ਇੰਜ ਵੀ ਹੁੰਦਾ ਹੈ...

04/06/2021 6:10:19 PM

ਗੱਲ 2010 ਦੀ ਹੈ। ਇੱਕ ਸੜਕ ਹਾਦਸੇ ਵਿੱਚ ਮਿਲੇ ਜੀਵਨਦਾਨ ਤੋਂ ਬਾਅਦ ਜਦੋਂ ਮੈਂ ਇੱਕ ਪ੍ਰਮੁੱਖ ਸਰਕਾਰੀ ਹਸਪਤਾਲ ਵਿਚ ਟਾਂਕੇ ਕਟਵਾਉਣ ਲਈ ਗਿਆ ਤਾਂ ਮਿਹਰਬਾਨ ਨਰਸ ਨੇ ਸਵਾਲ ਕੀਤਾ, ‘ਕੀ ਡਾਕਟਰਾਂ ਨੇ ਤੁਹਾਡੀ ਲੱਤ ਨੂੰ ਨੂੰ ਚੰਗੀ ਤਰਾਂ ਨਹੀਂ ਦੇਖਿਆ?’ ਮੇਰੇ ਚਿਹਰੇ ’ਤੇ ਸਵਾਲੀਆ ਚਿੰਨ ਲਟਕਦਿਆਂ ਹੋਏ ਦੇਖ ਕੇ ਉਸ ਨੇ ਆਖਿਆ, ‘ਲੱਤ ਅੰਦਰੋਂ ਗਲੀ ਪਈ ਹੈ। ਡੇਢ ਫੁੱਟ ਦਾ ਹੀਮੇਟੋਮਾ ਕਿਸੇ ਨੂੰ ਦਿਸਿਆ ਨਹੀਂ ? ਜਿਹੜੇ ਵੀ ਡਾਕਟਰ ਨੇ ਓਪਰੇਸ਼ਨ ਕੀਤਾ ਹੈ, ਜਰਾ ਉਸ ਨੂੰ ਦੱਸੋ।’ ਖ਼ੈਰ ਦੱਸਣ ਦਸਾਉਣ ਦਾ ਅਸਰ ਤਾਂ ਕਿਸੇ ਤੇ ਫਿਰ ਕੀ ਹੋਣਾ ਸੀ, ਮੇਰੇ ਲਈ ਹੋਰ ਆਪ੍ਰੇਸ਼ਨਾਂ ਦੀ ਲੜੀ ਜ਼ਰੂਰ ਸ਼ੁਰੂ ਹੋ ਗਈ। 

ਕਈ ਮਹੀਨੇ ਆਪ੍ਰੇਸ਼ਨਾਂ ਵਿੱਚ ਉਲਝ ਕੇ ਮੰਜੇ ’ਤੇ ਪਏ ਰਹਿਣ ਤੋਂ ਬਾਅਦ ਜਦੋਂ ਮੈਂ ਫਹੁੜੀਆਂ ਦੀ ਮਦਦ ਨਾਲ ਪੈਰਾਂ ਤੇ ਖੜ੍ਹਾ ਹੋਣ ਯੋਗ ਹੋਇਆ ਤਾਂ ਮੇਰੇ ਸਰਜਨ ਬਹਿਨੋਈ ਡਾਕਟਰ ਕੁਲਵਿੰਦਰ ਸਿੰਘ ਨੇ ਆਖਿਆ ਕਿ ਹੁਣ ਸਾਨੂੰ ਇੱਕ ਵਾਰ ਜ਼ਰੂਰ ਕਿਸੇ ਹੱਡੀਆਂ ਦੇ ਮਾਹਿਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਬੜੇ ਨਾਮੀ ਗਿਰਾਮੀ ਡਾਕਟਰ ਕੋਲ ਪੁੱਜੇ। ਉਸ ਨੇ ਪਟਿਆਲੇ ਤੋਂ ਮਹਿੰਗੇ ਭਾਅ ’ਤੇ ਕਰਵਾਈ ਸਿਟੀ ਸਕੈਨ ’ਤੇ ਝਾਤ ਵੀ ਨਾ ਮਾਰੀ ਅਤੇ ਹਲਕੇ ਜਿਹੇ ਤਰੀਕੇ ਨਾਲ ਐਕਸਰੇ ’ਤੇ ਝਾਤ ਮਾਰਦਿਆਂ ਹੋਏ ਆਪਣੀ 'ਮਾਹਿਰ' ਸਲਾਹ ਦਿੰਦਿਆਂ ਪਰਚੀ ਦੇ ਪਿੱਛੇ ਇੱਕ ਐਡਰੈਸ ਲਿਖਿਆ ਅਤੇ ਆਖਿਆ, ‘ਇਸ ਦਾ ਇਲਾਜ ਦਿੱਲੀ ਦੇ ਫਲਾਣੇ ਹਸਪਤਾਲ ਦਾ ਫਲਾਣਾ ਡਾਕਟਰ ਹੀ ਕਰੇਗਾ। ਪੂਰਾ ਗੋਡਾ ਹੀ ਬਦਲਣਾ ਪਵੇਗਾ। 

ਅਮਰੀਕਾ ਤੋਂ ਸਪੈਸ਼ਲ ਬਣ ਕੇ ਆਏਗਾ ਇਹ ਗੋਡਾ। ਕਰੀਬ 10 ਲੱਖ ਰੁਪਏ ਖ਼ਰਚ ਆਉਣਗੇ। ਲਿਗਾਮੇਂਟ ਪੂਰੀ ਤਰਾਂ ਟੁੱਟੇ ਹੋਏ ਨੇ। ‘ਖਰਚੇ ਤੇ ਖਰਚੇ ਦੀ ਮਾਰ ਝਲਦਿਆਂ ਲੱਕ ਟੁੱਟਿਆ ਪਿਆ ਸੀ ਅਤੇ ਮੈਂ ਸਵਾਲ ਕੀਤਾ, ‘ਡਾਕਟਰ ਸਾਹਿਬ, ਜੇ ਇੱਕ ਦਮ ਨੂੰ 10 ਲੱਖ ਰੁਪਏ ਨਾ ਹੋਣ ਤਾਂ ਫਿਰ ਕੋਈ ਹੋਰ ਬਦਲ ਹੈ?’ ਡਾਕਟਰ ਨੇ ਪਰਚੀ ਹੱਥੋਂ ਫੜ੍ਹਦਿਆਂ ਹੋਏ ਪਿੱਛੇ ਚੰਡੀਗੜ੍ਹ ਦਾ ਇੱਕ ਹੋਰ ਐਡਰੈੱਸ ਲਿਖ ਦਿੱਤਾ, ‘ਓਨੀ ਦੇਰ ਰੋਮ ਬਰੇਸ ਨਾਲ ਕੰਮ ਚਲਾ ਲਵੋ। ਮੈਂ ਪਤਾ ਲਿਖ ਦਿੱਤਾ ਹੈ, ਇਥੋਂ ਜਾ ਕੇ ਲੈ ਲਵੋ।’ 

ਅਜੇ ਗੱਡੀ ਚੰਡੀਗੜ੍ਹ ਵੱਲ ਪਾਈ ਹੀ ਸੀ ਤਾਂ ਖ਼ਿਆਲ ਆਇਆ ਕਿ ਕਿਉਂ ਨਾ ਇਸ ਦੀ ਕੀਮਤ ਪਤਾ ਕਰ ਲਈ ਜਾਵੇ। ਐਡਰੈੱਸ ਨਾਲ ਦਿੱਤੇ ਗਏ ਫੋਨ ’ਤੇ ਗੱਲ ਕੀਤੀ ਤਾਂ ਅੱਗੋਂ ਬੜੀ ਮਿੱਠੀ ਆਵਾਜ਼ ਵਿਚ ਜਵਾਬ ਮਿਲਿਆ, ‘ਮਿਲ ਜਾਵੇਗੀ ਜੀ, ਬਸ ਤੁਸੀ ਆ ਜਾਵੋ। ਰੇਟ ਕਿਹੜਾ ਨਜਾਇਜ਼ ਲਾਉਣਾ ਹੈ। ਬਾਹਰ ਦੀ ਬਣੀ ਹੋਈ ਹੈ। 45 ਹਜ਼ਾਰ ਵਿਚ ਦੇ ਦਿਆਂਗਾ।’ ਉਸ ਵੇਲੇ ਕੁਲ ਮਿਲਾ ਕੇ ਐਨੇ ਪੈਸੇ ਤਾ ਦੋਵਾਂ ਦੀ ਜੇਬ ਵਿਚ ਵੀ ਨਹੀਂ ਸਨ। ਆਪਣੇ ਬਹਿਨੋਈ ਦੀ ਸਲਾਹ ਤੇ ਲੁਧਿਆਣੇ ਇੱਕ ਜਾਣਕਾਰ ਡਾਕਟਰ ਨੂੰ ਫੋਨ ਲਾ ਲਿਆ ਅਤੇ ਉਸ ਨੇ ਬਾਹਰੋਂ ਪਤਾ ਕਰ ਕੇ ਅੱਧੇ ਘੰਟੇ ਬਾਅਦ ਫੋਨ ਕੀਤਾ ਕਿ ਸਾਢੇ 6 ਹਜ਼ਾਰ ਕੀਮਤ ਦੱਸ ਰਿਹਾ ਹੈ, ਤੁਸੀਂ ਆ ਜਾਓ, 50 ਹਜ਼ਾਰ ਰੁਪਏ ਦੀ ਮਿਲ ਜਾਵੇਗੀ। 

ਜਰਾ ਸੁੱਖ ਦਾ ਸਾਹ ਆਇਆ। ਆਪਣੀ ਭੈਣ ਦੇ ਘਰ ਵਾਪਿਸ ਆ ਕੇ ਮੈਂ ਉਤਸੁਕਤਾ ਵੱਸ ਕੰਪਿਊਟਰ ਤੇ ਉਸ ਰੋਮ ਬਰੇਸ ਦੀ ਤਲਾਸ਼ ਕਰਨ ਲੱਗਾ, ਜਿਸ ਨੇ ਪਤਾ ਨਹੀਂ ਕਦੋਂ ਤੱਕ ਮੇਰੇ ਜਿਸਮ ਦਾ ਹਿੱਸਾ ਬਣੇ ਰਹਿਣਾ ਸੀ। ਕਈ ਥਾਂ ਰੋਮ ਬਰੇਸ ਦੀ ਤਸਵੀਰ ਸਕਰੀਨ ਤੇ ਉਭਰੀ ਅਤੇ ਜਦੋਂ ਕੀਮਤ ਦੇਖੀ ਤਾਂ ਇੱਕ ਨਾਮੀ ਭਾਰਤੀ ਕੰਪਨੀ ਨੇ ਮਹਿਜ਼ 1500 ਰੁਪਏ ਲਿਖੀ ਹੋਈ ਸੀ। ਯਕੀਨ ਨਹੀਂ ਸੀ ਆ ਰਿਹਾ ਕਿ ਇੱਕ ਪਾਸੇ 45 ਹਜ਼ਾਰ ਅਤੇ ਦੂਜੇ ਪਾਸੇ ਸਿਰਫ਼ 1500 ਰੁਪਏ। ਲੱਗਦਾ ਸੀ ਕਿ ਸ਼ਾਇਦ ਇੱਕ ਹੋਰ ਜ਼ੀਰੋ ਲਾਉਣੀ ਰਹਿ ਗਈ ਹੋਵੇਗੀ। ਮੈਂ ਆਪਣੀ ਡਾਕਟਰ ਭੈਣ ਨੂੰ ਆਵਾਜ਼ ਮਾਰੀ ਕਿ ਉਹ ਦੇਖ ਲਵੇ ਕਿ ਮੈਨੂੰ ਕਿਧਰੇ ਗਲਤੀ ਤਾਂ ਨਹੀਂ ਲੱਗ ਰਹੀ। 

ਉਸ ਨੇ ਕੰਪਿਊਟਰ ਸਕਰੀਨ ਤੇ ਨਿਗਾਹ ਮਾਰ ਕੇ ਆਖਿਆ, ‘ਇਹੀ ਹੈ। ਤੁਸੀਂ ਕਿਧਰੇ ਵੀ ਆਰਡਰ ਨਾ ਪਾਉਣਾ। ਮੈਂ ਆਪਣੇ ਹਸਪਤਾਲ ਵਾਲੇ ਸਪਲਾਇਰ ਤੋਂ ਮੰਗਵਾ ਲੈਂਦੀ ਹਾਂ।’ ਉਸ ਸਪਲਾਇਰ ਨੇ ਇਹ ਰੋਮ ਬਰੇਸ ਸਿਰਫ਼ 900 ਰੁਪਏ ਦੀ ਲਿਆ ਕੇ ਦਿੱਤੀ। ਕਰੀਬ 10 ਸਾਲ ਤੱਕ ਮੈਂ ਇਸ ਨੂੰ ਇਸੇ ਕੀਮਤ ਤੇ ਖ਼ਰੀਦ ਕੇ ਪਾਉਂਦਾ ਰਿਹਾ ਅਤੇ ਇਸ ਦੇ 'ਸਹਾਰੇ' ਤੁਰਦਾ ਰਿਹਾ। ਪਿਛਲੇ ਸਾਲ ਮੇਰਾ ਭਾਣਜਾ ਜਸਕੀਰਤ ਸਿੰਘ ਹੱਡੀਆਂ ਦਾ ਮਾਹਿਰ ਬਣ ਕੇ ਆ ਗਿਆ ਅਤੇ ਉਸ ਨੇ ਆਪਣੀ ਪ੍ਰਾਈਵੇਟ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਇੱਕ ਦਿਨ ਵੈਸੇ ਬੈਠਿਆਂ ਉਸ ਨੇ ਮੇਰੀ ਲੱਤ ਦਾ ਮੁਆਇਨਾ ਸ਼ੁਰੂ ਕਰ ਦਿੱਤਾ। ਫਿਰ ਅਚਾਨਕ ਹੀ ਉੱਠਿਆ ਅਤੇ ਬਰੇਸ ਨੂੰ ਵਗ੍ਹਾ ਕੇ ਦੂਰ ਮਾਰਿਆ। 

ਮੇਰੇ ਸਵਾਲ ਕਰਨ ਤੋਂ ਪਹਿਲਾਂ ਹੀ ਉਸ ਤੱਤੇ ਖੂਨ ਵਾਲੇ ਜਵਾਨ ਡਾਕਟਰ ਨੇ ਗੁੱਸੇ ਵਿਚ ਆਖਿਆ, ‘ਇਹ ਲਾਲਚ ਵਿਚ ਅੰਨ੍ਹੇ ਹੋਏ ਲੋਕਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ। ਇਨ੍ਹਾਂ ਲੋਕਾਂ ਨੇ ਇਸ ਪਵਿੱਤਰ ਪੇਸ਼ੇ ਨੂੰ ਬਦਨਾਮ ਕੀਤਾ ਹੋਇਆ ਐ। ਇਸ ਬਰੇਸ ਦੀ ਲੱਤ ਨੂੰ ਕੋਈ ਜ਼ਰੂਰਤ ਹੀ ਨਹੀਂ ਸਗੋਂ ਇਸ ਦੀ ਵਰਤੋਂ ਤਾਂ ਲੱਤ ਦੇ ਮਸਲ ਕਮਜ਼ੋਰ ਕਰ ਰਹੀ ਹੈ। ‘ਇਸ ਬਰੇਸ ਨੂੰ ਸੁੱਟਿਆਂ ਸਾਲ ਬੀਤਣ ਵਾਲਾ ਹੈ ਅਤੇ ਮੈਂ ਅੱਜ ਵੀ ਆਰਾਮ ਨਾਲ ਚਲਦਾ ਹਾਂ। ਬਸ ਫ਼ਰਕ ਇਹੀ ਹੈ ਕਿ ਜਿਥੇ ਬਰੇਸ ਦੀਆਂ ਬੈਲਟਾਂ ਲੱਗੀਆਂ ਹੁੰਦੀਆਂ ਸਨ, ਉਹ ਨਾ ਹੋਣ ਦੇ ਬਾਵਜ਼ੂਦ ਵੀ ਉਥੇ ਹੀ ਮਹਿਸੂਸ ਹੁੰਦੀਆਂ ਹਨ। ਡਾਕਟਰੀ ਨਜ਼ਰੀਏ ਮੁਤਾਬਕ ਇਨ੍ਹਾਂ ਦੀ ਛਾਪ ਦਿਮਾਗ ਵਿਚ ਬਣੀ ਹੋਈ ਹੈ ਅਤੇ ਇਸ ਨੂੰ ਮਿਟਣ ਲਈ ਸਮਾਂ ਤਾਂ ਲੱਗੇਗਾ ਹੀ।

ਗੁਰ ਕ੍ਰਿਪਾਲ ਸਿੰਘ ਅਸ਼ਕ
ਫੋਨ : 98780 19889


rajwinder kaur

Content Editor

Related News