ਜਨਵਰੀ 2021 ਲਈ ਖੇਤੀ ਸੂਚਨਾਵਾਂ ਦਾ ਈ. ਮੇਗਜ਼ੀਨ ਕਿਸਾਨਾਂ ਨੂੰ ਸਮਰਪਿਤ ਕੀਤਾ
Thursday, Jan 07, 2021 - 04:38 PM (IST)
ਕਿਸਾਨਾਂ ਤੱਕ ਖੇਤੀ ਸੂਚਨਾਵਾਂ ਪਹੁੰਚਾਉਣ ਲਈ ਖੇਤੀ ਸੂਚਨਾਵਾਂ ਦੇ ਸਿਰਲੇਖ ਹੇਠ ਜਨਵਰੀ 2021 ਦਾ ਈ. ਮੈਗਜ਼ੀਨ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਈ.ਮੈਗਜ਼ੀਨ ਰਾਂਹੀ ਖੇਤੀਬਾੜੀ ਲਈ ਮਹੱਤਵਪੂਰਨ ਸੁਨੇਹੇ ਹਰੇਕ ਮਹੀਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਵਾਟ੍ਰਸ-ਐਪ ਅਤੇ ਫੇਸਬੁੱਕ ਰਾਂਹੀ ਭੇਜੇ ਜਾਂਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਦੇ ਪ੍ਰਕੋਪ ਦੇ ਮੱਦੇਨਜ਼ਰ ਕਿਸਾਨਾਂ ਨੂੰ ਖੇਤੀ ਸਬੰਧੀ ਮਹੱਤਵਪੂਰਨ ਸੁਨੇਹੇ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾ ਪਹੁੰਚਾਉਣ ਲਈ ਈ.ਮੈਗਜ਼ੀਨ ਦਾ ਇਹ ਉਪਰਾਲਾ ਬੇਹੱਦ ਫ਼ਾਇਦੇਮੰਦ ਸਾਬਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਈ.ਮੈਗਜ਼ੀਨ ਰਾਂਹੀ ਕਿਸਾਨਾਂ ਨੂੰ ਕਣਕ ਵਿੱਚ ਨਦੀਨਾਂ ਦੀ ਰੋਕਥਾਮ, ਛੋਟੇ ਖੁਰਾਕੀ ਤੱਤਾਂ ਦੀ ਘਾਟ, ਕਣਕ ਵਿੱਚ ਕੀੜੇ ਅਤੇ ਬੀਮਾਰੀਆਂ ਦੀ ਫੋਟੋਆਂ ਸਮੇਤ ਜਾਣਕਾਰੀ ਅਤੇ ਰੋਕਥਾਮ ਦੇ ਢੰਗਾਂ ਬਾਰੇ ਦੱਸਿਆ ਗਿਆ ਹੈ।
ਇਸ ਈ.ਮੈਗਜ਼ੀਨ ਰਾਂਹੀ ਗਾਜਰ ਬੂਟੀ ਦੀ ਸਰਵਪੱਖੀ ਤਰੀਕੇ ਰਾਂਹੀ ਰੋਕਥਾਮ ਬਾਰੇ ਵੀ ਦੱਸਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਜ਼ਿਲ੍ਹਾ ਜਲੰਧਰ ਵੱਲੋ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਹ ਸਹੂਲਤ ਮੋਬਾਇਲ ਰਾਂਹੀ ਮੁੱਹਈਆ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਖੇਤੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਈ.ਮੈਗਜ਼ੀਨ ਸਮੂਹ ਕਿਸਾਨਾਂ ਨੂੰ ਜ਼ਰੂਰ ਪੁੱਜਦਾ ਕਰਨ।
ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਜਲੰਧਰ।