ਕੌਮਾਂਤਰੀ ਮਾਂ ਬੋਲੀ ਦਿਵਸ : ਰੱਬੀ ਤੇ ਕੁਦਰਤੀ ਦਾਤ ‘ਮਾਂ-ਬੋਲੀ’, ਜਿਸ ਦੇ ਸ਼ੀਸ਼ੇ ’ਚੋਂ ਪੈਂਦੇ ਨੇ ਵਿਰਸੇ ਦੇ ਝਲਕਾਰੇ

Wednesday, Feb 21, 2024 - 03:14 PM (IST)

ਕੌਮਾਂਤਰੀ ਮਾਂ ਬੋਲੀ ਦਿਵਸ : ਰੱਬੀ ਤੇ ਕੁਦਰਤੀ ਦਾਤ ‘ਮਾਂ-ਬੋਲੀ’, ਜਿਸ ਦੇ ਸ਼ੀਸ਼ੇ ’ਚੋਂ ਪੈਂਦੇ ਨੇ ਵਿਰਸੇ ਦੇ ਝਲਕਾਰੇ

ਜਲੰਧਰ (ਬਿਊਰੋ): ਮਾਂ ਬੋਲੀ ਪੰਜਾਬੀ ਇੱਕ ਅਜਿਹੀ ਬੋਲੀ ਹੈ, ਜਿਸਨੂੰ ਜਿੰਨਾ ਵੀ ਸੁਣੀਏ, ਵਿਚਾਰੀਏ, ਦਿਲ ਨੂੰ ਸਕੂਨ ਮਿਲਦਾ ਹੈ। ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵਿੱਚ ਪਲ਼ੀ ਇਹ ਪੰਜਾਬੀ ਮਾਂ ਬੋਲੀ ਦੀ ਹਾਲਤ ਇੰਨੀ ਕੁ ਤਰਸਯੋਗ ਬਣ ਗਈ ਹੈ ਕਿ ਕਈ ਵਾਰ ਸਾਨੂੰ ਇਸ ਤਰ੍ਹਾਂ ਲੱਗਦੈ ਕਿ ਅਸੀਂ ਪੰਜਾਬ ਸੂਬੇ ਵਿੱਚ ਨਹੀਂ ਸਗੋਂ ਕਿਸੇ ਦੂਸਰੇ ਸੂਬੇ ਵਿੱਚ ਰਹਿ ਰਹੇ ਹਾਂ। ਪੰਜਾਬ ਉਸ ਧਰਤੀ ਦਾ ਨਾਂ ਹੈ, ਜਿੱਥੇ ਗੁਰੂਆਂ ਪੀਰਾਂ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਆਪਣੀ ਬਾਣੀ ਨਾਲ਼ ਇਸ ਨੂੰ ਅੱਗੇ ਤੋਰਿਆ। ਕੋਈ ਸਮਾਂ ਸੀ, ਜਦੋਂ ਪੰਜਾਬੀਆਂ ਦੀ ਇਕੱਲੇ ਭਾਰਤ 'ਚ ਹੀ ਨਹੀਂ ਸਗੋਂ ਹੋਰਨਾਂ ਮੁਲਕਾਂ ਵਿੱਚ ਵਾਹ ਵਾਹ ਹੁੰਦੀ ਸੀ ਪਰ ਅੱਜ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਹੁਣ ਪੰਜਾਬੀ ਪੰਜਾਬੀ ਨਹੀਂ ਰਿਹਾ। 

ਕੀ ਹੈ ਮਾਂ ਬੋਲੀ
ਬੰਦੇ ਦਾ ਸਭ ਤੋਂ ਨੇੜਲਾ ਰਿਸ਼ਤਾ ਮਾਂ ਨਾਲ ਹੁੰਦਾ ਹੈ। ਜੇ ਮਾਂ ਮਨੁੱਖ ਨੂੰ ਜਨਮ ਦਿੰਦੀ ਹੈ, ਤਾਂ ਬੋਲੀ ਉਸਨੂੰ ਜ਼ਿੰਦਗੀ ਦੇ ਅਰਥ ਦੱਸਦੀ ਹੈ। ਜਿਉਣ ਦਾ ਢੰਗ ਸਮਝਾਉਂਦੀ ਹੈ। ਏਡੀ ਗੂੜ੍ਹੀ ਨਾਤੇਦਾਰੀ ਕਰਕੇ ਮਨੁੱਖ ਨੇ ਬੋਲੀ ਨਾਲ 'ਮਾਂ' ਦਾ ਰਿਸ਼ਤਾ ਜੋੜਿਆ। ਮਾਂ ਬੋਲੀ ਉਹ ਬੋਲੀ ਹੁੰਦੀ ਹੈ, ਜਿਸਨੂੰ ਬੱਚਾ ਮਾਂ ਦੇ ਗਰਭ 'ਚ ਹੀ ਸਿੱਖ ਲੈਂਦਾ ਹੈ। ਇਸ ਤਰ੍ਹਾਂ ਮਾਂ ਵਾਂਗ ਬੋਲੀ ਨਾਲ ਉਸਦਾ ਨਾਤਾ ਜਨਮ ਤੋਂ ਪਹਿਲਾਂ ਹੀ ਜੁੜ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਮਾਂ ਬੋਲੀ ਕਿਹਾ ਜਾਂਦਾ ਹੈ। ਮਾਂ-ਬੋਲੀ ਰੱਬੀ ਤੇ ਕੁਦਰਤੀ ਦਾਤ ਹੁੰਦੀ ਹੈ, ਜਿਸਦੇ ਸ਼ੀਸ਼ੇ ਵਿਚੋਂ ਵਿਰਸੇ ਦੇ ਝਲਕਾਰੇ ਪੈਂਦੇ ਨੇ। ਮਾਂ ਬੋਲੀ ਨੂੰ ਭੁੱਲ ਜਾਣ ਵਾਲੇ ਲੋਕ ਅਕਸਰ ਇਤਿਹਾਸ ਦੇ ਪੰਨਿਆਂ 'ਚ ਗੁਆਚ ਜਾਂਦੇ ਹਨ। ਅਵਾਰ ਸੱਭਿਆਚਾਰ ਵਿਚ ਮਸ਼ਹੂਰ ਹੈ ਕਿ ਜੇਕਰ ਕਿਸੇ ਨੂੰ ਸਭ ਤੋਂ ਭੈੜੀ ਬਦਦੁਆ ਦੇਣੀ ਹੋਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ 'ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।'

ਭਾਰਤ ਦੇ ਸੰਵਿਧਾਨ ਮੁਤਾਬਕ ਦੇਸ਼ ਦੀਆਂ ਕੁੱਲ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਜਦਕਿ 2011 ਦੀ ਮਰਦਮਸ਼ੁਮਾਰੀ ਮੁਤਾਬਕ 19,569 ਮਾਂ ਬੋਲੀਆਂ ਹਨ। ਹਾਲਾਂਕਿ ਕੁੱਲ ਆਬਾਦੀ ਦੇ 96 ਫ਼ੀਸਦੀ ਲੋਕ 22 ਸੰਵਿਧਾਨਕ ਭਾਸ਼ਾਵਾਂ ਨੂੰ ਹੀ ਮਾਂ ਬੋਲੀ ਵਜੋਂ ਬੋਲਦੇ ਹਨ। ਦੇਸ਼ ਦੇ ਹਰ ਪ੍ਰਾਂਤ ਦੀ ਆਪਣੀ ਵੱਖਰੀ ਬੋਲੀ ਹੈ, ਜਿਵੇਂ ਬੰਗਾਲ ਦੀ ਬੰਗਾਲੀ, ਹਰਿਆਣਾ ਦੀ ਹਰਿਆਣਵੀ ਤੇ ਪੰਜਾਬ ਦੀ ਬੋਲੀ ਹੈ ਪੰਜਾਬੀ..

ਪੰਜਾਬੀ ਮਾਂ ਬੋਲੀ
ਪੰਜਾਬੀ ਇੱਕ ਇੰਡੋ-ਆਰੀਅਨ ਭਾਸ਼ਾ ਹੈ। ਭਾਰਤ 'ਚ ਹਿੰਦੀ ਅਤੇ ਬੰਗਾਲੀ ਤੋਂ ਬਾਅਦ, ਦੱਖਣੀ ਏਸ਼ੀਆ ਵਿੱਚ ਤੀਜੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ। ਵਰਤਮਾਨ ਸਮੇਂ ਇੰਗਲੈਂਡ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦੂਜੀ ਭਾਸ਼ਾ ਤੇ ਕੈਨੇਡਾ ਵਿੱਚ ਤੀਜੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੀ ਹੈ। ਬੋਲੀਆਂ ਨਾਲ ਸੰਬੰਧਿਤ ਇੱਕ ਵਿਸ਼ਵਗਿਆਨਕੋਸ਼ “ਐਥਨੋਲੋਗ” ਮੁਤਾਬਕ ਪੰਜਾਬੀ ਸਮੁੱਚੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦਸਵੀਂ ਬੋਲੀ ਹੈ। ਮਾਹਰਾਂ ਮੁਤਾਬਕ 13-14 ਕਰੋੜ ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ। ਸਭ ਤੋਂ ਵੱਧ ਤਕਰੀਬਨ 10 ਕਰੋੜ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਵਿੱਚ ਹਨ। ਉਸ ਤੋਂ ਬਾਅਦ 3 ਕਰੋੜ ਦੇ ਕਰੀਬ ਭਾਰਤੀ ਪੰਜਾਬ ਅਤੇ ਕਰੀਬ ਇੱਕ ਕਰੋੜ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਸਕੇ ਵਸੇ ਹੋਏ ਹਨ।  

ਪੰਜਾਬੀ ਦੀਆਂ ਉਪਭਾਸ਼ਾਵਾਂ
ਕਹਿੰਦੇ ਹਨ ਕਿ ਕੁਝ ਕੋਹ ਦੀ ਦੂਰੀ 'ਤੇ ਪਾਣੀ ਤੇ ਭਾਸ਼ਾ ਬਦਲ ਜਾਂਦੇ ਹਨ। ਪੰਜਾਬੀ ਦੀਆਂ ਵੀ ਕਈ ਉਪਭਾਸ਼ਾਵਾਂ ਹਨ, ਜੋ ਵੱਖ-ਵੱਖ ਇਲਾਕਿਆਂ 'ਚ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ 'ਚੋਂ ਮੁੱਖ ਹਨ ਮਾਝੀ, ਦੁਆਬੀ, ਮਲਵਈ, ਪੁਆਧੀ, ਪੋਠੋਹਾਰੀ, ਮੁਲਤਾਨੀ ਤੇ ਡੋਗਰੀ, ਜਿਸਨੂੰ ਪਹਾੜੀ ਬੋਲੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ’ਚੋਂ ਮਾਝੀ ਬੋਲੀ ਪੰਜਾਬੀ ਦੀ ਟਕਸਾਲੀ ਬੋਲੀ ਹੈ। ਕੀ ਸਾਨੂੰ ਪਤਾ ਹੈ ਕਿ ਪੰਜਾਬੀ ਬੋਲੀ ਕਿਵੇਂ ਬਣੀ, ਇਹ ਸਮੇਂ ਨਾਲ ਕਿੰਨੀ ਬਦਲੀ ਤੇ ਪੰਜਾਬੀ ਵਿੱਚ ਲਿਖੀ ਸਭ ਤੋਂ ਪਹਿਲੀ ਕਿਤਾਬ ਕਿਹੜੀ ਹੈ।

ਪੰਜਾਬੀ ਦਾ ਮੂਲ ਰੂਪ
ਪੰਜਾਬੀ ਦੇ ਵੱਖ-ਵੱਖ ਮਾਹਿਰਾਂ ਦੇ ਪੰਜਾਬੀ ਭਾਸ਼ਾ ਦੇ ਮੂਲ ਨੂੰ ਲੈ ਕੇ ਵੱਖ-ਵੱਖ ਤਰਕ ਹਨ। ਕੁਝ ਦਾ ਕਹਿਣਾ ਹੈ ਕਿ ਪੰਜਾਬੀ ਇੱਕ ਇੰਡੋ-ਆਰੀਅਨ ਭਾਸ਼ਾ ਹੈ, ਜਦਕਿ ਕੁਝ ਪੰਜਾਬੀ ਬੋਲੀ ਦਾ ਮੂਲ ਸੰਸਕ੍ਰਿਤੀ ਨੂੰ ਨਹੀਂ ਮੰਨਦੇ। ਮਾਹਰਾਂ ਮੁਤਾਬਕ ਪੰਜਾਬੀ ਦਾ ਜਨਮ ਸਪਤਸਿੰਧੂ ਦੇ ਇਲਾਕੇ ਤੋਂ ਹੋਇਆ, ਉਸ ਵੇਲੇ ਇਸ ਬੋਲੀ ਨੂੰ ਸਪਤਸਿੰਧ ਵੀ ਕਿਹਾ ਜਾਂਦਾ ਸੀ। ਵੈਸੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਹੀ ਬ੍ਰਹਮੀ ਲਿਪੀ ਤੋਂ ਜਨਮੀਆਂ ਹਨ।  

ਪੰਜਾਬੀ ਦੀਆਂ ਲਿਪੀਆਂ
ਪੰਜਾਬੀ ਦੀਆਂ ਦੋ ਲਿਪੀਆਂ ਹਨ ਸ਼ਾਹਮੁਖੀ ਅਤੇ ਗੁਰਮੁਖੀ। ਸ਼ਾਹਮੁਖੀ ਲਹਿੰਦੇ ਪੰਜਾਬ ਦੀ ਪੰਜਾਬੀ ਲਿਪੀ ਹੈ, ਜਦਕਿ ਗੁਰਮੁਖੀ ਚੜ੍ਹਦੇ ਪੰਜਾਬ ਦੀ ਲਿਪੀ। ਇਨ੍ਹਾਂ ਦੋਵਾਂ 'ਚ ਅੱਖਰਾਂ ਦੀ ਬਣਤਰ ਦਾ ਫ਼ਰਕ ਹੈ। ਪੰਜਾਬੀ ਵਿੱਚ ਪਹਿਲੀ ਰਚਨਾ ਅਦਹਮਾਣ ਦੀ ਸਨੇਹ ਰਾਸਯ ਹੈ, ਜੋ ਕਈ ਲਿੱਪੀਆਂ ਦਾ ਮਿਸ਼ਰਣ ਹੈ, ਜੋ 9ਵੀਂ ਸਦੀ ਦੇ ਕਰੀਬ ਸੀ। ਉੁਸ ਤੋਂ ਬਾਅਦ ਸ਼ਾਹਮੁਖੀ ਵਿੱਚ ਬਾਬਾ ਸ਼ੇਖ ਫਰੀਦ ਦੀਆਂ ਰਚਨਾਵਾਂ ਅਤੇ ਗੁਰਮੁਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੱਟੀ ਹੈ।

ਕਿੱਥੋਂ ਆਈ ਪੈਂਤੀ?
ਮਾਹਿਰਾਂ ਮੁਤਾਬਕ “ਪੈਂਤੀ ਅੱਖਰੀ’’ ਦਾ ਸਭ ਤੋਂ ਪਹਿਲਾ ਸਬੂਤ ਨਾਨਕ ਦੀ ਪੱਟੀ ਵਿੱਚ ਮਿਲਦਾ ਹੈ। ਉਸ ਵਿੱਚ ਪੈਂਤੀ ਹੀ ਅੱਖਰ ਹਨ। ਉਸ ਵਿੱਚ ਫ਼ਰਕ ਸਿਰਫ਼ ਇੰਨਾ ਹੈ ਕਿ ਉ, ਅ, ਈ ਵਾਲੀ ਤਰਤੀਬ ਵੱਖਰੀ ਸੀ। ਉਸ ਵਿੱਚ ਅ, ਈ, ਉ ਲਿਖਿਆ ਜਾਂਦਾ ਸੀ। ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਨੇ ਇਹ ਤਰਤੀਬ ਬਦਲ ਕੇ ਉ, ਅ, ਈ ਕੀਤੀ। ਇਸ 35 ਵਿਚੋਂ ਕੋਈ ਅੱਖਰ ਅਲੋਪ ਤਾਂ ਨਹੀਂ ਹੋਇਆ ਸਗੋਂ ਫਾਰਸੀ ਦੇ 6 ਅੱਖਰ ਹੋਰ ਜੁੜ ਗਏ, ਜਿਨ੍ਹਾਂ ਦੇ ਪੈਰ 'ਚ ਬਿੰਦੀ ਹੁੰਦੀ ਹੈ। ਇਨ੍ਹਾਂ ਅੱਖਰਾਂ ਨਾਲ ਇਸਦੀ ਗਿਣਤੀ 35 ਤੋਂ 41 ਕਰ ਦਿੱਤੀ, ਹਾਲਾਂਕਿ ਇਸ ਨੂੰ ਅਜੇ ਵੀ 35 ਹੀ ਕਿਹਾ ਜਾਂਦਾ ਹੈ।

ਪੰਜਾਬੀ ਮਾਂ ਬੋਲੀ ਦੇ ਲਾਲ
ਗੁਰੂਆਂ ਤੋਂ ਇਲਾਵਾ ਨਾਥਾਂ, ਜੋਗੀਆਂ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ, ਕਾਦਰਯਾਰ, ਸ਼ਾਹ ਮੁਹੰਮਦ, ਦਮੋਦਰ ਆਦਿ ਕਵੀਆਂ ਨੇ ਆਪਣੀ ਕਵਿਤਾ ਦਾ ਮਾਧਿਅਮ ਪੰਜਾਬੀ ਨੂੰ ਬਣਾਇਆ ਜਦਕਿ ਭਾਈ ਵੀਰ ਸਿੰਘ, ਨਾਨਕ ਸਿੰਘ, ਗੁਰਦਿਆਲ ਸਿੰਘ, ਸੰਤ ਸਿੰਘ ਸੇਖੋਂ, ਅਜੀਤ ਕੌਰ, ਦਲੀਪ ਕੌਰ ਟਿਵਾਣਾ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ ਤੇ ਹਰਭਜਨ ਸਿੰਘ ਵਰਗੇ ਲੇਖਕਾਂ ਨੇ ਇਸੇ ਭਾਸ਼ਾ ਸਦਕਾ ਕੌਮਾਂਤਰੀ ਪ੍ਰਸਿੱਧੀ ਦੇ ਸਿਖਰਾਂ ਨੂੰ ਛੋਹਿਆ। ਗੀਤ ਸੰਗੀਤ ਦੀ ਦੁਨੀਆ 'ਚ ਵੀ ਯਮਲਾ ਜੱਟ, ਗੁਰਦਾਸ ਮਾਨ, ਕੁਲਦੀਪ ਮਾਣਕ, ਹੰਸ ਰਾਜ ਹੰਸ, ਸੁਖਵਿੰਦਰ ਸਿੰਘ ਤੇ ਸਤਿੰਦਰ ਸਰਤਾਜ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਤੇ ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਦੇਸ਼-ਵਿਦੇਸ਼ਾਂ 'ਚ ਮਕਬੂਲ ਕੀਤਾ।    

'ਪੰਜਾਬੀ ਨੂੰ ਆਪਣਿਆਂ ਤੋਂ ਖ਼ਤਰਾ'
ਗੁਰੂਆਂ ਦੀ ਬੋਲੀ 'ਪੰਜਾਬੀ ਬੋਲੀ' ਨੂੰ ਜਿਥੇ ਸਮੇਂ-ਸਮੇਂ 'ਤੇ ਅਨੇਕਾਂ ਨਾਮਵਰ ਸਾਹਿਤਕਾਰਾਂ, ਕਵੀਆਂ, ਪੀਰਾਂ-ਫ਼ਕੀਰਾਂ, ਸੂਫੀਆਂ ਤੇ ਰਹਿਬਰਾਂ, ਤੇ ਗੀਤਕਾਰਾਂ ਨੇ ਆਪੋ-ਆਪਣੀ ਸਮਰੱਥਾ ਅਤੇ ਸ਼ਕਤੀ ਅਨੁਸਾਰ ਯੋਗਦਾਨ ਪਾਇਆ ਤੇ ਪੰਜਾਬੀ ਮਾਂ ਬੋਲੀ ਦੀ ਰੱਜਵੀਂ ਸੇਵਾ ਕੀਤੀ, ਉਥੇ ਹੀ ਅੱਜ ਪੰਜਾਬੀ ਨੂੰ ਆਪਣੀ ਪੜ੍ਹੀ ਲਿਖੀ ਕੌਮ ਤੋਂ ਹੀ ਖ਼ਤਰਾ ਪੈਦਾ ਹੁੰਦਾ ਜਾ ਰਿਹਾ ਹੈ। ਅੱਜ ਪੰਜਾਬੀ ਦੀ ਥਾਂ ਅੰਗਰੇਜ਼ੀ ਲੈਂਦੀ ਜਾ ਰਹੀ ਹੈ। ਭਾਰਤ ਦੇ ਪੜ੍ਹੇ-ਲਿਖੇ ਪੰਜਾਬੀ ਵੀ ਪੰਜਾਬੀ ਨਹੀਂ ਬੋਲਦੇ ਸਗੋਂ ਅੰਗਰੇਜ਼ੀ ਬੋਲਦੇ ਹਨ। ਹਾਲਾਂਕਿ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਸਿੱਖਣਾ ਮਾੜੀ ਗੱਲ ਨਹੀਂ ਪਰ ਆਪਣੀ ਮਾਂ ਬੋਲੀ ਨੂੰ ਵਿਸਾਰ ਦੇਣਾ ਜ਼ਰੂਰ ਗਲਤ ਹੈ।

ਬਿਨਾਂ ਸ਼ੱਕ ਗੁਰੂਆਂ ਦੀ ਇਹ ਬੋਲੀ ਕਦੇ ਖ਼ਤਮ ਨਹੀਂ ਹੋ ਸਕਦੀ ਪਰ ਅੱਜ ਬਹੁਤ ਸਾਰੇ ਲੋਕ ਪੰਜਾਬੀ ਬੋਲਣ ਵੇਲੇ ਝਿਜਕ ਮਹਿਸੂਸ ਕਰਦੇ ਹਨ, ਜੋ ਕਿ ਚੰਗੀ ਗੱਲ ਨਹੀਂ। ਉਹ ਲੋਕ ਇੱਕ ਤਰ੍ਹਾਂ ਦੀ ਹੀਣ-ਭਾਵਨਾ ਦਾ ਸ਼ਿਕਾਰ ਹਨ। 'ਕੀ ਅਸੀਂ ਕਦੇ ਇਹ ਹੀਣਤਾ ਦਾ ਭਾਵ ਤਿਆਗ ਸਕਾਂਗੇ? ਕੀ ਕਦੇ ਆਪਣੀ ਮਾਂ-ਬੋਲੀ ਦੇ ਸੱਚੇ ਕਦਰਦਾਨ ਬਣ ਕੇ ਇਹਦੀ ਰੂਹ ਨੂੰ ਆਪਣੇ ਅੰਦਰ ਵਸਾ ਸਕਾਂਗੇ? ਅਜਿਹੇ ਬਹੁਤ ਸਾਰੇ ਸਵਾਲ ਨੇ, ਜਿਨ੍ਹਾਂ ਦਾ ਜਵਾਬ ਇਕ ਪੰਜਾਬੀ ਨੂੰ ਆਪਣੇ ਅੰਦਰੋਂ ਹੀ ਲੱਭਣਾ ਪਵੇਗਾ।  


author

rajwinder kaur

Content Editor

Related News