ਪੀ.ਏ.ਯੂ. ਕਿਸਾਨ ਕਮੇਟੀ ਦੀ ਮੀਟਿੰਗ ਵਿਚ ਕਿਸਾਨ, ਮਾਹਿਰ ਅਤੇ ਖੋਜੀ ਹੋਏ ਸ਼ਾਮਿਲ
Thursday, Dec 13, 2018 - 03:31 PM (IST)

ਪੀ.ਏ.ਯੂ. ਵਿਚ ਹੋਈ ਪੀ.ਏ.ਯੂ. ਕਿਸਾਨ ਕਮੇਟੀ ਅਤੇ ਪੀ.ਏ.ਯੂ. ਸਬਜ਼ੀ ਅਤੇ ਫਲ ਉਤਪਾਦਨ ਕਮੇਟੀ ਦੀ ਭਰਵੀਂ ਮੀਟਿੰਗ ਵਿਚ ਕਿਸਾਨਾਂ ਦੇ ਸਵਾਲਾਂ ਅਤੇ ਜਗਿਆਸਾਵਾਂ ਦਾ ਮੌਕੇ ਤੇ ਹੀ ਹਾਜ਼ਰ ਵਿਗਿਆਨੀਆਂ ਅਤੇ ਮਾਹਿਰਾਂ ਵਲੋਂ ਪੀ.ਏ ਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਮਾਰਗ ਦਰਸ਼ਨ ਕੀਤਾ ਗਿਆ। ਇਸ ਮੀਟਿੰਗ ਵਿਚ ਪੂਰੇ ਪੰਜਾਬ ਵਿਚੋਂ 184 ਦੇ ਕਰੀਬ ਕਿਸਾਨ ਸ਼ਾਮਲ ਹੋਏ। ਇਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰ ਖੇਤ ਸਲਾਹਕਾਰ ਸੇਵਾ ਕੇਂਦਰਾਂ ਦੇ ਵਿਗਿਆਨੀ, ਪੀ.ਏ.ਯੂ ਦੇ ਬਾਗਬਾਨੀ, ਸਬਜ਼ੀ ਅਤੇ ਫ਼ਲ ਵਿਗਿਆਨ ਵਿਭਾਗ ਦੇ ਵਿਗਿਆਨੀ ਅਤੇ ਸਾਰੇ ਵਿਭਾਗਾਂ ਦੇ ਮੁਖੀ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਉਹਨਾਂ ਨਾਲ ਵਿਚਾਰ-ਵਟਾਂਦਰੇ ਦੇ ਇਸ ਸੈਸ਼ਨ ਵਿਚ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਵੀ ਸ਼ਾਮਲ ਸਨ। ਵਾਈਸ ਚਾਂਸਲਰ ਨੇ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਪੀ.ਏ.ਯੂ. ਦੇ ਅੰਬੈਸਡਰ ਕਿਹਾ। ਉਹਨਾਂ ਕਿਹਾ ਕਿ ਪੰਜਾਬ ਦੇ 12,763 ਪਿੰਡਾਂ ਦੇ ਸਾਰੇ ਕਿਸਾਨਾਂ ਤੱਕ ਖੇਤੀ ਖੋਜ ਅਤੇ ਤਕਨੀਕ ਦਾ ਪਹੁੰਚਣਾ ਜ਼ਰੂਰੀ ਹੈ । ਸਾਡੀਆਂ ਕੋਸ਼ਿਸ਼ਾਂ ਹਨ ਕਿ ਹਰ ਕਿਸਾਨ ਵਿਕਸਿਤ ਤਕਨੀਕ ਦਾ ਲਾਭ ਆਪਣੀ ਖੇਤੀ ਵਿਚ ਉਠਾ ਸਕੇ। ਉਹਨਾਂ ਕਿਸਾਨਾਂ ਨੂੰ ਸੰਯੁਕਤ ਖੇਤੀ ਪ੍ਰਬੰਧ ਵੱਲ ਵਧਣ ਲਈ ਕਿਹਾ ਤਾਂ ਜੋ ਕੁਦਰਤੀ ਸਾਧਨਾਂ ਅਤੇ ਖੇਤੀ ਉਤਪਾਦਨ ਵਿਚਕਾਰ ਸੁਮੇਲ ਸਥਾਪਿਤ ਕੀਤਾ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਦਾ ਹੁੰਗਾਰਾ ਯੂਨੀਵਰਸਿਟੀ ਦੀ ਅਗਲੇਰੀ ਖੋਜ ਲਈ ਰਾਹ ਦਸੇਰਾ ਹੁੰਦਾ ਹੈ। ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਪਰਾਲੀ ਦੀ ਸਾਂਭ-ਸੰਭਾਲ, ਝੋਨੇ ਦੇ ਝਾੜ ਅਤੇ ਫ਼ਸਲਾਂ ਦੀਆਂ ਉਨਤ ਕਿਸਮਾਂ ਵਰਗੇ ਮੁੱਦਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ।
ਇਸ ਮੀਟਿੰਗ ਵਿਚ ਭਾਗ ਲੈਣ ਵਾਲੇ ਕਿਸਾਨਾਂ, ਮਾਹਿਰਾਂ ਅਤੇ ਵਿਗਿਆਨੀਆਂ ਦਾ ਸਵਾਗਤ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਖੇਤੀ ਖੋਜ ਨੂੰ ਕਿਸਾਨ ਤੱਕ ਲੈ ਜਾਣਾ ਅੱਜ ਦੇ ਸਮੇਂ ਦੀ ਲੋੜ ਦੱਸਿਆ। ਉਹਨਾਂ ਇਹ ਵੀ ਕਿਹਾ ਕਿ ਇਹ ਕਾਰਜ ਵਿਗਿਆਨੀਆਂ ਦੀ ਆਪਣੇ ਕੰਮ ਨਾਲ ਪ੍ਰਤੀਬੱਧਤਾ ਸਦਕਾ ਸੰਭਵ ਹੋ ਸਕਦਾ ਹੈ ।
ਇਸ ਮੌਕੇ ਪਿਛਲੀ ਮੀਟਿੰਗ ਦੌਰਾਨ ਆਏ ਸੁਝਾਵਾਂ ਦੀ ਕਾਰਵਾਈ ਰਿਪੋਰਟ ਵੀ ਪੇਸ਼ ਕੀਤੀ ਗਈ। ਮੰਚ ਦਾ ਸੰਚਾਲਨ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਦੀਦਾਰ ਸਿੰਘ ਭੱਟੀ ਅਤੇ ਕੈਰੋਂ ਕਿਸਾਨ ਘਰ ਦੇ ਇੰਚਾਰਜ ਡਾ. ਤੇਜਿੰਦਰ ਸਿੰਘ ਰਿਆੜ ਨੇ ਕਰਦਿਆਂ ਇਸ ਮੀਟਿੰਗ ਵਿਚ ਭਾਗ ਲੈਣ ਵਾਲੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ।
ਜਗਦੀਸ਼ ਕੌਰ