ਗੁਰੂ ਨਾਨਕ ਸਾਹਿਬ ਦਾ ਆਦੇਸ਼ ਤੇ ਸੰਦੇਸ਼

12/06/2019 11:38:47 AM


ਜਦੋਂ ਕਿਸੇ ਵੀ ਮਹਾਨ ਪੁਰਸ਼ ਦਾ ਇਤਿਹਾਸਕ ਤੌਰ 'ਤੇ ਕੋਈ ਦਿਹਾੜਾ ਮਨਾਇਆ ਜਾਂਦਾ ਹੈ ਤਾਂ ਉਸ ਦੇ ਪਿੱਛੇ ਬਹੁਤ ਵਿਚਾਰਨ ਵਾਲੀਆਂ ਚਿੰਤਾ ਅਤੇ ਚਿੰਤਨ ਕਰਨ ਵਾਲੀਆਂ ਗੱਲਾਂ ਪਈਆਂ ਹੁੰਦੀਆਂ ਹਨ। ਗੁਰੂ ਨਾਨਕ ਦਾ ਸਮਾਂ ਉਹ ਸੀ ਜਿਸ ਸਮੇਂ ਧਰਮਾਂ ਦੀ ਆਪੋ ਧਾਪੀ ਪਈ ਹੋਈ ਸੀ। ਸਮਾਜ ਨਿਘਾਰ ਵੱਲ ਸੀ। ਲੋਕਾਂ ਵਿੱਚ ਰਾਜਨੀਤੀ ਬਾਰੇ, ਸਮਾਜਿਕ ਸੁਰੱਖਿਆ ਬਾਰੇ ਬੇਵਿਸ਼ਵਾਸੀ ਪਣਪੀ ਹੋਈ ਸੀ। ਧਰਮ ਦੇ ਨਾਂ ਤੇ ਠੱਗੀ ਅਤੇ ਮੰਤਰ ਯੰਤਰਾਂ ਦੇ ਨਾਂ ਤੇ ਲੋਕਾਂ ਦੀ ਲੁੱਟ ਹੋ ਰਹੀ ਸੀ। ਹਾਲਾਤ ਤਕਰੀਬਨ ਅੱਜ ਵਰਗੇ ਹੀ ਬਣੇ ਹੋਏ ਸਨ। ਕਿਸੇ ਨੂੰ ਕਿਤੋਂ ਵੀ ਚਾਨਣ ਦੀ ਰਿਸ਼ਮ ਨਜ਼ਰ ਨਹੀਂ ਆ ਰਹੀ ਸੀ।
ਉਸ ਸਮੇਂ ਇਹ ਹਾਲਾਤ ਕੇਵਲ ਪੰਜਾਬ ਜਾਂ ਪੰਜਾਬ ਦੇ ਲਾਗਲੇ ਖਿੱਤਿਆਂ ਦੇ ਹੀ ਨਹੀਂ ਸਨ ਬਲਕਿ ਇਸ ਕਿਸਮ ਦੀ ਸਥਿਤੀ ਦੱਖਣੀ ਭਾਰਤ ਵਿਚ ਅਤੇ ਭਾਰਤ ਦੇ ਨਾਲ ਲੱਗਦੇ ਬਹੁਤ ਸਾਰੇ ਹਿੱਸਿਆਂ ਵਿੱਚ ਬਣੀ ਹੋਈ ਸੀ। ਇੱਕ ਪਾਸੇ ਹਿੰਦੂ ਧਰਮ ਦੀ ਸੰਕੀਰਨਤਾ ਤੋਂ ਸਤਾਏ ਹੋਏ ਵਿਅਕਤੀ ਜੋ ਪਾਂਡਿਆਂ ਤੋਂ ਪ੍ਰੇਸ਼ਾਨ ਸਨ ਉਹ ਭਗਤੀ ਲਹਿਰ ਦੇ ਨਾਂ ਹੇਠ ਛੋਟੇ ਛੋਟੇ ਖੇਤਰੀ ਅਤੇ ਸਥਾਨਕ ਚੇਤਨਾ ਦੇ ਮੁਹਾਜ਼ ਖੜ•ੇ ਕਰ ਰਹੇ ਸਨ। ਭਗਤੀ ਲਹਿਰ ਆਪਣੇ ਆਪ ਵਿੱਚ ਵੱਖ ਵੱਖ ਕਿਸਮ ਦੇ ਵਿਅਕਤੀਆਂ ਵੱਲੋਂ ਜਾਤੀ ਚੇਤਨਾ ਦੇ ਆਧਾਰ 'ਤੇ ਉਸ ਸਮੇਂ ਦੇ ਸਮਾਜ ਵਿਚ ਵਿਦਰੋਹ ਦੀ ਭਾਵਨਾ ਹੀ ਸੀ। ਦੂਸਰੇ ਪਾਸੇ ਇਸਲਾਮ ਦੀ ਕੱਟੜਤਾ ਤੋਂ ਤੰਗ ਆਏ ਹੋਏ ਲੋਕ; ਕਾਜੀਆਂ ਅਤੇ ਮੁੱਲਾਂ ਤੋਂ ਪ੍ਰੇਸ਼ਾਨ ਹੋਏ, ਸੂਫ਼ੀਆਂ ਦੇ ਸੰਦੇਸ਼ ਵਿੱਚ ਅੱਲ੍ਹਾ ਨੂੰ ਪਾਉਣ ਦਾ ਮਾਰਗ ਤਲਾਸ਼ ਰਹੇ ਸਨ। ਕੱਟੜ ਕਾਜ਼ੀ ਅਤੇ ਮੁਲਾਣੇ ਪਿੱਛੇ ਰਹਿ ਰਹੇ ਸਨ ਅਤੇ ਸੂਫੀ ਵੱਖ ਵੱਖ ਖੇਤਰਾਂ ਵਿੱਚ ਹਰਮਨ ਪਿਆਰੇ ਹੋ ਰਹੇ ਸਨ। ਇਹ ਦੌਰ ਵੱਖ ਵੱਖ ਕੱਟੜ ਧਰਮੀ ਪੱਖਾਂ ਦੇ ਖ਼ਿਲਾਫ਼ ਲੋਕ ਲਹਿਰਾਂ ਦਾ ਸੀ। ਆਮ ਲੋਕਾਂ ਦੀ ਬੋਲੀ ਵਿੱਚ, ਆਮ ਲੋਕਾਂ ਦੀ ਭਾਸ਼ਾ ਦੇ ਵਿੱਚ, ਆਮ ਲੋਕਾਂ ਦੇ ਸਮਝ ਆਉਣ ਵਾਲੀਆਂ ਗੱਲਾਂ ਨੂੰ ਲਿਖਿਆ ਸਮਝਿਆ ਬੋਲਿਆ ਅਤੇ ਪ੍ਰਚਾਰਿਆ ਜਾ ਰਿਹਾ ਸੀ।
ਇਹ ਸਮਾਂ ਇੱਕ ਪਾਸੇ ਸਨਾਤਨੀ ਜਾਂ ਕਲਾਸੀਕਲ ਕਹੇ ਜਾਣ ਵਾਲੇ ਵਿਚਾਰਾਂ ਦਾ ਤਿਆਗ ਸੀ; ਉਸ ਦੇ ਨਾਲ ਹੀ ਸਨਾਤਨੀ ਵਿਦਿਆ ਦਾ, ਰਾਗਾਂ ਦਾ, ਸਾਹਿਤ ਰੂਪਾਂ ਦਾ ਅਤੇ ਜੀਵਨ ਜਾਂਚ ਦਾ ਤਿਆਗ ਵੀ ਸੀ। ਗੁਰੂ ਨਾਨਕ ਉਸ ਸਮੇਂ ਇਨ੍ਹਾਂ ਸਾਰੇ ਵਿਚਾਰਾਂ ਦਾ ਸੰਗਮ ਕਰਨ ਲਈ ਕੇਂਦਰੀ ਤੱਤ ਬਣ ਕੇ ਸਾਹਮਣੇ ਆਏ। ਬਾਬੇ ਨਾਨਕ ਨੇ ਅੱਜ ਦੇ ਵਿਗਿਆਨਕ ਅਮਲ ਵਾਂਗ ਸਭ ਤੋਂ ਪਹਿਲਾਂ ਵੱਖ ਵੱਖ ਧਰਮਾਂ ਸੰਪਰਦਾਵਾਂ ਵਿਚਾਰਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ। ਉਹ ਦੇਸ ਪ੍ਰਦੇਸ ਵਿੱਚ ਗਏ, ਆਮ ਲੋਕਾਂ ਨੂੰ ਮਿਲੇ, ਸਿੱਧਾਂ ਨਾਲ, ਭੱਟਾਂ ਨਾਲ ਗੋਸਟਾਂ ਕੀਤੀਆਂ, ਨਾਥਾਂ ਨੂੰ ਸਮਝਣ ਦੇ ਯਤਨ ਕੀਤੇ। ਇਸ ਸਾਰੇ ਅਧਿਐਨ ਅਤੇ ਖੋਜ ਤੋਂ ਇੱਕ ਨਤੀਜੇ ਤੇ ਪਹੁੰਚੇ ਕਿ ਸਾਰੇ ਮਨੁੱਖ ਬਰਾਬਰ ਹਨ; ਕਿਸੇ ਨੂੰ ਜਾਤ ਦੇ ਆਧਾਰ ਤੇ; ਧਰਮ ਦੇ ਆਧਾਰ ਤੇ; ਕਿੱਤੇ ਜਾਂ ਖਿੱਤੇ ਦੇ ਆਧਾਰ ਤੇ ਇਕ ਦੂਸਰੇ ਨਾਲੋਂ ਉੱਚਾ ਨੀਵਾਂ ਜਾਂ ਵੱਡਾ ਛੋਟਾ ਨਹੀਂ ਕਿਹਾ ਜਾ ਸਕਦਾ। ਇਹ ਗਿਆਨ ਦੇਣ ਲਈ ਉਨ੍ਹਾਂ ਨੇ ਸਹਿਜ ਦਾ ਪੱਲਾ ਨਹੀਂ ਛੱਡਿਆ ਅਤੇ ਜਨ ਸਾਧਾਰਨ ਬਣ ਕੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਸੀ ।
ਬਾਬੇ ਨਾਨਕ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਗਿਆਨ; ਅਧਿਆਤਮ ਅਤੇ ਪ੍ਰਮਾਤਮਾ ਨਾਲ ਜੁੜੇ ਹੋਏ ਵਿਚਾਰ, ਭਗਤੀ ਦੇ ਮਾਰਗ ਤੇ ਚੱਲ ਕੇ, ਸਮਾਜ ਨੂੰ ਛੱਡ ਕੇ; ਪਹਾੜਾਂ ਵਿੱਚ ਬੈਠ ਕੇ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਗ੍ਰਹਿਸਤ ਦਾ ਮਾਰਗ ਅਧਿਆਤਮ ਦੇ ਰਾਹ ਵਿੱਚ ਰੋੜਾ ਬਣਦਾ ਹੈ ਇਸ ਲਈ ਵੱਖ ਵੱਖ ਮੱਠਾਂ ਦੇ ਵਿੱਚ ਰਹਿ ਕੇ ਹੀ ਪ੍ਰਭੂ ਦਾ ਮਾਰਗ ਪ੍ਰਾਪਤ ਕੀਤਾ ਜਾ ਸਕਦਾ ਹੈ। ਗ੍ਰਹਿਸਤ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਸਵੀਕਾਰ ਕੀਤਾ ਜਾਂਦਾ ਸੀ; ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਲਈ ਵਿਸ਼ੇਸ਼ ਕਿਸਮ ਦੀ ਭਾਸ਼ਾ ਅਤੇ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਸੀ; ਪ੍ਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਦੱਸਣ ਲਈ ਬ੍ਰਾਹਮਣ ਜਾਂ ਵਿਚੋਲੇ ਦੀ ਜ਼ਰੂਰਤ ਨੂੰ ਮਹਾਨ ਮੰਨਿਆ ਜਾਂਦਾ ਸੀ। ਬਾਬਾ ਨਾਨਕ ਇਨ੍ਹਾਂ ਸਾਰੇ ਪੱਖਾਂ ਦੇ ਉਲਟ ਉੱਠ ਖੜੋਇਆ। ਬਾਬੇ ਨਾਨਕ ਨੇ ਕਿਸੇ ਅੰਦਰਲੇ ਚਾਨਣ ਤੋਂ ਜਾਂ ਪਹਾੜਾਂ ਦੀਆਂ ਕੰਦਰਾਂ ਵਿਚ ਜਾ ਕੇ ਭਗਤੀ ਕਰਨ ਤੋਂ ਕਿਨਾਰਾ ਕੀਤਾ। ਬਾਬਾ ਨਾਨਕ ਆਪਣੇ ਦੋ ਸਾਥੀਆਂ ਨਾਲ ਸਮਾਜ ਨੂੰ ਸਮਝਣ ਲਈ ਬਾਗੀ ਹੋ ਤੁਰਿਆ। ਬਾਬਾ ਨਾਨਕ ਵੱਡਿਆਂ ਨੂੰ ਮਿਲਿਆ; ਛੋਟਿਆਂ ਨੂੰ ਮਿਲਿਆ; ਗਰੀਬਾਂ ਨੂੰ ਮਿਲਿਆ; ਕਿਰਤੀਆਂ ਨੂੰ ਮਿਲਿਆ; ਕਿਸਾਨਾਂ ਨੂੰ ਮਿਲਿਆ। ਬਾਬਾ ਨਾਨਕ ਪਿੰਡਾਂ ਵਿੱਚ ਗਿਆ, ਜੰਗਲਾਂ ਵਿੱਚ ਗਿਆ, ਕੰਦਰਾਂ ਵਿੱਚ ਗਿਆ, ਦਰਿਆਵਾਂ ਦਾ ਰਸਤਾ ਤੈਅ ਕੀਤਾ ਤੇ ਅਖੀਰ ਵਿੱਚ ਕਰਤਾਰਪੁਰ ਸਾਹਿਬ ਆ ਕੇ ਆਮ ਵਿਅਕਤੀਆਂ ਵਾਂਗ ਖੇਤੀ ਦਾ ਕਾਰਜ ਸ਼ੁਰੂ ਕਰਕੇ ਗਿਆਨ ਨੂੰ ਵੰਡਣ ਦਾ ਬੀੜਾ ਚੁੱਕਿਆ।
ਬਾਬੇ ਦੀ ਬਾਣੀ ਵਿੱਚ ਕੋਈ ਅਡੰਬਰ ਨਹੀਂ ਸਹਿਜਤਾ ਹੈ। ਬਾਬੇ ਦੀ ਬਾਣੀ ਵਿੱਚ ਕੋਈ ਵੈਰ ਵਿਰੋਧ ਨਹੀਂ ਸਭ ਨਾਲ ਸਹਿ ਭਾਵੀ ਹੋਣ ਦਾ ਸੰਦੇਸ਼ ਹੈ। ਬਾਬੇ ਦੀ ਬਾਣੀ ਵਿੱਚ ਟਕਰਾਅ ਨਹੀਂ ਤਰਕ ਹੈ। ਬਾਬੇ ਦੀ ਬਾਣੀ ਵਿੱਚ ਝੂਠ ਤੇ ਉੱਪਰੋਂ ਖੁਰਪੇ ਨਾਲ ਪਰਦੇ ਲਾਉਣ ਦੀ ਸਮਰੱਥਾ ਹੈ। ਬਾਬੇ ਦੀ ਬਾਣੀ ਵਿੱਚ ਹਰਿਦੁਆਰ ਜਾ ਕੇ ਉਲਟੇ ਰੁੱਖ ਪਾਣੀ ਦੇਣ ਦੀ ਅਤੇ ਵਹਿਮ ਨੂੰ ਦੂਰ ਕਰਨ ਦੀ ਤਾਕਤ ਹੈ। ਬਾਬੇ ਦੀ ਬਾਣੀ ਵਿੱਚ ਗਾਉਣ ਦੀ, ਸੁਣਨ ਦੀ, ਸੱਚ ਨੂੰ ਜਾਨਣ ਦੀ, ਪੇਸ਼ ਕਰਨ ਦੀ ਅਤੇ ਜੀਵਨ ਦੇ ਖੰਡਾਂ ਤੇ ਚੱਲਣ ਦੀ ਪ੍ਰੇਰਨਾ ਦਾ ਸਰੋਤ ਹੈ। ਬਾਬਾ ਆਪਣੀ ਬਾਣੀ ਵਿੱਚ ਕਿਸੇ ਦੂਸਰੇ ਨੂੰ ਸੁਣਨ ਤੋਂ ਮੁਨਕਰ ਨਹੀਂ ਹੁੰਦਾ ਭਾਵੇਂ ਉਹ ਸਿੱਧ ਹੋਣ, ਪੀਰ ਹੋਣ, ਸੁਰ ਹੋਣ ਜਾਂ ਨਾਥ,ਸੂਫੀ, ਭੱਟ ਜਾਂ ਭਗਤ ਹੋਣ। ਇਸ ਕਿਸਮ ਦੇ ਸੰਦੇਸ਼ ਨੂੰ ਲੈ ਕੇ ਬਾਬੇ ਨੇ ਰਚਨਾ ਕੀਤੀ ਕਿ ਉਹ ਮੁਸਲਮਾਨਾਂ ਦਾ ਪੀਰ, ਹਿੰਦੂਆਂ ਦਾ ਗੁਰੂ ਅਤੇ ਸਿੱਖਾਂ ਦਾ ਬਾਬਾ ਹੋ ਨਿਬੜਿਆ।
ਬਾਬੇ ਨੇ ਐਸੇ ਚਿੰਤਨ ਅਤੇ ਧਰਮ ਦੀ ਨੀਂਹ ਰੱਖੀ ਜੋ ਆਪਣੇ ਦਰਸ਼ਨ, ਵਿਹਾਰ ਅਤੇ ਸਮਾਜਿਕ ਆਪੇ ਕਰਕੇ ਵਿਸ਼ਵ ਪੱਧਰ ਤੇ ਵਹੀਰਾਂ ਘੱਤ ਦਿੱਤੀਆਂ। ਬਾਬੇ ਦੇ ਬੋਲਾਂ ਦੀ ਸ਼ਕਤੀ ਲੋਕਾਂ ਨੂੰ ਜੀਵਨ ਜਾਂਚ ਦਿੰਦੀ ਹੈ। ਬਾਬੇ ਦੀ ਬਾਣੀ ਕਰਾਮਾਤਾਂ ਵਿੱਚ ਯਕੀਨ ਨਹੀਂ ਕਰਦੀ ਕਰਮ ਤੇ ਬਲ ਦਿੰਦੀ ਹੈ। ਬਾਬੇ ਦੀ ਬਾਣੀ ਵਿੱਚ ਮੰਤਰਾਂ ਨਾਲ ਜੀਵਨ ਨਹੀਂ ਬਦਲਦਾ ਜੀਵਨ ਨੂੰ ਬਦਲਣ ਦਾ ਕੇਂਦਰ ਕਿਰਤ ਨੂੰ ਮੰਨਿਆ ਗਿਆ ਹੈ। ਬਾਬੇ ਦੀ ਬਾਣੀ ਕਿਸੇ ਚੀਜ਼ ਨੂੰ ਮੰਨਣ ਤੋਂ ਪਹਿਲਾਂ ਸੁਣਨ ਦਾ ਆਦੇਸ਼ ਅਤੇ ਸੰਦੇਸ਼ ਦਿੰਦੀ ਹੈ; ਉਸ ਵਿੱਚ ਧਰਤੀ ਅਤੇ ਆਕਾਸ਼ ਨੂੰ ਸੁਣਨ ਦੀ ਗੱਲ ਹੈ; ਬਾਬੇ ਦੇ ਸ਼ਬਦਾਂ ਵਿੱਚ ਜੀਵਨ ਸਹਿਜ ਹੈ ਸੰਜਮੀ ਹੈ।
ਸ਼ਾਇਦ ਇਹ ਹੀ ਕਾਰਨ ਸੀ ਕਿ ਬਾਬੇ ਨਾਲ ਜੁੜੀ ਹੋਈ ਕਰਤਾਰਪੁਰ ਸਾਹਿਬ ਦੀ ਧਰਤੀ ਸਿੱਖਾਂ ਦੀ ਅਰਦਾਸ ਦਾ ਅੰਗ ਬਣ ਗਈ। ਹਰ ਰੋਜ਼ ਅਰਦਾਸ ਵਿੱਚ ਦੁਹਰਾਇਆ ਜਾਣ ਵਾਲਾ ਸ਼ਬਦ; ਵਿਛੜੇ ਗੁਰਧਾਮਾਂ ਨੂੰ ਮਿਲਾਇਆ ਜਾਵੇ,”ਸੱਚ ਹੋਣ ਲੱਗਿਆ। ਅਰਦਾਸ ਵਿੱਚ ਬੋਲਿਆ ਜਾਣ ਵਾਲਾ ਇਹ ਸ਼ਬਦ ਮੰਤਰ ਨਹੀਂ ਸੀ ਕਿ ਰਟਨ ਦੇ ਨਾਲ ਕਰਤਾਰਪੁਰ ਸਾਹਿਬ ਪ੍ਰਾਪਤ ਹੋ ਗਿਆ; ਇਹ ਬਾਬੇ ਦੀ ਧਰਤੀ ਨੂੰ ਪ੍ਰਾਪਤ ਕਰਨ ਦਾ ਅਹਿਸਾਸ ਸੀ ਜੋ ਬਾਬੇ ਦੇ ਨਾਮਲੇਵਾ ਲੋਕਾਂ ਦੇ ਮਨਾਂ ਵਿੱਚ ਉੱਕਰਿਆ ਪਿਆ ਸੀ। ਬਾਬੇ ਦੀ ਸ਼ਤਾਬਦੀ ਤੇ ਬਾਬੇ ਦੇ ਨਾਮ ਲੇਵਾ ਲੋਕਾਂ ਨੂੰ ਉਸ ਦੇ ਪ੍ਰੇਰਨਾ ਸਰੋਤ ਨਾਲ ਜੁੜਨ ਤੇ ਅਸੀਂ ਬਾਬੇ ਨੂੰ ਕੋਟੀ ਕੋਟੀ ਸਲਾਮ ਕਰਦੇ ਹਾਂ।

 

ਡਾ. ਸਤਿਨਾਮ ਸਿੰਘ ਸੰਧੂ
+91-98144-70175

E-mail: sandhuph@yahoo.com


Aarti dhillon

Content Editor

Related News