ਗ਼ਜ਼ਲ : 1947 ਦੇ ਆਰ-ਪਾਰ

08/30/2020 12:51:56 PM

ਗ਼ਜ਼ਲ : 1947 ਦੇ ਆਰ-ਪਾਰ

ਸ਼ੁੱਧ ਹਵਾ ਤੇ ਸਾਫ ਸੀ ਪਾਣੀ, ਰੋਗ ਰਹਿਤ ਸਭ ਘਰ ਹੁੰਦੇ ਸੀ। 
ਤੱੜਕ ਭੜਕ ਬਿਨ ਸਾਦਾ ਜੀਵਨ, ਖੱਦਰ ਦੇ ਵਸਤਰ ਹੁੰਦੇ ਸੀ। 

ਆਉਣ ਜਾਣ ਤੇ ਭਾਰ ਢੋਣ ਲਈ, ਹੁੰਦੇ ਸੀ ਲੱਕੜ ਦੇ ਗੱਡੇ, 
ਪਿੰਡ ਦਿਆਂ ਲੋਕਾਂ ਲਈ ਓਦੋਂ ਇਹੀ, ਹੈਲੀਕਾਪਟਰ ਹੁੰਦੇ ਸੀ। 
ਘਰ ਵਿੱਚ ਕੋਈ ਪਰਾਹੁਣਾ ਆਵੇ, ਸਾਰਿਆਂ ਨੂੰ ਸੀ ਚਾਅ ਚੜ ਜਾਂਦਾ , 
ਰਾਹੀ ਪਾਂਧੀ ਮੰਗਤਾ ਆਵੇ, ਸਭ ਲਈ ਖੁੱਲੇ ਦਰ ਹੁੰਦੇ ਸੀ। 

ਸ਼ਗਨ ਵਿੱਚ ਇਕ ਰੁਪਈਆ ਲੈ ਕੇ, ਸਾਰੀ ਜ਼ਿੰਦਗੀ ਸੀ ਕਟ ਲੈਂਦੇ , 
ਕਿੰਨੀਆਂ ਸਮਝਦਾਰ ਸੀ ਕੁੜੀਆਂ, ਕਿੰਨੇ ਚੰਗੇ ਵਰ ਹੁੰਦੇ ਸੀ। 
ਥਾਲੀਆਂ ਭਰ ਘੀ ਸ਼ੱਕਰ ਖਾਣੀ, ਛੰਨੇ ਭਰ ਭਰ ਦੁੱਧ ਪੀ ਜਾਣਾ, 
ਅੱਜ ਕੱਲ੍ਹ ਦੇ ਗੱਭਰੂਆਂ ਤੋਂ ਤਾਂ, ਬੁੱਢੇ ਜ਼ੋਰਾਵਰ ਹੁੰਦੇ ਸੀ।
 
ਦਰਿਆਵਾਂ ਬੇਈਆਂ ਦਾ ਪਾਣੀ, ਹੁੰਦਾ ਸ਼ੁੱਧ ਸੀ ਸ਼ੀਸ਼ੇ ਵਰਗਾ, 
ਨੌਹਣਾ ਧੋਣਾ ਰੱਜ ਰੱਜ ਪੀਣਾ, ਵਗਦੇ ਨਿਰਮਲ ਸਰ ਹੁੰਦੇ ਸੀ। 

ਇਕ ਚੁਲ੍ਹੇ ਤੇ ਰੋਟੀ ਪੱਕਣੀ, ਇਕ ਚੌਂਕੇ ਵਿੱਚ ਬਹਿ ਕੇ ਖਾਣੀ, 
ਲਿਪੇ ਪੋਚੇ ਕੱਚੇ ਭਾਵੇਂ, ਖੁੱਲ੍ਹੇ ਡੁੱਲ੍ਹੇ ਘਰ ਹੁੰਦੇ ਸੀ। 

ਸੱਚ ਦੇ ਉੱਤੇ ਪਹਿਰਾ ਦੇਣਾ, ਮਾੜੇ ਦੀ ਮਦਦ ਤੇ ਖੜਣਾ, 
ਮੂੰਹ ਤੋਂ ਆਖੀ ਗੱਲ ਪਗੌਣੀ, ਬੰਦੇ ਕਿੰਨੇ ਨਰ ਹੁੰਦੇ ਸੀ। 

ਗਲੀ ਮੁੱਹਲੇ ਘਰ ਦੇ ਅੰਦਰ, ਵਡਿਆਂ ਦਾ ਸਤਿਕਾਰ ਬੜਾ,ਪਰ , 
ਛੋਟੇ ਵੱਡਿਆਂ ਦੇ ਕੋਲੋਂ ਤਾਂ, ਕੰਬਦੇ ਥਰ ਥਰ ਥਰ ਹੁੰਦੇ ਸੀ

ਤਰਕਾਲਾਂ ਨੂੰ ਲੱਗ ਜਾਂਦੇ ਸੀ, ਕੌਡੀ ਅਤੇ ਘੁਲਣ ਦੇ ਖਾੜੇ, 
ਨੰਜਣ ਸਿੰਘ, ਜਗੀਰਾ, ਜੀਤਾ, ਡੈਂਕਾ ਤੇ ਸ਼ੈਂਕਰ ਹੁੰਦੇ ਸੀ। 

ਪਿੰਡ ਦਿਆਂ ਥੜਿਆਂ ਉੱਤੇ ਬਹਿ ਕੇ, ਸਭ ਝਗੜੇ ਸੁਲਝਾ ਸੀ ਦੇਂਦੇਂ , 
ਪਿੰਡ ਦੇ ਆਗੂ ਅਨਪੜ੍ਹ ਹੁੰਦਿਆਂ, ਕਿੰਨੇ ਦਾਨਿਸ਼ਵਰ ਹੁੰਦੇ ਸੀ। 

ਯਾਰ ਲਈ ਕਚਿਆਂ ਤੇ ਤਰਨਾ, ਯਾਰ ਦੀ ਖਾਤਿਰ ਸੂਲੀ ਚੜ੍ਹਨਾ, 
ਕੀਤੇ ਹੋਏ ਕੌਲ ਕਿਸੇ ਦੇ, ਨਿਭਦੇ ਜ਼ਿੰਦਗੀ ਭਰ ਹੁੰਦੇ ਸੀ। 

ਪੀਂਘਾ ਝੂਟਦੀਆਂ ਕੁੜੀਆਂ ਨੂੰ, ਮੁੰਡਿਆਂ ਨੇ ਝੂਟੇ ਦੇ ਜਾਣੇ, 
ਰਿਸ਼ਤੇ ਭੈਣ ਭਰਾਵਾਂ ਵਰਗੇ, ਸਾਫ ਸੁੱਚੇ ਅੰਦਰ ਹੁੰਦੇ ਸੀ। 

ਕੁੜੀਆਂ ਬੁੜ੍ਹੀਆਂ ਸੋਨਾ ਪਾ ਕੇ, ਜਿੱਥੇ ਮਰਜੀ ਆਉਣ ਜਾਣ, 
ਚੋਰ ਉਚੱਕੇ ਲੁੱਟਾਂ ਖੋਹਾਂ ਦੇ, ਨਾ ਕਿਧਰੇ ਡਰ ਹੁੰਦੇ ਸੀ। 

ਹਲਟਾਂ ਦੇ ਕੁੰਡਿਆਂ ਦੀ ਟੱਕ ਟੱਕ, ਬਲਦਾਂ ਦੇ ਗਲਾਂ ਦੀਆਂ ਟੱਲੀਆਂ, 
ਤੜਕੇ ਕਿਸੇ ਹਾਲੀ ਦੀਆਂ ਹੇਕਾਂ, ਕਿਹੋ ਜਿਹੇ ਮਨਜ਼ਰ ਹੁੰਦੇ ਸੀ। 

ਬਹੁਤ ਘੱਟ ਸੀ ਝਗੜੇ ਝਾਂਜੇ, ਆਪੋ ਵਿੱਚ ਪਿਆਰ ਸੀ ਬਹੁਤਾ, 
ਇਕ ਦੂਜੇ ਦੇ ਕੰਮ ਆਵਣ ਨੂੰ, ਸਾਰੇ ਹੀ ਤਤਪਰ ਹੁੰਦੇ ਸੀ। 

ਚੱਕੀਆਂ ਤੇ ਮਧਾਣੀ ਦੀ ਤਾਂ, ਹਰ ਘਰ ਚੋਂ ਸੁਣਦੀ ਸੀ ਘੂਕਰ, 
ਘਰੜਾਂ ਪੀਦੇਂ ਮੱਝਾਂ ਚਰਾਂਦੇ, ਹਰ ਘਰ ਦੇ ਚੋਬਰ ਹੁੰਦੇ ਸੀ। 

ਭੱਠੀਆਂ ਉੱਪਰ ਭਨਾ ਕੇ ਦਾਣੇ, ਖੀਸੇ ਭਰ ਭਰ ਚੱਬੀ ਜਾਣੇ , 
ਪਾਪੜ ਟੌਫੀ ਕੁਰਕੁਰਿਆਂ ਤੋਂ, ਕਿੰਨੇ ਤਾਕਤਵਾਰ ਹੁੰਦੇ ਸੀ। 

ਵਾਰੋ ਵਾਰੀ ਸਭ ਨੇ ਜਾਣਾ, ਐਪਰ ਲੋਕੀਂ ਕਿਹਾ ਕਰਨਗੇ, 
ਚਾਨੀਆਂ ਪਿੰਡ ਅੰਦਰ ਵੀ ਕੋਈ, 'ਦਰਦੀ' ਜੇਹੇ ਸ਼ਾਇਰ ਹੁੰਦੇ ਸੀ। 

PunjabKesari

ਲੇਖਕ : ਸਤਨਾਮ ਸਿੰਘ ਚਾਨੀਆਂ  
ਬਜਰੀਆ: ਸਤਵੀਰ ਸਿੰਘ ਚਾਨੀਆਂ 
92569-73526


rajwinder kaur

Content Editor

Related News