ਪੈਸੇ ਦੀ ਮਹੱਤਤਾ ਬਾਰੇ ਜਾਗਰੂਕ ਹੋਣਾ ਸਮੇਂ ਦੀ ਮੰਗ ਅਤੇ ਲੋੜ
Monday, Jun 08, 2020 - 03:59 PM (IST)
ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324
ਇੱਕ ਮੱਧ-ਵਰਗੀ ਪਰਿਵਾਰ ਆਪਣੇ ਮੈਂਬਰਾਂ ਨੂੰ ਕੰਜੂਸ ਬਣਨਾ ਸਿਖਾ ਦਿੰਦਾ ਹੈ। ਸਾਨੂੰ ਬਚਪਨ ਵਿੱਚ ਹੀ ਪੈਸੇ ਦੀ ਮਹੱਤਤਾ ਸਮਝ ਆ ਗਈ ਸੀ। ਘਰ ਦਾ ਬਜਟ ਮਾਂ-ਬਾਪ ਦੀ ਤਨਖ਼ਾਹ ਅਨੁਸਾਰ ਹਰ ਮਹੀਨੇ ਬਣਦਾ ਸੀ। ਹਰ ਖ਼ਰਚਾ ਅਹਿਮੀਅਤ ਮੁਤਾਬਕ ਅੱਗੇ-ਪਿੱਛੇ ਕੀਤਾ ਜਾਂਦਾ ਸੀ। ਜ਼ਰੂਰੀ ਚੀਜ਼ਾਂ ਦੀ ਕੋਈ ਮਨਾਹੀ ਨਹੀਂ ਸੀ ਪਰ ਗ਼ੈਰ ਜ਼ਰੂਰੀ ਸੌਗਾਤਾਂ ਅਤੇ ਕੱਪੜੇ, ਜੋ ਕੁਝ ਦੇਰ ਬਾਅਦ ਬੇਕਾਰ ਹੋ ਜਾਣੇ ਹੋਣ ਨਹੀਂ ਲਏ ਜਾਂਦੇ ਸਨ। ਵੱਡੇ ਦੇ ਕੱਪੜੇ ਛੋਟੇ ਨੂੰ, ਵੱਡੇ ਦੀਆਂ ਕਿਤਾਬਾਂ ਛੋਟੇ ਨੂੰ, ਦੇਣ ਦਾ ਰਿਵਾਜ ਹਰ ਘਰ ਵਿੱਚ ਸੀ। ਕਈ ਵਾਰ ਅਸੀਂ ਪਿਤਾ ਜੀ ਨੂੰ ਕਹਿਣਾ ਮੇਰੇ ਸਹਿਪਾਠੀ ਤਾਂ ਹਰ ਰੋਜ਼ ਨਵੇਂ ਕੱਪੜੇ ਪਾ ਕੇ ਆਉਂਦੇ ਹਨ। ਮੇਰੇ ਪਿਤਾ ਜੀ ਦਾ ਜਵਾਬ ਹੁੰਦਾ ਸੀ ਮੈਂ ਆਪਣੀ ਚਾਦਰ ਦੇਖ ਕੇ ਪੈਰ ਪਸਾਰਦਾ ਹਾਂ ਤੇ ਕੁੱਝ ਮਾੜੇ ਦਿਨਾਂ ਲਈ ਬਚਾਅ ਕੇ ਵੀ ਰੱਖਦਾ ਹਾਂ, ਕਿਉਂਕਿ ਮਾੜੇ ਦਿਨ ਕਦੀ ਦੱਸ ਕੇ ਨਹੀਂ ਆਉਂਦੇ। ਅਸੀਂ ਸੁਣ ਕੇ ਚੁੱਪ ਹੋ ਜਾਂਦੇ ਸੀ।
ਹਾਲਾਂਕਿ ਇਸਦੇ ਮਾਇਨੇ ਸਾਨੂੰ ਬਹੁਤ ਬਾਅਦ ਵਿਚ ਸਮਝ ਆਏ। ਜਦੋਂ ਮੈਂ ਕਾਲਜ ਵਿੱਚ ਪੜ੍ਹਦਾ ਸੀ ਤਾਂ ਪਿਤਾ ਜੀ ਹਰ ਮਹੀਨੇ ਚਾਰ ਸੌ ਰੁਪਏ ਭੇਜ ਦਿੰਦੇ ਸੀ। ਮੈਂ ਉਸ ਵਿਚੋਂ ਕੁਝ ਬਚਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ। ਜਦੋਂ ਪੜ੍ਹਾਈ ਖਤਮ ਹੋਣ ਤੋਂ ਬਾਅਦ ਮੈਨੂੰ ਪਹਿਲੀ ਵਾਰ 600 ਰੁਪਿਆ ਮਿਲਿਆ ਤਾਂ ਮੈਂ ਪਿਤਾ ਜੀ ਨੂੰ ਕਿਹਾ ਹੁਣ ਪੈਸੇ ਭੇਜਣ ਦੀ ਲੋੜ ਨਹੀਂ, ਮੈਂ ਆਪਣਾ ਗੁਜ਼ਾਰਾ ਕਰ ਲਵਾਂਗਾ।
ਪੜ੍ਹੋ ਇਹ ਵੀ - ਰੋਜ਼ਾਨਾ 20 ਮਿੰਟ ਰੱਸੀ ਟੱਪਣ ਨਾਲ ਸਰੀਰ ਨੂੰ ਹੁੰਦੇ ਹਨ ਹੈਰਾਨੀਜਨਕ ਫ਼ਾਇਦੇ
ਮੇਰੇ ਇੱਕ ਦੋਸਤ ਨੇ ਅਤੇ ਮੈਂ ਡਾਕਟਰੀ ਦਾ ਕੰਮ ਇਕੱਠਾ ਸ਼ੁਰੂ ਕੀਤਾ। ਮੇਰੇ ਕੋਲ ਉਸ ਸਮੇਂ ਸਿਰਫ 15 ਹਜ਼ਾਰ ਰੁਪਇਆ ਸੀ। ਕਿਸੇ ਕੋਲੋਂ ਪੈਸੇ ਮੰਗਣ ਦੀ ਬਜਾਏ ਮੈਂ ਸੋਚਿਆ ਇਨੇ ਨਾਲ ਹੀ ਸ਼ੁਰੂ ਕਰਦੇ ਹਾਂ। ਫਿਰ ਪੰਜ ਸਾਲਾਂ ਵਿੱਚ ਜੋ ਕਮਾਇਆ ਹਸਪਤਾਲ ਵਿੱਚ ਲਗਾ ਦਿੱਤਾ। ਮੇਰਾ ਦੋਸਤ ਬਹੁਤ ਵੱਡਾ ਹਸਪਤਾਲ ਖੋਲ੍ਹਣਾ ਚਾਹੁੰਦਾ ਸੀ। ਉਸ ਨੇ ਬੈਂਕ ਤੋਂ ਕਰਜ਼ਾ ਲਿਆ ਅਤੇ ਇਕ ਵੱਡਾ ਹਸਪਤਾਲ ਬਣਾ ਲਿਆ। 10 ਸਾਲਾਂ ਬਾਅਦ ਸਾਡੀ ਮੁਲਾਕਾਤ ਹੋਈ, ਮੈਂ ਉਸ ਨੂੰ ਦੱਸਿਆ ਕਿ ਹੌਲੀ-ਹੌਲੀ ਮੇਰਾ ਹਸਪਤਾਲ ਵੀ ਕਾਫੀ ਵੱਡਾ ਹੋ ਗਿਆ ਹੈ ਪਰ ਮੈਂ ਕਿਸੇ ਦਾ ਕਰਜ਼ਾ ਨਹੀਂ ਦੇਣਾ । ਬੈਂਕ ਵਿਚ ਵੀ ਕੁਝ ਪੈਸਾ ਜੋੜ ਲਿਆ ਹੈ। ਜਦੋਂ ਦਿਲ ਕਰਦਾ ਹੈ ਪਰਿਵਾਰ ਨਾਲ ਘੁੰਮਣ-ਫਿਰਨ ਵੀ ਚਲੇ ਜਾਂਦੇ ਹਾਂ ਮੇਰਾ ਦੋਸਤ ਅਜੇ ਵੀ ਬੈਂਕ ਦੀਆਂ ਕਿਸ਼ਤਾਂ ਉਤਾਰ ਰਿਹਾ ਸੀ। ਉਸ ਨੇ ਕਿਹਾ ਜਦੋਂ ਪਿਛਲਾ ਕਰਜ਼ਾ ਮੁੱਕ ਜਾਂਦਾ ਹੈ ਤਾਂ ਬੈਂਕ ਵਾਲੇ ਹੋਰ ਨਵੀਆਂ ਮਸ਼ੀਨਾਂ ਲਈ ਕਰਜ਼ਾ ਦੇਣ ਲਈ ਭਰਮਾ ਲੈਂਦੇ ਹਨ। ਮੈਂ ਤਾਂ ਹਰ ਮਹੀਨੇ ਕਿਸ਼ਤਾਂ ਮੋੜਨ ਲਈ ਹੀ ਕਮਾਈ ਕਰਦਾ ਰਹਿੰਦਾ ਹਾਂ। ਕਦੀ ਪਰਿਵਾਰ ਨਾਲ ਛੁੱਟੀ ਨਹੀਂ ਮਨਾਈ। ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਬੈਂਕ ਦਾ ਜ਼ਰਖਰੀਦ ਗੁਲਾਮ ਹੋਵਾਂ।
ਪੜ੍ਹੋ ਇਹ ਵੀ - ਆਖ਼ਰ ਕਿਉਂ ਲੁੱਟਣ ਵਾਲਿਆਂ ਨੇ ਕਿਸੇ ਦੀ ਮਜ਼ਬੂਰੀ ਵੀ ਨਾ ਵੇਖੀ....?
ਇਕ ਦਿਨ ਮੇਰਾ ਦੋਸਤ ਬੀਮਾਰ ਹੋ ਗਿਆ। ਉਸ ਨੂੰ 6 ਮਹੀਨੇ ਬਿਸਤਰੇ ’ਤੇ ਰਹਿਣਾ ਪਿਆ। ਹਸਪਤਾਲ ਬੰਦ ਹੋ ਗਿਆ। ਕਿਸ਼ਤਾਂ ਮੋੜਨੀਆਂ ਔਖੀਆਂ ਹੋ ਗਈਆ। ਬੈਂਕ ਦਾ ਕਰਜ਼ਾ ਮੋੜਨ ਲਈ ਉਸ ਨੂੰ ਆਪਣੀ ਜਾਇਦਾਦ ਔਣੇ ਪੌਣੇ ਵਿੱਚ ਵੇਚਣੀ ਪਈ।
ਸਾਡੇ ਬੱਚਿਆਂ ਨੂੰ ਕਦੀ ਵੀ ਪੈਸਿਆਂ ਦਾ ਘਾਟਾ ਨਹੀਂ ਰਿਹਾ। ਉਹ ਪੈਸੇ ਦੀ ਮਹੱਤਤਾ ਨੂੰ ਨਹੀਂ ਸਮਝਦੇ। ਕਮਾਉਂਦੇ ਹਨ ਪਰ ਉਸ ਤੋਂ ਜ਼ਿਆਦਾ ਖਰਚ ਦਿੰਦੇ ਹਨ। ਕ੍ਰੈਡਿਟ ਕਾਰਡ ਹਮੇਸ਼ਾ ਖਾਲੀ ਹੋਏ ਰਹਿੰਦੇ ਹਨ। ਮਾੜੇ ਦਿਨਾਂ ਵਾਸਤੇ ਬਚਾ ਕੇ ਰੱਖਣ ਦੀ ਸਲਾਹ ਥਿੰਦੇ ਘੜੇ ਤੇ ਪਾਣੀ ਵਾਂਗ ਤਿਲਕ ਜਾਂਦੀ ਹੈ। ਸ਼ਾਇਦ ਜ਼ਿੰਦਗੀ ਹੀ ਕਦੀ ਉਨ੍ਹਾਂ ਨੂੰ ਇਹ ਸਬਕ ਸਿਖਾਏਗੀ।
ਪੜ੍ਹੋ ਇਹ ਵੀ - ਦਿਮਾਗ ਨੂੰ ਤੇਜ਼ ਕਰਨ ਦੇ ਨਾਲ-ਨਾਲ ਹੱਥਾਂ-ਪੈਰਾਂ ਲਈ ਲਾਭਦਾਇਕ ਹੈ ‘ਪਿਸਤਾ’, ਜਾਣੋ ਹੋਰ ਵੀ ਫਾਇਦੇ
ਮੈਨੂੰ ਯਾਦ ਹੈ ਕਿ ਮੇਰੇ ਦਾਦੀ ਜੀ ਕੋਲ ਇੱਕ ਸੰਦੂਕ ਹੁੰਦਾ ਸੀ। ਉਸ ਵਿੱਚ ਉਹ ਆਪਣੇ ਗਹਿਣੇ ਰੱਖਦੇ ਸਨ । ਬੱਚਿਆਂ ਦੇ ਵਿਆਹਾਂ ’ਤੇ ਉਸ ਵਿੱਚੋਂ ਕੁਝ ਆਪਣੀਆਂ ਨੂੰਹਾਂ ਅਤੇ ਕੁੜੀਆਂ ਨੂੰ ਦੇ ਦੇਣਾ ਅਤੇ ਕਹਿਣਾ “ਇਸ ਨੂੰ ਸੰਭਾਲ ਕੇ ਰੱਖਿਉ ਦੇ ਭੀੜ ਪਈ ਤਾਂ ਵਰਤਿਓ ਨਹੀਂ ਤਾਂ ਅਗਲੀ ਪੀੜ੍ਹੀ ਨੂੰ ਦੇ ਦੇਣਾ। “ਉਨ੍ਹਾਂ ਦਿਨਾਂ ਵਿੱਚ ਘਰੇਲੂ ਔਰਤਾਂ ਕੁਝ ਪੈਸੇ ਰਸੋਈ ਦੇ ਬਰਤਨਾਂ ਵਿੱਚ ਵੀ ਲਕੋ ਕੇ ਰੱਖਦੀਆਂ ਹੁੰਦੀਆਂ ਸਨ। ਜਦੋਂ ਦੇਸ਼ ਵਿੱਚ ਨੋਟਬੰਦੀ ਹੋਈ ਤਾਂ ਉਹ ਸਾਰਾ ਪੈਸਾ ਕੰਮ ਆਇਆ। ਹੁਣ ਤਾਲੇਬੰਦੀ ਤੇ ਤਨਖਾਹਾਂ ਦੀ ਥੋੜ ਵਿੱਚ ਵੀ ਇਹ ਬੱਚਤ ਬਹੁਤਿਆ ਦੇ ਕੰਮ ਆ ਰਹੀ ਹੈ।
ਪੜ੍ਹੋ ਇਹ ਵੀ - ਆਲਮੀ ਦਿਮਾਗੀ ਕੈਂਸਰ ਚੇਤਨਾ ਦਿਹਾੜਾ: ਹਾਲਾਤਾਂ ਨਾਲ ਸਿੱਝਣ ਦਾ ਜਜ਼ਬੇ ਭਰਪੂਰ ਤਰੀਕਾ
ਮੈਂ ਆਪਣੇ ਬੱਚਿਆਂ ਨੂੰ ਇਹ ਸਲਾਹ ਜ਼ਰੂਰ ਦੇਣਾ ਚਾਹੁੰਦਾ ਹਾਂ “ਜ਼ਿੰਦਗੀ ਦਾ ਅਨੰਦ ਲਓ ਪਰ ਆਪਣੇ ਨਾਲ ਦੇ ਵੱਲ ਕਦੀ ਨਾ ਦੇਖੋ। ਮੁਸ਼ਕਲ ਵੇਲੇ ਤੁਹਾਡੀ ਆਰਥਿਕ ਮਦਦ ਕਿਸੇ ਨੇ ਨਹੀਂ ਕਰਨੀ। ਮਾੜੇ ਦਿਨਾਂ ਲਈ ਬਚਾ ਕੇ ਰੱਖੋ, ਕਿਉਂਕਿ ਮਾੜੇ ਦਿਨ ਕਦੀ ਦੱਸ ਕੇ ਨਹੀਂ ਆਉਂਦੇ।’’