ਗ਼ਦਰੀ ਸੂਰਮਾ ਕਾਂਸ਼ੀ ਰਾਮ ਮੰੜੌਲੀ

03/27/2019 2:27:07 PM

ਜਦੋਂ ਵੀ ਦੇਸ਼ ਦੀ ਆਜ਼ਾਦੀ ਦੀ ਗੱਲ ਚਲਦੀ ਹੈ ਤਾਂ ਗ਼ਦਰੀ ਬਾਬਿਆਂ ਦਾ ਨਾਂ ਆਪ ਮੁਹਾਰੇ ਸਾਡੇ ਬੁੱਲਾਂ 'ਤੇ ਆ ਜਾਂਦਾ। ਉਨ੍ਹਾਂ ਵਿਚੋਂ ਇਕ ਸੀ ਪੁਆਧ ਦੇ ਇਲਾਕੇ ਦੇ ਮੋਰਿੰਡੇ ਨੇੜੇ ਪੈਂਦੇ ਮੰੜੌਲੀ ਕਲਾਂ ਵਿਚ ਪੰਡਤਾਂ ਦੇ ਘਰ 1883 ਵਿਚ ਪੈਦਾ ਹੋਇਆ ਕਾਂਸ਼ੀ ਰਾਮ ਮੰੜੌਲੀ ਜਿਸ ਨੇ ਯੂਨੀਅਨ ਜੈਕ ਨੂੰ ਸਲਾਮੀ ਦੇਣ ਵਾਲਿਆਂ ਨੂੰ ਪੰਜਾਬ ਦੇ ਉਸ ਇਤਿਹਾਸ ਦਾ ਅਹਿਸਾਸ ਕਰਵਾ ਦਿੱਤਾ ਜਿਹੜਾ ਚਿੜੀਆਂ ਨੂੰ ਬਾਜ਼ਾਂ ਨਾਲ ਲੜਾਉਣ ਦੀ ਗੱਲ ਕਰਦੈ। 
ਅੱਠਵੀਂ ਵਿਚ ਪੜ੍ਹਦਿਆਂ ਉਸ ਦਾ ਵਿਆਹ ਕਰ ਦਿੱਤਾ ਗਿਆ। ਦਸਵੀਂ ਪਾਸ ਕਰਨ ਤੋਂ ਬਾਅਦ ਕਾਂਸ਼ੀ ਰਾਮ ਨੇ ਚਮਕੌਰ ਸਾਹਿਬ ਜਾ ਕੇ ਤਾਰ ਦੀ ਸਿੱਖਿਆ ਪ੍ਰਾਪਤ ਕੀਤੀ। ਦਸਵੀਂ ਤੋਂ ਬਾਅਦ ਉਹ ਅੰਬਾਲੇ ਜ਼ਿਲਾ ਦਫਤਰ ਵਿਚ 30 ਰੁਪਏ 'ਤੇ ਨੌਕਰੀ ਕਰਨ ਲੱਗ ਪਿਆ। ਫੇਰ ਕਾਂਸ਼ੀ ਰਾਮ ਨੂੰ ਦਿੱਲੀ ਵਿਖੇ ਵਾਇਸਰਾਏ ਦੇ ਦਫਤਰ ਵਿਚ ਨੌਕਰੀ ਮਿਲ ਗਈ। ਉਸ ਸਮੇਂ ਬਹੁਤ ਸਾਰੇ ਲੋਕ ਬਾਹਰ ਜਾ ਰਹੇ ਸਨ, ਉਹ ਵੀ ਉਨ੍ਹਾਂ ਨਾਲ ਹਾਂਗਕਾਂਗ ਤੋਂ ਹੁੰਦਾ ਹੋਇਆ ਅਮਰੀਕਾ ਜਾ ਪੁੱਜਾ। ਉਹ ਅਮਰੀਕਾ ਦੇ ਸ਼ਹਿਰ ਸੇਂਟ ਜਾਨ ਪੁੱਜ ਗਿਆ ਤੇ ਉਥੇ ਠੇਕੇਦਾਰੀ ਕਰਨ ਲੱਗ ਪਿਆ। ਇੱਥੇ ਹਿੰਦੀ 
ਮਜ਼ਦੂਰਾਂ ਨਾਲ ਕੀਤੇ ਜਾ ਰਹੇ ਧੱਕੇ ਨੇ ਉਸ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ। ਇੱਥੇ ਹੀ ਫੇਰ ਕਾਂਸ਼ੀ ਰਾਮ ਨੇ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਹਿੰਦੀਆਂ ਨਾਲ ਮਿਲ ਕੇ ਅਮਰੀਕਾ ਦੇ ਸ਼ਹਿਰ ਐਸਟੋਰੀਆ ਵਿਚ 21 ਅਪ੍ਰੈਲ 1913 ਨੂੰ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ। ਇਸ ਮੌਕੇ ਸੋਹਣ ਸਿੰਘ ਭਕਨਾ ਨੂੰ ਪ੍ਰਧਾਨ, ਭਾਈ ਕੇਸਰ ਸਿੰਘ ਠਠਗੜ੍ਹ ਨੂੰ ਮੀਤ ਪ੍ਰਧਾਨ ਲਾਲਾ ਹਰਦਿਆਲ ਨੂੰ ਜਨਰਲ ਸਕੱਤਰ ਤੇ ਪੰਡਤ ਕਾਂਸੀ ਰਾਮ ਨੂੰ ਖਜ਼ਾਨਚੀ ਚੁਣ ਲਿਆ।  ਇਸ ਮੌਕੇ ਪਾਰਟੀ ਵਲੋਂ ਦਸ ਹਜ਼ਾਰ ਡਾਲਰ ਇਕੱਠੇ ਕੀਤੇ ਗਏ ਜਿਨ੍ਹਾਂ ਵਿਚ ਵੱਡਾ ਹਿੱਸਾ ਕਾਂਸ਼ੀ ਰਾਮ ਦਾ ਸੀ। ਪਾਰਟੀ ਨੇ ਛੇਤੀ ਹੀ ਫੇਰ ਅਪਣੀਆਂ ਨੀਤੀਆਂ ਦੇ ਪ੍ਰਚਾਰ ਲਈ ਗਦਰ ਅਖਬਾਰ ਸ਼ੁਰੂ ਕੀਤਾ।  ਜਿਸ ਨੇ ਇਕ ਤਰ੍ਹਾਂ ਨਾਲ ਪੂਰੀ ਦੁਨੀਆ ਵਿਚ ਤਰਥੱਲੀ ਮਚਾ ਦਿੱਤੀ। ਜਦੋਂ ਪਹਿਲੀ ਸੰਸਾਰ ਜੰਗ ਛਿੜੀ ਤਾਂ 5 ਅਪ੍ਰੈਲ 1914 ਨੂੰ ਗ਼ਦਰ ਅਖਬਾਰ ਵਿਚ ਐਲਾਨ ਏ ਜੰਗ ਛਾਪ ਕੇ ਸਾਰੇ ਗਦਰੀ ਸਿਪਾਹੀਆਂ ਨੂੰ ਭਾਰਤ ਪੁੱਜਣ ਦਾ ਹੁਕਮ ਦਿੱਤਾ ਗਿਆ।
ਕਾਂਸ਼ੀ ਰਾਮ ਸਭ ਤੋਂ ਬਾਅਦ ਵਿਚ 12 ਨਵੰਬਰ 1914 ਨੂੰ ਕਲਕੱਤੇ ਪੁੱਜ ਗਿਆ। ਉਹ ਕਲਕੱਤੇ ਤੋਂ ਸਿੱਧਾ ਆਪਣੇ ਪਿੰਡ ਪੁੱਜਿਆ। ਉਹ ਗਿਆਰਾਂ ਸਾਲ ਬਾਅਦ ਪਿੰਡ ਆਇਆ ਸੀ ਪਰ ਉਹ ਕੁੱਝ ਘੰਟੇ ਹੀ ਪਿੰਡ ਰਿਹਾ ਤੇ ਫੇਰ ਇਹ ਕਹਿ ਕੇ ਚਲਾ ਗਿਆ ਕਿ ਉਹ ਲਾਹੌਰ ਦੇ ਬੈਂਕ ਈ ਚੋਂ ਆਪਣੇ ਪੈਸੇ ਕਢਵਾਉਣ ਜਾ ਰਿਹਾ ਹੈ। ਗਦਰ ਲਹਿਰ ਦੇ ਕਈ ਵੱਡੇ ਲੀਡਰ ਫੜੇ ਗਏ ਸਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਪਾਰਟੀ ਖੇਰੂੰ ਹੋ ਗਈ ਸੀ। ਕਾਂਸੀ ਰਾਮ ਛੇਤੀ ਹੀ ਪਹਿਲਾਂ ਮਿੱਥੇ ਅਨੁਸਾਰ ਆਪਣੇ ਗਦਰੀ ਸਾਥੀਆਂ ਨੂੰ ਜਾ ਮਿਲੇ ਤੇ ਲੁਧਿਆਣਾ ਜ਼ਿਲੇ ਵਿਚ ਕਰਤਾਰ ਸਿੰਘ ਸਰਾਭਾ ਤੇ ਨਵਾਬ ਖਾਨ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। 
ਪਹਿਲਾਂ ਪਾਰਟੀ ਨੇ ਫੈਸਲਾ ਕੀਤਾ ਕਿ 15 ਨਵੰਬਰ ਨੂੰ ਗਦਰ ਕਰ ਦੇਣਾ ਚਾਹੀਦਾ ਪਰ ਵਿਦੇਸ਼ਾਂ ਤੋਂ ਹਥਿਆਰ ਨਾ ਆਉਣ ਕਾਰਨ ਇਹ ਤਰੀਕ ਬਦਲ ਦਿੱਤੀ ਗਈ। ਫੇਰ ਗਦਰੀਆਂ ਦੀ ਮੀਟਿੰਗ 17 ਨਵੰਬਰ ਨੂੰ ਲਾਢੋਵਾਲ ਵਿਖੇ ਹੋਈ ਜਿਸ ਵਿਚ ਕਾਂਸੀ ਰਾਮ ਨੇ ਕਿਹਾ ਕਿ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਪੈਸੇ ਦੀ ਕਮੀ ਪੂਰੀ ਕਰਨ ਲਈ ਸਰਕਾਰੀ ਖਜ਼ਾਨੇ ਲੁੱਟੇ ਜਾਣ।
ਪਹਿਲਾਂ ਪਾਰਟੀ ਨੇ ਇਹ ਫੈਸਲਾ ਕੀਤਾ ਕਿ 26 ਨਵੰਬਰ ਨੂੰ ਮੀਆਂ ਮੀਰ ਤੇ ਫਿਰੋਜ਼ਪੁਰ ਛਾਉਣੀਆਂ ਤੇ ਇਕੋ ਸਮੇਂ ਹੱਲਾ ਬੋਲਿਆ ਜਾਵੇ। ਇਸ ਹਮਲੇ ਵਿਚ ਫੌਜੀਆਂ ਨੇ ਵੀ ਸਾਥ ਦੇਣ ਦੀ ਗੱਲ ਕਹੀ ਸੀ। ਇਸ ਨੂੰ ਮੁੱਖ ਰੱਖ ਕੇ 25 ਨਵੰਬਰ ਦੀ ਰਾਤ ਨੂੰ ਲਾਹੌਰ ਛਾਉਣੀ ਵਿਖੇ ਇਕੱਠੇ ਹੋਣ ਲਈ ਕਿਹਾ ਗਿਆ। ਪਰ ਉਸ ਰਾਤ ਨੂੰ ਕੋਈ ਵੀ ਫੌਜੀ ਆ ਕੇ ਗ਼ਦਰੀਆਂ ਨੂੰ ਨਾ ਮਿਲਿਆ। ਸੋ ਮੀਆਂ ਮੀਰ ਛਾਉਣ 'ਤੇ ਕਬਜ਼ੇ ਦੀ ਮੁਹਿੰਮ ਕਾਮਯਾਬ ਨਾ ਹੋ ਸਕੀ। ਪੰਡਤ ਕਾਂਸੀ ਰਾਮ ਤੇ ਕਰਤਾਰ ਸਿੰਘ ਸਰਾਭਾ ਨੇ ਨਿਰਾਸ਼ ਹੋ ਕੇ ਪਰਤ ਰਹੇ ਗਦਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੀਆਂ ਮੀਰ ਤੇ ਫਿਰੋਜੁਪਰ ਛਾਉਣੀਆਂ ਹਰ  ਹਾਲਤ ਵਿਚ 30 ਨਵੰਬਰ ਨੂੰ ਕਾਬੂ ਕਰ ਲਈਆਂ ਜਾਣਗੀਆਂ। 27 ਨਵੰਬਰ ਨੂੰ ਬਹੁਤ ਸਾਰੇ ਗਦਰੀ ਮੋਗੇ ਅਤੇ ਲੁਧਿਆਣੇ ਦੀ ਗੱਡੀ ਚੜ੍ਹ ਗਏ। ਕੁੱਝ ਗੱਡੀਓਂ ਰਹਿ ਗਏ ਇਨ੍ਹਾਂ ਨੇ ਤਿੰਨ ਚਾਰ ਤਾਂਗੇ ਕਰ ਲਏ ਤੇ ਮੋਗੇ ਨੂੰ ਤੁਰ ਪਏ। ਫੇਰੂ ਸ਼ਹਿਰ ਲਾਗੇ ਮਿਸਰੀਵਾਲੇ ਦੇ ਪੁਲ 'ਤੇ ਪੁਲਿਸ ਕਪਤਾਨ ਨੇ ਆਉਣਾ ਸੀ। ਇਨ੍ਹਾਂ ਤਾਂਗਿਆਂ ਨੂੰ ਪੁਲਿਸ ਵਾਲਿਆਂ ਨੇ ਰੋਕ ਲਿਆ। ਥਾਣੇਦਾਰ ਨੇ ਰੋਹਬ ਜਮਾਉਣ ਲਈ ਰਹਿਮਤ ਅਲੀ ਸ਼ਾਹ ਦੇ ਚਪੇੜ ਕੱਢ ਮਾਰੀ। ਭਾਈ ਭਗਤ ਸਿੰਘ ਕੱਚਰਭੰਨ ਉਠਿਆ ਤੇ ਗੋਲੀ ਥਾਣੇਦਾਰ ਦੇ ਕੰਨ ਵਿਚ ਦੀ ਲੰਘਾ ਦਿੱਤੀ। ਦੂਜੀ ਗੋਲੀ ਜੈਲਦਾਰ ਜਵਾਲਾ ਸਿੰਘ ਦੇ ਮਾਰੀ ਉਹ ਵੀ ਠੰਢਾ ਹੋ ਗਿਆ। ਲੋਕ ਭੱਜ ਤੁਰੇ ਬਹੁਤ ਸਾਰੇ ਗਦਰੀ ਤਾਂ ਲੋਕਾਂ ਨਾਲ ਹੀ ਖਿਸਕ ਗਏ ਪਰ ਨੌ ਜਣੇ ਨਹਿਰ ਕੰਢੇ ਖੜੇ ਝੱਲ ਵਿਚ ਵੜ ਗਏ। ਝੱਲ ਵਿਚ ਲੁਕੇ ਗਦਰੀਆਂ ਨੂੰ ਲਲਕਾਰਿਆ ਗਿਆ ਤਾਂ ਉਨ੍ਹਾਂ ਸ਼ੇਰਾਂ ਨੇ ਅੱਗੋਂ ਅੱਗ ਦੀਆਂ ਨਾਲਾਂ ਦੇ ਮੂੰਹ ਖੋਲ੍ਹ ਦਿੱਤੇ। ਪਰ ਗ਼ਦਰੀਆਂ ਪਾਸ ਪਿਸਤੌਲ ਤੇ ਪੁਲਿਸ ਕੋਲ ਰਫਲਾਂ ਸਨ। ਪੁਲਿਸ ਨੇ ਝੱਲ ਨੂੰ ਅੱਗ ਲਾ ਦਿੱਤੀ। ਹੁਣ ਗਦਰੀਆਂ ਦੀ ਵਾਹ ਨਾ ਚੱਲੀ ਤੇ ਉਹ ਬਾਹਰ ਨਿਕਲ ਦੌੜੇ। ਇਸ ਮੌਕੇ ਪੰਡਤ ਕਾਂਸ਼ੀ ਰਾਮ ਤੇ ਉਨ੍ਹਾਂ ਦੇ ਛੇ ਸਾਥੀ ਜੀਵਨ ਸਿੰਘ, ਬਖਸ਼ੀਸ਼ ਸਿੰਘ, ਲਾਲ ਸਿੰਘ, ਰਹਿਮਤ ਅਲੀ, ਜਗਤ ਸਿੰਘ, ਧਿਆਨ ਸਿੰਘ ਫੜ ਲਏ ਗਏ। ਉਨ੍ਹਾਂ ਵਿਰੁਧ ਥਾਣੇਦਾਰ ਬੁਸ਼ਾਰਤ ਅਲੀ ਤੇ ਜੈਲਦਾਰ ਜਵਾਲਾ ਸਿੰਘ ਨੂੰ ਮਾਰਨ ਲੋਕਾਂ ਨੂੰ ਬਗਾਵਤ ਲਈ ਭੜਕਾਉਣ ਤੇ ਸਰਕਾਰੀ ਖਜ਼ਾਨੇ ਲੁੱਟਣ ਦਾ ਮੁਕੱਦਮਾ ਚਲਾਇਆ ਗਿਆ। 
ਸੈਸ਼ਨ ਜੱਜ ਨੇ 2 ਫਰਵਰੀ 1915 ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ। ਫਾਂਸੀ ਲਾਉਣ ਲਈ ਉਸ ਨੂੰ ਸੈਂਟਰਲ ਜੇਲ ਲਾਹੌਰ ਵਿਚ ਭੇਜ ਦਿਤਾ ਗਿਆ ਸੀ। 27 ਮਾਰਚ 1915 ਨੂੰ ਲਾਹੌਰ ਦੀ ਸੈਂਟਰਲ ਜੇਲ ਵਿਚ ਫਾਂਸੀ ਦਾ ਰੱਸਾ ਚੁੰਮ ਕੇ ਉਸ ਨੇ ਇਹ ਸੁਨੇਹਾ ਦਿੱਤਾ ਕਿ ਅਪਣਾ ਸਵੈਮਾਣ, ਅਪਣੀ ਅਣਖ, ਡਾਲਰਾਂ ਦੀ ਦੁਨੀਆਂ ਤੋਂ ਬਹੁਤ ਵੱਡੀ ਚੀਜ਼ ਹੁੰਦੀ ਹੈ ਜਿਸ ਨੂੰ ਜੇ ਜਾਨ ਦੇ ਕੇ ਵੀ ਪ੍ਰਾਪਤ ਕੀਤਾ ਜਾਵੇ ਤਾਂ ਇਹ ਸੌਦਾ ਮਹਿੰਗਾ ਨਹੀਂ। ਕਾਂਸ਼ੀ ਰਾਮ ਮੰੜੌਲੀ ਦੇ ਪਿੰਡ ਵਿਚ ਹੁਣ ਉਸ ਦੇ ਭਤੀਜੇ ਦਾ ਟੱਬਰ ਰਹਿੰਦੈ। ਪੁਰਾਣੀ ਪੀੜ੍ਹੀ ਦੇ ਲੋਕ ਉਸ ਬਾਰੇ ਜਾਣਦੇ ਹਨ ਪਰ ਪੌਂਡਾਂ ਡਾਲਰਾਂ ਦੀ ਚਲ ਰਹੀ ਹਨੇਰੀ ਵਿਚ ਕਾਂਸ਼ੀ ਰਾਮ ਮੰੜੌਲੀ ਦਾ ਸੌ ਸਾਲ ਪਹਿਲਾਂ ਡਾਲਰਾਂ ਨੂੰ ਲੱਤ ਮਾਰ ਕੇ, ਵਤਨ ਮੁੜ ਕੇ ਫਾਂਸੀ ਚੜ੍ਹ੍ਹਨਾ ਨਵੀਂ ਪੀੜ੍ਹੀ ਨੂੰ ਸ਼ਾਇਦ ਬਹੁਤ ਅਜੀਬ ਲਗਦੈ।  

ਮਨਜੀਤ ਸਿੰਘ ਰਾਜਪੁਰਾ


Aarti dhillon

Content Editor

Related News