ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ‘ਢਾਡੀ ਸਾਧੂ ਸਿੰਘ ਧੰਮੂ’

8/9/2020 3:49:52 PM

ਜਿੰਨਾਂ ਲੋਕਾਂ ਨੇ ਜ਼ਿੰਦਗੀ ‘ਚ ਕੁਝ ਕਰ ਗੁਜ਼ਰਨਾ ਹੋਵੇ ਤਾਂ ਉਹ ਕਿਸੇ ਦੀਆਂ ਸਲਾਹਾਂ ਨਹੀਂ ਲੈਦੇਂ ਅਤੇ ਆਪਣਾ ਰਾਹ ਆਪੇ ਤਿਆਰ ਕਰ ਲੈਂਦੇ ਹਨ। ਅਕਸਰ ਜਿੰਨਾਂ ਨੇ ਛੋਟੀ ਉਮਰ ਵਿੱਚ ਹੀ ਉਚੀਆਂ ਉੱਡਾਣਾਂ ਦੇ ਸੁਪਨੇ ਦੇਖੇ ਹੋਣ ਤਾਂ ਉਹ ਆਪਣਾ ਸੰਘਰਸ਼ ਮੁੱਢੋਂ ਹੀ ਸ਼ੁਰੂ ਕਰ ਦਿੰਦੇ ਹਨ। ਜਦੋਂ ਉਹ ਆਪਣੀ ਮੰਜ਼ਿਲ ਵੱਲ ਤੁਰਦੇ ਹਨ ਤਾਂ ਕੁਝ ਲੋਕ ਹੈਰਾਨ ਹੁੰਦੇ ਅਤੇ ਕੁਝ ਲੋਕ ਲੱਤਾਂ ਖਿੱਚਣ ਵਾਲੇ ਹੁੰਦੇ ਹਨ। ਜਿਹੜਾ ਇਨਸਾਨ ਇਹ ਸਭ ਕੁਝ ਨੂੰ ਅਣਡਿੱਠ ਕਰਕੇ ਆਪਣੀ ਮੰਜ਼ਿਲ ਵੱਲ ਤੁਰਿਆ ਜਾਂਦਾ ਹੈ ਤਾਂ ਉਸ ਨੂੰ ਉਸਦੀ ਮੰਜ਼ਿਲ ’ਤੇ ਜਾਣੋ ਕੋਈ ਨਹੀਂ ਰੋਕ ਸਕਦਾ ਭਾਂਵੇ ਕਿੰਨੀਆਂ ਹੀ ਔਕੜਾਂ ਰਾਹਾਂ ‘ਚ ਆ ਜਾਣ।

ਕੁਝ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦਾ ਸੰਘਰਸ਼ ਕਰਕੇ ਮੰਜ਼ਿਲ ਨੂੰ ਸਰ ਕਰਨ ਵਾਲੇ ਇਨਸਾਨ ਹਨ, ਅੰਤਰਰਾਸ਼ਟਰੀ ਢਾਡੀ ਸਾਧੂ ਸਿੰਘ ਧੰਮੂ (ਧੂੜਕੋਟ ਵਾਲੇ)। ਜਿੰਨ੍ਹਾਂ ਦਾ ਜਨਮ ਰਾਜੇ ਮਹਾਰਾਜਿਆਂ ਦੀ ਰਿਆਸਤ ਨਾਲ ਜਾਣੇ ਜਾਂਦੇ ਸੂਫ਼ੀ ਫ਼ਕੀਰ ਬਾਬਾ ਫਰੀਦ ਸਾਹਿਬ ਦੀ ਧਰਤੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਦੇਂ ਪਿੰਡ ਧੂੜਕੋਟ ਵਿਖੇ ਸ.ਬਿਸ਼ਨ ਸਿੰਘ ਦੇ ਘਰ ,ਮਾਤਾ ਚੰਦ ਕੌਰ ਦੀ ਕੁੱਖੋਂ 28 ਅਪ੍ਰੈਲ 1978 ਨੂੰ ਹੋਇਆ। ਸਾਧੂ ਸਿੰਘ ਧੰਮੂ ਦੇ ਤਿੰਨ ਭੈਣ - ਭਾਈ ਹਨ। ਜਿਵੇਂ ਬਹੁਤੇ ਕਾਮਯਾਬ ਇਨਸਾਨ ਦੀ ਕਹਾਣੀ ਇਹ ਹੁੰਦੀ ਹੈ ਕਿ ਉਹ ਅਸਲ ‘ਚ ਅੱਤ ਦਰਜੇ ਦੀ ਗਰੀਬੀ ‘ਚੋਂ ਹੀ ਉਠਦੇ ਹਨ।

ਬਸ ਉਸੇ ਤਰ੍ਹਾਂ ਹੀ ਢਾਡੀ ਸਾਧੂ ਸਿੰਘ ਧੰਮੂ ਨੇ ਵੀ ਗਰੀਬੀ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਤੇ ਆਪਣੇ ਪਰਿਵਾਰ ਨੂੰ ਮਾੜੇ ਹਾਲਾਤਾਂ ਵਿੱਚ ਜਿਊਂਦੇ ਦੇਖਿਆ। ਭਾਂਵੇ ਪਿਤਾ ਪੁਰਖੀ ਕਿੱਤਾ ਤਰਖਾਣਾਂ ਕੰਮ ਸੀ ਪਰ ਹਲਾਤ ਬਹੁਤੇ ਚੰਗੇ ਨਹੀਂ ਸੀ। ਫੇਰ ਜਦੋਂ ਇਨ੍ਹਾਂ ਦੀ ਸੁਰਤ ਸੰਭਲੀ ਤਾਂ ਇਨ੍ਹਾਂ ਆਪਣੇ ਪਿਤਾ ਨਾਲ ਕੰਮਕਾਜ ਵਿੱਚ ਹੱਥ ਵਟਾਉਣਾ ਸ਼ੁਰੂ ਕੀਤਾ ਤੇ ਆਪਣੇ ਭਰਾ ਅਤੇ ਭੈਣਾਂ ਨਾਲ ਮਿਲ ਕੇ ਕੰਮਕਾਜ ਕਰਨਾ। ਹਰ ਇਕ ਦਾ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਸ਼ੌਕ ਹੁੰਦਾ ਹੈ ਤਾਂ ਬਚਪਨ ‘ਚ ਇਨ੍ਹਾਂ ਨੂੰ ਆਪਣੇ ਸਮੇਂ ਦੇ ਢਾਡੀ ਕਵੀਸ਼ਰਾਂ ਨੂੰ ਸੁਣਨ ਦਾ ਸ਼ੌਕ ਸੀ। ਗਾਉਣ ਵਜਾਉਣ ਦੀ ਚਾਹਤ ਉਨ੍ਹਾਂ ਨੂੰ ਵੀ ਜਾਗੀ ਤੇ ਉਨ੍ਹਾਂ ਨੇ ਇਹ ਸ਼ੌਕ ਪੂਰਾ ਕਰਨ ਲਈ ਪਰਿਵਾਰ ਨਾਲੋਂ ਵੀ ਬਾਗੀ ਹੋਣਾ ਪਿਆ।

ਸਾਧੂ ਸਿੰਘ ਧੰਮੂ ਦੱਸਦੇ ਹਨ ਕਿ ਜਦੋਂ ਉਹ ਸ਼ੌਕ ਨੂੰ ਪੂਰਾ ਕਰਨ ਲੱਗੇ ਤਾਂ ਉਨ੍ਹਾਂ ਦੇ ਆਪਣਿਆਂ ਨੇ ਇਹ ਕਿਹਾ ਆਹ ਕੀ ਕੰਮ ਫੜ ਲਿਆ ਮਰਾਸੀਆਂ ਵਾਲਾ ਤੇ ਆਵੀ ਕੋਈ ਕੰਮਾਂ ‘ਚੋ ਕੰਮ ਹੈ ਤਾਂ ਉਨ੍ਹਾਂ ਨੂੰ ਮੇਰਾ ਜਵਾਬ ਸੀ ਕਿ ਮੈਂ ਇਸ ਕੰਮ ਨਾਲ ਹੀ ਆਪਣਾ ਨਾਮ ਬਣਾਵਾਂਗਾ। ਇਹ ਇਨ੍ਹਾਂ ਗੱਲਾਂ ਨੂੰ ਅਣਸੁਣਿਆਂ ਕਰਕੇ ਆਪਣੇ ਰਸਤੇ ’ਤੇ ਚੱਲਦੇ ਗਏ ਅਤੇ ਨਾਲ ਹੀ ਤਰਖਾਣਾ ਕੰਮ ਵੀ ਕਰਦੇ ਅਤੇ ਆਪਣੇ ਸ਼ੌਕ ਨੂੰ ਪੂਰਾ ਕਰਦੇ ਰਹੇ। ਇਨ੍ਹਾਂ ਨੇ ਕੁਝ ਕੁ ਸਮਾਂ ਸਕੂਟਰ ਮਕੈਨਿਕ ਦਾ ਕੰਮ ਵੀ ਕੀਤਾ। ਜਦੋਂ ਇਨ੍ਹਾਂ ਨੇ ਆਪਣੇ ਹੀ ਪਿੰਡ ਦੇ ਸਮਾਗਮ ਤੇ ਇਕ ਕਵਿਤਾ ਪੜ੍ਹੀ ਤਾਂ ਲੋਕਾਂ ਦਾ ਬੇਹੱਦ ਪਿਆਰ ਮਿਲਿਆ ਤੇ ਫੇਰ ਸਮਾਂ ਐਸਾ ਆਇਆ ਇਨ੍ਹਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਢਾਡੀ ਕਲਾ ਨੂੰ ਸਮਰਪਿਤ ਕਰ ਦਿੱਤਾ ਅਤੇ ਫੇਰ ਆਗਾਜ਼ ਹੋਇਆ ਢਾਡੀ ਖੇਤਰ ਵਿੱਚ । 

ਇਨ੍ਹਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਹ ਆਪਣੇ ਸਮੇਂ ਦੀਆਂ ਪੰਜ ਪਾਸ ਹਨ। ਅੱਗੇ ਦੀ ਪੜ੍ਹਾਈ ਇਨ੍ਹਾਂ ਨੇ ਗਰੀਬੀ ਕਰਕੇ ਵਿੱਚੇ ਹੀ ਛੱਡ ਦਿੱਤੀ ਤੇ ਜੋ ਇਨ੍ਹਾਂ ਦਾ ਕਿੱਤਾ ਪੇਸ਼ਾ ਸੀ ਉਹ ਕਰਨ ਲੱਗੇ।
ਸਾਧੂ ਸਿੰਘ ਧੰਮੂ ਦੇ ਜੇਕਰ ਧਾਰਮਿਕ ਜੀਵਨ ਦੀ ਗੱਲ ਕਰੀਏ ਤਾਂ ਇਨ੍ਹਾਂ ਨੇ ਗੁਰਬਾਣੀ ਸੰਥਿਆ ਪਿੰਡ ਦੇ ਹੀ ਗੁਰੂ ਘਰ ‘ਚੋਂ ਬਾਬਾ ਜਸਵੀਰ ਸਿੰਘ ਚੁੱਪਕੀਤੀ ਤੋਂ ਕੀਤੀ ਅਤੇ ਇਕ ਚੰਗੇ ਆਖੰਡ ਪਾਠੀ ਬਣੇ। ਫੇਰ ਹੌਲੀ-ਹੌਲੀ ਇਨ੍ਹਾਂ ਕੀਰਤਨ ਤੇ ਕਵੀਸ਼ਰੀ ਸਿੱਖੀ।
ਕੀਰਤਨ ਕਰਨਾ ਇਨ੍ਹਾਂ ਨੇ ਆਪਣੇ ਉਸਤਾਦ ਚਮਕੌਰ ਸਿੰਘ ਮਾਹਲਾਂ ਤੋਂ ਸਿੱਖਿਆ ਤੇ ਕਵੀਸ਼ਰੀ ਕਲਾ ਦੀਆਂ ਬਾਰੀਕੀਆਂ ਉਸਤਾਦ ਕਵੀਸ਼ਰ ਸਰਵਨ ਸਿੰਘ ਖੁਸ਼ਦਿਲ ਜੀ ਤੋਂ ਸਿੱਖੀਆਂ। ਕਵੀਸ਼ਰ ਸਰਵਨ ਸਿੰਘ ਖੁਸ਼ਦਿਲ ਜੀ ਨੇ ਇਨ੍ਹਾਂ ਨੂੰ ਕਵੀਸ਼ਰੀ ਕਲਾ ਦੇ ਬੜੇ ਗੁੱਝੇ ਭੇਦਾਂ ਬਾਰੇ ਦੱਸਿਆ ਅਤੇ ਕਵਿਤਾਵਾਂ ਦੀ ਛੰਦਾ-ਬੰਦੀ ਬਾਰੇ ਬਹੁਤ ਸੂਖਮਤਾ ਦੇ ਨਾਲ ਸਮਝਾਇਆ ਤੇ ਸਾਧੂ ਸਿੰਘ ਧੰਮੂ ਜੀ ਨੇ ਪੂਰੀ ਲਗਨ ਨਾਲ ਹਰ ਗੱਲ ਨੂੰ ਸਿੱਖਿਆ ਤੇ ਕੁਝ ਚਿਰ ਕਵੀਸ਼ਰੀ ਕੀਤੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਦੀ ਡਿਊਟੀ ਵੀ ਕੀਤੀ। ਫੇਰ ਹੌਲੀ ਹੌਲੀ ਉਨ੍ਹਾਂ ਨੇ ਆਪਣਾ ਢਾਡੀ ਜੱਥਾ ਤਿਆਰ ਕੀਤਾ। ਉਨ੍ਹਾਂ ਨਾਲ ਢਾਡੀ ਜੱਥੇ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਸਾਥੀ ਹਨ, ਜਿੰਨ੍ਹਾਂ ਨੇ ਉਨ੍ਹਾਂ ਨਾਲ ਸਮੇਂ-ਸਮੇਂ ’ਤੇ ਕੰਮ ਕੀਤਾ।

ਇਨ੍ਹਾਂ ਨੇ ਆਪਣੇ ਢਾਡੀ ਜੱਥੇ ਨਾਲ ਤਕਰੀਬਨ 30 ਤੋਂ ਵੱਧ ਆਡੀਓ, ਵੀਡੀਓ ਕੈਸਿਟਾਂ ਕੀਤੀਆਂ। ਇਨ੍ਹਾਂ ਦੇ ਦੋ ਦਰਜਨਾਂ ਤੋ ਵੱਧ ਸ਼ਗਿਰਦ ਹਨ, ਜੋ ਢਾਡੀ ਜਾਂ ਕਵੀਸ਼ਰੀ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ। ਇਨ੍ਹਾਂ ਨੇ ਢਾਡੀ ਕਲਾ ਨਾਲ ਜੁੜਕੇ ਪੰਜਾਬ ਤੇ ਪੰਜਾਬ ਤੋਂ ਬਹਾਰ ਸੰਗਤਾਂ ਤੋਂ ਢੇਰ ਸਾਰਾ ਪਿਆਰ ਤੇ ਬੇਅੰਤ ਮਾਣ ਸਨਮਾਣ ਲਿਆ। ਇਨ੍ਹਾਂ ਨੇ ਢਾਡੀ ਕਲਾ ਰਾਹੀਂ ਦੇਸ਼ਾ-ਵਿਦੇਸ਼ਾਂ ਵਿੱਚ ਗੁਰਇਤਿਹਾਸ ਨਾਲ ਸੇਵਾ ਕੀਤੀ ਅਤੇ ਇਨ੍ਹਾਂ ਨੇ ਕੈਨੇਡਾ, ਸਿੰਘਾਪੁਰ, ਮਲੇਸ਼ੀਆਂ, ਥਾਈਲੈਂਡ, ਇੰਡੋਨੇਸ਼ੀਆਂ ਵਿੱਚ ਵੀ ਨਾਮਣਾ ਖੱਟਿਆ।

ਢਾਡੀ ਸਾਧੂ ਸਿੰਘ ਧੰਮੂ ਜੀ ਦੇ ਧਾਰਮਿਕ ਖੇਤਰ ਦੇ ਨਾਲ ਨਾਲ ਸਮਾਜਿਕ ਖੇਤਰ ਦੀ ਵੀ ਗੱਲ ਕਰੀਏ ਤਾਂ ਇਨ੍ਹਾਂ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕੀਤੇ ਤੇ ਅੱਜ ਤੱਕ ਵੀ ਲੋਕ ਭਲਾਈ ਦੇ ਕੰਮਾਂ ਵਿੱਚ ਦਿਨ ਰਾਤ ਤਤਪਰ ਹਨ। ਇਨ੍ਹਾਂ ਨੇ ਧਾਰਮਿਕ ਸਮਾਜਿਕ ਖੇਤਰ ਦੇ ਨਾਲ ਰਾਜਨੀਤਕ ਪਾਸੇ ਵੀ ਪੈਰ ਰੱਖਿਆ ਹੈ ਤੇ ਅੱਜ ਕੱਲ ਲੋਕ ਇੰਨਸਾਫ ਪਾਰਟੀ  ਨਾਲ ਕੰਮ ਕਰ ਰਹੇ ਹਨ ਅਤੇ ਜ਼ਿਲ੍ਹਾ ਮੋਗਾ ਦੇ ਧਾਰਮਿਕ ਵਿੰਗ ਦੇ ਪ੍ਰਧਾਨ ਵੀ ਹਨ।ਜੇਕਰ ਇਨ੍ਹਾਂ ਦੀ ਕਲਮ ਦੀ ਗੱਲ ਕਰੀਏ ਤਾਂ ਸਾਹਿਤਕ ਖੇਤਰ ਵਿੱਚ ਵੀ ਘੱਟ ਨਹੀਂ ਹਨ। ਇਨ੍ਹਾਂ ਨੇ ਬਹੁਤ ਸਾਰੀਆਂ ਸਾਹਿਤਕ ਰਚਨਾਵਾਂ ਰਚੀਆਂ ਤੇ ਇਨ੍ਹਾਂ ਦੀਆਂ ਰਚਨਾਵਾਂ ਕਈ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪੀਆਂ। ਇਨ੍ਹਾਂ ਨੇ ਸਾਹਿਤ ਵਿੱਚ ਵੀ ਯੋਗਦਾਨ ਪਾਉਂਦਿਆਂ ਤਿੰਨ ਕਿਤਾਬਾਂ ਲਿਖੀਆਂ, ਜਿੰਨ੍ਹਾਂ ਵਿੱਚ ਦੋ ਕਬੱਡੀ ਨਾਲ ਸੰਬੰਧਤ (ਖੇਡ ਬਗੀਚਾ, ਖਿਆਲ਼ ਕਬੱਡੀ ਦੇ) ਇਕ ਕਿਤਾਬ ਧੰਮੂ ਦੇ ਢਾਡੀ ਪ੍ਰਸੰਗ ਸਰੋਤਿਆਂ ਦੀ ਝੋਲੀ ਪਾਈਆਂ।

ਇਨ੍ਹਾਂ ਦੀ ਸਖਸ਼ੀਅਤ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਬਹੁਤ ਸਾਰੇ ਮਾਣ ਸਨਮਾਣ ਮਿਲੇ, ਜਿੰਨ੍ਹਾਂ ਵਿੱਚ 2012 ਨੂੰ ਗੁ:ਸੁੱਖ ਸਾਗਰ ਨਿਊ ਵੈਸਟ ਮੈਨਸਟਰ ਬੀ.ਸੀ.ਕਨੇਡਾ ਵਿਖੇ ਵਿਸ਼ੇਸ਼ ਸਨਮਾਣ ਨਾਲ ਨਿਵਾਜਿਆ, 2014  ਵਿੱਚ ‘ਮਹਿਕ ਵਤਨ ਦੀ’ ਅਵਾਰਡ ਮਿਲਿਆ। ਬਾਬਾ ਨਛੱਤਰ ਸਿੰਘ ਵੱਲੋਂ ਭਾਈ ਮਰਦਾਨਾ ਅਵਾਰਡ ਮਿਲਿਆ। ਇਨ੍ਹਾਂ ਦੀਆਂ ਪ੍ਰਾਪਤੀਆਂ ਦੀ ਹੋਰ ਗੱਲ ਕਰੀਏ ਤਾਂ ਇਹ ਢਾਢੀ ਕਵੀਸ਼ਰ ਸੰਸਥਾਵਾਂ ਦੇ ਜਿਲ੍ਹਾਂ ਖਜ਼ਾਨਚੀ ਤੋਂ ਲੈ ਕੇ ਕੌਮੀ ਪੱਧਰ ਤੇ ਵਾਇਸ ਚੇਅਰਮੈਨ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਹ ਇਕ ਮੈਗਜ਼ੀਨ ਦੇ ਮੌਜੂਦਾ ਧਾਰਮਿਕ ਸੰਪਾਦਿਕ ਵੀ ਹਨ।

ਇਨ੍ਹਾਂ ਦੇ ਮਾਣ ਵਾਲੀ ਗੱਲ ਕੇ 2013 ਵਿੱਚ ਇਹਨਾਂ ਨੇ ਢਾਡੀ ਕਵੀਸ਼ਰ ਕਲਾ ਬਚਾਓ ਲਹਿਰ ਦੀ ਨੀਂਹ ਰੱਖੀ ਤੇ ਅਲੋਪ ਹੁੰਦੀ ਜਾ ਰਹੀ ਕਲਾ ਨੂੰ ਬਚਾਉਣ ਲਈ ਸ਼ੂਰਆਤ ਕੀਤੀ ਅਤੇ ਕਲਾ ਨੂੰ ਬਚਾਉਣ ਲਈ ਬਹੁਤ ਸਾਰੇ ਉੱਦਮ ਕੀਤੇ।
ਢਾਡੀ ਸਾਧੂ ਸਿੰਘ ਧੰਮੂ ਅੱਜਕਲ ਆਪਣੀ ਜ਼ਿੰਦਗੀ ਨੂੰ ਪਿੰਡ ਸਮਾਲਸਰ ਵਿਖੇ ( ਜਿੱਥੇ ਕੁਝ ਸਾਲਾਂ ਤੋਂ ਨਵੀਂ ਰਿਹਾਇਸ਼ ਕੀਤੀ) ਆਪਣੇ ਪਰਿਵਾਰ ਬੀਬੀ ਚਰਨਜੀਤ ਕੌਰ ਅਤੇ ਬੇਟਾ ਮਹਿੰਦਰ ਸਿੰਘ ਮੇਹਨਤੀ ਨਾਲ ਜੀਵਨ ਬਤੀਤ ਕਰ ਰਹੇ ਹਨ। ਇਨ੍ਹਾਂ ਦਾ ਢਾਡੀ ਜੱਥਾ ਅੰਤਰਰਾਸ਼ਟਰੀ ਪੱਧਰ ’ਤੇ ਜਾਣਿਆਂ ਜਾਂਦਾ ਹੈ। ਇਨ੍ਹਾਂ ਦੇ ਢਾਡੀ ਜੱਥੇ ਵਿੱਚ ਅੱਜਕਲ ਬੀਬੀ ਚਰਨਜੀਤ ਕੌਰ, ਬੀਬੀ ਰਾਮਪ੍ਰੀਤ ਕੌਰ ਮੱਲਕੇ, ਸਾਰੰਗੀਵਾਦਕ ਜਸਵਿੰਦਰ ਸਿੰਘ ਮਾਨਸਾ ਕੰਮ ਕਰ ਰਹੇ ਹਨ।

ਇਨ੍ਹਾਂ ਦਾ ਆਖਿਰ ‘ਚ ਆਉਣ ਵਾਲੀ ਪੀੜ੍ਹੀ ਨੂੰ ਕਹਿਣਾ ਹੈ ਕਿ ਹਮੇਸ਼ਾ ਸੱਚ ਕਹਿਣ ਦੀ ਜੁਰਤ ਰੱਖੋ ਅਤੇ ਹਰ ਮਾੜੇ ਕੰਮਾਂ ਤੋਂ ਪਾਸੇ ਹੋ ਕੇ ਆਪਣੇ ਆਪ ਨੂੰ ਵਧੀਆ ਇਨਸਾਨ ਬਣਾਉ। ਖਾਸ ਕਰਕੇ ਨੌਜਵਾਨਾਂ ਨੂੰ ਸੰਦੇਸ਼ ਹੈ  ਕਿ ਅਜੋਕੇ ਸਮੇਂ ਦੀ ਲੱਚਰਤਾ ਵਾਲੀ ਗਾਇਕੀ ਨੂੰ ਸੁਣਨ ਤੋਂ ਪ੍ਰਹੇਜ਼ ਕਰੋ ਤੇ ਚੰਗਾ ਸੁਣੋ, ਚੰਗਾ ਸਿੱਖੋ।

ਲੇਖਕ - ਰਮੇਸ਼ਵਰ ਸਿੰਘ ਪਟਿਆਲਾ
ਮੋਬਾ : 99148-80392


rajwinder kaur

Content Editor rajwinder kaur