫਲ ਨਹੀਂ ਸਨ ਹੋ ਸਕੇ ਪਰ ਉਸ ਹਾਰ ਤੋਂ ਬਾਅਦ ਵੀ ਉਹ ਨਿਰਾਸ਼ ਨਹੀਂ ਹੋਏ ਤੇ ਉਸ ਸਮੇਂ ਉਨ੍ਹਾਂ ਖੱਬੇਪੱਖੀਆਂ 'ਤੇ 'ਸਾਇੰਟਿਫ਼ਿਕ ਰਿਗਿੰਗ' ਦਾ ਇਲਜ਼ਾਮ ਲਗਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ 2011 ਦੀਆਂ ਚੋਣਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਸਨ ਤੇ ਇਸ ਵਿਚਕਾਰ ਨੰਦੀਗ੍ਰਾਮ ਅਤੇ ਸਿੰਗੂਰ ਵਿੱਚ ਜ਼ਮੀਨ ਕਬਜ਼ੇ ਦੇ ਸਰਕਾਰ ਦੇ ਫ਼ੈਸਲੇ ਨੇ ਉਨ੍ਹਾਂ ਦੇ ਹੱਥਾਂ ਵਿੱਚ ਇੱਕ ਵੱਡਾ ਮੁੱਦਾ ਥਮਾ ਦਿੱਤਾ ਸੀ ।
ਮਮਤਾ ਬੈਨਰਜੀ ਦੇ ਅਕਸਰ ਵਿਰੋਧੀ ਵੀ ਇਹ ਗੱਲ ਭਲੀਭਾਂਤ ਸਵਿਕਾਰਦੇ ਹਨ ਕਿ ਕਾਂਗਰਸ ਵਿੱਚ ਹਾਉਮੈਂ (ਈਗੋ) ਦੀ ਲੜਾਈ ਅਤੇ ਸਿਧਾਤਾਂ 'ਤੇ ਟਕਰਾਅ ਤੋਂ ਬਾਅਦ ਵੱਖ ਹੋ ਕੇ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਮਹਿਜ਼ 13 ਸਾਲਾਂ ਦੇ ਅੰਦਰ ਹੀ ਸੂਬੇ ਵਿੱਚ ਲਗਭਗ 35 ਸਾਲ ਤੋਂ ਮਜ਼ਬੂਤ ਜੜ੍ਹਾਂ ਲਾਈ ਬੈਠੀ ਖੱਬੇਪੱਖੀ ਸਰਕਾਰ ਨੂੰ ਹਰਾ ਕੇ ਆਪ ਸੜਕ ਤੋਂ ਸਕੱਤਰੇਤ ਤੱਕ ਪਹੁੰਚਣ ਦਾ ਜਿਸ ਤਰ੍ਹਾਂ ਦਾ ਕ੍ਰਿਸ਼ਮਾ ਮਮਤਾ ਨੇ ਦਿਖਾਇਆ ਹੈ, ਉਸ ਦੀ ਮਿਸਾਲ ਇਤਿਹਾਸਕ ਪੰਨਿਆਂ ਵਿੱਚ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਹੈ।ਇਥੇ ਉਨ੍ਹਾਂ ਨਾਲ ਜੁੜੀ ਇਕ ਹੋਰ ਦਾ ਜਿਕਰ ਕਰਨਾ ਜਰੂਰੀ ਹੈ ਜਦੋਂ ਜੁਲਾਈ, 1993 ਵਿੱਚ ਉਨ੍ਹਾਂ ਦੇ ਯੁਵਾ ਕਾਂਗਰਸ ਪ੍ਰਧਾਨ ਹੁੰਦਿਆਂ ਸਕੱਤਰੇਤ ਰਾਈਟਰਜ਼ ਬਿਲਡਿੰਗ ਮੁਹਿੰਮ ਦੌਰਾਨ ਪੁਲਿਸ ਵਲੋਂ ਚਲਾਈਆਂ ਗੋਲੀਆਂ ਵਿੱਚ 13 ਨੌਜਵਾਨਾਂ ਦੀ ਮੌਤ ਹੋ ਗਈ ਸੀ।
ਇਸ ਮੁਹਿੰਮ ਦੌਰਾਨ ਮਮਤਾ ਨੂੰ ਵੀ ਸੱਟਾਂ ਲੱਗੀਆਂ ਸਨ।

ਇਹ ਵੀ ਪੜ੍ਹੋ : ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਵਿਦੇਸ਼ੋਂ ਪਰਤੇ ਨੌਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ

ਜਦੋਂ 18 ਸਾਲ ਬਾਅਦ ਪੂਰੀ ਹੋਈ ਸਹੁੰ 

ਫਿਰ ਨਦਿਆ ਜ਼ਿਲ੍ਹੇ ਵਿੱਚ ਇੱਕ ਗੂੰਗੀ ਤੇ ਬੋਲੀ ਬਲਾਤਕਾਰ ਪੀੜਤਾ ਦੇ ਨਾਲ ਰਾਈਟਰਜ਼ ਬਿਲਡਿੰਗ ਜਾ ਕੇ ਤਤਕਾਲੀ ਮੁੱਖ ਮੁੰਤਰੀ ਜੋਤੀ ਬਾਸੂ ਦੇ ਨਾਲ ਮੁਲਾਕਾਤ ਲਈ ਉਹ ਉਨ੍ਹਾਂ ਦੇ ਚੈਂਬਰ ਦੇ ਦਰਵਾਜ਼ੇ ਸਾਹਮਣੇ ਧਰਨੇ 'ਤੇ ਬੈਠ ਗਏ ਸਨ। ਮਮਤਾ ਦਾ ਇਲਜ਼ਾਮ ਸੀ ਕਿ ਸਿਆਸੀ ਸਬੰਧਾਂ ਕਾਰਨ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਸ ਸਮੇਂ ਉਹ ਕੇਂਦਰੀ ਰਾਜ ਮੰਤਰੀ ਸਨ ਪਰ ਜੋਤੀ ਬਾਸੂ ਨੇ ਉਨ੍ਹਾਂ ਨਾਲ ਮੁਲਾਕਾਤ ਨਾ ਕੀਤੀ।ਇਸੇ ਤਰ੍ਹਾਂ ਇੱਕ ਵਾਰ ਮਮਤਾ ਬੈਨਰਜੀ ਧਰਨਾ ਦੇ ਰਹੇ ਸਨ ਕਿ ਉਧਰ ਜਿਓਤੀ ਬਾਸੂ ਦੇ ਆਉਣ ਦਾ ਸਮਾਂ ਹੋਣ ਵਾਲਾ ਸੀ, ਜਦੋਂ ਲੱਖ ਮਨਾਉਣ ਦੇ ਬਾਵਜੂਦ ਵੀ ਮਮਤਾ ਉਥੋਂ ਟੱਸ ਤੋਂ ਮੱਸ ਨਾ ਹੋਏ ਤਾਂ ਉਨ੍ਹਾਂ ਨੂੰ ਤੇ ਉਸ ਲੜਕੀ ਨੂੰ ਮਹਿਲਾ ਪੁਲਸ ਕਰਮੀਆਂ ਨੇ ਘਸੀਟਦੇ ਹੋਏ ਪੌੜੀਆਂ ਤੋਂ ਹੇਠਾਂ ਲਾਹਿਆ ਅਤੇ ਪੁਲਿਸ ਮੁੱਖ ਦਫ਼ਤਰ ਲਾਲ ਬਾਜ਼ਾਰ ਲੈ ਗਏ। ਇਸ ਦੌਰਾਨ ਉਨ੍ਹਾਂ ਦੇ ਕੱਪੜੇ ਫ਼ੱਟ ਗਏ।
ਮਮਤਾ ਬੈਨਰਜੀ ਨੇ ਉਸੇ ਮੌਕੇ ਸਹੁੰ ਖਾਧੀ ਸੀ ਕਿ ਹੁਣ ਉਹ ਇਸ ਇਮਾਰਤ ਵਿੱਚ ਦੁਬਾਰਾ ਪੈਰ ਖ਼ੁਦ ਮੁੱਖ ਮੰਤਰੀ ਬਣਕੇ ਹੀ ਰੱਖਣਗੇ। ਉਨ੍ਹਾਂ ਨੇ ਆਪਣੀ ਸਹੁੰ ਪੂਰੀ ਦ੍ਰਿੜਤਾ ਨਾਲ ਨਿਭਾਈ। ਆਖ਼ਿਰ 20 ਮਈ 2011 ਨੂੰ ਕਰੀਬ 18 ਸਾਲ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਹੀ ਇਸ ਇਤਿਹਾਸਿਕ ਲਾਲ ਇਮਾਰਤ ਵਿੱਚ ਦੁਬਾਰਾ ਪੈਰ ਰੱਖਿਆ।

ਇਹ ਵੀ ਪੜ੍ਹੋ : ਪੰਜਾਬ ’ਚ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਤੋਂ ਪਹਿਲਾਂ ਬੀਬੀਆਂ ਜ਼ਰੂਰ ਜਾਣ ਲੈਣ ਇਹ ਜ਼ਰੂਰੀ ਗੱਲਾਂ

ਇਸ ਤੋਂ ਪਹਿਲਾਂ ਗੱਲ ਜੇਕਰ 2011 ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਕਰੀਏ ਤਾਂ ਜਿਵੇਂ ਜਿਵੇਂ ਟੀ ਐਮ ਸੀ ਪੱਖੀ ਰਿਜ਼ਲਟ ਆ ਰਹੇ ਸਨ ਉਨ੍ਹਾਂ ਦੇ ਕੱਚੇ ਜਿਹੇ ਘਰ ਦੇ ਬਾਹਰ ਇਕੱਠੇ ਹੋਏ ਤ੍ਰਿਣਮੂਲ ਕਾਂਗਰਸ ਦੇ ਹਜ਼ਾਰਾਂ ਸਮਰਥਕਾਂ ਦਾ ਜੋਸ਼ ਠਾਠਾਂ ਮਾਰ ਰਿਹਾ ਸੀ।ਫਿਰ ਜਦੋਂ ਇਹ ਸਾਫ਼ ਹੋ ਗਿਆ ਕਿ ਟੀਐੱਮਸੀ ਭਾਰੀ ਬਹੁਮੱਤ ਨਾਲ ਸੱਤਾ ਵਿੱਚ ਆਉਣ ਵਾਲੀ ਹੈ ਤਾਂ ਮਮਤਾ ਜਸ਼ਨ ਮਨਾਉਣ ਦੀ ਬਜਾਇ ਅੱਗੇ ਦੀ ਰਣਨੀਤੀ ਬਣਾਉਣ ਵਿੱਚ ਜੁੱਟ ਗਏ ਸਨ।ਜਦੋਂ ਕਿ ਉਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਮਮਤਾ ਬੈਨਰਜੀ ਦੀ ਪ੍ਰਤੀਕਿਰਿਆ ਬੇਹੱਦ ਨਪੀ-ਤੁਲੀ ਸੀ। ਮਮਤਾ ਨੇ ਕਿਹਾ ਸੀ, "ਇਹ ਮਾਂ, ਮਿੱਟੀ ਅਤੇ (ਮਾਨੁਸ਼) ਮਨੁੱਖ ਦੀ ਜਿੱਤ ਹੈ। ਬੰਗਾਲ ਦੇ ਲੋਕਾਂ ਲਈ ਜਸ਼ਨ ਮਨਾਉਣ ਦਾ ਮੌਕਾ ਹੈ ਪਰ ਨਾਲ ਹੀ ਸਾਨੂੰ ਉਨ੍ਹਾਂ ਲੋਕਾਂ ਨੂੰ ਵੀ ਯਾਦ ਰੱਖਣਾ ਪਵੇਗਾ ਜਿਨ੍ਹਾਂ ਨੇ ਇਸ ਦਿਨ ਲਈ ਬੀਤੇ ਤਿੰਨ ਦਹਾਕਿਆਂ ਦੌਰਾਨ ਆਪਣਾ ਬਲੀਦਾਨ ਦਿੱਤਾ ਹੈ।"

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਬਾਜ਼ਾਰ ਮਾਈ ਹੀਰਾਂ ਗੇਟ ’ਚ ਫੈਲੀ ਸਨਸਨੀ, ਦਹਿਸ਼ਤ ’ਚ ਆਏ ਲੋਕ

ਇਥੇ ਜਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਜੋਤੀ ਬਾਸੂ ਤਾਂ ਮਮਤਾ ਦੀ ਸਿਆਸਤ ਤੋਂ ਇੰਨਾਂ ਖਿੱਝਦੇ ਸਨ ਕਿ ਉਨ੍ਹਾਂ ਨੇ ਕਦੀ ਵੀ ਜਨਤਕ ਤੌਰ 'ਤੇ ਮਮਤਾ ਦਾ ਨਾਮ ਤੱਕ ਨਹੀਂ ਸੀ ਲਿਆ। ਨਾਮ ਦੀ ਬਜਾਇ ਉਹ ਹਮੇਸ਼ਾਂ ਮਮਤਾ ਨੂੰ 'ਉਹ ਔਰਤ' ਕਹਿ ਕੇ ਸੰਬੋਧਿਤ ਕਰਦੇ ਸਨ।
ਹੁਣ ਇਕ ਵਾਰ ਫਿਰ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਤੇ ਚੁਣਾਵੀ ਦੰਗਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਮਮਤਾ ਇਕ ਵਾਰ ਫਿਰ ਆਪਣੀ ਪਾਰਟੀ ਟੀ. ਐੱਮ. ਸੀ. ਦੀ ਸਰਕਾਰ ਬਨਾਉਣ ਲਈ ਪੂਰੀ ਵਾਹ ਲਾ ਰਹੀ ਹੈ। ਉਧਰ ਭਾਜਪਾ ਤੇ ਦੂਜੇ ਪਾਸੇ ਕਾਂਗਰਸ ਵਾਮਪੰਥੀ ਗਠਬੰਧਨ ਵੀ ਆਪਣੀ ਤਾਕਤ ਦਾ ਮੁਜਾਹਰਾ ਕਰਦਿਆਂ ਪੱਛਮੀ ਬੰਗਾਲ ਦੀ ਸੱਤਾ ਤੇ ਕਾਬਜ ਹੋਣ ਲਈ ਆਪਣੇ ਆਪਣੇ ਪਰ ਤੋਲ ਰਹੇ ਹਨ ਹੁਣ ਇਹ ਤਾਂ 2 ਮਈ ਨੂੰ ਉਕਤ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਊਂਠ ਕਿਸ ਕਰਵਟ ਬੈਠਦਾ ਹੈ!


Shyna

Content Editor

Related News