''ਜੱਟ ਦੀ ਜੂਨ ਬੁਰੀ''

05/18/2019 12:45:10 PM

ਬੇਟੇ ਨੇ ਨੈਟ ਚੈਕ ਕਰਕੇ ਦੱਸਿਆ ਕਿ ਦੋ ਦਿਨ ਬਾਅਦ ਬਰਸਾਤ ਅਤੇ ਗੜੇਮਾਰੀ ਦੀ 80% ਸੰਭਾਵਨਾ ਹੈ। ਮੈਂ ਬੇਚੈਨ ਹੋ ਗਿਆ ਕਿਉਂਕਿ ਹਾੜੀ ਦੀ ਫਸਲ ਮੌਕੇ ਪੱਕੇ ਝੋਨੇ ਤੇ ਗੜੇਮਾਰੀ ਹੋਣ ਕਾਰਨ 4 ਤੋਂ 5 ਕਵਿੰਟਲ ਫਸਲ ਦਾ ਨੁਕਸਾਨ ਹੋਇਆ ਸੀ। ਭੱਜ ਨੱਠ ਕਰਕੇ ਰਾਤ ਨੂੰ 11 ਵਜੇ ਕੰਬਾਇਨ ਆਈ ਰਾਤ ਭਰ ਦੀ ਖੱਜਲ-ਖੁਆਰੀ ਤੋਂ ਬਾਅਦ ਕਣਕ ਵੱਢ ਕੇ ਸਵੇਰੇ ਮੰਡੀ ਪਹੁੰਚੇ ਤਾਂ ਆੜਤੀ ਨੇ ਮੀਟਰ ਲਾ ਕੇ ਕਣਕ ਵਿਚ ਨਮੀ ਹੋਣ ਦੀ ਗੱਲ ਆਖੀ ਮੰਡੀ ਵਿੱਚ ਚਾਰੋਂ ਪਾਸੇ ਕਣਕ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਸੀ ਥਾਂ ਨਾ ਮਿਲਣ ਕਾਰਨ ਸੜਕ ਦੇ ਕੰਢੇ ਹੀ ਢੇਰੀ ਲਾ ਦਿੱਤੀ। ਨਮੀ ਦੱਸਦੇ ਹੋਏ ਕੰਢੇ ਤੇ ਹੀ ਢੇਰੀ ਖਿਲਾਰਨ ਦਾ ਫੁਰਮਾਨ ਜਾਰੀ ਹੋਇਆ ਆਉਂਦੇ ਜਾਂਦੇ ਟਰੈਕਟਰ ਟਰਾਲੀਆਂ ਅਤੇ ਟਰੱਕਾਂ ਨੇ ਕਣਕ ਦਾ ਕਚੂੰਮਰ ਕੱਢ ਦਿੱਤਾ ਸ਼ਾਮ ਨੂੰ 5 ਵਜੇ ਤੋਂ ਬਾਅਦ ਬੋਲੀ ਆਈ, ਇੰਸਪੈਕਟਰ ਨੇ ਮੀਟਰ ਲਾ ਕੇ ਮੇਰੇ ਵੱਲ ਇੰਜ ਤੱਕਿਆ ਜਿਵੇਂ ਮੇਰੇ ਕੋਲੋਂ ਕੋਈ ਬਹੁਤ ਵੱਡਾ ਗੁਨਾਹ ਹੋ ਗਿਆ ਹੋਵੇ। ਇੰਸਪੈਕਟਰ ਵੱਲੋਂ ਰਾਤ ਕੱਟਣ ਦਾ ਹੁਕਮ ਸੁਣਾ ਦਿੱਤਾ। ਮੱਖੀਆਂ ਤੋ ਵੀ ਮੋਟੇ ਮੱਛਰ ਨੇ ਪੂਰੀ ਰਾਤ ਕੰਨਾਂ ਵਿਚ ਬੀਨ ਬਜਾਈ ਸੋਣਾ ਤਾਂ ਦੂਰ ਬੈਠਣਾ ਵੀ ਦੁਭਰ ਹੋ ਗਿਆ ਤਿੰਨ ਦਿਨ ਤੱਕ ਇਹੀ ਡਰਾਮਾ ਚਲਦਾ ਰਿਹਾ ਖੱਜਲ ਖੁਆਰੀ ਤੋਂ ਬਾਅਦ ਮੈਂ ਬਹੁਤ ਦੁਖੀ ਸਾਂ ਕੁਝ ਕਿਸਾਨ ਵੀਰਾਂ ਨੇ ਮੇਰੇ ਦੁਆਲੇ ਬੈਠ ਕੇ ਅਫਸੋਸ ਪ੍ਰਗਟ ਕਰਦੇ ਹੋਏ ਮੈਨੂੰ ਹੋਂਸਲਾ ਦਿੱਤਾ, ਬਾਈ ਜੀ ਜੱਟ ਦੀ ਤਾਂ ਜੂਨ ਹੀ ਬੁਰੀ ਹੈ ਸਾਡੀ ਤਾਂ ਹੁਣ ਆਦਤ ਹੀ ਬਣ ਗਈ ਮੰਡੀਆਂ ਵਿੱਚ ਰੁਲਣ ਦੀ ਹੋਲੀ-ਹੋਲੀ ਤੈਨੂੰ ਵੀ ਆਦਤ ਪੈ ਜਾਣੀ ਹੇ। ਮਿੰਨਤਾਂ ਤਰਲੇ ਕਰਨ ਤੋਂ ਬਾਅਦ ਆੜਤੀ ਨੇ ਕਵਿੰਟਲ ਪਿੱਛੇ ਅੱਧਾ ਕਿਲੋ ਵੱਧ ਤੋਲਣ ਦੀ ਸ਼ਰਤ ਤੇ ਕੰਡਾ ਲਗਵਾਇਆ। ਘਰ ਮੁੜ ਦੇ ਸਮੇਂ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਗੁਨਾਹ ਕਰਨ ਤੋਂ ਬਾਅਦ ਮੁਜ਼ਰਮ ਸਜਾ ਭੁਗਤ ਕੇ ਆਇਆ ਹੋਵੇ। ਘਰ ਪਹੁੰਚਦੇ ਹੀ ਟੀ.ਵੀ. ਤੇ ਸਰਕਾਰ ਦਾ ਬਿਆਨ ਆ ਰਿਹਾ ਸੀ ਕਿਸੇ ਵੀ ਕਿਸਾਨ ਨੂੰ ਮੰਡੀ ਵਿਚ ਪਰੇਸ਼ਾਨੀ ਨਹੀਂ ਆਣ ਦਿੱਤੀ ਜਾਵੇਗੀ।
ਮੈਂ ਸੋਚ ਰਿਹਾ ਸੀ ਜੋ ਮੇਰੇ ਨਾਲ ਹੋਇਆ ਉਹ ਕੀ ਸੀ?

ਗੁਰਿੰਦਰ ਸਿੰਘ (ਅਸਰਪੁਰ)


Aarti dhillon

Content Editor

Related News