ਨੌਜਵਾਨ ਵਰਗ ''ਚ ਵਧ ਰਹੀ ਨਸ਼ੇ ਦੀ ਆਦਤ
Monday, Mar 26, 2018 - 05:07 PM (IST)

ਮੌਜੂਦਾ ਸਮੇਂ ਪੰਜਾਬ ਅੰਦਰ ਬਿਨਾਂ ਕਿਸੇ ਡਰ ਤੋਂ ਪਸਰ ਰਹੇ ਨਸ਼ੇ ਦੇ ਪੈਰ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਹਨਾਂ ਪਸਰ ਰਹੇ ਪੈਰਾਂ ਵਿਚ ਸੁੱਕ ਕੇ ਪਿੰਜਰ ਬਣੀਆਂ ਜ਼ਿਆਦਾਤਰ ਨਰੋਈਆਂ ਲੱਤਾਂ ਤਾਂ ਨੌਜਵਾਨ ਵਰਗ ਦੀਆਂ ਹਨ। ਜਿੱਥੇ ਇਹ ਨਸ਼ਈ ਨਸ਼ੇ ਵਿਚ ਗਲਤਾਨ ਹੋ ਕੇ ਆਪਣੇ ਮਾਂ-ਬਾਪ ਅਤੇ ਰਿਸ਼ਤੇਦਾਰਾਂ ਨੂੰ ਆਰਥਿਕ ਅਤੇ ਮਾਨਸਿਕ ਸੰਕਟ ਵਿਚ ਪਾ ਰਹੇ ਹਨ ਉੱਥੇ ਹੀ ਰੋਜਾਨਾਂ ਚੁਣੇ ਹੋਏ ਅੱਡਿਆਂ ਤੇ ਬੈਠ ਕਿਸੇ ਨਵੇਂ ਜੁਰਮ ਨੂੰ ਅੰਜ਼ਾਮ ਦੇਣ ਲਈ ਕੀਤੀਆਂ ਜਾਂਦੀਆਂ ਆਪਣੀਆਂ ਬੇਅਰਥ ਮੀਟਿੰਗਾਂ ਦੇ ਜਰੀਏ ਸਮਾਜ ਵੱਲੋਂ ਸੌਖਾਲੇ ਹੀ ਕੀਤੇ ਜਾਣ ਵਾਲੇ ਨਿੱਜੀ ਕੰਮਾਂ ਨੂੰ ਕਰਨ ਵਿਚ ਰੁਕਾਵਟ ਵੀ ਬਣ ਰਹੇ ਹਨ। ਬੇਸ਼ੱਕ ਨਸ਼ਈ ਦਿਸ਼ਾ ਹੀਣ ਹੁੰਦੇ ਹਨ ਪਰੰਤੂ ਰੋਜ਼ਾਨਾਂ ਨਸ਼ੇ ਦੀ ਲੋਰ ਵਿਚ ਰਹਿੰਦੇ ਹੋਏ ਦਿਨ ਰਾਤ ਸਾਥ ਦੇਣ ਵਾਲੀ ਮਾੜੀ ਸੰਗਤ ਕਾਰਨ ਉਹ ਜੁਰਮ ਦੀ ਅਜਿਹੀ ਦਿਸ਼ਾ ਇਖਤਿਆਰ ਕਰਦੇ ਹਨ ਜਿੱਥੋਂ ਮਾਂ-ਬਾਪ ਲਈ ਔਲਾਦ ਨੂੰ ਵਾਪਿਸ ਮੋੜ ਲਿਆਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ।
ਨਸ਼ਈ ਵਿਅਕਤੀ ਜਨਮਜਾਤ ਤੋਂ ਨਸ਼ਈ ਨਹੀਂ ਹੁੰਦੇ ਇਹ ਇਕ ਸਮਾਜਿਕ ਤਾਣੇ-ਬਾਣੇ ਦੀ ਦੁਰਬਲਤਾ ਹੈ ਕਿ ਇਹਨਾਂ ਸ਼ੂਕਦੇ ਦਰਿਆਵਾਂ ਵਰਗੇ ਨੌਜਵਾਨਾਂ ਦਾ ਸਾਹ ਇਹਨਾਂ ਪੱਥਰ ਵਰਗੇ ਨਸ਼ਿਆਂ ਨਾਲ ਟਕਰਾ ਕੇ ਸੱਤਹੀਣ ਹੋ ਰਿਹਾ ਹੈ।ਹਰ ਇੱਕ ਨਸ਼ਈ ਵਿਅਕਤੀ ਤੇ ਇੱਕ ਦਿਨ ਅਜਿਹਾ ਜ਼ਰੂਰ ਆਉਂਦਾ ਹੈ ਜਦੋਂ ਉਹ ਸਮਾਜਿਕ ਵਰਤਾਰੇ ਅੰਦਰ ਤੇ ਘਰ ਪਰਿਵਾਰ ਅੰਦਰ ਆਪਣੀ ਵਾਪਸੀ ਚਾਹੁੰਦਾ ਹੈ ਪਰ ਨਸ਼ੇ ਦੇ ਆਦਿ ਵਿਅਕਤੀ ਲਈ ਸਮਾਜ ਦੀ ਮੁੱਖ ਧਾਰਾ ਅੰਦਰ ਵਾਪਸ ਆਉਣਾ ਹੀ ਮੁੱਖ ਸਮੱਸਿਆ ਹੈ ਜਿਸ ਨੂੰ ਸਮਾਜਿਕ ਅਖੌਤੀ ਕਾਰਕੁੰਨ ਜਾਂ ਵਿਰੋਧੀਆਂ ਦੁਆਰਾ ਵੀ ਬੇਹੱਦ ਮੁਸ਼ਕਿਲ ਜਾਂ ਨਾਮੁਮਕਿਨ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਹਨਾਂ ਨਸ਼ਈਆਂ ਵੱਲੋਂ ਕੀਤੇ ਜਾਣ ਵਾਲੇ ਜ਼ਿਆਦਾਤਰ ਜ਼ੁਰਮ ਵੀ ਵਾਸਤਵਿਕ ਤੌਰ ਤੇ ਨਸ਼ੇ ਵਿਚ ਝੂਮਣ ਲਈ ਹੀ ਹੋਂਦ ਵਿਚ ਆਉਂਦੇ ਹਨ ਅਤੇ ਇਹਨਾਂ ਜ਼ੁਰਮਾਂ ਦੀ ਪੁਜ ਲਈ ਨਸ਼ੇ ਤੇ ਨਸ਼ਈ ਨੌਜਵਾਨਾਂ ਦੇ ਨਾਲ ਨਾਲ ਸਮਾਜਿਕ ਅਡੰਬਰ ਵੀ ਕਿਸੇ ਹੱਦ ਤੱਕ ਜਿੰਮੇਵਾਰ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਤੇਜੀ ਨਾਲ ਵਧ ਰਹੀ ਬੇਰੁਜਗਾਰੀ ਤੇ ਹੋਰ ਸਮਾਜਿਕ ਖਲਜਗਣ ਨੌਜਵਾਨਾਂ ਅੰਦਰ ਪੁੰਗਰਣ ਵਾਲੀਆਂ ਨੈਤਿਕ ਕਰੂੰਬਲਾਂ ਨੂੰ ਪਹਿਲਾਂ ਹੀ ਨਿਗਲ ਜਾਂਦੇ ਹਨ।
ਇਹ ਨਸ਼ਈ ਆਰਥਿਕ ਪੱਖੋਂ ਚੰਗੇ ਘਰਾਣੇ ਨਾਲ ਸਬੰਧ ਰੱਖਦੇ ਨਵੇਂ ਨੌਜਵਾਨਾਂ ਨੂੰ ਆਪਣੀ ਜੁੰਡਲੀ ਵਿਚ ਸ਼ਾਮਲ ਕਰਨ ਨੂੰ ਪਹਿਲ ਦਿੰਦੇ ਹਨ ਅਤੇ ਅਜਿਹੇ ਨੌਜਵਾਨਾਂ ਨੂੰ ਲੱਭ ਕੇ ਇਹ ਦਿਨਾਂ ਚ ਹੀ ਆਪਣਾ ਵਰਗਾ ਨਸ਼ੇ ਦਾ ਪ੍ਰਪੱਕ ਬਣਾ ਦਿੰਦੇ ਹਨ ਇਸ ਤੋਂ ਬਾਅਦ ਤਾਂ ਨਵੇਂ ਸ਼ਾਮਿਲ ਹੋਏ ਮੈਂਬਰ ਵੱਲੋਂ ਮੀਟਿੰਗਾਂ ਵਿਚ ਆਪਣਾ ਫਰਜ਼ ਸਮਝਦੇ ਹੋਏ ਸਭ ਨੂੰ ਨਸ਼ਿਆਂ ਦਾ ਸੇਵਨ ਕਰਵਾਉਣ ਲਈ ਖੂਬ ਪੈਸਾ ਉਡਾਇਆ ਜਾਂਦਾ ਹੈ ਅਤੇ ਬਹੁਤ ਦੇਰ ਬਾਅਦ ਜਦੋਂ ਮਾਂ-ਬਾਪ ਨੂੰ ਲੱਗ ਰਹੇ ਆਰਥਿਕ ਖੋਰੇ ਕਾਰਨ ਬੱਚੇ ਦੀਆਂ ਇਹਨਾਂ ਕਰਤੂਤਾਂ ਦਾ ਪਤਾ ਲੱਗਦਾ ਹੈ ਤਾਂ ਉਦੋ ਤੱਕ ਬੱਚਾ ਨਸ਼ੇ ਦਾ ਆਦੀ ਹੋ ਚੁੱਕਿਆ ਹੁੰਦਾ ਹੈ ਅਤੇ ਰੋਜਾਨਾਂ ਨਸ਼ੇ ਦੀ ਪੂਰਤੀ ਲਈ ਖਰਚ ਹੋਣ ਵਾਲੇ ਪੈਸੇ ਘਰੋਂ ਵਸੂਲਣ ਲਈ ਉਹ ਮਾਂ-ਬਾਪ ਦੇ ਗਲ ਗੂਠਾ ਦੇਣ ਨੂੰ ਵੀ ਆਪਣਾ ਹੱਕ ਸਮਝਣ ਲੱਗ ਪੈਂਦਾ ਹੈ।
ਇਹ ਨਸ਼ਈ ਨਸ਼ਿਆਂ ਦੀ ਸ਼ੁਰੂਆਤ ਤੋਂ ਲੈਕੇ ਜਿੰਦਗੀ ਦੇ ਅੰਤਿਮ ਪਲਾਂ ਦੇ ਕਰੀਬ ਪਹੁੰਚਦੇ ਹੋਏ ਤਿੰਨ ਤਰਾਂ ਦੀਆਂ ਸਥਿੱਤੀਆਂ 'ਚੋਂ ਲੰਘਦੇ ਹਨ। ਇਹਨਾਂ ਵੱਲੋਂ ਕੁਝ ਸਮੇਂ ਬਾਅਦ ਮਜ਼ਬੂਰਨ ਆਪਣੀ ਸਥਿੱਤੀ ਬਦਲ ਲਈ ਜਾਂਦੀ ਹੈ ਅਤੇ ਉਹਨਾਂ ਦੀ ਜਗਾ ਤੇ ਨਵੇਂ ਨਸ਼ਈ ਉਸ ਸਥਿੱਤੀ ਵਿਚ ਆ ਜਾਂਦੇ ਹਨ ਅਤੇ ਇਹ ਸਿਲਸਿਲਾ ਇਸੇ ਤਰਾਂ ਚੱਲਦਾ ਰਹਿੰਦਾ ਹੈ। ਇਹਨਾਂ ਵਿਚੋਂ ਪਹਿਲੀ ਸਥਿਤੀ ਉਹਨਾਂ ਨੌਜਵਾਨਾਂ ਦੀ ਹੈ ਜੋ ਥੋੜਾ ਪੜ੍ਹੇ ਲਿਖੇ ਹੋਣ ਕਾਰਨ ਆਪਣੇ ਮਾਂ-ਬਾਪ ਦੀ ਫਰਜ਼ ਪੂਰਤੀ ਦਾ ਫਾਇਦਾ ਚੁੱਕਦੇ ਹੋਏ ਕਿਸੇ ਕੰਮ ਧੰਦੇ ਤੇ ਲੱਗੇ ਹਨ ਜਾਂ ਫਿਰ ਜਮੀਨ ਦੇ ਚੰਗੇ ਕਿੱਲੇ ਉਹਨਾਂ ਦੇ ਹਿੱਸੇ ਆਉਂਦੇ ਹਨ। ਇਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਰੁਤਬਾ ਵੀ ਸਮਾਜ ਅੰਦਰ ਬਹੁਤ ਵਧੀਆਂ ਹੁੰਦਾ ਹੈ। ਇਹ ਨੌਜਵਾਨ ਪੂਰਾ ਦਿਨ ਬਣ-ਠਣ ਕੇ ਰਹਿੰਦੇ ਹਨ ਅਤੇ ਸ਼ਕਲ ਸੂਰਤ ਤੋਂ ਵੀ ਦੂਜੀਆਂ ਸਥਿੱਤੀਆਂ ਵਿਚ ਪਹੁੰਚੇ ਨਸ਼ਈਆਂ ਮੁਕਾਬਲੇ ਕੁਝ ਸਮੇਂ ਲਈ ਚੰਗੇ ਦਿਸਦੇ ਹਨ ਜਿਸ ਕਾਰਨ ਕਿਸੇ ਵੀ ਵਿਅਕਤੀ ਨੂੰ ਪਹਿਲੀ ਮੁਲਾਕਾਤ ਦੌਰਾਨ ਇਹਨਾਂ ਦੇ ਨਸ਼ਈ ਹੋਣ ਦਾ ਸਹਿਜੇ ਅੰਦਾਜਾ ਲਗਾਉਣਾ ਥੌੜਾ ਮੁਸ਼ਕਿਲ ਹੋ ਜਾਂਦਾ ਹੈ ਪਰੰਤੂ ਨਸ਼ੇ ਦੀ ਨਿਰੰਤਰ ਖੁਰਾਕ ਕਾਰਨ ਬਦਲੀ ਇਹਨਾਂ ਦੀ ਸਰੀਰਕ ਭਾਸ਼ਾਂ ਇੱਕ ਦਿਨ ਇਹਨਾਂ ਦੀ ਅਸਲ ਸੱਚਾਈ ਸਮਾਜ ਅੱਗੇ ਲਿਆਉਣ ਵਿੱਚ ਕਾਮਯਾਬ ਹੋ ਹੀ ਜਾਂਦੀ ਹੈ । ਇਹ ਨਸ਼ਈ ਇਸ ਸਥਿੱਤੀ ਵਿਚ ਹੁੰਦੇ ਹੋਏ ਆਪਣੀਆਂ ਕੁਝ ਪਰਿਵਾਰਕ ਲੋੜਾਂ ਮਜ਼ਬੂਰੀ ਵਸ ਪੂਰੀਆਂ ਤਾਂ ਕਰਦੇ ਹਨ ਪਰ ਇਹਨਾਂ ਲੋੜਾਂ ਦੀ ਪੂਰਤੀ ਦੇ ਅਸਲ ਮਾਇਨੇ ਇਹਨਾਂ ਦੀ ਸੋਚ ਤੋਂ ਕੋਹਾਂ ਦੂਰ ਹੁੰਦੇ ਹਨ। ਸ਼ੁਰੂਆਤੀ ਸਮੇਂ ਵਿਚ ਇਸ ਸਥਿੱਤੀ ਦੇ ਨਸ਼ਈ ਆਪਣੀ ਕਮਾਈ ਤੋਂ ਜਾਂ ਜਮੀਨ ਦੇ ਆਉਣ ਵਾਲੇ ਠੇਕੇ ਦੇ ਪੈਸਿਆ ਤੋਂ ਨਸ਼ੇ ਦੀ ਪੂਰਤੀ ਕਰਦੇ ਹਨ ਇਸ ਦੌਰਾਨ ਇਹਨਾਂ ਵੱਲੋਂ ਆਪਣੇ ਆਰਥਿਕ ਨੁਕਸਾਨ ਦੇ ਨਾਲ ਨਾਲ ਮਾਂ-ਬਾਪ ਵੱਲੋਂ ਦਿਨ ਰਾਤ ਮਿਹਨਤ ਕਰਕੇ ਕੀਤੀ ਕਮਾਈ ਤੇ ਬਣਾਈ ਪ੍ਰਾਪਰਟੀ ਦਾ ਵੀ ਰੱਜ ਕੇ ਨੁਕਸਾਨ ਕੀਤਾ ਜਾਂਦਾ ਹੈ ਜਿਸ ਕਾਰਨ ਮੋਟਾ ਪੈਸਾ ਦਿਨਾਂ 'ਚ ਹੀ ਨਸ਼ੇ ਦੇ ਲੇਖੇ ਲੱਗ ਜਾਂਦਾ ਹੈ। ਇਸ ਸਥਿੱਤੀ ਵਿਚ ਨਸ਼ਈਆਂ ਵੱਲੋਂ ਨਸ਼ੇ ਦੀ ਬੇਹਿਸਾਬੀ ਖੁਰਾਕ ਕਾਰਨ ਜਮੀਨ ਦੇ ਕਈ ਕਿੱਲਿਆਂ ਨੂੰ ਨਸ਼ੇ ਦੇ ਲੇਖੇ ਲਾ ਦਿੱਤਾ ਜਾਂਦਾ ਹੈ ਜਾਂ ਫਿਰ ਆਪਣੇ ਕੰਮ ਕਾਜ ਦੀ ਜਿੰਮੇਵਾਰੀ ਨਿਭਾਉਣ ਵਿੱਚ ਅਕਸਰ ਵਰਤੀ ਗਈ ਅਣਗਹਿਲੀ ਕਾਰਨ ਇਹਨਾਂ ਨੂੰ ਮੁਸ਼ਕਿਲ ਨਾਲ ਮਿਲੇ ਕੰਮ ਕਾਜ ਤੋਂ ਹੱਥ ਧੋਣਾ ਪੈਂਦਾ ਹੈ। ਦੂਜੇ ਪਾਸੇ ਨਸ਼ੇ ਦੀ ਖੁਰਾਕ ਨਿਰੰਤਰ ਵਧਣ ਕਾਰਨ ਇਹਨਾਂ ਤੇ ਇੱਕ ਦਿਨ ਅਜਿਹਾ ਆਉਂਦਾ ਹੈ ਜਦੋਂ ਨਸ਼ੇ ਤੇ ਹੋਣ ਵਾਲਾ ਖਰਚਾ ਇਹਨਾਂ ਦੇ ਵਸ ਤੋਂ ਬਾਹਰ ਹੋ ਜਾਂਦਾ ਹੈ ਜਿਸ ਕਾਰਨ ਇਹ ਆਪਣੇ ਕਿਸੇ ਜਾਣਕਾਰ ਨੂੰ ਆਪਣੇ ਕੋਲ ਆਉਣ ਵਾਲੇ ਪੈਸੇ ਜਾਂ ਆਉਣ ਵਾਲੇ ਠੇਕੇ ਦਾ ਹਵਾਲਾ ਦਿੰਦੇ ਹੋਏ ਪੈਸੇ ਉਧਾਰ ਲੈ ਨਸ਼ੇ ਦੀ ਪੂਰਤੀ ਕਰਦੇ ਹਨ। ਜਦੋਂ ਇਹਨਾਂ ਨੂੰ ਵਾਰ ਵਾਰ ਪੈਸੇ ਉਧਾਰ ਮੰਗਣ ਸਮੇਂ ਨਾਂਹ-ਨੁੱਕਰ ਮਿਲਨ ਲਗਦੀ ਹੈ ਤਾਂ ਇਹ ਖੁਦ ਨੂੰ ਦੂਜੀ ਸਥਿੱਤੀ ਵਿੱਚ ਲੈਕੇ ਜਾਣ ਲਈ ਮਜਬੂਰ ਹੋ ਜਾਂਦੇ ਹਨ।
ਇਸ ਸ਼ੁਰੂਆਤੀ ਸਥਿੱਤੀ ਵਿੱਚ ਜੇਕਰ ਮਾਂ-ਬਾਪ ਵੱਲੋਂ ਔਲਾਦ ਦੀ ਹਰ ਗਤੀਵਿਧੀ ਤੇ ਧਿਆਨ ਕੇਂਦਰਿਤ ਕੀਤਾ ਜਾਵੇ ਤਾਂ ਔਲਾਦ ਨੂੰ ਦੂਜੀ ਸਥਿੱਤੀ ਵਿੱਚ ਜਾਣ ਤੋਂ ਬਚਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਇਸ ਸਥਿੱਤੀ ਦੇ ਨਸ਼ਈ ਇੱਕ ਜਿੰਮੇਵਾਰ ਪਿਤਾ, ਪੁੱਤ, ਪਤੀ ਬਣਨ ਦੀ ਲਾਲਸਾ ਰੱਖਦੇ ਹੋਏ ਖੁਦ ਥੋੜੀ ਵੀ ਕੋਸ਼ਿਸ਼ ਕਰਨ ਤਾਂ ਇਹ ਬੜੀ ਆਸਾਨੀ ਨਾਲ ਨਸ਼ੇ ਦਾ ਤਿਆਗ ਕਰਕੇ ਮੁੱਖ ਧਾਰਾ ਅੰਦਰ ਵਾਪਸੀ ਕਰ ਸਕਦੇ ਹਨ ਪਰੰਤੂ ਨਸ਼ੇ ਦੀ ਬੇਹਿਸਾਬੀ ਖੁਰਾਕ ਨੇ ਇਹਨਾਂ ਦੀ ਸੂਝ-ਬੂਝ ਅਤੇ ਸੋਚਣ ਸ਼ਕਤੀ ਨੂੰ ਬੇਹੱਦ ਕਮਜੋਰ ਕਰ ਦਿੱਤਾ ਹੈ।
ਇਸ ਤੋਂ ਬਾਅਦ ਦੂਜੀ ਸਥਿੱਤੀ ਉਹਨਾਂ ਨਸ਼ਈਆਂ ਦੀ ਹੈ ਜੋ ਆਪਣੀ ਤੇ ਮਾਂ-ਬਾਪ ਦੀ ਮੋਟੀ ਕਮਾਈ ਦਿਨਾਂ ਚ' ਖੂਹ ਖਾਤੇ ਪਾ ਇਸ ਸਥਿੱਤੀ ਵਿੱਚ ਆਏ ਹੁੰਦੇ ਹਨ। ਪਹਿਲੀ ਸਥਿੱਤੀ ਵਿੱਚ ਬਿਨਾਂ ਮੰਗੇ ਠਾਠ ਬਾਠ ਨਾਲ ਹੋਈ ਨਸ਼ੇ ਦੀ ਪੂਰਤੀ ਇਹਨਾਂ ਨੂੰ ਉਸੇ ਮਾਹੌਲ ਦਾ ਆਦਿ ਬਣਾ ਦਿੰਦੀ ਹੈ ਜਿਸ ਕਾਰਨ ਇਹ ਪਹਿਲੀ ਸਥਿੱਤੀ ਵਿੱਚ ਆਪਣੀ ਜਗਾ ਤੇ ਨਵੇਂ ਆਉਣ ਵਾਲੇ ਮੈਂਬਰ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ ਜਾਂ ਅਜਿਹੇ ਕਿਸੇ ਵਿਅਕਤੀ ਦੇ ਸੰਪਰਕ ਚ' ਨਾਂ ਆਉਣ ਤੱਕ ਇਹ ਚੋਰੀ ਠੱਗੀ ਜਾਂ ਨਿੱਕੇ ਮੋਟੇ ਜੁਰਮਾਂ ਨੂੰ ਅੰਜਾਮ ਦੇਕੇ ਹੀ ਨਸ਼ੇ ਦੀ ਪੂਰਤੀ ਕਰਦੇ ਹਨ। ਪਹਿਲੀ ਸਥਿੱਤੀ ਵਿੱਚ ਨਸ਼ੇ ਤੇ ਖੁੱਲਾ ਪੈਸਾ ਉਡਾਉਣ ਸਮੇਂ ਨਸ਼ਾਂ ਡੀਲਰਾਂ ਨਾਲ ਬਣੇ ਨਜਦੀਕੀ ਸਬੰਧਾ ਦਾ ਫਾਇਦਾ ਚੁੱਕਦੇ ਹੋਏ ਇਹ ਦੂਜੀ ਸਥਿੱਤੀ ਵਿੱਚ ਜਾ ਦਲਾਲਗੀ ਦਾ ਕੰਮ ਕਰਦੇ ਹਨ ਅਤੇ ਇਹਨਾਂ ਵੱਲੋਂ ਪਹਿਲੀ ਸਥਿੱਤੀ ਵਿੱਚ ਨਵੇਂ ਆਏ ਨਸ਼ਈ ਦਾ ਕੋਈ ਨਸ਼ਾ ਡੀਲਰ ਵਾਕਫ ਨਾਂ ਹੋਣ ਕਾਰਨ ਖੁਦ ਜਿੰਮੇਵਾਰੀ ਨਿਭਾਉਦੇਂ ਹੋਏ ਉਸ ਨੂੰ ਨਸ਼ੇ ਦਾ ਪ੍ਰਬੰਧ ਕਰਕੇ ਦਿੱਤਾ ਜਾਂਦਾ ਹੈ ਅਜਿਹਾ ਕਰਨ ਨਾਲ ਜਿੱਥੇ ਇਹਨਾਂ ਦੀ ਆਪਣੀ ਨਸ਼ਾ ਪੂਰਤੀ ਦਾ ਥੋੜਾ ਬਹੁਤ ਜੁਗਾੜ ਹੁੰਦਾ ਹੈ ਉੱਥੇ ਹੀ ਇਸ ਖਰੀਦਦਾਰੀ ਵਿੱਚੋਂ ਬਚੇ ਥੋੜੇ ਬਹੁਤ ਪੈਸਿਆ ਨਾਲ ਆਪਣੇ ਲਈ ਨਸ਼ਾ ਖਰੀਦ ਇਹ ਰਹਿੰਦੀ ਕਸਰ ਵੀ ਕੱਢ ਲੈਂਦੇ ਹਨ। ਇਸ ਦੌਰਾਨ ਦੋਹੇ ਸਥਿੱਤੀਆਂ ਦੇ ਨਸ਼ਈ ਆਪਣਾ ਆਪਣਾ ਫਾਈਦਾ ਸਮਝਦੇ ਹੋਏ ਲੰਬਾ ਸਮਾਂ ਇਹ ਜੁਗਲਬੰਦੀ ਨਿਭਾਉਂਦੇ ਹਨ। ਆਪਣੇ ਇਸ ਨਸ਼ਾ ਪੂਰਤੀ ਦੇ ਜੁਗਾੜ ਨੂੰ ਬਰਕਰਾਰ ਰੱਖਣ ਲਈ ਇਹ ਆਪਣੇ ਜਾਣਕਾਰ ਨਸ਼ਾ ਡੀਲਰ ਨੂੰ ਆਪਣੇ ਨਾਲ ਆਏ ਵਿਅਕਤੀ ਨੂੰ ਸਿੱਧੇ ਤੌਰ ਤੇ ਨਸ਼ਾ ਨਾਂ ਦੇਣ ਦੀ ਹਦਾਇਤ ਵੀ ਦਿੰਦੇ ਹਨ ਅਤੇ ਨਸ਼ਾ ਡੀਲਰ ਵੱਲੋਂ ਵੀ ਚੌਕਸੀ ਵਰਤਦੇ ਹੋਏ ਅਣਜਾਣ ਵਿਅਕਤੀ ਨੂੰ ਸਿੱਧੇ ਤੌਰ ਤੇ ਨਸ਼ਾ ਦੇਣ ਦੀ ਬਜਾਏ ਪਹਿਲਾਂ ਤੋਂ ਜਾਣਕਾਰ ਨੂੰ ਇਹ ਸਪਲਾਈ ਬੇਖੌਫ ਦਿੱਤੀ ਜਾਂਦੀ ਹੈ। ਇਹਨਾਂ ਨਸ਼ਈਆਂ ਵੱਲੋਂ ਆਪਣੀ ਸਥਿੱਤੀ ਦੀ ਮਜਬੂਰਨ ਕੀਤੀ ਅਦਲਾ ਬਦਲੀ ਜਿੱਥੇ ਇਹਨਾਂ ਦੇ ਨਸ਼ਾ ਪੂਰਤੀ ਦੇ ਪ੍ਰਬੰਧ ਨੂੰ ਬਰਕਰਾਰ ਰੱਖਦੀ ਹੈ ਉੱਥੇ ਹੀ ਇਹ ਅਦਲਾ ਬਦਲੀ ਨਿੱਤ ਨਵੇਂ ਨੌਜਵਾਨਾਂ ਨੂੰ ਇਹਨਾਂ ਸਥਿੱਤੀਆਂ ਵਿੱਚ ਲਿਆਉਣ ਲਈ ਆਪਣਾ ਯੋਗਦਾਨ ਵੀ ਪਾਉਂਦੀ ਹੈ। ਜਦੋਂ ਇਹਨਾਂ ਦੇ ਪਹਿਲੀ ਸਥਿੱਤੀ ਦੇ ਸੰਗੀ ਸਾਥੀ ਵੀ ਨਸ਼ੇ ਦੀ ਪੂਰਤੀ ਕਰਦੇ ਕਰਦੇ ਇਹਨਾਂ ਵਾਗੂੰ ਕੰਗਾਲ ਹੋਕੇ ਮੌਜੂਦਾ ਸਥਿੱਤੀ ਵਿੱਚ ਆ ਜਾਂਦੇ ਹਨ ਫਿਰ ਇਹ ਬਿਨਾਂ ਮੰਗੇ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਆਪ ਨੂੰ ਕਿਸੇ ਤੇ ਨਿਰਭਰ ਨਾਂ ਰੱਖਦੇ ਹੋਏ ਤੀਜੀ ਤੇ ਅੰਤਿਮ ਸਥਿੱਤੀ ਵਿੱਚ ਚਲੇ ਜਾਂਦੇ ਹਨ ਜਿੱਥੋਂ ਇਹਨਾਂ ਦਾ ਮੁੱਖ ਧਾਰਾ ਅੰਦਰ ਵਾਪਸ ਆਉਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ। ਮਾਂ-ਬਾਪ ਵੱਲੋਂ ਔਲਾਦ ਦੇ ਇਸ ਸਥਿੱਤੀ ਵਿੱਚ ਆਉਣ ਦਾ ਪਛਤਾਵਾ ਕਰਨ ਦੀ ਬਜਾਏ ਔਲਾਦ ਦੀ ਹਰ ਗਤੀਵਿਧੀ ਤੇ ਤਿੱਖੀ ਨਜਰ ਰੱਖਦੇ ਹੋਏ ਸਮਾਂ ਰਹਿੰਦੇ ਸਹੀ ਸੇਧ ਨਾਲ ਔਲਾਦ ਨੂੰ ਤੀਜੀ ਤੇ ਅੰਤਿਮ ਸਥਿੱਤੀ ਵਿੱਚ ਜਾਣ ਤੋਂ ਬਚਾਉਣ ਲਈ, ਲੋੜੀਂਦੇ ਯਤਨ ਕੀਤੇ ਜਾਣੇ ਬੇਹੱਦ ਜਰੂਰੀ ਹਨ।
ਉਕਤ ਦੋਹੇਂ ਸਥਿੱਤੀਆਂ ਹੰਡਾਉਂਦੇ ਹੋਏ ਹਾਸਿਲ ਕੀਤੇ ਮਾੜੇ ਤਜਰਬੇ ਕਾਰਨ ਇਸ ਤੀਜੀ ਤੇ ਅੰਤਿਮ ਸਥਿੱਤੀ ਵਿੱਚ ਆਏ ਨਸ਼ਈ ਸਮਾਜ ਲਈ ਬੇਹੱਦ ਖਤਰਨਾਕ ਜੋ ਜਾਂਦੇ ਹਨ। ਇਸ ਸਥਿੱਤੀ ਵਿੱਚ ਆਏ ਨਸ਼ਈ ਆਪਣੇ ਮਾਂ-ਬਾਪ ਅਤੇ ਸਕੇ ਸਬੰਧੀਆਂ ਦੀ ਇੱਜਤ ਦੀ ਕੋਈ ਪਰਵਾਹ ਨਾਂ ਕਰਦੇ ਹੋਏ ਨਸ਼ੇ ਚ' ਗਲਤਾਨ ਹੋ ਕੇ ਸਰੇਆਮ ਜਨਤਕ ਥਾਵਾਂ ਤੇ ਘੁੰਮਦੇ ਰਹਿੰਦੇ ਹਨ ਜਿਸ ਕਾਰਨ ਜਿਆਦਾਤਰ ਸਮੇਂ ਸ਼ਹਿਰ ਵਾਸੀ ਇਹਨਾਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਡਰਦੇ ਇਹਨਾਂ ਹੁੰਦੇ ਆਪਣੇ ਨਿੱਜੀ ਕੰਮਾਂ ਨੂੰ ਕਰਨ ਲਈ ਬਾਹਰ ਅੰਦਰ ਜਾਣ ਤੋਂ ਵੀ ਸੰਕੋਚ ਕਰਨ ਲਗਦੇ ਹਨ। ਇਹ ਨਸ਼ਈ ਆਪਣੇ ਮਾਂ-ਬਾਪ, ਪਤਨੀ ਤੇ ਬੱਚਿਆਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਦੇ ਫਰਜ ਨੂੰ ਇੱਕ ਪਾਸੇ ਰੱਖਦੇ ਹੋਏ ਆਪਣੇ ਨਸ਼ੇ ਦੀ ਪੂਰਤੀ ਲਈ ਕੋਈ ਵੀ ਜੁਰਮ ਤੱਕ ਕਰਨ ਨੂੰ ਹੀ ਆਪਣਾ ਫਰਜ ਸਮਝਣ ਲੱਗ ਪੈਦੇਂ ਹਨ। ਸ਼ੁਰੂਆਤੀ ਸਮੇਂ ਵਿੱਚ ਇਹਨਾਂ ਨਸ਼ਈਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਨਿੱਕੇ ਮੋਟੇ ਜੁਰਮਾਂ ਨਾਲ ਆਪਣਾ ਝਾਕਾ ਖੋਲਿਆ ਜਾਂਦਾ ਹੈ ਫਿਰ ਇਸ ਤੋਂ ਬਾਅਦ ਤਾਂ ਇਹਨਾਂ ਵੱਲੋਂ ਲੋਕਾਂ ਦਾ ਪੈਸੇ ਟਕੇ ਤੇ ਕੀਮਤੀ ਚੀਜਾਂ ਦਾ ਨੁਕਸਾਨ ਕਰਨ ਦੇ ਨਾਲ ਨਾਲ ਉਹਨਾਂ ਦਾ ਜਾਨੀ ਨੁਕਸਾਨ ਵੀ ਬੇਝਿਜਕ ਕਰ ਦਿੱਤਾ ਜਾਂਦਾ ਹੈ। ਬੇਸ਼ੱਕ ਇਸ ਸਥਿੱਤੀ ਵਿੱਚ ਪਹੁੰਚੇ ਨਸ਼ਈ ਆਪਣੇ ਜੀਵਨ ਦੇ ਅੰਤਿਮ ਪਲਾਂ ਦੇ ਬੇਹੱਦ ਨਜਦੀਕ ਪਹੁੰਚ ਗਏ ਹੁੰਦੇ ਹਨ ਪਰ ਅਜਿਹੀ ਸਥਿੱਤੀ ਵਿੱਚ ਹੁੰਦੇ ਹੋਏ ਵੀ ਇਹਨਾਂ ਨਸ਼ਈਆਂ ਵੱਲੋਂ ਆਏ ਦਿਨ ਕੀਤੇ ਜਾਂਦੇ ਸੰਘੀਨ ਜੁਰਮਾਂ ਕਾਰਨ ਇਹ ਸਥਿੱਤੀ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਮਾਂ-ਬਾਪ ਵੱਲੋਂ ਔਲਾਦ ਦੀ ਹਰ ਗਤੀਵਿਧੀ ਤੇ ਨਜਰ ਰੱਖਣ ਦੀ ਬਜਾਏ ਉਸ ਨੂੰ ਸਿਰਫ ਸਹੂਲਤਾਂ ਮੁਹੱਈਆਂ ਕਰਵਾਉਣ ਦੀ ਫਰਜ ਪੂਰਤੀ ਵੀ ਕਿਸੇ ਹੱਦ ਤੱਕ ਔਲਾਦ ਨੂੰ ਇਸ ਸਥਿੱਤੀ ਤੱਕ ਲੈਕੇ ਆਉਣ ਲਈ ਜਿੰਮੇਵਾਰ ਹੁੰਦੀ ਹੈ। ਇਸ ਲਈ ਇਸ ਨਾਜੁਕ ਸਥਿੱਤੀ ਵਿੱਚ ਮਾਂ-ਬਾਪ ਨੂੰ ਪਛਤਾਵਾ ਕਰਨ ਦੀ ਬਜਾਏ ਔਲਾਦ ਦਾ ਕਿਸੇ ਵਧੀਆ ਮਾਨਸਿਕ ਮਾਹਿਰ ਦੇ ਸੰਪਰਕ ਵਿੱਚ ਲੋੜੀਂਦਾ ਡਾਕਟਰੀ ਇਲਾਜ ਸ਼ੁਰੂ ਕਰਵਾਉਣਾ ਅਤਿੰਅੰਤ ਜਰੂਰੀ ਹੈ।
ਮੌਜੂਦਾ ਸਮੇਂ ਨਸ਼ਈਆਂ ਦੀਆਂ ਇਹਨਾਂ ਤਿੰਨੇ ਸਥਿੱਤੀਆਂ ਕਾਰਨ ਪੈਦਾ ਹੋ ਰਹੇ ਗੰਭੀਰ ਹਾਲਾਤਾਂ ਨਾਲ ਨਜਿੱਠਣ ਲਈ ਜਿੱਥੇ ਪੁਲਿਸ ਪ੍ਰਸ਼ਾਸ਼ਨ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਉੱਥੇ ਹੀ ਮਾਂ-ਬਾਪ ਨੂੰ ਵੀ ਔਲਾਦ ਦੇ ਇਹਨਾਂ ਸਥਿੱਤੀਆਂ ਵਿੱਚੋਂ ਕਿਸੇ ਇੱਕ ਦਾ ਵੀ ਹਿੱਸਾ ਬਣਨ ਤੋਂ ਬਚਾਉਣ ਲਈ ਅਤੇ ਨਸ਼ਿਆਂ ਦਾ ਘਰ ਪ੍ਰਵੇਸ਼ ਰੋਕਣ ਲਈ ਔਲਾਦ ਦੀ ਹਰ ਗਤੀਵਿਧੀ ਤੇ ਤਿੱਖੀ ਨਜਰ ਰੱਖਣੀ ਬਹੁਤ ਜਰੂਰੀ ਹੈ ਤਾਂ ਜੋ ਔਲਾਦ ਦੇ ਇਹਨਾਂ ਮਾੜੀਆਂ ਅਲਾਮਤਾਂ ਵੱਲ ਵਧ ਰਹੇ ਚੁਪੀਤੇ ਕਦਮਾਂ ਦਾ ਸਹਿਜੇ ਹੀ ਪਤਾ ਲਗਾਇਆ ਜਾਵੇ ਅਤੇ ਸਮਾਂ ਰਹਿੰਦੇ ਇਹਨਾਂ ਕਦਮਾਂ ਨੂੰ ਸਹੀ ਦਿਸ਼ਾ ਵੱਲ ਮੋੜਿਆ ਜਾ ਸਕੇ। ਇਸ ਦੇ ਨਾਲ ਹੀ ਮਾਂ-ਬਾਪ ਵੱਲੋਂ ਔਲਾਦ ਨੂੰ ਨਾਜੁਕ ਉਮਰੇ ਦਿੱਤੀਆਂ ਅਸੀਮਤ ਸਹੂਲਤਾਂ ਤੇ ਪਾਬੰਦੀ ਲਾਉਂਦੇ ਹੋਏ ਇਹਨਾਂ ਸਹੂਲਤਾਂ ਦੀ ਹੋਣ ਵਾਲੀ ਵਰਤੋਂ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਔਲਾਦ ਸੌਖਾਲੇ ਹੀ ਮਿਲੀਆਂ ਇਹਨਾਂ ਸਹੂਲਤਾਂ ਦੀ ਅਸਲ ਕੀਮਤ ਸਮਝ ਸਕੇ ਅਤੇ ਇਹ ਸਹੂਲਤਾਂ ਪ੍ਰਦਾਨ ਕਰਨ ਦੇ ਯੋਗ ਬਣੇ ਮਾਂ-ਬਾਪ ਵੱਲੋਂ ਕੀਤੀ ਗਈ ਸਖਤ ਮਿਹਨਤ ਦੀ ਕਦਰ ਪਾਉਂਦੇ ਹੋਏ ਔਲਾਦ ਵੀ ਭਵਿੱਖ ਵਿਚ ਸਿਰਫ ਸੀਮਤ ਸਹੂਲਤਾਂ ਨਾਲ ਜਿੰਦਗੀ ਬਸਰ ਕਰਨ ਦਾ ਫੈਸਲਾ ਲੈ ਸਕੇ।
ਸਮਾਜ ਵੱਲੋਂ ਵੀ ਇਹਨਾਂ ਕੁਰਾਹੇ ਪਏ ਨੌਜਵਾਨਾਂ ਨਾਲ ਘ੍ਰਿਣਾ ਕਰਨ ਦੀ ਬਜਾਏ ਇਹਨਾਂ ਦੀ ਦਿਸ਼ਾਹੀਣਤਾ ਨੂੰ ਦੇਖਦੇ ਹੋਏ ਇਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਲੋੜੀਂਦੇ ਯਤਨ ਕੀਤੇ ਜਾਣੇ ਚਾਹੀਦੇ ਹਨ ਬੇਸ਼ੱਕ ਜਿੰਦਗੀ ਦੇ ਅਸਲੀ ਮਕਸਦ ਤੋਂ ਭਟਕੇ ਨੌਜਵਾਨਾਂ ਨੂੰ ਇਹਨਾਂ ਹਾਲਾਤਾਂ ਨਾਲ ਨਜਿੱਠਣ ਲਈ ਕਿਸੇ ਅੰਕੁਸ਼ ਜਾ ਬੰਦਿਸ਼ ਦੀ ਥਾਂ ਨੇਕ ਤੇ ਚੰਗੀ ਸਲਾਹ ਦੀ ਜਰੂਰਤ ਹੁੰਦੀ ਹੈ ਪਰ ਜਿੰਨਾ ਚਿਰ ਖੁਦ ਮਾਂ-ਬਾਪ ਵੱਲੋਂ ਔਲਾਦ ਨੂੰ ਸਹੀ ਦਿਸ਼ਾ ਵੱਲ ਮੋੜਨ ਦੇ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾਂਦੇ ਉਦੋਂ ਤੱਕ ਔਲਾਦ ਤੋਂ ਚੰਗੇ ਆਚਰਣ ਦੀ ਉਮੀਦ ਰੱਖਣਾ ਵੀ ਬੇਮਾਇਨੇ ਹੈ।
ਮੋਬਾਇਲ : 94642-43000, ਪਾਸਟ ਪੇਸ਼ੈਂਟ
(ਰੈਡ ਕਰਾਸ ਨਸ਼ਾ ਛੁਡਾਊ ਹਸਪਤਾਲ, ਸੰਗਰੂਰ)