ਜ਼ਿੰਦਗੀ ਦੇ ਭੁਲੇਖਿਆਂ ਤੋਂ ਬਚਣ ਦੀ ਲੋੜ

08/07/2020 5:58:34 PM

ਸੂਰਜ ਗ੍ਰਹਿਣ ਉੱਪਰ ਚੱਲੀ ਹਫਤਾ ਵਾਰੀ ਲੜੀ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਪ੍ਰੇਰਿਤ ਹੁੰਦੇ ਹੋਏ ਅਸੀਂ ਆਪਣੇ ਪਾਠਕਾਂ ਲਈ ਪ੍ਰੇਰਣਾਦਾਇਕ ਲੇਖਾਂ ਦੀ ਇੱਕ ਨਵੀਂ ਲੜੀ 'ਪ੍ਰੇਰਕ ਪ੍ਰਸੰਗ' ਸ਼ੁਰੂ ਕੀਤੀ ਹੈ। ਉਹੀ ਦਿਨ, ਉਹੀ ਲੇਖਕ। ਅੱਜ ਪੇਸ਼ ਹੈ ਇਸ ਲੜੀ ਦੀ ਸੱਤਵੀਂ ਕੜੀ।

ਪ੍ਰੇਰਕ ਪ੍ਰਸੰਗ - 7

ਬਹੁਤ ਸਾਰੇ ਪਾਠਕਾਂ ਦੇ ਆ ਰਹੇ ਸੁਨੇਹਿਆਂ ਤੇ ਕਈ ਜਾਣਕਾਰਾਂ ਦੁਆਰਾ ਸਾਂਝੀਆਂ ਕੀਤੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਦੂਜਿਆਂ ਦੀਆਂ ਖੁਸ਼ੀਆਂ ਜਾਂ ਘਰੇਲੂ ਹਾਲਤਾਂ, ਵਧੀਆ ਕਾਰਾਂ, ਵੱਡੀਆਂ ਕੋਠੀਆਂ ਜਾਂ ਧੜੱਲੇਦਾਰ ਕਾਰੋਬਾਰਾਂ ਨੂੰ ਦੇਖ ਕੇ ਕਈ ਲੋਕੀ ਪ੍ਰੇਸ਼ਾਨ ਜਿਹੇ ਹੋ ਉੱਠਦੇ ਹਨ। ਇਸ ਤਰ੍ਹਾਂ ਦੇ ਤਜ਼ਰਬਿਆਂ ਨੂੰ ਹੰਢਾਉਣ ਵਾਲਿਆਂ 'ਚ ਭਾਵੇਂ ਹਰ ਤਰ੍ਹਾਂ ਦੇ ਵਿਅਕਤੀ ਸ਼ਾਮਲ ਹੁੰਦੇ ਹਨ ਪਰ ਨੌਜਵਾਨਾਂ ਦੇ ਅਜਿਹੀ ਪ੍ਰਵਿਰਤੀ ਦੇ ਸ਼ਿਕਾਰ ਹੋਣ ਦੀਆਂ ਘਟਨਾਵਾਂ ਕੁਝ ਵਧੇਰੇ ਹੋ ਰਹੀਆਂ ਹਨ। ਮੌਜੂਦਾ ਤਣਾਅਪੂਰਨ ਸਮਾਜਕ ਸਥਿਤੀਆਂ ਵਿੱਚ ਇਸ ਤਰ੍ਹਾਂ ਦਾ ਵਰਤਾਰਾ ਵਧੇਰੇ ਹੋਣਾ ਸੁਭਾਵਿਕ ਹੀ ਸੀ।

ਪੜ੍ਹੋ ਇਹ ਵੀ ਖਬਰਜਾਣੋ ਆਖਰ ਕੀ ਕਾਰਨ ਰਿਹਾ ਲੇਬਨਾਨ ਦੀ ਰਾਜਧਾਨੀ ਬੇਰੂਤ ’ਚ ਹੋਏ ਧਮਾਕੇ ਦਾ (ਵੀਡੀਓ)

ਨੌਜਵਾਨ ਸੁਭਾਅ ਪੱਖੋਂ ਵਧੇਰੇ ਸੰਵੇਦਨਸ਼ੀਲ ਅਤੇ ਅਰਮਾਨ-ਭਰਪੂਰ ਹੋਣ ਕਾਰਨ ਕਦੇ ਕਦਾਈਂ ਆਪਣੇ ਆਲੇ ਦੁਆਲੇ ਦੀ ਚਕਾ-ਚੌਂਧ ਨੂੰ ਦੇਖ ਕੇ ਪਰੇਸ਼ਾਨ ਹੋ ਉੱਠਦੇ ਹਨ। ਨਿਮਨ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਜਦੋਂ ਕਿਸੇ ਸਰਦੇ-ਪੁੱਜਦੇ ਪਰਿਵਾਰ ਨੂੰ 'ਆਰਗੈਨਿਕ' ਦੇ ਨਾਂ 'ਤੇ 3-3 ਗੁਣਾ ਭਾਅ 'ਤੇ ਫਲ-ਸਬਜ਼ੀਆਂ ਖਰੀਦਦੇ ਦੇਖਦੇ ਹਨ ਤਾਂ ਖਰੀਦ-ਸ਼ਕਤੀ ਦੀ ਘਾਟ ਨੂੰ ਉਹ ਆਪਣੇ ਪੂਰੇ ਪਰਿਵਾਰ ਦੀਆਂ ਸਿਹਤ-ਸਮੱਸਿਆਵਾਂ ਦਾ ਕਾਰਨ ਮੰਨ ਬੈਠਦੇ ਹਨ। ਉਹ ਸੋਚ ਬੈਠਦੇ ਹਨ ਕਿ ਸਸਤੀਆਂ ਹੋਣ ਕਾਰਨ ਉਹ ਕੈਮੀਕਲਾਂ ਨਾਲ ਲੈਸ ਫਲ-ਸਬਜ਼ੀਆਂ ਖਰੀਦਦੇ ਹਨ, ਜਿਸ ਕਾਰਨ ਤੰਦਰੁਸਤ ਨਹੀਂ ਰਹਿ ਸਕਦੇ।

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

ਆਪਣੇ ਚਹੇਤਿਆਂ ਜਾਂ ਪਰਿਵਾਰਿਕ ਮੈਂਬਰਾਂ ਦੀ ਵਰ੍ਹੇ-ਗੰਢ ਜਾਂ ਅਜਿਹੇ ਹੋਰ ਮੌਕਿਆਂ 'ਤੇ ਹੋਟਲਾਂ 'ਚ ਖਾਣਾ ਖਾਣ ਜਾਂਦਿਆਂ ਅਤੇ ਮਹਿੰਗੇ-ਮਹਿੰਗੇ ਤੋਹਫਿਆਂ ਦੀ ਖਰੀਦਦਾਰੀ ਕਰਦੇ ਵਿਅਕਤੀਆਂ ਨੂੰ ਦੇਖ ਕਈ ਵਾਰੀ ਅਸਮਰਥ ਵਿਅਕਤੀ ਸੋਚ ਬੈਠਦੇ ਹਨ ਕਿ ਉਹ ਤਾਂ ਐਵੇਂ ਜ਼ਿੰਦਗੀ ਦਾ ਭਾਰ ਢੋਹ ਰਹੇ ਨੇ, ਚੱਜ ਨਾਲ ਖੁਸ਼ੀ ਵੀ ਨਹੀਂ ਮਣਾ ਸਕਦੇ। ਆਪਣੇ ਪਿਆਰਿਆਂ ਨੂੰ 'ਵਿਸ਼' ਵੀ ਨਹੀਂ ਕਰ ਸਕਦੇ। ਕਿਸੇ ਦੇ ਆਲੀਸ਼ਾਨ ਮਕਾਨ ਦੀ ਬਾਹਰੀ ਸਜਾਵਟ ਦੇਖ ਕੇ ਉਹ ਸੋਚ ਬੈਠਦੇ ਨੇ ਕਿ ਉਨ੍ਹਾਂ ਨੂੰ ਤਾਂ ਢੰਗ ਸਿਰ ਦਾ ਨਿਵਾਸ ਸਥਾਨ ਹੀ ਨਸੀਬ ਨਹੀਂ ਹੋਇਆ, ਬਸ ਸਿਰ ਢਕਣ ਨੂੰ ਛੱਤ ਹੀ ਮਿਲੀ ਹੈ।

ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ

ਦੂਜਿਆਂ ਦੇ ਹੁੰਦੇ ਸ਼ਾਨਦਾਰ ਵਿਆਹ ਦੇਖ ਕੇ ਕਈ ਵਾਰੀ ਸਾਡਾ ਨੌਜਵਾਨ ਸੋਚ ਉੱਠਦਾ ਹੈ ਕਿ ਉਸ ਨੇ ਤਾਂ ਐਵੇਂ ਫੋਕਟ 'ਚ ਈ ਵਿਆਹ ਕਰਵਾ ਲਿਆ। ਜਦੋਂ ਕੋਈ ਦੋਸਤ ਆਪਣੀ ਘਰਵਾਲੀ ਲਈ 'ਮਾਡਰਨ' ਪਹਿਰਾਵਾ ਖਰੀਦਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਹ ਤਾਂ ਆਪਣੀ ਜੀਵਨ-ਸਾਥਣ ਨੂੰ ਖੁਸ਼ ਹੀ ਨਹੀਂ ਰੱਖ ਸਕੇਗਾ। ਸਾਥੀਆਂ ਦੇ ਹੱਥਾਂ 'ਚ ਫੜੇ ਮਹਿੰਗੇ ਮੋਬਾਇਲ ਫੋਨ, ਨਿੱਤ ਬਦਲਵੀਆਂ ਪੁਸ਼ਾਕਾਂ, ਚਮਕਦਾਰ ਜੁੱਤੀਆਂ, ਮਹਿੰਗੇ ਸਕੂਲਾਂ 'ਚ ਪੜ੍ਹਦੇ ਬੱਚੇ ਉਸ ਨੂੰ ਜ਼ਿੰਦਗੀ ਦੇ ਚੌਰਾਹੇ 'ਚ ਲਿਆ ਕੇ ਖੜ੍ਹਾ ਕਰ ਦਿੰਦੇ ਹਨ। ਉਹ ਸਮਝ ਨਹੀਂ ਪਾਉਂਦਾ ਕਿ ਉਸ ਤੋਂ ਕੀ ਗ਼ਲਤੀ ਹੋ ਗਈ ਜੋ ਉਹ ਜ਼ਿੰਦਗੀ ਨੂੰ ਢੰਗ ਨਾਲ ਜੀ ਸਕਣ ਦੇ ਕਾਬਲ ਵੀ ਨਹੀਂ ਹੋ ਪਾ ਰਿਹਾ।

ਅਜਿਹੀ ਸਥਿਤੀ 'ਚ ਉਲਝੇ ਵਿਅਕਤੀ ਨੂੰ ਸਮਝਣ-ਸਮਝਾਉਣ ਦੀ ਲੋੜ ਹੁੰਦੀ ਹੈ ਕਿ ਉੱਪਰੋਂ-ਉੱਪਰੋਂ ਖੁਸ਼ ਅਤੇ ਲਿਸ਼ਕੇ-ਪੁਸ਼ਕੇ ਦਿਖਦੇ ਵਿਅਕਤੀ ਜ਼ਰੂਰੀ ਨਹੀਂ ਕਿ ਅੰਦਰੋਂ ਉਹੋ ਜਿਹੇ ਹੀ ਹੋਣ। ਚੰਡੀਗੜ੍ਹ ਦੀਆਂ 'ਆਰਗੈਨਿਕ' ਮੰਡੀਆਂ 'ਚ ਤਿੰਨ-ਤਿੰਨ ਗੁਣਾ ਰੇਟਾਂ 'ਤੇ ਖਰੀਦਦਾਰੀ ਕਰਨ ਵਾਲਿਆਂ 'ਚ ਕਾਫੀ ਗਿਣਤੀ ਉਨ੍ਹਾਂ ਦੀ ਹੁੰਦੀ ਹੈ ਜੋ ਆਪਣੇ ਘਰ ਦੇ ਬਗੀਚੇ ਵਿੱਚ ਉੱਗੇ ਖੱਬਲਾਂ ਨੂੰ ਹੱਥ ਨਾਲ ਕੱਢ ਕੇ ਸਰੀਰਕ ਕਸਰਤ ਕਰਨ ਦੀ ਥਾਂ ਰਸਾਇਣਿਕ ਜ਼ਹਿਰਾਂ ਦਾ ਛਿੜਕਾਅ ਕਰਵਾਕੇ ਮਰਵਾਉਂਦੇ ਹਨ। ਉਹ ਇਸ ਗੱਲ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ ਕਿ ਜੇਕਰ ਆਪਣੇ ਬਗੀਚੇ ਵਿੱਚ ਉੱਗੇ ਘਾਹ-ਫੂਸ ਨੂੰ ਉਹ ਵਿਹਲੇ ਸਮੇਂ 'ਚ ਹੱਥੀਂ ਕੱਢ ਦੇਣ ਤਾਂ ਉਨ੍ਹਾਂ ਦੀ ਸਰੀਰਕ ਕਸਰਤ ਵੀ ਹੋ ਜਾਇਆ ਕਰੇ ਅਤੇ ਜ਼ਹਿਰਾਂ ਛਿੜਕੇ ਬਗੀਚੇ 'ਚ ਖੇਡਦੇ ਬੱਚੇ ਤੀਲੇ ਆਦਿ ਮੂੰਹ 'ਚ ਪਾਉਣ ਲੱਗੇ ਜ਼ਹਿਰਾਂ ਸਰੀਰ ਅੰਦਰ ਲਿਜਾਉਣ ਤੋਂ ਬਚ ਜਾਣ।

ਪੜ੍ਹੋ ਇਹ ਵੀ ਖਬਰ -  ਵਿਦਿਆਰਥੀਆਂ ਨੂੰ ਕੈਨੇਡਾ ‘ਚ ਆਰਥਿਕ ਬੇਫਿਕਰੀ ਦਿੰਦਾ ਹੈ GIC ਪ੍ਰੋਗਰਾਮ, ਜਾਣੋ ਕਿਵੇਂ

ਜਿਨ੍ਹਾਂ ਦੀਆਂ ਕੋਠੀਆਂ ਦੀਆਂ ਦਿਹਲੀਆਂ ਅਤੇ ਕੌਲਿਆਂ 'ਤੇ ਚਮਚਮਾਉਂਦਾ ਪੱਥਰ ਲੱਗਾ ਹੁੰਦਾ, ਦੇ ਦਿਲ ਖੁਸ਼ਕ/ਚਮਕਹੀਣ ਹੁੰਦੇ ਹਨ। ਜਿਨ੍ਹਾਂ ਦੇ ਬੱਚੇ ਆਪੋ ਆਪਣੇ ਕਮਰਿਆਂ ਵਿੱਚ ਸੌਂਦੇ ਹਨ ਉਨ੍ਹਾਂ ਦੇ ਪਰਿਵਾਰਾਂ ਵਿੱਚ ਉਹ ਪਿਆਰ ਨਹੀਂ ਹੁੰਦਾ ਜੋ ਇਕੱਠੇ ਸੌਣ ਵਾਲੇ ਪਰਿਵਾਰਾਂ 'ਚ ਮਿਲਦਾ ਹੈ। ਜਿਹੜੇ ਬਾਹਰ ਜਾਣ ਲਈ ਗੱਡੀ ਤੋਂ ਹੇਠਾਂ ਪੈਰ ਨਹੀਂ ਪਾਉਂਦੇ, ਉਹ ਕਸਰਤ-ਘਰਾਂ 'ਚ ਜਾ ਕੇ ਬਨਾਉਟੀ ਸਾਇਕਲ ਚਲਾ ਕੇ ਸਰੀਰ ਨੂੰ ਰੈਲਾ ਕਰਦੇ ਹਨ।

ਜਿਹੜੇ ਆਪਣੀਆਂ ਸਾਥਣਾਂ ਨੂੰ ਮਹਿੰਗੇ-ਮਹਿੰਗੇ ਸੂਟ ਜਾਂ ਹੋਰ ਤੋਹਫੇ ਦਿਵਾ ਕੇ ਮਹੱਤਵਪੂਰਨ ਦਿਵਸ ਮਨਾਉਂਦੇ ਹਨ, ਉਨ੍ਹਾਂ ਦੇ ਮਨਾਂ ਅੰਦਰ ਝਾਕ ਤਾਂ ਦੇਖੋ ਜ਼ਰਾ – ਬਹੁਤਿਆਂ ਨੂੰ ਖੁਸ਼ੀ ਪਦਾਰਥਕ ਵਸਤਾਂ ਵਿੱਚੋਂ ਮਿਲਦੀ ਹੈ। ਬਿਨਾ ਪਦਾਰਥਕ ਵਸਤਾਂ ਦੇ ਉਹ 'ਆਪਣਿਆਂ' ਦੀਆਂ ਸ਼ੁਭਕਾਮਨਾਵਾਂ ਨੂੰ ਸ਼ੁਭਕਾਮਨਾਵਾਂ ਹੀ ਨਹੀਂ ਮੰਨਦੇ। ਜਿਹੜੇ ਇੱਕ ਡੰਗ ਦੀ ਬਚੀ ਰੋਟੀ ਦੂਜੇ ਡੰਗ ਖਾਣ ਦੀ ਥਾਂ ਸੁੱਟਣਾ ਪਸੰਦ ਕਰਦੇ ਹਨ ਉਹ ਹਫਤਾ-ਹਫਤਾ ਬਾਸੀ ਬ੍ਰੈੱਡ ਅਤੇ ਦੋ-ਦੋ ਮਹੀਨੇ ਪੁਰਾਣਾ ਬਟਰ ਸ਼ੌਕ ਨਾਲ ਖਾਂਦੇ ਹਨ।

ਪੜ੍ਹੋ ਇਹ ਵੀ ਖਬਰ - PM ਮੋਦੀ ਨੇ ਨੀਂਹ ਪੱਥਰ ਤੋਂ ਪਹਿਲਾ ਲਾਇਆ ‘ਹਰਸਿੰਗਾਰ’ ਦਾ ਪੌਦਾ, ਜਾਣੋ ਇਸ ਦੀ ਖਾਸੀਅਤ

ਆਪਣੇ ਆਪ ਨੂੰ ਬਹੁਤ ਸਮਝਦਾਰ ਅਤੇ ਸੁੱਚ-ਜੂਠ ਮੰਨਣ ਵਾਲਿਆਂ ਨੂੰ ਕਦੇ ਬਜ਼ਾਰ ਵਿੱਚ ਗੋਲ-ਗੱਪੇ ਖਾਂਦੇ ਵੇਖਣਾ। ਪਤਾ ਲੱਗ ਜਾਵੇਗਾ ਕਿ ਗੋਲ-ਗੱਪੇ ਖਿਲਾ ਰਿਹਾ ਵਿਅਕਤੀ ਗਾਹਕਾਂ ਦੀਆਂ ਪਲੇਟਾਂ 'ਚ ਜੂਠੇ ਪਾਣੀ 'ਚ ਗੋਲ-ਗੱਪੇ ਰੱਖ ਕੇ ਕਿੱਦਾਂ ਦੂਜਿਆਂ ਨੂੰ ਗੋਲ-ਗੱਪੇ ਪਰੋਸਦਾ ਹੈ। ਆਪਣੀ ਮਹਿੰਗੀ ਜੀਵਨ-ਸ਼ੈਲੀ ਨਾਲ ਦੂਜਿਆਂ ਨੂੰ ਖੁਸ਼ ਰਹਿਣ ਦਾ ਸੰਦੇਸ਼ ਦਿੰਦੇ ਵਿਅਕਤੀ ਜਦੋਂ ਮੁਕਾਬਲੇਬਾਜ਼ੀ ਵਾਲੀ ਜ਼ਿੰਦਗੀ ਦੀ ਭੱਜ-ਦੌੜ ਤੋਂ ਥੱਕ ਜਾਂਦੇ ਹਨ ਤਾਂ ਸਾਧਾਂ ਕੋਲ ਜਾ ਕੇ 'ਜਿਉਣ ਦੀ ਕਲਾ' ਸਿੱਖਦੇ ਹਨ।

ਆਪਣੇ ਬੱਚਿਆਂ ਨੂੰ ਮਹਿੰਗੇ-ਮਹਿੰਗੇ ਤੋਹਫੇ ਅਤੇ ਹੋਰ ਸੁੱਖ-ਸਹੂਲਤਾਂ ਖਰੀਦ ਕੇ ਦੇਣ ਵਾਲੇ ਬਹੁਤ ਸਾਰੇ ਮਾਪੇ ਉਨ੍ਹਾਂ ਨੂੰ ਪਹਿਲਾਂ ਬੋਰਡਿੰਗ ਸਕੂਲਾਂ ਅਤੇ ਫੇਰ ਹੋਸਟਲਾਂ ਵਿੱਚ ਛੱਡ ਕੇ ਪੜ੍ਹਾਉਂਦੇ ਹਨ। ਸਾਰੀ ਉਮਰ ਮਾਪਿਆਂ ਤੋਂ ਦੂਰ ਰਹਿ ਕੇ ਪੜ੍ਹਣ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਮਸ਼ਗੂਲ ਹੋ ਕੇ ਵਡੇਰੀ ਉਮਰੇ ਮਾਪਿਆਂ ਨੂੰ 'ਖਰੀਦੀ ਗਈ ਸੇਵਾ' ਆਸਰੇ ਛੱਡਣ ਵਾਲੇ ਇਹ ਬੱਚੇ ਕੀ ਜਾਣਨ ਮੱਧ ਵਰਗੀ ਜਾਂ ਸੰਯੁਕਤ ਪਰਿਵਾਰਾਂ ਦੇ ਬੱਚਿਆਂ ਨੂੰ ਮਿਲਣ ਵਾਲੇ ਨਿੱਘ ਦੇ ਰਸ ਦਾ ਸਵਾਦ!

ਪੜ੍ਹੋ ਇਹ ਵੀ ਖਬਰ - ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ, ਜ਼ਿੰਦਗੀ ’ਚ ਹਮੇਸ਼ਾ ਰਹੋਗੇ ਸੁੱਖੀ

ਅਮੀਰੀ ਨਾਲ ਕਦੇ ਅਰਾਮ ਨਹੀਂ ਮਿਲਦਾ। ਅਮੀਰ ਵਿਅਕਤੀ ਆਪਣੇ ਬੰਗਲੇ, ਕਾਰਾਂ ਜਾਂ ਦਫਤਰਾਂ ਵਿੱਚ ਜਿੰਨੇ ਮਰਜ਼ੀ ਸੀ.ਸੀ.ਟੀ.ਵੀ. ਕੈਮਰੇ ਲਗਵਾ ਲਵੇ ਉਹ ਆਪਣੇ ਆਪ ਨੂੰ ਮੱਧ ਵਰਗੀ ਪਰਿਵਾਰਾਂ ਨਾਲੋਂ ਵਧੇਰੇ ਅਸੁੱਰਖਿਅਤ ਮਹਿਸੂਸ ਕਰਦਾ ਹੈ। ਜਿਨ੍ਹਾਂ ਦੇ ਘਰਾਂ ਅੰਦਰ ਆਪਸੀ ਪਿਆਰ, ਨਿੱਘ ਅਤੇ ਵਿਸ਼ਵਾਸ ਵਧੇਰੇ ਹੁੰਦਾ ਹੈ। ਜਦੋਂ ਮਰਜ਼ੀ ਅਜਮਾ ਲੈਣਾ, ਉਹ ਬਜ਼ਾਰੂ ਖਰੀਦਦਾਰੀਆਂ ਬਹੁਤ ਘੱਟ ਕਰਦੇ ਮਿਲਣਗੇ। ਨਵੇਂ-ਨਵੇਂ ਉਤਪਾਦ ਉਹੀ ਵਿਅਕਤੀ ਵਧੇਰੇ ਖਰੀਦਦੇ ਮਿਲਣਗੇ, ਜੋ ਅੰਦਰੋਂ ਆਪਣੇ ਆਪ ਨੂੰ ਅਧੂਰੇ ਪਾਉਂਦੇ ਹਨ (ਉਂਜ ਉਹ ਖੁੱਲ੍ਹ ਕੇ ਇਹ ਗੱਲ ਮੰਨ ਨਹੀਂ ਸਕਦੇ। ਕਈ ਵਾਰੀ ਤਾਂ ਉਹ ਇਸ ਸਚਾਈ ਤੋਂ ਵਾਕਿਫ ਬਹੁਤ ਦੇਰ ਨਾਲ ਹੁੰਦੇ ਹਨ। ਉਨ੍ਹਾਂ ਬੇਚਾਰਿਆਂ ਨੂੰ ਇਹ ਗੱਲ ਮੂੰਹ 'ਤੇ ਕਹਿਣਾ ਵੀ ਨਾ ਕਦੇ)।

ਮਹਿੰਗੇ ਹੋਟਲਾਂ, ਰੇਸਤਰਾਂ ਆਦਿ ਵਿੱਚ ਜਿੰਨਾਂ ਮਰਜ਼ੀ ਵਧੀਆ ਤੇ ਸਵਾਦੀ ਭੋਜਨ ਕਰ ਲਵੋ। ਤੁਹਾਨੂੰ ਭੋਜਣ ਤੋਂ ਬਾਅਦ ਸੌਂਫ ਜਾਂ ਹਾਜ਼ਮੇਦਾਰ ਚੂਰਨ ਆਦਿ ਪਰੋਸਿਆ ਜਾਵੇਗਾ। ਇੱਕ ਸਾਦੇ ਢਾਬੇ, ਰੇੜ੍ਹੀ, ਫੜ੍ਹੀ ਆਦਿ ਵਾਲੇ ਨੂੰ ਪਤਾ ਨਹੀਂ ਕਿਸ ਤਰ੍ਹਾਂ ਆਪਣੇ ਭੋਜਨ ਦੀ ਗੁਣਵੱਤਾ 'ਤੇ ਐਨਾ ਭਰੋਸਾ ਹੁੰਦਾ ਹੈ ਕਿ ਉਸ ਦਾ ਭੋਜਨ ਹਜ਼ਮ ਹੋ ਹੀ ਜਾਵੇਗਾ, ਜੋ ਉਹ ਭੋਜਨ ਤੋਂ ਬਾਅਦ ਸੌਂਫ ਜਾਂ ਹਾਜ਼ਮੇਦਾਰ ਚੂਰਨ ਆਦਿ ਨਹੀਂ ਪੇਸ਼ ਕਰਦਾ।

PunjabKesari

ਸੋ ਦੋਸਤੋ, ਦੁਨੀਆ ਨੂੰ ਬਹੁਤੀ ਗੰਭੀਰਤਾ ਨਾਲ ਨਾ ਲਵੋ। ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਉਹ ਜ਼ਿੰਦਗੀ ਦਾ ਆਨੰਦ ਮਾਣਨ ਲਈ ਜੋ ਕੁਝ ਕਰ ਰਹੇ ਹਨ, ਉਹ ਕਿੰਨਾ ਕੁ ਜ਼ਰੂਰੀ ਹੈ। ਬਹੁਤੇ ਬੇਚਾਰੇ ਤਾਂ ਦੂਜਿਆਂ ਦੀ ਦੇਖਾ-ਦੇਖੀਕਰੀ ਜਾ ਰਹੇ ਨੇ। ਦੂਜਿਆਂ ਦੀਆਂ ਉਪਰੋਂ ਜਾਪਦੀਆਂ ਖੁਸ਼ੀਆਂ ਨੂੰ ਦੇਖ ਕੇ ਕਦੇ ਵੀ ਢਿੱਗੀ ਨਾ ਢਾਓ। ਜੋ ਕੁਝ ਤੁਹਾਡੇ ਕੋਲ ਉਪਲਬਧ ਹੈ ਉਸੇ 'ਚ ਸਬਰ-ਸੰਤੋਖ ਨਾਲ ਗੁਜ਼ਾਰਾ ਕਰਦੇ ਹੋਏ ਅੱਗੇ ਵਧਦੇ ਜਾਓ। ਇਸ ਦੁਨੀਆਂ 'ਚ ਸਾਰੇ ਬਰਾਬਰ ਨਾ ਤਾਂ ਕਦੇ ਹੋਏ ਹਨ ਤੇ ਨਾ ਹੀ ਕਦੇ ਹੋਣ ਦੀ ਸੰਭਾਵਨਾ ਹੈ। ਸਾਰੀ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ। ਸਾਡੀਆਂ ਕਾਰਗੁਜ਼ਾਰੀਆਂ ਕਾਰਨ ਇਹ ਸਦਾ ਬਦਲਣਸ਼ੀਲ ਰਹਿੰਦੀ ਹੈ। ਲੋੜ ਹੈ ਤਾਂ ਬਸ ਆਪਣੇ ਸਵੈ-ਮਾਨ ਅਤੇ ਸਵੈ-ਵਿਸ਼ਵਾਸ ਨੂੰ ਬਣਾਈ ਰੱਖਣ ਦੀ। ਮੁਕਾਬਲਾ ਕਰਨਾ ਹੈ ਤਾਂ ਕਦੇ ਵੀ ਦੂਜਿਆਂ ਨਾਲ ਨਾ ਕਰੋ; ਮੁਕਾਬਲਾ ਕਰੋ ਆਪਣੇ ਆਪ ਨਾਲ। ਇਹ ਸੋਚੋ ਕਿ ਜੋ ਕੁਝ ਤੁਸੀਂ ਕੱਲ੍ਹ ਸੀ, ਅੱਜ ਓਸ ਤੋਂ ਬਿਹਤਰ, ਵਧੀਆ ਅਤੇ ਵਧੇਰੇ ਵਿਸ਼ਵਾਸੀ ਇਨਸਾਨ ਬਣਨਾ ਹੈ। ਜਿੱਤ ਯਕੀਨਨ ਮਿਲੇਗੀ – ਅੱਜ ਨਹੀਂ ਤਾਂ ਕੱਲ੍ਹ।

ਡਾ. ਸੁਰਿੰਦਰ ਕੁਮਾਰ ਜਿੰਦਲ, ਮੋਹਾਲੀ
ਮੋ. 98761-35823
ਈ ਮੇਲ: drskjindal123@gmail.com


rajwinder kaur

Content Editor

Related News