ਪੀਏਯੂ ਵਿਖੇ ਸਪਨਾ ਦੇ ਮੈਂਬਰਾਂ ਨੇ ਲਈ ਬੀਜ ਉਤਪਾਦਨ ਬਾਰੇ ਜਾਣਕਾਰੀ
Thursday, Sep 27, 2018 - 04:25 PM (IST)

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਬੀਜ ਉਤਪਾਦਕ ਅਤੇ ਨਰਸਰੀ ਤਿਆਰ ਕਰਨ ਵਾਲਿਆਂ ਲਈ ਵਿਸ਼ੇਸ਼ ਲੈਕਚਰ ਆਯੋਜਿਤ ਕੀਤੇ ਗਏ ਜਿਸ ਵਿਚ ਉਨ੍ਹਾਂ ਨੂੰ ਬੀਜ ਉਤਪਾਦਨ ਅਤੇ ਮੰਡੀਕਰਨ, ਬੇਬੀ ਕੌਰਨ ਅਤੇ ਸਵੀਟ ਕੌਰਨ ਦੇ ਬੀਜ ਉਤਪਾਦਨ, ਬਰੌਕਲੀ ਅਤੇ ਲੈਟਿਊਸ ਲਈ ਵਪਾਰਕ ਪੱਧਰ ਤੇ ਬੀਜ ਉਤਪਾਦਨ ਬਾਰੇ ਜਾਣਕਾਰੀ ਦਿੱਤੀ ਗਈ। ਇਹ ਜਾਣਕਾਰੀ ਸਪਨਾ ਦੀ ਮਹੀਨਾਵਾਰ ਸਿਖਲਾਈ ਕੈਂਪ ਵਿਚ ਸ਼ਾਮਲ ਹੋਏ ਬੀਜ ਉਤਪਾਦਕਾਂ ਅਤੇ ਨਰਸਰੀ ਤਿਆਰ ਕਰਨ ਵਾਲੀ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਸਾਂਝੀ ਕੀਤੀ ਗਈ। ਇਸ ਕੈਂਪ ਵਿਚ ਲਗਭਗ ਸਪਨਾ ਦੇ 70 ਮੈਂਬਰਾਂ ਨੇ ਭਾਗ ਲਿਆ। ਪੀਏਯੂ ਦੇ ਸੀਨੀਅਰ ਮੱਕੀ ਬਰੀਡਰ ਡਾ. ਜੇ.ਐੱਸ. ਚਾਵਲਾ, ਕਣਕ ਬਰੀਡਰ ਡਾ. ਜੀ.ਐੱਸ. ਮਾਵੀ ਅਤੇ ਸਬਜ਼ੀ ਵਿਗਿਆਨੀ ਡਾ. ਰੂਮਾ ਦੇਵੀ ਨੇ ਆਪਣੇ ਵਿਚਾਰ ਇਨ੍ਹਾਂ ਮੈਂਬਰਾਂ ਨਾਲ ਸਾਂਝੇ ਕੀਤੇ। ਇਸ ਕੈਂਪ ਦੇ ਕੋਆਰਡੀਨੇਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਪਨਾ ਦੇ ਮੈਂਬਰਾਂ ਦਾ ਸਵਾਗਤ ਕਰਦਿਆਂ ਇਸ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਤੇ ਵੀ ਚਾਣਨਾ ਪਾਇਆ। ਸਪਨਾ ਦੇ ਪ੍ਰਧਾਨ ਸ੍ਰੀ ਪਵਿੱਤਰਪਾਲ ਸਿੰਘ ਪਾਂਗਲੀ ਨੇ ਭਵਿੱਖ ਦੀਆਂ ਯੋਜਨਾਵਾਂ ਸਭ ਨਾਲ ਸਾਂਝੀਆਂ ਕੀਤੀਆਂ ਅਤੇ ਧੰਨਵਾਦ ਦੇ ਸ਼ਬਦ ਕਹੇ।
ਜਗਦੀਸ਼ ਕੌਰ