ਅੱਜ ਦੇ ਦਿਨ 'ਤੇ ਵਿਸ਼ੇਸ਼ : ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ 'ਹੋਲਾ ਮਹੱਲਾ', ਜਾਣੋ ਇਤਿਹਾਸ

03/26/2024 7:33:25 AM

ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੈ। ਹੋਲਾ ਮਹੱਲਾ ਸਿੱਖਾਂ ਦਾ ਅਹਿਮ ਦਿਹਾੜਾ ਹੈ, ਜੋ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਨੂੰ ਨਵੇਂ ਤਰੀਕੇ ਨਾਲ ਮਨਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਅਣਖ ਨੂੰ ਜਗਾ ਕੇ, ਉਨ੍ਹਾਂ ਦੇ ਮਨਾਂ ਅੰਦਰ ਚੜ੍ਹਦੀ ਕਲਾ ਦਾ ਅਹਿਸਾਸ ਪੈਦਾ ਕਰਨ ਲਈ ਹੋਲੀ ਨੂੰ 'ਹੋਲੇ ਮਹੱਲੇ' ਦੇ ਰੂਪ 'ਚ ਮਨਾਉਣ ਦੀ ਰੀਤ ਚਲਾਈ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ ਇਕ ਸੰਮਤ 1757 ਬਿਕ੍ਰਮੀ (ਸੰਨ 1700) ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਹੋਲਗੜ੍ਹ ਦੇ ਸਥਾਨ 'ਤੇ ਹੋਲਾ-ਮਹੱਲਾ ਦਾ ਆਰੰਭ ਕੀਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਸਿੱਖਾਂ ਦੇ ਅੰਦਰ ਫ਼ਤਹਿ ਅਤੇ ਚੜ੍ਹਦੀ ਕਲਾ ਦੇ ਸੁਨੇਹੇ ਨੂੰ ਹੋਰ ਦ੍ਰਿੜ੍ਹ ਕਰਨਾ ਚਾਹੁੰਦੇ ਸਨ। ਦਸਮੇਸ਼ ਪਿਤਾ ਜੀ ਨੇ ਨਿੱਘਰ ਚੁੱਕੇ ਸਮਾਜ ਦੇ ਦੱਬੇ-ਕੁਚਲੇ ਅਤੇ ਲਤਾੜੇ ਜਾ ਰਹੇ ਲੋਕਾਂ ਨੂੰ ਸਵੈਮਾਣ ਤੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਲਈ ਉਨ੍ਹਾਂ ਵਿਚ ਨਿਡਰਤਾ ਤੇ ਨਿਰਭੈਤਾ ਭਰਨ ਲਈ ਸੰਨ 1699 ਦੀ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਖ਼ਾਲਸਾ ਸਾਜਣਾ ਦੇ ਇਕ ਸਾਲ ਬਾਅਦ ਹੋਲੀ ਦੀ ਥਾਂ ਹੋਲਾ-ਮਹੱਲਾ ਦਾ ਜਲੌਅ ਸਜਾ ਕੇ ਕੌਮੀ ਸ਼ਕਤੀ ਨੂੰ ਸੰਗਠਤ ਕਰਨ ਲਈ ਚੜ੍ਹਦੀ ਕਲਾ ਵਾਲਾ ਮਾਰਗ ਦਿੱਤਾ।

PunjabKesari

ਕੌਮ ਅੰਦਰ ਅਜ਼ਾਦੀ ਦਾ ਬੀਜ ਬੀਜਣ ਲਈ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਨਵਾਂ ਜੀਵਨ ਬਖਸ਼ਿਆ, ਉੱਥੇ ਭਾਰਤੀ ਸਮਾਜ ਲਈ ਉਨ੍ਹਾਂ ਦੇ ਰੀਤੀ-ਰਿਵਾਜਾਂ ਅਤੇ ਰਸਮਾਂ ਨੂੰ ਮਨਾਉਣ ਦੇ ਢੰਗ ਵਿਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਇਆ 'ਹੋਲਾ ਮਹੱਲਾ' ਸਿੱਖ ਸ਼ਕਤੀ ਨੂੰ ਪ੍ਰਗਟ ਕਰਨ ਅਤੇ ਅਣਖ ਦੇ ਅਨੁਭਵ ਦੇ ਪ੍ਰਤੀਕ ਵਜੋਂ ਸਾਹਮਣੇ ਹੈ। ਹੋਲਾ-ਮਹੱਲਾ ਸਿੱਖਾਂ ਨੂੰ ਹਰ ਸਾਲ ਦ੍ਰਿੜ੍ਹ ਵਿਸ਼ਵਾਸੀ ਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ ਨਾਲ ਜੋੜਨ ਦੀ ਖ਼ਾਲਸਈ ਰਵਾਇਤ ਹੈ ਜਿਸ ਨੇ ਸਿੱਖਾਂ ਨੂੰ ਜ਼ੁਲਮ, ਜਬਰ ਵਿਰੁੱਧ ਜੂਝਣ ਲਈ ਨਵਾਂ ਜੋਸ਼ ਤੇ ਉਤਸ਼ਾਹ ਪ੍ਰਦਾਨ ਕੀਤਾ ਹੈ। ਹੋਲਾ-ਮਹੱਲਾ ਦੀ ਰਵਾਇਤ ਤੋਂ ਸਪਸ਼ਟ ਹੁੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਵਿਚ ਦਲੇਰੀ ਅਤੇ ਅਣਖ ਭਰਨ ਲਈ ਇਸ ਨੂੰ ਚੁਣਿਆ। ਖ਼ਾਲਸੇ ਵੱਲੋਂ ਹੋਲਾ ਤਲਵਾਰਾਂ, ਬਰਛਿਆਂ ਅਤੇ ਨੇਜਿਆਂ ਨਾਲ ਖੇਡਿਆ ਗਿਆ।

ਵੱਖ-ਵੱਖ ਵਿਦਵਾਨਾਂ ਅਨੁਸਾਰ ਹੋਲਾ ਮੁਹੱਲਾ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੈ ਅਤੇ ਇਸਦਾ ਮੁੱਖ ਆਦੇਸ਼ ਸਿੱਖਾਂ ਨੂੰ ਅਨਿਆਂ ਅਤੇ ਜ਼ੁਲਮ ਖ਼ਿਲਾਫ਼ ਲੜ੍ਹਣ ਲਈ ਤਿਆਰ ਕਰਨਾ ਸੀ। ਇਹ ਤਿਉਹਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਮਨਾਏ ਜਾਣ ਵਾਲੇ ਇਸ ਤਿਉਹਾਰ ਵਿੱਚ ਲੋਕ ਵੱਡੀ ਗਿਣਤੀ ਵਿੱਚ, ਜਿਸਨੂੰ ਮਹੱਲਾ ਕਹਿੰਦੇ ਹਨ, ਨਗਾਰਿਆਂ ਦੀ ਆਵਾਜ਼ ਵਿੱਚ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਜਾਂਦੇ ਹਨ। ਇਸ ਵਿੱਚ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਪੁਰਾਤਨ ਸ਼ਾਨ ਨਾਲ ਸ਼ਾਮਲ ਹੁੰਦੇ ਹਨ ਅਤੇ ਸ਼ਸ਼ਤਰਾਂ ਦੇ ਕਰਤੱਵ ਵਿਖਾਏ ਜਾਂਦੇ ਹਨ। 

ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ ਮਸ਼ਹੂਰ ਮੇਲਾ ਹੈ। ਹੋਲਾ ਮਹੱਲਾ ਮਨੁੱਖ ਦੀ ਆਜ਼ਾਦੀ, ਬਹਾਦਰੀ ਦਾ ਪ੍ਰਤੀਕ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਸਿੰਘ ਖਾਲਸਾ ਬਣਾ ਦਿੱਤਾ ਅਤੇ ਵਹਿਮਾਂ-ਭਰਮਾਂ ਨੂੰ ਖ਼ਤਮ ਕਰਕੇ ਇੱਕ ਸ਼ਕਤੀਸ਼ਾਲੀ ਕੌਮ ਦੀ ਸਿਰਜਣਾ ਕੀਤੀ। ਸਮਾਜ ਵਿੱਚੋਂ ਊਚ-ਨੀਚ, ਭਿੰਨ-ਭੇਦ ਮੁਕਾ ਕੇ ਖੁਸ਼ੀ ਵਜੋਂ ਹੋਲਾ ਮਹੱਲਾ ਮਨਾਉਣਾ ਆਰੰਭਿਆ ਸੀ। ਜਦੋਂ ਹੋਲੇ ਮਹੱਲੇ ਦਾ ਜਲੂਸ ਕੱਢਿਆ ਜਾਂਦਾ ਹੈ ਤਾਂ ਉਸਦੇ ਅੱਗੇ-ਅੱਗੇ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਮੰਗ ਅਨੁਸਾਰ ਮਨੁੱਖਤਾ ਦਾ ਮਨੋਬਲ ਉੱਚਿਆਂ ਚੁੱਕਣ ਦੇ ਨਾਲ-ਨਾਲ ਸਰੀਰਕ ਤੌਰ 'ਤੇ ਬਲਵਾਨ ਕਰਨ ਦੇ ਨਵੇਂ ਸਾਧਨ ਅਪਣਾਏ ਭਗਤੀ-ਸ਼ਕਤੀ ਦੇ ਆਦਰਸ਼ਕ ਸੁਮੇਲ ਲਈ ਸ਼ਸਤਰਾਂ ਦੇ ਸਤਿਕਾਰ ਅਤੇ ਸਹੀ ਪ੍ਰਯੋਗ ਉੱਪਰ ਬਲ ਦਿੱਤਾ। ਇਸੇ ਪਰਿਵਰਤਨ ਤਹਿਤ ਖ਼ਾਲਸਾ ਪੰਥ ਵਿੱਚ ਹੋਲਾ ਮਹੱਲਾ ਪੁਰਬ ਦਾ ਮੰਤਵ ਅਤੇ ਉਦੇਸ਼ ਬੜੇ ਉਸਾਰੂ ਅਤੇ ਸਾਰਥਕ ਰੂਪ ਵਿੱਚ ਪ੍ਰਗਟ ਕੀਤਾ।

PunjabKesari

ਸ੍ਰੀ ਅਨੰਦਪੁਰ ਸਾਹਿਬ ਭਾਰਤ ਦੇ ਉੱਤਰ-ਪੱਛਮੀ ਸੂਬੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦਾ ਪ੍ਰਸਿੱਧ ਨਗਰ ਹੈ, ਜੋ ਹੁਣ ਸਬ ਡਵੀਜ਼ਨ ਹੈ। ਸ੍ਰੀ ਅਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ 1665 ਵਿੱਚ ਕੀਤੀ ਸੀ। ਇਸਦਾ ਪਹਿਲਾ ਨਾਮ ਮਾਖੋਵਾਲ ਸੀ। ਇੱਕ ਕਹਾਣੀ ਅਨੁਸਾਰ ਇੱਥੇ ਮਾਖੋ ਨਾਮ ਦਾ ਡਾਕੂ ਰਹਿੰਦਾ ਸੀ, ਜੋ ਕਿਸੇ ਨੂੰ ਇਸ ਇਲਾਕੇ ਵਿੱਚ ਰਹਿਣ ਨਹੀਂ ਦਿੰਦਾ ਸੀ। ਗੁਰੂ ਤੇਗ ਬਹਾਦੁਰ ਨੇ ਆਪਣੇ ਮਾਤਾ ਨਾਨਕੀ ਜੀ ਦੇ ਨਾਮ ’ਤੇ ਚੱਕ ਨਾਨਕੀ ਨਾਮੀ ਨਗਰ ਵਸਾਇਆ ਤਾਂ ਮਾਖੋ ਡਾਕੂ ਇਹ ਸਥਾਨ ਛੱਡਕੇ ਭੱਜ ਗਿਆ। ਹੁਣ ਚੱਕ ਨਾਨਕੀ, ਅਨੰਦਪੁਰ ਸਾਹਿਬ, ਲੋਧੀਪੁਰ, ਅਗੰਮਪੁਰ, ਮਟੌਰ ਏਨੇ ਵਸ ਚੁੱਕੇ ਹਨ ਕਿ ਇੱਕ ਆਮ ਆਦਮੀ ਨੂੰ ਇਨ੍ਹਾਂ ਪਿੰਡਾਂ ਦੀਆਂ ਹੱਦਾਂ ਬਾਰੇ ਕੁਝ ਪਤਾ ਨਹੀਂ। ਅਨੰਦਪੁਰ ਸਾਹਿਬ ਦਾ ਇਲਾਕਾ ਕੀਰਤਪੁਰ ਸਾਹਿਬ ਤੋਂ ਨੰਗਲ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾ ਤੱਕ ਕਿਸੇ ਵੇਲੇ ਸੰਘਣਾ ਜੰਗਲ ਸੀ। ਇਸ ਇਲਾਕੇ ਵਿੱਚ ਇੱਕ ਪਾਸੇ ਸਤਲੁਜ ਦਰਿਆ, ਚਰਨ ਗੰਗਾ, ਚੋਅ ਸਨ ਅਤੇ ਦੂਜੇ ਪਾਸੇ ਪਹਾੜ ਸਨ। 

ਦਰਿਆ ਅਤੇ ਪਹਾੜਾਂ ਵਿੱਚ ਸੰਘਣੇ ਜੰਗਲ ਵਿੱਚ ਬਹੁਤ ਸਾਰੇ ਹਾਥੀ, ਸ਼ੇਰ, ਬਘਿਆੜ ਅਤੇ ਹੋਰ ਜੰਗਲੀ ਜਾਨਵਰ ਆਮ ਘੁੰਮਦੇ ਸਨ। ਇੱਥੇ ਹਾਥੀ ਬਹੁਤ ਸਨ ਅਤੇ ਇਸ ਇਲਾਕੇ ਨੂੰ ਹਥੋਤ (ਹਾਥੀਆ ਦਾ ਘਰ) ਆਖਿਆ ਕਰਦੇ ਸਨ। ਹਥੋਤ ਦੇ ਇਲਾਕੇ ਦੀ ਲੰਬਾਈ ਲਗਭਗ 50 ਕਿਲੋਮੀਟਰ ਅਤੇ ਚੌੜਾਈ ਲਗਭਗ 10 ਕਿਲੋਮੀਟਰ ਸੀ। ਜਦੋ ਗੁਰੂ ਸਾਹਿਬ ਨੇ ਇਹ ਇਲਾਕਾ ਚੁਣਿਆ, ਉਸ ਵੇਲੇ ਬਹੁਤੇ ਜਾਨਵਰ ਤਾਂ ਪਹਾੜੀ ਜੰਗਲ ਵਿੱਚ ਰਹਿ ਗਏ ਸਨ ਅਤੇ ਬਾਕੀਆਂ ਨੂੰ ਸ਼ਿਕਾਰੀਆਂ ਨੇ ਮਾਰ ਦਿੱਤਾ ਸੀ ਪਰ ਫਿਰ ਡਰ ਕਾਰਨ ਲੋਕ ਨਹੀਂ ਰਹਿੰਦੇ ਸਨ। ਗੁਰੂ ਸਾਹਿਬ ਜੀ ਨੇ ਇਸ ਜੰਗਲ ਵਿੱਚ ਰਮਣੀਕ ਨਗਰੀ ਵਸਾ ਦਿੱਤੀ ਸੀ। ਜਿੱਥੇ ਕਦੇ ਦਿਨ ਵੇਲੇ ਕੋਈ ਨੇੜੇ ਨਹੀਂ ਆਉਂਦਾ ਸੀ, ਉੱਥੇ ਹਰ ਵੇਲੇ  ਸੰਗਤਾਂ ਦੀਆਂ ਰੋਣਕਾਂ ਲੱਗੀਆਂ ਰਹਿੰਦੀਆਂ ਸਨ। 

PunjabKesari

ਅਨੰਦਪੁਰ ਸਾਹਿਬ ਬਾਰੇ ਇੱਕ ਹੋਰ ਮਿਥਿਹਾਸਕ ਕਹਾਣੀ ਮਸ਼ਹੂਰ ਹੈ ਕਿ ਇੱਥੇ ਮਾਖੋ ਤੇ ਮਾਟੋ ਨਾਮ ਦੇ ਦੋ ਦੈਂਤ ਰਿਹਾ ਕਰਦੇ ਸਨ ਅਤੇ ਦੋਹਾਂ ਨੇ ਮਾਖੋਵਾਲ ਤੇ ਮਟੌਰ ਪਿੰਡ ਵਸਾਏ। ਉਹ ਦੋਵੇਂ ਜ਼ਾਲਮ ਸਨ ਅਤੇ ਇਲਾਕੇ ਦੇ ਲੋਕ ਉਨ੍ਹਾਂ ਤੋਂ ਬਹੁਤ ਦੁਖੀ ਸਨ। ਸਿੱਖ ਤਵਾਰੀਖ਼ ਵਿੱਚ ਹਥੌਤ ਦੇ ਇਲਾਕੇ ਦੀ ਜੇ ਕਿਸੇ ਜਗ੍ਹਾ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਕੀਰਤਪੁਰ ਸਾਹਿਬ ਦੇ ਬਾਹਰ ਸਾਈਂ ਬੁੱਢਣ ਸ਼ਾਹ ਦੇ ਡੇਰੇ ਦਾ ਹੈ। ਵੱਖ-ਵੱਖ ਜਨਮ ਸਾਖੀਆਂ ਮੁਤਾਬਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਉਦਾਸੀਆਂ ਵੇਲੇ ਇਕ ਵਾਰ ਕੀਰਤਪੁਰ ਕੋਲੋਂ ਲੰਘੇ ਤਾਂ ਸਾਈਂ ਬੁੱਢਣ ਸ਼ਾਹ ਨਾਲ ਵਾਰਤਾ ਕੀਤੀ ਤੇ ਉਸ ਕੋਲੋਂ ਦੁੱਧ ਛਕਿਆ ਸੀ। ਇਸ ਮਗਰੋਂ ਹਥੌਤ ਦੇ ਇਲਾਕੇ ਵਿੱਚ 1624 ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਏ ਅਤੇ ਉਨ੍ਹਾਂ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ ਨੇ ਕੀਰਤਪੁਰ ਸਾਹਿਬ ਵਸਾਇਆ। 1665 ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਚੱਕ ਨਾਨਕੀ ਵਸਾਇਆ ਅਤੇ 1689 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਨਗਰੀ ਨੂੰ ਵਸਾਇਆ ਸੀ। ਇੰਝ ਗੁਰੂ ਸਾਹਿਬ ਜੀ ਨੇ ਇਸ ਉਜਾੜ ਬੀਆਬਾਨ ਇਲਾਕੇ ਵਿੱਚ ਰੌਣਕਾਂ ਲਾ ਦਿੱਤੀਆਂ। 

ਅੱਜ ਹਥੌਤ ਦੇ ਇਲਾਕੇ ਵਿੱਚ ਵੱਖ-ਵੱਖ ਗੁਰਦੁਆਰਿਆਂ ਕਾਰਨ ਸ੍ਰੀ ਅਨੰਦਪੁਰ ਸਾਹਿਬ ਦਾ ਨਾਮ ਦੁਨੀਆਂ ਦੇ ਨਕਸ਼ੇ 'ਤੇ ਹੈ। ਇਸ ਇਲਾਕੇ ਨੂੰ ਸਿੱਖ ਬੌਧਿਕਤਾ, ਵਿਦਵਤਾ, ਵਿਦਵਾਨਾਂ ਦਾ ਕੇਂਦਰ ਬਣਾਉਣ ਦੇ ਮੰਤਵ ਨਾਲ ਕੇਸਗੜ੍ਹ ਸਾਹਿਬ ਨੂੰ ਕੇਂਦਰ ਵਿੱਚ ਰੱਖਕੇ ਪੰਜ ਕਿਲ੍ਹਿਆਂ ਅਨੰਦਗੜ੍ਹ, ਲੋਹਗੜ੍ਹ, ਹੋਲਗੜ੍ਹ, ਤਾਰਾਗੜ੍ਹ ਅਤੇ ਫਤਿਹਗੜ੍ਹ ਦੀ ਉਸਾਰੀ ਕਰਵਾਈ ਗਈ। ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਨ 'ਤੇ 1699 ਵਿੱਚ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਖਾਲਸਾ ਪੰਥ ਦੀ ਸਾਜ਼ਨਾ ਕੀਤੀ ਗਈ ਸੀ। 1665 ਤੋਂ ਲੈਕੇ ਹੁਣ ਤੱਕ ਅਨੰਦਪੁਰ ਸਾਹਿਬ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ ਪਰ ਇਸ ਦੇ ਬਾਵਜੂਦ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਗੁਰਦੁਆਰਿਆਂ ਨੂੰ ਸਹੀ ਜਗ੍ਹਾ 'ਤੇ ਬਣਾਇਆ ਗਿਆ ਹੈ। ਪੰਜਾਬ ਸਰਕਾਰ ਵਲੋਂ ਖਾਲਸਾ ਸਾਜਨਾ ਦਿਵਸ ਦੇ 300 ਸਾਲਾ ਜ਼ਸ਼ਨਾਂ ਮੌਕੇ 1999 ਵਿੱਚ ਅਨੰਦਪੁਰ ਸਾਹਿਬ ਵਿੱਚ ਕਈ ਨਵੀਂਆਂ ਇਮਾਰਤਾ ਦੀ ਉਸਾਰੀ ਕਰਵਾਈ ਗਈ ਹੈ, ਜਿਸ ਨਾਲ ਸ਼ਹਿਰ ਵਿੱਚ ਨਵੀਂ ਦਿੱਖ ਬਣ ਗਈ ਅਤੇ ਨਾਲ ਸ਼ਹਿਰ ਦੀ ਪੁਰਾਣੀ ਦਿੱਖ ਹੋਰ ਸੁੰਦਰ ਹੋ ਗਈ ਹੈ। 

PunjabKesari


rajwinder kaur

Content Editor

Related News