ਆਓ ਬਰਸਾਤ ਦੇ ਪਾਣੀ ਨੂੰ ਸੰਭਾਲੀਏ
Monday, Jul 23, 2018 - 03:09 PM (IST)
ਸੋਕਾ ਇਕ ਹੌਲੀ-ਹੌਲੀ ਵਧਣ ਵਾਲਾ ਸੰਕਟ ਅਤੇ ਅਚਾਨਕ ਸਦਮਾ ਦੇਣ ਵਾਲੀ ਘਟਨਾ ਦੋਵੇਂ ਗੱਲਾਂ ਹਨ। ਇਹ ਸੰਕਟ ਲਗਾਤਾਰ ਦੇਸ਼ ਹੀ ਨਹੀਂ ਪੂਰੀ ਦੁਨੀਆਂ ਲਈ ਗਹਿਰਾਉਂਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਸਾਲ 2030 ਤੱਕ ਭਾਰਤ ਦੀ ਜੀਡੀਪੀ ਨੂੰ 6% ਤਕ ਕੇਵਲ ਪਾਣੀ ਦਾ ਮੁੱਦਾ ਹੀ ਡੇਗ ਦੇਵੇਗਾ। ਖੁਸ਼ਗਵਾਰ ਦੇਸ਼ ਦੱਖਣੀ ਅਫਰੀਕਾ ਦੇ ਸ਼ਹਿਰ ਕੈਪਟਾਊਨ ਨੂੰ ਅੱਜਕਲ ਪਾਣੀ ਦੀ ਘਾਟ ਲਈ ਜਾਣਿਆ ਜਾਂਦਾ ਹੈ । ਉਥੇ ਸਮੱਸਿਆ ਇੰਨੀ ਵਧ ਚੁੱਕੀ ਹੈ ਕਿ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਨੂੰ ਵੀ ਵਾਸ਼ਰੂਮ ਦੀ ਵਾਰ-ਵਾਰ ਵਰਤੋਂ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ, ਉੱਥੋਂ ਦੇ ਆਮ ਲੋਕਾਂ ਦਾ ਹਾਲ ਤਾਂ ਪੁੱਛੋ ਹੀ ਨਾ। ਲੰਘੇ ਮਾਰਚ ਮਹੀਨੇ ਤੋਂ ਭਾਰਤ ਦੇ ਬੰਗਲੌਰ ਸ਼ਹਿਰ ਵਿਚੋਂ ਵੀ ਅਜਿਹੀਆਂ ਖਬਰਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜ਼ਿਆਦਾ ਪਿੱਛੇ ਨਾ ਜਾਈਏ ਜੂਨ ਮਹੀਨੇ ਦੀ ਸ਼ੁਰੂਆਤ ਵਿਚ ਪਹਾੜਾਂ ਦੀ ਰਾਣੀ ਸ਼ਹਿਰ ਸ਼ਿਮਲਾ ਵੀ ਇਹ ਨਜ਼ਾਰਾ ਪੇਸ਼ ਕਰ ਚੁੱਕਿਆ ਹੈ।ਕੱਲ• ਨੂੰ ਇਸ ਤਰ੍ਹਾਂ ਦੀਆਂ ਖਬਰਾਂ ਪੰਜਾਬ ਤੋਂ ਵੀ ਆਉਣਗੀਆਂ। ਵੈਸੇ ਵੀ ਪਿੰਡ ਕੀੜੀ ਅਫਗਾਨਾਂ ਵਿਚਲੀ ਸ਼ੂਗਰ ਮਿੱਲ 'ਤੇ ਸ਼ਹਿਰ ਲੁਧਿਆਣੇ ਦੇ ਬੁੱਢੇ ਨਾਲੇ ਨੇ ਇਸ ਗੱਲ•ਤੇ ਅਗੇਤੀ ਮੋਹਰ ਪਹਿਲੋਂ ਹੀ ਲਾਈ ਹੋਈ ਹੈ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਕੈਪਟਾਊਨ ਵਿਚ '90 ਦੇ ਦਹਾਕੇ ਤੋਂ ਹੀ ਚੇਤਾਵਨੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਕਿ ਨੇੜਲੇ ਭਵਿੱਖ ਵਿਚ ਪਾਣੀ ਦੀ ਸੁਰੱਖਿਆ ਇਕ ਵੱਡਾ ਮੁੱਦਾ ਹੋਵੇਗਾ।ਜਿਸਦਾ ਕਾਰਣ ਘੱਟ ਡੈਮ ਸਟੋਰੇਜ ਸਮਰੱਥਾ ਅਤੇ ਇਕ ਗਰਮ, ਸੁੱਕਾ ਵਾਤਾਵਰਣ ਵੱਲ ਹੋਣ ਵਾਲੀ ਪੂਰਵ ਅਨੁਮਾਨਿਤ ਤਬਦੀਲੀ ਸੀ। ਪਿਛਲੇ ਚਾਰ ਸਾਲਾਂ ਵਿਚ ਡੈਮਾਂ ਦੇ ਪਾਣੀ ਦਾ ਪੱਧਰ ਲਗਾਤਾਰ ਤੇਜ਼ੀ ਨਾਲ ਘੱਟ ਰਿਹਾ ਹੈ ਅਤੇ 2017 ਵਿਚ ਡੈਮ ਸਿੰਚਾਈ ਵਾਲੇ ਖੇਤਰਾਂ ਵਿਚ ਬਹੁਤ ਘੱਟ ਮੀਂਹ ਪੈਣ ਕਾਰਨ ਵੀ ਪਾਣੀ ਕੱਢਣ ਵਿਚ ਕਈ ਵਾਰ ਵਾਧਾ ਹੋਇਆ ਹੈ, ਜਿਸ ਕਾਰਨ ਅਜਿਹਾ ਲੱਗਦਾ ਹੈ ਕਿ ਸਥਾਨਕ ਅਤੇ ਕੌਮੀ ਸਰਕਾਰਾਂ ਦੋਵੇਂ ਹੀ ਇਸ ਸੰਕਟ ਲਈ ਤਿਆਰ ਨਹੀਂ ਸਨ। ਇਸੇ ਲਈ ਸੰਕਟ ਦੀ ਤੀਬਰਤਾ ਨੂੰ ਜਲਦ ਜਾਨਣ ਦੀ ਬਜਾਏ ਹੱਲ ਕਰਨ ਦੇ ਲਈ ਬਹੁਤ ਢਿੱਲੇ ਰਹੇ।
ਜੇਕਰ ਕੈਪਟਾਊਨ ਦੇ ਹਾਲਾਤਾਂ ਤੋਂ ਜਾਣੂ ਹੋ ਗਏ ਹੋਵੋਂ ਤਾਂ ਜਰਾ ਗੱਲ ਪੰਜਾਬ ਦੀ ਵੀ ਕਰੀਏ। ਸਰਕਾਰਾਂ ਨੇ ਇੱਥੇ ਕੀ ਲੱਲਰ ਲਾਏ ਆ 'ਤੇ ਕੀ ਲਾਉਣਗੇ ਤੁਸੀਂ ਭਲੀਭਾਂਤ ਜਾਣੂ ਹੋ।ਪੰਜ ਪਾਣੀਆਂ ਦੀ ਧਰਤੀ ਹੁਣ ਪਾਣੀ ਦੇ ਖਤਮ ਹੋਣ ਲਈ ਹੀ ਜਾਣੀ ਜਾਉ, ਸਫੈਦੇ ਦਾ ਇਕ ਦਰੱਖਤ ਇਕ ਦਿਨ ਵਿਚ 15-20 ਲੀਟਰ ਪਾਣੀ ਚੂਸ ਜਾਂਦਾ ਹੈ ਅਤੇ ਝੋਨਾ ਵੀ ਕੋਈ ਕਸਰ ਨਹੀਂ ਛੱਡਦਾ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਦੋਨੋਂ ਹੀ ਪੰਜਾਬ ਵਿਚ ਇਕ ਸਾਜਿਸ਼ ਅਧੀਨ ਲਿਆਉਂਦੇ ਗਏ ਸਨ ਪਰ ਰੌਲਾ ਤਾਂ ਹੈ ਕਿ ਉੱਚੇ-ਲੰਮੇ ਸਫੈਦੇ ਵੱਢਕੇ ਅਸੀਂ ਆਪਣੇ ਲਈ ਆਕਸੀਜਨ ਘਟਾਉਣ ਦਾ ਖਤਰਾ ਮੁੱਲ ਨਹੀਂ ਲੈ ਸਕਦੇ, ਜੋ ਮੁਸ਼ਕਿਲ ਬੈਂਗਲੌਰ ਵਿਚ ਵੀ ਆ ਰਹੀ ਹੈ ਅਤੇ ਝੋਨਾ ਹੁਣ ਪੰਜਾਬ ਦੇ ਕਿਸਾਨਾਂ ਦੀ ਟ੍ਰੇਡ-ਮਾਅਰਕ ਫਸਲ ਬਣ ਚੁੱਕੀ ਹੈ।
ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸੰਸਾਰ ਦਾ ਦੋ ਤਿਹਾਈ ਹਿੱਸਾ ਪਾਣੀ ਹੈ, ਇਸ ਲਈ ਪਾਣੀ ਦੁਨੀਆ 'ਤੇ ਕਦੇ ਖਤਮ ਹੋਣ ਵਾਲਾ ਨਹੀਂ ਹੈ ਪਰ ਸਮੱਸਿਆ ਹੈ ਇਸਦੇ ਪ੍ਰਬੰਧਨ ਦੀ। ਟ੍ਰੀਟਮੈਂਟ ਪਲਾਂਟ ਲਗਾਉਣੇ, ਖਰਾਬ ਪਾਣੀ ਨੂੰ ਮੁੜ ਤੋਂ ਪੀਣ ਯੋਗ ਬਣਾਉਣਾ ਇਹ ਸਾਰੇ ਕੰਮ ਕੋਈ ਸੌਖੇ ਨਹੀਂ ਹਨ। ਇਸ ਲਈ ਹਾਲ ਦੀ ਘੜੀ ਜੋ ਸੰਭਵ ਹੱਲ ਨਜ਼ਰ ਆ ਰਿਹਾ ਹੈ, ਉਹ ਹੈ ਮੀਂਹਾਂ ਦਾ ਪਾਣੀ! ਆਓ ਰੇਨ-ਵਾਟਰ ਹਾਰਵੈਸਟਿੰਗ ਨੂੰ ਉਤਸ਼ਾਹਿਤ ਕਰੀਏ, ਜੋ ਵੀ ਨਵੀਂ ਬਿਲਡਿੰਗ ਬਣ ਰਹੀ ਹੋਵੇ ਉੱਥੇ ਛੱਤਾਂ ਦੇ ਪਾਣੀ ਨੂੰ ਸੀਵਰੇਜ਼ ਵਿਚ ਵਿਅਰਥ ਹੋਣ ਦੀ ਥਾਂ ਪਾਈਪਾਂ ਰਾਹੀ ਜ਼ਮੀਨ ਦੇ ਅੰਦਰ ਭਿਜਵਾਈਏ। ਛੱਤਾਂ ਤੇ ਤਰਪਾਲਾਂ ਵਿਛਾਈਏ ਵੱਡੇ ਟੱਬ-ਟੈਂਕਰ ਰੱਖ ਪਾਣੀ ਬਚਾਉਣ ਦਾ ਯਤਨ ਕਰੀਏ। ਪਿਛਲੇ ਦੋ ਕੁ ਵਰੇ ਤੋਂ ਕੁਦਰਤ ਚੰਗੀ ਮਾਨਸੂਨ ਨਾਲ ਸਾਡਾ ਸਾਥ ਦੇ ਰਹੀ ਹੈ ਆਓ ਅਸੀਂ ਵੀ ਇਸਦਾ ਲਾਹਾ ਉਠਾਈਏ ।
ਧੰਨਵਾਦ
ਜਸਪ੍ਰੀਤ ਸਿੰਘ, ਬਠਿੰਡਾ।
99886-46091
