ਪੀਏਯੂ ਵਿਚ ਬਾਗਬਾਨੀ ਨਿਗਰਾਨ ਸਿਖਲਾਈ ਕੋਰਸ ਦਾ ਸਰਟੀਫਿਕੇਟ ਵੰਡ ਸਮਾਗਮ

09/26/2018 6:20:18 PM

ਪੀਏਯੂ ਦੇ ਫਸਲ ਵਿਗਿਆਨ ਵਿਭਾਗ ਵਲੋਂ ਸਾਲ 2017-2018 ਦੌਰਾਨ ਲਗਾਏ ਗਏ ਇਕ ਸਾਲਾ ਬਾਗਬਾਨੀ ਸੁਪਰਵਾਈਜ਼ਰ ਸਿਖਲਾਈ ਕੋਰਸ ਨੂੰ ਸਫਲਤਾ ਪੂਰਵਕ ਪਾਸ ਕਰਨ ਵਾਲੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡਣ ਲਈ ਸਮਾਗਮ ਦਾ ਅਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਮੁਖ ਮਹਿਮਾਨ ਦੇ ਤੌਰ ਤੇ ਨਿਰਦੇਸ਼ਕ ਪਸਾਰ ਸਿੱਖਿਆ ਪੀਏਯੂ ਡਾ. ਜਸਕਰਨ ਸਿੰਘ ਮਾਹਲ, ਲੁਧਿਆਣਾ ਨੇ ਸ਼ਮੂਲੀਅਤ ਕੀਤੀ। ਸਿੱਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾ ਨੇ ਬਾਗਬਾਨੀ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਸਿੱਖਿਆਰਥੀਆਂ ਨੂੰੰ ਸਵੈ ਰੋਜ਼ਗਾਰ ਚਲਾਉਣ ਬਾਰੇ ਜਾਗਰੂਕ ਕੀਤਾ। ਡਾ. ਮਾਹਲ ਨੇ ਇਸ ਕੋਰਸ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਵਿਭਾਗਾਂ ਦੀ ਪ੍ਰਸ਼ੰਸਾ ਕਰਦੇ ਹੋਏ ਸਿੱਖਿਆਰਥੀਆਂ ਨੂੰ ਕਾਮਯਾਬ ਭਵਿੱਖ ਲਈ ਸੁਭ-ਇਛਾਵਾਂ ਦਿੱਤੀਆਂ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ। 

ਡਾ. ਅਜਮੇਰ ਸਿੰਘ ਢੱਟ, ਮੁਖੀ ਸਬਜ਼ੀ ਵਿਗਿਆਨ ਵਿਭਾਗ ਨੇ ਵੀ ਕੋਰਸ ਵਿਚ ਹਿੱਸਾ ਲੈਣ ਵਾਲੇ ਸਿਖਿਆਰਥੀਆਂ ਨੂੰ ਸਬਜ਼ੀ ਉਤਪਾਦਨ ਦੇ ਨੁਕਤੇ, ਦੋਗਲੇ ਬੀਜਾਂ ਦੀ ਪੈਦਾਵਾਰ ਅਤੇ ਸਬਜ਼ੀਆਂ ਦੀ ਨਰਸਰੀ ਪੈਦਾ ਕਰਨ ਵਿਚ ਸਵੈ ਰੁਜ਼ਗਾਰ ਦੇ ਮੌਕਿਆਂ ਬਾਰੇ ਚਾਨਣਾ ਪਾਇਆ। ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਇਸ ਕੋਰਸ ਦੀ ਅਹਿਮੀਅਤ ਦੱਸਦੇ ਹੋਏ ਸਫਲ ਉਤਪਾਦਨ ਦੇ ਨਾਲ-ਨਾਲ ਫਸਲਾਂ ਦੀ ਨਰਸਰੀ ਨੂੰ ਪੈਦਾਵਾਰ ਨੂੰ ਕਿੱਤੇ ਵਜੋਂ ਅਪਣਾਉਣ ਲਈ ਪ੍ਰੇਰਿਆ । 

ਇਸ ਇੱਕ ਸਾਲਾ ਸਿਖਲਾਈ ਕੋਰਸ ਦੇ ਇੰਚਾਰਜ ਡਾ. ਜਗਜੀਤ ਸਿੰਘ ਸਰਾਭਾ ਨੇ ਇਸ ਸਿਖਲਾਈ ਕੋਰਸ ਦੀ ਪੂਰੀ ਰਿਪੋਰਟ ਪੇਸ਼ ਕੀਤੀ ਅਤੇ ਇਸ ਕੋਰਸ ਨੂੰ ਹਾਸਿਲ ਕਰਨ ਵਾਲੇ ਸਿਖਿਆਰਥੀਆਂ ਦੀਆਂ ਸਫਲਤਾਵਾ ਬਾਰੇ ਦੱਸਿਆ। ਡਾ. ਜਸਵਿੰਦਰ ਸਿੰਘ ਬਰਾੜ ਨੇ ਇਸ ਮੌਕੇ ਆਏ ਸਾਰੇ ਮਹਿਮਾਨਾਂ ਅਤੇ ਸਿੱਖਿਆਰਥੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਬੈਚ ਵਿਚ ਸਭ ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲੇ ਸਿੱਖਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।


Related News