ਮਾਂ ਬੋਲੀ ਪੰਜਾਬੀ (ਕਵਿਤਾ)

06/26/2019 1:55:21 PM

ਜਿੰਨ੍ਹਾਂ ਅੱਖਰਾਂ ਨਾਲ ਬਾਬਾ ਲਿਖਦਾ,
ਉਹਨਾਂ ਦੇ ਨਾਲ ਪੋਤਾ।
ਦਿਲ ਵਿੱਚ ਦੇਖ ਤੂੰ ਮਾਂ ਬੋਲੀ ਲਈ,
ਪਿਆਰ ਹੈ ਕਿਵੇਂ ਪਰੋਤਾ।
ਰਾਜੇ ਸ਼ੀਂਹ ਮੁਕਦਮ ਕੁੱਤੇ,
ਇਹ ਗੱਲ ਸੁਣਾਵੇ।
ਹੱਟੀ ਤੇ ਬੈਠਾ ਅਹੁ ਵੇਖੋ,
ਤੇਰਾ-ਤੇਰਾ ਗਾਵੇ।
ਜਪੁਜੀ ਵਰਗੇ ਰਤਨ ਲਿਆਇਆ,
ਲਾ ਵੇਈਂ ਵਿੱਚ ਗੋਤਾ।
ਜਿੰਨ੍ਹਾਂ ਅੱਖਰਾਂ ਨਾਲ ਬਾਬਾ ਲਿਖਦਾ,
ਉਹਨਾਂ ਦੇ ਨਾਲ ਪੋਤਾ।
ਬੱਚਿਆਂ ਨੂੰ ਗੁਰਮੁਖੀ ਸਿਖਾਉਂਦੇ ,
ਗੁਰੂ ਅੰਗਦ ਜੀ ਪਿਆਰੇ।
ਸਾਰੇ ਅੱਖਰ ਥਾਉਂ ਸਿਰ ਕੇ,
ਉਹਨਾਂ ਨੇ ਸਵਾਰੇ।
ਸਿੱਖੋ ਆਣ ਪੰਜਾਬੀ ਬੋਲੀ,
ਘਰ-ਘਰ ਦੇਣ ਨਿਓਤਾ।
ਜਿੰਨ੍ਹਾਂ ਅੱਖਰਾਂ ਨਾਲ ਬਾਬਾ ਲਿਖਦਾ,
ਉਹਨਾਂ ਦੇ ਨਾਲ ਪੋਤਾ।
ਹੋਈ ਪ੍ਰਾਪਤੀ ਹੈ ਅਨੰਦ ਦੀ ,
ਸੁਣ ਤੂੰ ਮੇਰੀ ਮਾਏਂ।
ਇਹ ਗੱਲ ਗੁਰੂ ਅਮਰਦਾਸ ਜੀ, ਮੁੱਖੋਂ ਨੇ ਫੁਰਮਾਏ।
ਗੁਰੂ ਅਰਜਨ ਬਾਣੀ ਦਾ ਬੋਹਿਥਾ,
ਸਾਡਾ ਪਿਆਰਾ ਦੋਹਿਤਾ।
ਜਿੰਨ੍ਹਾਂ ਅੱਖਰਾਂ ਨਾਲ ਬਾਬਾ ਲਿਖਦਾ,
ਉਹਨਾਂ ਦੇ ਨਾਲ ਪੋਤਾ।
ਹਰਿ ਪਹਿਲੜੀ ਲਾਵ ਦੇ ਵਿੱਚੋਂ ,
ਜਿਸ ਪ੍ਰਵਿਰਤੀ ਕਰਮ
ਦ੍ਰਿੜਾਇਆ।
ਉਹ ਗੁਰੂ ਰਾਮਦਾਸ ਹੈ ਸੱਚਾ ,
ਸੋਢੀ ਸੁਲਤਾਨ ਕਹਾਇਆ।
ਪਤੀ-ਪਤਨੀ ਦਾ ਬਣਿਆ ਰਿਸ਼ਤਾ ,
ਵਿੱਚ ਉਹ ਆਪ ਖਲੋਤਾ।
ਜਿੰਨ੍ਹਾਂ ਅੱਖਰਾਂ ਨਾਲ ਬਾਬਾ ਲਿਖਦਾ,
ਉਹਨਾਂ ਦੇ ਨਾਲ ਪੋਤਾ ।
ਤੇਰਾ ਕੀਆ ਮੀਠਾ ਲਾਗੈ,
ਗਾਏ ਭਾਨੀ ਦਾ ਜਾਇਆ।
ਤੱਤੀ ਤਵੀ ਦੇ ਸੇਕ ਨੇ ਵੀ ਨਹੀਂ ,
ਇਸਦਾ ਅੰਦਰ ਤਪਾਇਆ।
ਸੁਖਮਨੀ ਸਾਹਿਬ ਦੀ ਪੜ੍ਹ ਕੇ ਬਾਣੀ ,
ਆਉਂਦਾ ਰਸ ਹੈ ਬਹੁਤਾ।
ਜਿੰਨ੍ਹਾਂ ਅੱਖਰਾਂ ਨਾਲ ਬਾਬਾ ਲਿਖਦਾ,
ਉਹਨਾਂ ਦੇ ਨਾਲ ਪੋਤਾ ।
ਦਿਲ ਵਿੱਚ ਦੇਖ ਤੂੰ ਮਾਂ ਬੋਲੀ ਲਈ,
ਪਿਆਰ ਹੈ ਕਿਵੇਂ ਪਰੋਤਾ।

ਲੇਖਕ _ ਅਰਸ਼ਪ੍ਰੀਤ ਸਿੰਘ ਮਧਰੇ
ਪਿੰਡ _ ਮਧਰਾ, ਡਾਕਖਾਨਾ _
ਊਧਨਵਾਲ, ਤਹਿਸੀਲ ਬਟਾਲਾ ( ਗੁਰਦਾਸਪੁਰ )
ਫੋਨ ਨੰਬਰ- +91 9878567128


Aarti dhillon

Content Editor

Related News