ਨੌਕਰੀ ਅਤੇ ਕੰਮ
Saturday, Apr 06, 2019 - 03:02 PM (IST)
ਕੇਪਟਾਊਨ ਦੀ ਮੈਡੀਕਲ ਯੂਨੀਵਰਸਿਟੀ ਜਿਸ ਨੂੰ ਦੁਨੀਆ ਦਾ ਸਭ ਤੋਂ ਪਹਿਲਾ ਬਾਈਪਾਸ ਓਪਰੇਸ਼ਨ ਕਰਨ ਦਾ ਮਾਣ ਹਾਸਲ ਹੈ ਨੇ ਸੰਨ 2003 ਵਿਚ ਇੱਕ ਅਜਿਹੇ ਵਿਅਕਤੀ ਨੂੰ ਮਾਸਟਰ ਆਫ ਮੈਡੀਸਨ ਦੀ ਡਿਗਰੀ ਨਾਲ ਨਵਾਜਿਆ ਜਿਸ ਨੇ ਜ਼ਿੰਦਗੀ ਵਿਚ ਕਦੇ ਸਕੂਲ ਦਾ ਮੂੰਹ ਤੱਕ ਨਹੀਂ ਵੇਖਿਆ ਸੀ। ਉਸ ਨੰੂੰ ਅੰਗਰੇਜ਼ੀ ਦਾ ਇੱਕ ਸ਼ਬਦ ਵੀ ਪੜ੍ਹਨਾ ਨਹੀਂ ਸੀ ਆਉਂਦਾ ਪ੍ਰੰਤੂ ਆਪਣੇ ਰਵੱਈਏ, ਕੰਮ ਪ੍ਰਤੀ ਲਗਨ ਅਤੇ ਮਿਹਨਤ ਸਦਕਾ ਉਸ ਨੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਸਰਜਨ ਪੈਦਾ ਕੀਤੇ। ਇਸ ਵਿਅਕਤੀ ਦਾ ਨਾਮ ਹੈਮਿਲਟਨ ਸੀ ਜੋ ਕਿ ਅਫਰੀਕਾ ਦੇ ਇੱਕ ਨਿੱਕੇ ਜਿਹੇ ਪਿੰਡ ਵਿਚ ਪੈਦਾ ਹੋਇਆ। ਉਹ ਬੱਕਰੀਆਂ ਚਰਾਉਂਦਾ ਸੀ ਪ੍ਰੰਤੂ ਆਪਣੇ ਪਿਓ ਦੀ ਬਿਮਾਰੀ ਕਾਰਨ ਉਹ ਪਿੰਡ ਛੱਡ ਕੇਪਟਾਊਨ ਆਗਿਆ। ਉਨ੍ਹਾਂ ਦਿਨਾਂ 'ਚ ਕੇਪਟਾਊਨ ਯੂਨੀਵਰਸਿਟੀ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਸੀ।ਉਹ ਯੁਨੀਵਰਸਿਟੀ ਵਿਚ ਮਜ਼ਦੂਰ ਭਰਤੀ ਹੋ ਗਿਆ।ਸਾਰੇ ਦਿਨ ਦੀ ਸਖਤ ਮਿਹਨਤ ਮਗਰੋਂ ਉਹ ਜੋ ਕਮਾਉਂਦਾ ਉਸ ਨੂੰ ਘਰ ਭੇਜ ਦਿੰਦਾ ਅਤੇ ਆਪ ਛੋਲਿਆਂ ਦੇ ਦਾਣੇ ਖਾ ਕੇ ਖੁੱਲ੍ਹੇ ਅਸਮਾਨ ਹੇਠਾਂ ਸੋਂ ਜਾਂਦਾ।
ਉਸਾਰੀ ਦਾ ਕੰਮ ਖਤਮ ਹੋਣ ਮਗਰੋਂ ਉਹ ਇਸੇ ਯੂਨਿਵਰਸਿਟੀ ਵਿਚ ਮਾਲੀ ਭਰਤੀ ਹੋ ਗਿਆ।ਤਿੰਨ ਸਾਲਾਂ ਤੱਕ ਉਹ ਘਾਹ ਕੱਟਦਾ ਰਿਹਾ।ਫਿਰ ਉਸ ਦੀ ਜ਼ਿੰਦਗੀ 'ਚ ਇੱਕ ਅਜੀਬ ਮੌੜ ਆਇਆ ਜਿਸ ਨੇ ਉਸ ਨੂ ੰਮੈਡੀਕਲ ਸਾਇੰਸ ਦੇ ਸਿਖਰ ਤੱਕ ਪਹੁੰਚਾ ਦਿੱਤਾ।
ਇੱਕ ਸਵੇਰ ਪ੍ਰੋਫੈਸਰ ਰਾਬਰਟ ਜੋ ਕਿਜਿਰਾਫ ਤੇ ਰਿਸਰਚ ਕਰ ਰਹੇ ਸਨ, ਨੇ ਇੱਕ ਜਿਰਾਫ ਨੂੰ ਬੇਹੋਸ਼ ਕਰ ਕੇ ਆਪਰੇਸ਼ਨ ਥਿਏਟਰ ਤੇ ਲਿਟਾਇਆ ਪ੍ਰੰਤੂ ਜਿਵੇਂ ਹੀ ਆਪਰੇਸ਼ਨ ਸ਼ੁਰੂ ਕੀਤਾ, ਜਿਰਾਫ ਨੇ ਗਰਦਨ ਹਿਲਾ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਅਜਿਹੇ ਵਿਅਕਤੀ ਦੀ ਜ਼ਰੂਰਤਪਈ ਜੋ ਆਪਰੇਸ਼ਨ ਦੌਰਾਨ ਜਿਰਾਫ ਦੀ ਗਰਦਨ ਪਕੜ ਕੇ ਰੱਖ ਸਕੇ। ਪ੍ਰੋਫੈਸਰ ਆਪਰੇਸ਼ਨ ਥਿਏਟਰ ਚੋਂ ਬਾਹਰ ਆਏ। ਸਾਹਮਣੇ ਹੈਮਿਲਟਨ ਘਾਹ ਕੱਟ ਰਿਹਾ ਸੀ। ਉਨ੍ਹਾਂ ਨੇ ਉਸ ਨੂੰ ਇਸ਼ਾਰੇ ਨਾਲ ਬੁਲਾਇਆ ਅਤੇ ਜਿਰਾਫ ਦੀ ਗਰਦਨ ਫੜ ਕੇ ਰੱਖਣ ਲਈ ਕਿਹਾ। ਹੈਮਿਲਟਨ ਨੇ ਗਰਦਨ ਫੜ ਲਈ ਅਤੇ ਉਹ ਆਪਰੇਸ਼ਨ ਅੱਠ ਘੰਟਿਆਂ ਤੱਕ ਚੱਲਿਆ।ਇਸ ਦੌਰਾਨ ਪ੍ਰੋਫਾਸਰ ਨੇ ਕਈ ਵਾਰ ਚਾਹ,ਕਾਫੀ ਪੀਤੀ ਪ੍ਰੰਤੂ ਹੈਮਿਲਟਨ ਨਿਰੰਤਰ ਅੱਠ ਘੰਟੇ ਜਿਰਾਫ ਦੀ ਗਰਦਨ ਫੜ ਕੇ ਖੜ੍ਹਾ ਰਿਹਾ। ਅਪਰੇਸ਼ਨ ਖਤਮ ਹੋਣ ਉਪਰੰਤ ਉਹ ਚੁਪਚਾਪ ਬਾਹਰ ਨਿਕਲਿਆ ਅਤੇ ਜਾ ਕੇ ਘਾਹ ਕੱਟਣਾ ਸ਼ੁਰੂ ਕਰ ਦਿੱਤਾ।ਅਗਲੇ ਦਿਨ ਵੀ ਉਹ ਜਿਰਾਫ ਦੀ ਗਰਦਨ ਫੜ ਕੇ ਖੜ੍ਹਾ ਰਿਹਾ। ਫਿਰ ਇਹ ਉਸ ਦਾ ਹਰ ਰੋਜ਼ ਦਾ ਕੰਮ ਹੋ ਗਿਆ।ਉਹ ਯੂਨੀਵਰਸਿਟੀ ਆਉਂਦਾ,ਅਪਰੇਸ਼ਨ ਥਿਏਟਰ 'ਚ 8-10 ਘੰਟੇ ਜਾਨਵਰਾਂ ਨੂੰ ਫੜਦਾ ਅਤੇ ਬਾਅਦ ਵਿਚ ਟੈਨਿਸ ਕੋਰਟ ਦਾ ਘਾਹ ਕੱਟਦਾ। ਕਈ ਮਹੀਨਿਆਂ ਤੱਕ ਉਹ
ਦੋਹਰਾ ਕੰਮ ਕਰਦਾ ਰਿਹਾ ਪ੍ਰੰਤੂ ਇਸ ਕੰਮ ਲਈ ਨਾ ਉਸਨੇ ਕਦੇ ਤਨਖਾਹ ਵਧਾਉਣ ਲਈ ਕਿਹਾ ਅਤੇ ਨਾ ਹੀ ਕਿਸੇ ਕਿਸਮ ਦੀ ਸ਼ਿਕਾਇਤ ਕੀਤੀ। ਪ੍ਰੋਫੈਸਰ ਰਾਬਰਟ ਉਸਦੇ ਇਸ ਰਵੱਈਏ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੇ ਹੈਮਿਲਟਨ ਨੂੰ ਮਾਲੀ ਤੋਂ ਲੈਬ ਸਹਾਇਕ ਬਣਾ ਦਿੱਤਾ।ਹੁਣ ਉਸਦਾ ਕੰਮ ਲੈਬ ਵਿੱਚ ਸਰਜਨਾਂ ਦੀ ਮਦਦ ਕਰਨਾ ਸੀ ਜੋ ਉਹ ਕਈ ਸਾਲਾਂ ਤੱਕ ਕਰਦਾ ਰਿਹਾ।
ਸੰਨ 1958 'ਚ ਉਸਦੀ ਜਿੰਦਗੀ ਵਿੱਚ ਇੱਕ ਦੂਜਾ ਅਹਿਮ ਮੌੜ ਆਇਆ। ਇਸ ਸਾਲ ਡਾ.ਬਰਨਾਰਡ ਯੂਨੀਵਰਸਿਟੀ ਆਏ ਅਤੇ ਉਨ੍ਹਾਂ ਨੇ ਦਿਲ ਦੇ ਟਰਾਂਸਪਲਾਟੇਸ਼ਨ ਦੇ ਸ਼ੁਰੂ ਕੀਤੇ। ਹੈਮਿਲਟਨ ਉਨ੍ਹਾਂ ਦਾ ਅਸਿਸਟੈਂਟ ਬਣ ਗਿਆ ਅਤੇ ਉਹ ਡਾ.ਬਰਨਾਰਡ ਦੇ ਕੰਮ ਨੂੰ ਧਿਆਨ ਨਾਲ ਵੇਖਦਾ ਰਿਹਾ। ਡਾਕਟਰ ਨੇ ਉਸਨੂੰ ਟਾਂਕੇ ਲਗਾਉਣ ਦੀ ਜ਼ਿੰਮੇਵਾਰੀ ਸੌਂਪੀ ਜਿਸਨੂੰ ਉਸਨੇ ਬਾਖੂਬੀ ਨਿਭਾਇਆ।ਇੱਕ ਸਮਾਂ ਆਇਆ ਜਦੋਂ ਉਹ ਦਿਨ ਵਿਚ 50-50 ਲੋਕਾਂ ਨੂੰ ਟਾਂਕੇ ਲਗਾਉਂਦਾ ਸੀ। ਅਪਰੇਸ਼ਨ ਥਿਏਟਰ 'ਚ ਕੰਮ ਕਰਦਿਆਂ ਉਹ ਇਨਸਾਨੀ ਜਿਸਮ ਨੂੰ ਡਾਕਟਰਾਂ ਤੋਂ ਵਧੇਰੇ ਸਮਝਣ ਲੱਗ ਪਿਆ ਜਿਸ ਕਾਰਨ ਵੱਡੇ ਡਾਕਟਰਾਂ ਨੇ ਉਸਨੂੰ ਛੋਟੇ ਡਾਕਟਰਾਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਹੌਲੀ_ਹੌਲੀ ਉਸ ਦਾ ਪ੍ਰਭਾਵ ਪੂਰੀ ਯੂਨੀਵਰਸਿਟੀ 'ਚ ਫੈਲ ਗਿਆ।
ਸੰਨ 1970 'ਚ ਉਸਦੀ ਜ਼ਿੰਦਗੀ 'ਚ ਇੱਕ ਤੀਸਰਾ ਮੋੜ ਆਇਆ।ਉਸ ਸਾਲ ਜਿਗਰ ਤੇ ਰਿਸਰਚ ਸ਼ੁਰੂ ਹੋਈ ਅਤੇ ਹੈਮਿਲਟਨ ਨੇ ਇੱਕ ਅਪਰੇਸ਼ਨ ਦੌਰਾਨ ਜਿਗਰ ਦੀ ਇੱਕ ਅਜਿਹੀ ਨਾੜੀ ਦੀ ਨਿਸ਼ਾਨਦੇਹੀ ਕਰ ਦਿੱਤੀ ਜਿਸ ਕਾਰਨ ਜਿਗਰ ਦੀ ਟ੍ਰਾਂਸਪਲਾਂਟੇਸ਼ਨ ਆਸਾਨ ਹੋ ਗਈ। ਉਸ ਦੀ ਇਸ ਨਿਸ਼ਾਨਦੇਹੀ ਨੇ ਮੈਡਿਕਲ ਸਾਇੰਸ ਨੂੰ ਹੈਰਾਨ ਕਰ ਦਿੱਤਾ। ਅੱਜ ਦੁਨੀਆਂ 'ਚ ਕਿਸੇ ਵੀ ਹਸਪਤਾਲ 'ਚ ਜੇਕਰ ਜਿਗਰ ਦਾ ਅਪਰੇਸ਼ਨ ਹੁੰਦਾ ਹੈ ਅਤੇ ਅਪਰੇਸ਼ਨ ਮਗਰੋਂ ਜਦੋਂ ਮਰੀਜ਼ ਅੱਖਾਂ ਖੋਲ ਕੇ ਰੋਸ਼ਨੀ ਵੇਖਦਾ ਹੈ ਤਾਂ ਇਸ ਕਾਮਯਾਬ ਅਪਰੇਸ਼ਨ ਦਾ ਕ੍ਰੈਡਿਟ ਹੈਮਿਲਟਨ ਨੰੂੰ ਜਾਂਦਾ ਹੈ।ਹੈਮਿਲਟਨ ਨੇ ਇਹ ਰੁਤਬਾ ਕਿਸੇ ਕਾਗਜ਼ੀ ਡਿਗਰੀ ਨਾਲ ਨਹੀਂ ਸਗੋਂ ਨਿਰੰਤਰ ਯਤਨ, ਦ੍ਰਿੜ੍ਹਤਾ ਅਤੇ ਅਣਥੱਕ ਮਿਹਨਤ ਸਦਕਾ ਹਾਸਲ ਕੀਤਾ।ਉਹ ਰਾਤ ਨੂੰ 3 ਵਜੇ ਘਰੋਂ ਨਿਕਲਦਾ, 14 ਮੀਲ ਟੁਰਦਾ ਅਤੇ 6 ਵਜੇ ਆਪਰੇਸ਼ਨ ਥਿਏਟਰ 'ਚ ਦਾਖਲ ਹੋ ਜਾਂਦਾ। ਯੂਨੀਵਰਸਿਟੀ ਵਿਚ ਆਪਣੇ 50 ਵਰ੍ਹਿਆਂ ਦੇ ਕੈਰੀਅਰ ਦੌਰਾਨ ਉਸਨੇ ਬਗੈਰ ਕਾਰਨ ਤੋਂ ਨਾ ਕਦੇ ਛੁੱਟੀ ਲਈ, ਨਾ ਕਦੇ ਤਨਖਾਹ ਵਧਾਉਣ ਲਈ ਕਿਹਾ ਅਤੇ ਨਾ ਕਦੇ ਘਟ
ਸਹੂਲਤਾਂ ਮਿਲਣ ਦੀ ਸ਼ਿਕਾਇਤ ਕੀਤੀ। ਫਿਰ ਉਸਦੀ ਜ਼ਿੰਦਗੀ ਵਿਚ ਇੱਕ ਅਜਿਹਾ ਸਮਾਂ ਆਇਆ ਜਦੋਂ ਉਸਦੀ ਤਨਖਾਹ ਅਤੇ ਮਿਲਣ ਵਾਲੀਆਂ ਸਹੂਲਤਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੋਂ ਵੀ ਵਧੇਰੇ ਸਨ ਅਤੇ ਉਸਨੂੰ ਉਹ ਰੁਤਬਾ ਹਾਸਲ ਹੋਇਆ ਜੋ ਮੈਡਿਕਲ ਸਾਇੰਸ ਦੀ
ਦੁਨੀਆ ਵਿਚ ਅੱਜ ਤੱਕ ਕਿਸੇ ਵਿਅਕਤੀ ਨੇ ਹਾਸਲ ਨਹੀਂ ਕੀਤਾ। ਉਹ ਮੈਡੀਕਲ ਸਾਇੰਸ ਦਾ ਪਹਿਲਾ ਅਨਪੜ੍ਹ ਉਸਤਾਦ ਸੀ। ਉਹ ਪਹਿਲਾ ਅਨਪੜ੍ਹ ਸਰਜਨ ਸੀ ਜਿਸਨੇ 30000 ਸਰਜਨਾਂ ਨੂੰ ਟ੍ਰੇਨਿੰਗ ਦਿੱਤੀ। ਉਸਦੀ ਮੌਤ ਮਗਰੋਂ ਉਸਨੂੰ ਉਸੇ
ਯੁਨੀਵਰਸਿਟੀ ਵਿਚ ਦਫਨਾਇਆ ਗਿਆ।
ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਆਮ ਮੁਲਾਜ਼ਮਾਂ ਵਾਂਗ ਹੈਮਿਲਟਨ ਉਸ ਦਿਨ ਜਿਰਾਫ ਦੀ ਗਰਦਨ ਪਕੜਣ ਨੂੰ ਇਹ ਕਹਿ ਕੇ ਮਨ੍ਹਾ ਕਰ ਦਿੰਦਾ ਕਿ ਮੈਂ ਤਾਂ ਮਾਲੀ ਹਾਂ ਅਤੇ ਮੇਰਾ ਕੰਮ ਜਿਰਾਫਾਂ ਦੀ ਗਰਦਨ ਨੂੰ ਫੜਨਾ ਨਹੀਂ ਤਾਂ ਉਹ ਮਰਨ ਤੱਕ ਮਾਲੀ ਹੀ ਰਹਿੰਦਾ। ਇਹ
ਉਸਦੀ ਹਾਂ ਅਤੇ 8 ਘੰਟਿਆਂ ਦੀ ਦਿਲੋਂ ਕੀਤੀ ਜੱਦੋ_ਜਹਿਦ ਦਾ ਕਮਾਲ ਸੀ ਜਿਸਨੇ ਉਸ ਲਈ ਕਾਮਯਾਬੀ ਦੇ ਬੂਹੇ ਖੋਲ ਦਿੱਤੇ ਅਤੇ ਉਹ ਸਰਜਨਾਂ ਦਾ ਸਰਜਨ ਬਣ ਗਿਆ।ਸਮਝਣ ਵਾਲੀ ਗੱਲ ਇਹ ਹੈ ਕਿ ਸਾਡੇ ਵਿਚੋਂ ਜ਼ਿਆਦਾਤਰ ਲੋਕ ਜ਼ਿੰਦਗੀ ਭਰ ਨੌਕਰੀ ਦੀ ਭਾਲ ਵਿਚ ਲੱਗੇ ਰਹਿੰਦੇ ਹਨ ਜਦਕਿ ਜ਼ਰੂਰਤ ਕੰਮ ਨੂੰ ਲੱਭਣ ਦੀ ਹੈ। ਹਰ ਨੌਕਰੀ ਦਾ ਕੋਈ ਨਾ ਕੋਈ ਮਾਪਦੰਡ ਹੁੰਦਾ ਹੈ ਅਤੇ ਇਹ ਨੌਕਰੀ ਕੇਵਲ ਉਸ ਵਿਅਕਤੀ ਨੂੰ ਮਿਲਦੀ ਹੈ ਜੋ ਉਸ ਮਾਪਦੰਡ ਤੇ ਖਰਾ ਉਤਰਦਾ ਹੈ। ਪਰੰਤੂ ਕੰਮ ਦਾ ਕੋਈ ਮਾਪਦੰਡ ਨਹੀਂ ਹੁੰਦਾ। ਜੇਕਰ ਅੱਜ ਅਸੀਂ ਚਾਹੀਏ ਤਾਂ
ਦੁਨੀਆ ਦਾ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹਾਂ ਅਤੇ ਉਸਨੂੰ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਕਰ ਸਕਦੇ ਹਾਂ। ਹੈਮਿਲਟਨ ਇਸ ਰਾਜ ਨੂੰ ਪਹਿਚਾਣ ਗਿਆ ਸੀ ਜਿਸ ਕਾਰਨ ਉਸਨੇ ਨੌਕਰੀ ਦੀ ਬਜਾਏ ਕੰਮ ਨੂੰ ਤਰਜੀਹ ਦਿੱਤੀ ਅਤੇ ਮੈਡੀਕਲ ਸਾਇੰਸ ਵਿੱਚ ਧੁੰਮਾਂ ਪਾ ਛੱਡੀਆਂ। ਸੋਚੋ, ਜੇਕਰ ਉਹ ਸਰਜਨ ਦੀ ਨੌਕਰੀ ਲਈ ਅਰਜ਼ੀ ਦਿੰਦਾ ਤਾਂ ਕੀ ਉਹ ਸਰਜਨਬਣ ਸਕਦਾ ਸੀ? ਪਰ ਉਸਨੇ ਖੁਰਪਾ ਹੇਠਾਂ ਰੱਖਿਆ, ਜਿਰਾਫ ਦੀ ਗਰਦਨ ਫੜੀ ਅਤੇ ਸਰਜਨਾਂ ਦਾ ਸਰਜਨ ਬਣ ਨਿਕਲਿਆ।
ਅੱਜ ਦੀ ਪੀੜ੍ਹੀ ਨੂੰ ਜ਼ਰੂਰਤ ਸੋਚ ਵਿਚ ਤਬਦੀਲੀ ਲਿਆਉਣ ਦੀ ਹੈ ਅਤੇ ਨੌਕਰੀ ਦੀ ਥਾਂ ਕੰਮ ਦੀ ਭਾਲ ਕਰਨ ਦੀ ਹੈ ਅਤੇ ਉਸ ਕੰਮ ਨੂੰ ਪੂਰੀ
ਿਸ਼ੱਦਤ ਨਾਲ ਕਰਨ ਦੀ ਹੈ। ਨੌਜਵਾਨ ਨੌਕਰੀ ਦੀ ਭਾਲ ਵਿਚ ਹਨ ਜਦ ਕਿ ਅਦਾਰਿਆਂ ਨੂੰ ਕਾਮਿਆਂ ਦੀ ਜ਼ਰੂਰਤ ਹੈ।ਤਨਖਾਹ ਤੋਂ ਵਧੇਰੇ ਕੰਮ ਕਰਨ ਵਾਲੇ ਬਹੁਤ ਜਲਦੀ ਕੰਮ ਤੋਂ ਵਧੇਰੇ ਤਨਖਾਹ ਲੈਣ ਲੱਗ ਪੈਂਦੇ ਹਨ। ਜੋ ਨਿਗਰਾਨ ਤੋਂ ਬਗੈਰ ਪੂਰੀ ਈਮਾਨਦਾਰੀ ਨਾਲ ਕੰਮ ਕਰ ਸਕਦੇ ਹਨ ਉਹ ਬਹੁਤ ਜਲਦੀ ਦੂਜਿਆਂ ਉਪਰ ਨਿਗਰਾਨ ਲਗਾ ਦਿੱਤੇ ਜਾਂਦੇ ਹਨ। ਜਿਸ ਦਿਨ ਇਹ ਗੱਲ ਸਾਨੂੰ ਸਮਝ ਪੈ ਜਾਵੇਗੀ ਉਸ ਦਿਨ ਅਸੀਂ ਵੀ ਹੈ ਮਿਲਟਨ ਵਾਂਗ ਕਾਮਯਾਬ ਹੋ ਨਿੱਬੜਾਂਗੇ।
ਹਰਸਿਮਰਨ ਦੀਪ ਸਿੰਘ
ਮੋ. 9888376923
