1947 ਹਿਜਰਤਨਾਮਾ- 8 : ਸ. ਹਰਦਰਸ਼ਨ ਸਿੰਘ ਮਾਲੜੀ

Wednesday, May 06, 2020 - 01:40 PM (IST)

1947 ਹਿਜਰਤਨਾਮਾ- 8 : ਸ. ਹਰਦਰਸ਼ਨ ਸਿੰਘ ਮਾਲੜੀ

ਸਤਵੀਰ ਸਿੰਘ ਚਾਨੀਆਂ
92569-73526

"ਮੈਂ ਹਰਦਰਸ਼ਨ ਸਿੰਘ ਪੁੱਤਰ ਭਗਵਾਨ ਸਿੰਘ ਪੁੱਤਰ ਜਵਾਲਾ ਸਿੰਘ ਪੁਰੇਵਾਲ ਪਿੰਡ ਮਾਲੜੀ ਤਹਿਸੀਲ ਨਕੋਦਰ ਜ਼ਿਲਾ ਜਲੰਧਰ ਤੋਂ ਬੋਲ ਰਿਹੈਂ। ਇਧਰ ਸਾਡਾ ਜੱਦੀ ਪਿੰਡ, ਨਕੋਦਰ ਤਹਿਸੀਲ ਦਾ ਪਿੰਡ ਸ਼ੰਕਰ ਹੈ। 1900 ਸੰਨ ਦੇ ਕਰੀਬ ਅੰਗਰੇਜ ਹਕੂਮਤ ਦੀ ਤਰਫੋਂ ਮੁਰੱਬਾ ਅਲਾਟ ਹੋਣ ’ਤੇ ਮੇਰੇ ਬਾਬਾ ਜੀ  ਸ:ਜਵਾਲਾ ਸਿੰਘ ਨੇ ਆਪਣੇ ਛੋਟੇ ਭਰਾ ਸ:ਠਾਕੁਰ ਸਿੰਘ ਨੂੰ ਪਹਿਲੋਂ ਬਾਰ ਭੇਜਿਆ। ਬਾਰ ਵਿਚ ਚੱਕ ਨੰ: ਹੀ ਚੱਲਦੇ ਸਨ। ਜਿਉਂ ਜਿਉਂ ਇਧਰੋਂ ਲੋਕ ਉਧਰ ਚੱਕਾਂ ’ਚ ਜਾ ਆਬਾਦ ਹੋਏ, ਉਵੇਂ ਉਵੇਂ ਉਨ੍ਹਾਂ ਦੇ ਪਿਛਲੇ ਪਿੰਡਾਂ ’ਤੇ ਹੀ ਨਾਂ ਪੱਕ ਗਏ। ਜ਼ਿਲਾ ਲਾਇਲਪੁਰ ਦੀ ਤਹਿਸੀਲ ਜੜਾਂਵਾਲਾ ਵਿਚ ਤਿੰਨ ਸ਼ੰਕਰ ਆਬਾਦ ਹਨ। ਮੁੱਢਾਂ ਵਾਲਾ ਸ਼ੰਕਰ, ਖੁਰੜਿਆਂ ਵਾਲਾ ਸ਼ੰਕਰ ਅਤੇ ਦਾਊਆਣਾ ਸ਼ੰਕਰ। ਸਾਡੇ ਬਜੁਰਗ ਦਾਊਆਣਾ ਸ਼ੰਕਰ ਗੋਗੇਰਾ ਬਰਾਂਚ ਵਿਚ ਜਾ ਆਬਾਦ ਹੋਏ। ਬਾਬਾ ਜੀ ਦੋ ਭਰਾ ਸਨ ਅਤੇ ਦੋਹੇਂ ਰਲ ਕੇ ਸਾਂਝੀ ਖੇਤੀ ਕਰਦੇ ਸਨ।

ਮੇਰੇ ਪਿਤਾ ਜੀ ਦੋ ਭਰਾ ਸਨ। ਮੇਰਾ ਬਾਪ ਭਗਵਾਨ ਸਿੰਘ ਅਤੇ ਉਨ੍ਹਾਂ ਦੇ ਵੱਡੇ ਭਰਾ ਦੀਵਾਨ ਸਿੰਘ ਹੋਰੀਂ ਜਦ ਪੰਜਾਲੀ ਜੋੜਨ ਜੋਗੇ ਹੋਏ ਤਾਂ ਉਹ ਵੀ ਬਾਰ ਵਿਚ ਚਲੇ ਗਏ। ਨਹਿਰੀ ਜ਼ਮੀਨ ਸੀ ਤੇ ਖੇਤੀਆਂ ਚੰਗੀਆਂ ਸਨ। ਨਰਮਾ, ਮੱਕੀ, ਬਾਜਰਾ ਅਤੇ ਬਾਗ ਠਾਠਾਂ ਮਾਰਦੇ ਸਨ। ਬਜ਼ੁਰਗ ਜਿਣਸ ਦੀ ਵੇਚ ਗੱਡਿਆਂ ਤੇ ਜੜਾਂਵਾਲਾ ਮੰਡੀ ਲੈ ਜਾ ਕੇ ਕਰਦੇ।

ਪੜ੍ਹੋ ਇਹ ਵੀ ਖਬਰ - Viral World ’ਚ ਦੋ ਭੈਣਾਂ 'ਰਾਜੀ ਕੌਰ ਅਤੇ ਵੀਨੂ ਗਿੱਲ' ਦੀ 'ਮਾਝਾ/ਮਾਲਵਾ' ਪੰਜਾਬੀ ਚਰਚਾ (ਵੀਡੀਓ)

ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼ : ਖ਼ਰਬੂਜੇ ਸ਼ਾਹ ਉਰਫ਼ ਸਾਈ ਅੱਲਾ ਦਿੱਤਾ 

ਜਿਸ ਤਰਾਂ ਇਧਰ ਮਾਝੇ ’ਚ ਗੁਰਦਾਸਪੁਰ ਵੰਨੀਓਂ ਰਾਵੀ ’ਚੋਂ ਅਪਰਾਧੀ ਦੋਆਬ ਨਹਿਰ ਕੱਢੀ ਐ, ਇਸੀ ਤਰਾਂ ਰਾਵੀ ਦਰਿਆ ਦੇ ਬੱਲੋਕੀ ਹੈਡ ਤੋਂ ਲੋਅਰ ਬਾਰੀ ਦੁਆਬ ’ਚੋਂ ਤਿੰਨ ਨਹਿਰਾਂ ਬਾਰ ਦੀ ਸੰਚਾਈ ਕਰਦੀਆਂ ਹਨ। ਇਨ੍ਹਾਂ ’ਚੋਂ ਇਕ ਹੈ ਗੋਗੇਰਾ ਬਰਾਂਚ। ਬਸ ਇਸੇ ’ਤੇ ਹੀ ਦਾਊਆਣਾ ਸ਼ੰਕਰ ਸਥਿਤ ਆ। ਸਾਡੇ ਸਾਰੇ ਬਾਬੇ ਪੋਤਿਆਂ ਦਾ ਜਨਮ ਇਧਰਲੇ ਸ਼ੰਕਰ ਦਾ ਹੀ ਹੈ। ਕੇਵਲ ਮੇਰਾ ਜਨਮ ਹੀ ਉਧਰਲੇ ਸ਼ੰਕਰ ’ਚ 16 ਮਾਰਚ 1937 ਦਾ ਹੈ। ਸਾਡੇ ਗੁਆਂਢੀ ਪਿੰਡਾਂ ਵਿਚ ਚੜਦੇ ਪਾਸੇ ਚੱਕ 93 ਨਕੋਦਰ, ਲਹਿੰਦੇ 58 ਚੱਕ ਜੋ ਸਾਰਾ ਕਰੀਬ ਕੰਬੋਜ਼ ਬਰਾਦਰੀ ਦਾ ਹੀ ਸੀ। ਉੱਤਰ ਵਿਚ ਚੱਕ 96 ਸਰੀਂਹ ਆਬਾਦ ਸੀ ।

ਰੌਲਿਆਂ ਵਕਤ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਚੌਥੀ ਜਮਾਤ ਵਿਚ ਪੜ੍ਹਦਾ ਸਾਂ। ਤਦੋਂ ਪ੍ਰਾਇਮਰੀ ਸਕੂਲ ਪੰਜਵੀਂ ਦੀ ਬਜਾਏ ਚੌਥੀ ਤੱਕ ਹੀ ਹੁੰਦੇ। ਮਾਰਚ 47 ਵਿਚ ਮੇਰੇ ਚੌਥੀ ਜਮਾਤ ਦੇ ਪੱਕੇ ਪੇਪਰ ਸਨ। ਪਰ ਪੇਪਰਾਂ ਤੋਂ ਐਨ ਪਹਿਲਾਂ ਮੇਰੇ ਵੱਡੇ ਭਾਈ ਦਵਿੰਦਰ ਸਿੰਘ ਦੇ ਵਿਆਹ ਦੀ ਤਰੀਕ ਤੈਅ ਕੀਤੀ ਗਈ । ਵਿਆਹੁਣ ਵੀ ਇਧਰ ਜੰਡਿਆਲਾ ਮੰਜਕੀ ਜ਼ਿਲਾ ਜਲੰਧਰ ਵਿਖੇ ਆਏ। ਵਿਆਹ ਦੇ ਸ਼ਗਨ ਵਿਹਾਰ ਮਨਾਉਂਦਿਆਂ ਹੀ ਪੱਕੇ ਪੇਪਰ ਵੀ ਲੰਘ ਗੇ। ਵੰਡ ਦਾ ਰਾਮ ਰੌਲਾ ਵੀ ਅਪਣਾ ਜ਼ੋਰ ਫੜ ਗਿਆ ਤੇ ਮੈਂ ਵੀ ਮੁੜ ਸਕੂਲ ਨਹੀਂ ਗਿਆ। 

ਇਧਰ ਆ ਕੇ ਸਾਡੀ ਪਰਚੀ ਸ਼ੰਕਰ ਦੀ ਬਜਾਏ ਮਾਲੜੀ ਪਿੰਡ ਦੀ ਪਈ, ਕਿਉਂਕਿ ਇਹ ਪਿੰਡ ਮੁਸਲਮਾਨਾਂ ਵਲੋਂ ਖਾਲੀ ਕੀਤਾ ਗਿਆ ਸੀ। ਚੌਥੀ-ਪੰਜਵੀਂ ਮੈਂ ਇਧਰ ਆ ਕੇ ਹੀ ਪਾਸ ਕੀਤੀ। ਉਪਰੰਤ 6ਵੀਂ-7ਵੀਂ 1951 ’ਚ ਆਰੀਆ ਸਕੂਲ ਨਕੋਦਰ ਤੋਂ। ਕੁਝ ਕਾਰਨਾ ਕਰਕੇ ਇਥੇ ਸਾਡੀ ਰਾਸ ਨਾ ਰਲੀ। ਸੋ ਉਪਰੰਤ 8ਵੀਂ ਕਲਾਸ ਵਿਚ ਅਸੀਂ 7-8 ਮੁੰਡੇ ਖਾਲਸਾ ਸਕੂਲ ਸ਼ੰਕਰ ਵਿਚ ਜਾ ਦਾਖਲ ਹੋਏ। ਚਾਨੀਆਂ ਪਿੰਡ ਦੇ ਸੁਰਜੀਤ ਸਿੰਘ ਪੁੱਤਰ ਹਜਾਰਾ ਸਿੰਘ, ਜੋ ਇਥੇ ਮੇਰਾ ਹਮ ਜਮਾਤੀ ਸੀ, ਨਾਲ ਜ਼ਿਆਦਾ ਸਹਿਚਾਰਾ ਰਿਹਾ।

ਪੜ੍ਹੋ ਇਹ ਵੀ ਖਬਰ - ਬਰਸੀ ’ਤੇ ਵਿਸ਼ੇਸ਼ : ਬਿਰਹੋ ਦਾ ਸ਼ਾਇਰ ‘ਸ਼ਿਵ ਕੁਮਾਰ ਬਟਾਲਵੀ’ 

ਪੜ੍ਹੋ ਇਹ ਵੀ ਖਬਰ - ਪ੍ਰਕਾਸ਼ ਪੁਰਬ ਵਿਸ਼ੇਸ਼ : ਧੰਨ-ਧੰਨ ‘ਸ੍ਰੀ ਗੁਰੂ ਅਮਰਦਾਸ ਜੀ’

ਓਧਰ ਬਾਰ ਵਿਚ ਸਾਡੇ ਪਿੰਡ ਜੀਵਾ ਮੁਸਲਮਾਨ ਪਿੰਡ ਦਾ ਚੌਂਕੀਦਾਰ ਸੀ, ਜਿਸ ਦਾ ਬੇਟਾ ਸਰਦਾਰਾ ਪਿੰਡ ’ਚ ਹੀ ਟੇਲਰ ਮਾਸਟਰ ਦੀ ਦੁਕਾਨ ਕਰਦਾ ਸੀ। ਮੇਰੇ ਚੇਤਿਆਂ ’ਚ ਹੋਰ ਮੁਸਲਮਾਨ ਮੁਹੰਮਦ ਵਿਹਜੜ, ਬੂਟਾ ਜੋ ਲੁਹਾਰਾ ਕੰਮ ਕਰਦਾ ਸੀ। ਫੁੰਮਣ ਸਿੰਘ ਪੁਰੇਵਾਲ ਲੰਬੜਦਾਰ ਹੁੰਦਾ ਸੀ, ਜਿਸ ਦਾ ਪੋਤਾ ਦਲਵੀਰ ਸਿੰਘ ਧੀਰੋਵਾਲ ਆਦਮਪੁਰ ਹਲਕੇ ਦੀ ਸਿਆਸਤ ਵਿਚ ਸਰਗਰਮ ਰਿਹੈ। ਉਧਰ ਲਾਇਲਪੁਰ ਦੀ ਸਿਆਸਤ ਵਿਚ ਸੰਪੂਰਨ ਸਿੰਘ ਲਾਇਲਪੁਰੀ ਮੋਹਰੀਆਂ 'ਚ ਸ਼ੁਮਾਰ ਹੁੰਦਾ ਸੀ, ਜੋ ਬਾਅਦ ਵਿਚ ਪਾਕਿਸਤਾਨ ਦਾ ਪਹਿਲਾ ਭਾਰਤੀ ਸਫੀਰ ਹੋਇਐ। ਦਾਊਆਣਾ ਸ਼ੰਕਰ ਨੂੰ ਸਟੇਸ਼ਨ ਕੋਟ ਦਯਾ ਕਿਸ਼ਨ ਲੱਗਦਾ ਹੈ ਜੋ ਲਾਹੌਰ-ਨਨਕਾਣਾ ਸਾਹਿਬ ਰੇਲਵੇ ਟਰੈਕ ’ਤੇ ਹੈ। ਸਾਡੇ ਪਿੰਡ ਸਿੱਖ ਵਸੋਂ ਦਾ ਜ਼ੋਰ ਸੀ। ਇਸ ਕਰਕੇ ਜਦ ਰੌਲੇ ਸਿਖਰ ’ਤੇ ਸਨ ਤਾਂ ਆਲੇ-ਦੁਆਲੇ ਘੱਟ ਸਿੱਖ ਵਸੋਂ ਵਾਲੇ ਪਿੰਡਾਂ ਤੋਂ ਹਿੰਦੂ-ਸਿੱਖ ਉਠ ਕੇ ਸਾਡੇ ਪਿੰਡ ਆ ਗਏ। 58 ਚੱਕ ਵਿਚ ਬਹੁਤੀ ਵਸੋਂ ਕੰਬੋਜ਼ ਸਿੱਖਾਂ ਦੀ ਸੀ, ਜੋ ਕਾਫੀ ਖੁਸ਼ਹਾਲ ਸਨ।

ਆਲੇ-ਦੁਆਲੇ ਦੇ ਮੁਸਲਮਾਨਾਂ ਨੇ 'ਕੱਠੇ ਹੋ ਕੇ 58 ਉਪਰ ਹਮਲਾ ਕਰ ਦਿੱਤਾ। ਘਰ ਬਾਰ ਲੁਟ ਕੇ ਕਈ ਹਿੰਦੂ-ਸਿੱਖਾਂ ਦਾ ਕਤਲੇਆਮ ਕਰ ਦਿੱਤਾ। ਸਾਡੇ ਗੁਆਂਢੀ ਪਿੰਡ 8 ਚੱਕ, ਜੋ ਜ਼ਿਲਾ ਸ਼ੇਖੂਪੁਰਾ ਵਿਚ ਪੈਂਦਾ ਸੀ ਦਾ ਜੰਗਜੂ ਸਿੱਖ ਸੂਬੇਦਾਰ ਭਗਵਾਨ ਸਿੰਘ ਜਿਸ ਪਾਸ ਪੱਕੀ ਰਫਲ ਸੀ ਘੋੜੀ ’ਤੇ ਚੜ੍ਹ ਕੇ ਦਾਊਆਣਾ ਸ਼ੰਕਰ ਅਤੇ 58 ਚੱਕ ਦੀ ਪਹਿਰੇਦਾਰੀ ਕਰਦਾ ਰਿਹਾ। 58 ਚੱਕ ਪਿੰਡ ਦੇ ਬਾਹਰ ਟਾਹਲੀ ਉਪਰ ਇਕ ਮੁਸਲਿਮ, ਜੋ ਬੰਦੂਕ ਲਈ ਮੋਰਚੇ ’ਤੇ ਬੈਠਾ ਸੀ, ਨੂੰ ਸੂਬੇਦਾਰ ਨੇ ਦੂਰੋਂ ਹੀ ਗੋਲੀ ਮਾਰ ਕੇ ਮਾਰਤਾ। ਕਈ ਵਾਰ ਇਕ ਪਾਸਿਓਂ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਤੇ ਦੂਜੇ ਪਾਸਿਓਂ ਅਲੀ ਅਲੀ ਦੇ। ਸਾਰਾ ਮਾਹੌਲ ਡਰ ਅਤੇ ਸਹਿਮ ਨਾਲ ਭਰ ਜਾਂਦਾ। ਗੁਰਦੁਆਰਾ ਸਿੰਘ ਸਭਾ ’ਚ ਹਰ ਰੋਜ ਬੈਠਕਾਂ ਹੁੰਦੀਆਂ। ਅਖੀਰ ਠੰਢ ਪੈਂਦੀ ਨਾ ਦੇਖ ਕੇ 15-20 ਪਿੰਡਾਂ ਦੇ 'ਕੱਠੇ ਹੋਏ ਲੋਕਾਂ ਨੇ ਹੱਥੀਂ ਬਣਾਈ ਸਵਾਰੀ ਬਾਰ ਨੂੰ ਛੱਡ ਜਾਣ ਦਾ ਦੁਖਦਾਈ ਫੈਸਲਾ ਕਰ ਲਿਆ।

ਅਕਤੂਬਰ 47 ਦੇ ਪਹਿਲੇ ਹਫਤੇ ਕਰੀਬ 1000-1200 ਗੱਡਿਆਂ ਦਾ ਕਾਫਲਾ, ਜਿਸ ਵਿਚ ਆਲੇ ਦੁਆਲੇ 19-20 ਪਿੰਡਾਂ ਦੇ ਰਿਫਿਊਜੀ ਸ਼ਾਮਲ ਸਨ, ਦਾਊਆਣਾ ਸ਼ੰਕਰ ਤੋਂ ਆਪਣੇ ਪਿੱਤਰੀ ਪਿੰਡਾਂ ਲਈ ਤੁਰਿਆ। ਕਾਫਲਾ ਕੋਈ 10 ਕੁ ਮੀਲ ਅੱਗੇ ਵਧਿਆ ਤਾਂ ਫਲਾਈਵਾਲਾ ਪਿੰਡ ਦੇ ਬਾਹਰ-ਬਾਰ ਮੁਸਲਿਮ ਧਾੜਵੀਆਂ ਵਲੋਂ ਕਾਫਲੇ ’ਤੇ ਹਮਲਾ ਕਰ ਦਿੱਤਾ। ਜਿਉਂ ਹੀ ਅੱਗੇ ਹੋ ਕੇ ਕੁਝ ਸਿੰਘਾਂ ਨੇ ਜੈਕਾਰਾ ਛੱਡਿਆ ਤਾਂ ਸਬੱਬੀਂ ਪਿੱਛਿਓਂ ਡੋਗਰਾ ਮਿਲਟਰੀ ਆ ਪਹੁੰਚੀ। ਉਨ੍ਹਾਂ ਕਈ ਹਮਲਾਵਰ ਥਾਂਈਂ ਭੁੰਨ ਦਿੱਤੇ ਤੇ ਬਾਕੀ ਸਾਰੇ ਤਿੱਤਰ ਹੋ ਗਏ। ਉਹ ਮਰੇ ਧਾੜਵੀ ਨਜਦੀਕ ਵਗਦੇ ਨਾਲੇ ਵਿਚ ਸੁੱਟ ਦਿੱਤੇ। ਇਸ ਤੋਂ ਅੱਗੇ ਪਿੰਡ ਲਹੁਕੇ ਦੇਵੀ ਕੇ ਕਾਫਲਾ ਕੋਈ ਹਫਤਾ ਭਰ ਰੁਕਿਆ ਰਿਹਾ। ਇਥੇ ਸਾਨੂੰ ਪੱਠੇ-ਦੱਥੇ, ਆਟਾ-ਦਾਲ ਦੀ ਕੋਈ ਤੋਟ ਨਾ ਆਈ। ਇਸ ਤੋਂ ਪਹਿਲਾਂ ਖੁਰੜਿਆਂ ਵਾਲਾ ਸ਼ੰਕਰ  ਦੇ ਬਾਹਰ ਨਹਿਰੀ ਡਾਕ ਬੰਗਲੇ ਕੋਲ ਵੀ ਇਕ ਰਾਤ ਠਹਿਰੈ ਸਨ।

ਪੜ੍ਹੋ ਇਹ ਵੀ ਖਬਰ - 1947 ਹਿਜਰਤਨਾਮਾ-7 : ਹਰਬੰਸ ਸਿੰਘ ਆਲੋਵਾਲ

ਪੜ੍ਹੋ ਇਹ ਵੀ ਖਬਰ - 1947 ਹਿਜਰਤਨਾਮਾ 6 : ਰਵਿੰਦਰ ਸਿੰਘ ਐਡਵੋਕੇਟ

ਕਾਫਲਾ ਇਕ ਰਾਤ ਬੱਲੋ ਕੀ ਹੈੱਡ ਤੋਂ ਪਹਿਲੇ ਪਿੰਡ ਵਿਚ ਰੁਕਿਆ । ਰਾਤ ਦਾ ਸਮਾਂ ਸੀ। ਖਾਣਾ ਬਣਾਉਣ ਅਤੇ ਪੀਣ ਲਈ ਪਾਣੀ ਨਜਦੀਕ ਵਗਦੀ ਖਾਲ ਤੋਂ ਕੱਪੜ ਛਾਣ ਕਰਕੇ ਵਰਤਿਆ। ਸਵੇਰ ਉਠ ਕੇ ਵੇਖਿਆ ਤਾਂ ਸਾਡੇ ਹੋਸ਼ ਉੱਡ ਗਏ ਕਿ ਖਾਲ ਤਾਂ ਸਾਰੀ ਮਰੇ ਹੋਏ ਪਸ਼ੂਆਂ ਅਤੇ ਬੰਦਿਆਂ ਨਾਲ ਭਰੀ ਪਈ ਸੀ। ਇਸ ਤੋਂ ਬਾਅਦ ’ਚ ਰਾਏ ਵਿੰਡ ਅਤੇ ਰਾਏ ਜੰਗ ਪਿੰਡਾਂ ਵਿਚ ਵੀ ਇਕ ਇਕ ਰਾਤ ਦਾ ਪੜਾਅ ਕੀਤਾ ਗਿਆ। ਇਨ੍ਹਾਂ ਪੜਾਵਾਂ ’ਤੇ ਟਿੰਡਾਂ ਵਾਲੇ ਖੂਹ ਸਨ, ਸੋ ਪਾਣੀ ਦੀ ਸਹੂਲਤ ਦੇਖ ਕੇ ਉਥੇ ਪੜਾਅ ਕੀਤਾ। ਰਾਏ ਵਿੰਡ ’ਤੇ ਪੜਾਅ ਵੇਲੇ ਦੀ ਇਕ ਘਟਨਾ ਮੈਨੂੰ ਯਾਦ ਆ ਰਹੀ ਹੈ ਕਿ ਹਲਟ ਤੋਂ ਪਾਣੀ ਭਰਨ ਵੇਲੇ ਰਿਫਿਊਜੀਆਂ ਦੀ ਲੱਗੀ ਲਾਈਨ ਤੋਂ ਜਦੋਂ ਇਕ ਨੌਜਵਾਨ ਨੇ ਉਲੰਘਣਾ ਕਰਕੇ ਮੋਹਰੇ ਹੋ ਪਾਣੀ ਭਰਨ ਦਾ ਯਤਨ ਕੀਤਾ ਤਾਂ ਡੋਗਰਾ ਫੌਜੀ ਨੇ ਉਸ ਨੂੰ ਵਰਜਿਆ ਪਰ ਉਸ ਦੇ ਨਾ ਅਮਲ ਤੇ ਫੌਜੀ ਨੇ ਉਸ ਦੇ ਗੋਲੀ ਮਾਰ ਕੇ ਪਰਲੇ ਪਾਰ ਕਰਤਾ।

ਅਗਾਂਹ ਚੱਲ ਕੇ ਕਸੂਰ ਸ਼ਹਿਰ ਰਾਤ ਠਹਿਰੇ। ਦੁਸਹਿਰੇ ਵਾਲੇ ਦਿਨ ਅੰਬਰਸਰ ਸ਼ਹਿਰ ਦੇ ਬਾਹਰ ਬਾਰ ਇਕ ਰਾਤ ਠਹਿਰੇ । ਸ਼ਾਮ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਵੀ ਗਏ। ਉਪਰੰਤ ਇਕ  ਰਾਤ ਰਈਆ ਰਹੇ। ਬਿਆਸ ਦਰਿਆ ਦਾ ਪੁੱਲ ਤਦੋਂ ਸਿੰਗਲ ਹੀ ਸੀ। ਸਾਡੇ ਕਾਫਲੇ ਨੂੰ ਮਿਲਟਰੀ ਵਲੋਂ ਰੋਕ ਦਿੱਤਾ ਗਿਆ । ਕਿਉਂਜੋ ਜਲੰਧਰ ਦੀ ਤਰਫੋਂ ਮੁਸਲਿਮ ਰਿਫਿਊਜੀਆਂ ਦੇ ਹਜਾਰਾਂ ਗੱਡਿਆਂ ਦਾ ਕਾਫਲਾ ਆ ਰਿਹਾ ਸੀ । ਸੋ ਪਹਿਲੇ ਉਨ੍ਹਾਂ ਨੂੰ ਲੰਘਾਇਆ ਗਿਆ। ਸੁਭਾਨਪੁਰ ਪਹੁੰਚੇ ਤਾਂ ਸਾਡੇ ਕਾਫਲੇ ਨੂੰ ਫੌਜ ਵਲੋਂ ਜਲੰਧਰ ਦੀ ਬਜਾਏ ਕਪੂਰਥਲਾ ਵਲ ਮੋੜ ਦਿੱਤਾ । ਕਪੂਰਥਲਾ ਤੋਂ ਉਰਾਰ ਫਿਰ ਜਲੰਧਰ ਦੀ ਤਰਫ ਮੋੜਾ ਪਾਇਆ। ਇਥੇ ਜਲੰਧਰ ਰੋਡ ’ਤੇ ਵੀ ਇਕ ਰਾਤ ਠਹਿਰੇ।

ਜਲੰਧਰ ਤੋਂ ਨਕੋਦਰ ਰੋਡ ਲਾਂਬੜਾ ਵਿਖੇ  ਵੀ ਇਕ ਰਾਤ ਪੜਾਅ ਕੀਤਾ। ਪੱਠਾ ਦੱਥਾ,ਆਟਾ ਅਤੇ ਦਾਲ ਅਚਾਰ ਦਾ ਪਰਬੰਧ ਹਰ ਪੜਾਅ ਤੇ ਆਲੇ-ਦੁਆਲਿਓਂ ਹੋ ਜਾਂਦਾ ਸੀ। ਬਰਸਾਤ ਤਾਂ ਬਹੁਤ ਪਈ ਪਰ ਹੁਣ ਬਰਸਾਤ ਦਾ ਮੌਸਮ ਲੰਘ ਚੁੱਕਾ ਸੀ, ਸੋ ਪਲੇਗ ਦਾ ਖਤਰਾ ਵੀ ਟਲ ਗਿਆ ਸੀ, ਤਦੋਂ ਜਲੰਧਰ ਆ ਕੇ ਕਾਫਲੇ ’ਚ ਗੱਡਿਆਂ ਦੀ ਗਿਣਤੀ ਵੀ ਅੱਧੀ ਕੁ ਹੀ ਰਹਿ ਗਈ ਕਿਉਂਕਿ ਜਿਵੇਂ ਜਿਵੇਂ ਇਲਾਕਾ ਆਉਂਦਾ ਸੀ, ਤਿਵੇਂ ਤਿਵੇਂ ਕਾਫਲੇ ਦੇ ਲੋਕ ਖੱਬੇ ਸੱਜੇ ਮੁੜੀ ਜਾਂਦੇ ਸਨ। ਲਾਂਬੜਿਓਂ ਚੱਲ ਕੇ ਢਲ ਰਹੀ ਦੁਪਹਿਰ ਦੇ ਸਮੇਂ ਕਰੀਬ 20-21 ਦਿਨ ਦੇ ਭਿਆਨਕ ਦੁਖਦਾਈ ਸਫਰ ਦੀ ਪੀੜ ਅਤੇ ਬੇਆਰਾਮੀ ਦੇ ਝੰਬੇ, ਸ਼ੰਕਰ ਪਿੰਡ ਪਹੁੰਚੇ ਤਾਂ ਕੀ ਦੇਖਦੇ ਹਾਂ ਕਿ ਸ਼ੰਕਰ ਛਿੰਜ ਦੇ ਪਿੜ ਦੀਆਂ ਰੌਣਕਾਂ, ਸਜੀਆਂ ਹੋਈਆਂ ਹਨ। ਬਾਜ਼ਾਰ/ ਦੁਕਾਨਾਂ,ਰਿਸ਼ਤੇ ਨਾਤੇਦਾਰ ਅਤੇ ਯਾਰ ਬੇਲੀਆਂ ਦੀਆਂ ਜੱਫੀਆਂ ਦਾ ਨਿੱਘ - ਮਾਨੋ ਕਾਫਲੇ ਦੀ ਲਗਾਤਾਰ ਇਕ ਮਹੀਨੇ ਦੀ ਪੀੜ ਭਰੀ ਥਕਾਨ ਬਿੰਦ ਝੱਟ ਵਿਚ ਲਹਿ ਗਈ ।

ਪੜ੍ਹੋ ਇਹ ਵੀ ਖਬਰ - 1947 ਹਿਜਰਤਨਾਮਾ 5 : ਕਰਨਲ ਅਜੀਤ ਸਿੰਘ ਮਾਲੜੀ

ਪੜ੍ਹੋ ਇਹ ਵੀ ਖਬਰ - 1947 ਹਿਜਰਤਨਾਮਾ 4 : ਥਮਾਲੀ ਪਿੰਡ ਦਾ ਸਾਕਾ​​​​​​​

PunjabKesari

ਪੜ੍ਹੋ ਇਹ ਵੀ ਖਬਰ - 1947 ਹਿਜਰਤਨਾਮਾ- 3 : ਦਲਬੀਰ ਕੌਰ ਮਲਸੀਹਾਂ

ਪੜ੍ਹੋ ਇਹ ਵੀ ਖਬਰ - 1947 ਹਿਜਰਤਨਾਮਾ-2 : ਸੰਤੋਖ ਸਿੰਘ ਵਲਦ ਸਾਧੂ ਸਿੰਘ ਵਲਦ ਅਮਰ ਸਿੰਘ ਦੀ ਕਹਾਣੀ (ਵੀਡੀਓ)​​​​​​​

ਪੜ੍ਹੋ ਇਹ ਵੀ ਖਬਰ - 1947 ਹਿਜਰਤਨਾਮਾ 1 : ਪਿੰਡ ਥੋਹਾ ਖ਼ਾਲਸਾ ਵਿਖੇ ਕਤਲੇਆਮ ਦੀ ਕਹਾਣੀ (ਵੀਡੀਓ)​​​​​​​

ਮੇਰੇ ਘਰ 6 ਬੇਟੀਆਂ ਤੇ 2 ਬੇਟੇ ਪੈਦਾ ਹੋਏ। ਬਿਟੀਆ ਨਰਿੰਦਰ ਕੌਰ ਅਤੇ ਸੁਰਿੰਦਰ ਕੌਰ ਕਰਮਵਾਰ ਆਰੀਆ ਕਾਲਜ ਨੂਰਮਹਿਲ, ਨੈਸ਼ਨਲ ਕਾਲਜ ਨਕੋਦਰ ਅਤੇ ਢੰਡੋਵਾਲ ਕਾਲਜ-ਨਕੋਦਰ ਵਿਚ ਪੰਜਾਬੀ ਦੀਆਂ ਪ੍ਰਾਅਧਿਆਪਕਾਂ ਰਹੀਆਂ ਨੇ। ਬੇਟਾ ਹਰਮਿੰਦਰ ਸਿੰਘ ਮਾਲੜੀ, ਜੋ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਪੰਜਾਬੀ ਦੇ ਪ੍ਰਾਅਧਿਆਪਕ ਸਨ, ਦਾ 2005 ਵਿਚ ਗੁੰਡਾ ਅਨਸਰਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਦੁਖਾਂਤਕ ਘਟਨਾਕ੍ਰਮ ਨੇ ਮਾਨੋ ਮੇਰਾ ਲੱਕ ਹੀ ਤੋੜਤਾ। ਸਰਦਾਰਨੀ ਉਦੋਂ ਦੀ ਅੱਜ ਤੱਕ ਬਿਸਤਰੇ ’ਤੇ ਹੈ, ਹਾਲੇ ਤੱਕ ਵੀ ਜਵਾਨ ਪੁੱਤਰ ਦੇ ਸਦਮੇ ’ਚੋਂ ਬਾਹਰ ਨਹੀਂ ਆ ਸਕੀ। ਕਈ ਅਜਿਹੇ ਬੁਰੇ ਸਮੇਂ ਜ਼ਿੰਦਗੀ ਵਿਚ ਆਏ ਤੇ ਲੰਘ ਗਏ ਪਰ ਬੇਟੇ ਦਾ ਸੱਲ ਅਤੇ 47 ਦਾ ਉਹ ਭਿਆਨਕ ਦੌਰ ਭੁਲਾਇਆਂ ਵੀ ਨਹੀਂ ਭੁੱਲਦਾ।"


author

rajwinder kaur

Content Editor

Related News