ਲੇਖ : ਸਿੱਖਿਆ ਖੇਤਰ ਦੀ ਮਾਣਮੱਤੀ ਅਤੇ ਆਦਰਸ਼ ਸਖਸ਼ੀਅਤ ‘ਸਰਬਜੀਤ ਸਿੰਘ ਧੂਰੀ’

09/28/2020 3:21:36 PM

ਬਿੰਦਰ ਸਿੰਘ ਖੁੱਡੀ ਕਲਾਂ
ਮੋਬ:98786-05965

ਅਧਿਆਪਨ ਨੂੰ ਕਿੱਤੇ ਵਜੋਂ ਅਪਣਾਉਣ ਦੀ ਬਜਾਏ ਸੇਵਾ ਵਜੋਂ ਅਪਣਾ ਕੇ ਵਿਦਿਆਰਥੀਆਂ ਨੂੰ ਸਮਰਪਿਤ ਅਧਿਆਪਕਾਂ ਦੀ ਸੂਚੀ ਵਿੱਚ ਸ੍ਰ.ਸਰਬਜੀਤ ਸਿੰਘ ਧੂਰੀ ਦਾ ਨਾਂ ਬੜੇ ਮਾਣ ਅਤੇ ਗੌਰਵ ਨਾਲ ਲਿਆ ਜਾ ਸਕਦਾ ਹੈ। ਉਨ੍ਹਾਂ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਭੜੀ ਮਾਨਸਾ ਵਿਖੇ ਮਾਤਾ ਸ੍ਰੀਮਤੀ ਬਲਦੇਵ ਕੌਰ ਅਤੇ ਪਿਤਾ ਸ੍ਰ. ਹਰਪਾਲ ਸਿੰਘ ਦੇ ਘਰ ਹੋਇਆ। ਅੱਜਕੱਲ੍ਹ ਮਾਨਸਾ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸੇਵਾਵਾਂ ਨਿਭਾਅ ਰਹੇ ਸਰਬਜੀਤ ਸਿੰਘ ਨੇ ਸਿੱਖਿਆ ਖੇਤਰ ’ਚ ਆਪਣਾ ਸਫਰ 14 ਨਵੰਬਰ 1983 ਨੂੰ ਸਰਕਾਰੀ ਹਾਈ ਸਕੂਲ ਰਾਏ ਧਰਾਣਾ ਸ਼ਾਦੀ ਹਰੀ ਤੋਂ ਬਤੌਰ ਸਾਇੰਸ ਮਾਸਟਰ ਸ਼ੁਰੂ ਕੀਤਾ। ਤਕਰੀਬਨ ਅੱਠ ਵਰ੍ਹਿਆਂ ਦੀ ਸੇਵਾ ਉਪਰੰਤ ਬਤੌਰ ਲੈਕਚਰਾਰ ਤਰੱਕੀ ਹੋਣ ‘ਤੇ 14 ਜੁਲਾਈ 1991 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਸੌੜ ਵਿਖੇ ਬਤੌਰ ਕਮਰਸ ਲੈਕਚਰਾਰ ਆਹੁਦਾ ਸੰਭਾਲਿਆ।

ਪੜ੍ਹੋ ਇਹ ਵੀ ਖਬਰ - ਖੁਸ਼ਖਬਰੀ : ਜਨਰਲ ਆਇਲਟਸ ਨਾਲ ਵੀ ਲਵਾ ਸਕਦੇ ਹੋ ਹੁਣ ਕੈਨੇਡਾ ਦਾ ਸਟੂਡੈਂਟ ਵੀਜ਼ਾ

ਉਨ੍ਹਾਂ ਵੱਲੋਂ ਬਤੌਰ ਮਾਸਟਰ ਅਤੇ ਲੈਕਚਰਾਰ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਵੇਖਦਿਆਂ ਵਿਭਾਗ ਵੱਲੋਂ ਸੋਲਾਂ ਫਰਵਰੀ ਦੋ ਹਜ਼ਾਰ ਦਸ ਨੂੰ ਬਤੌਰ ਪ੍ਰਿੰਸੀਪਲ ਪਦਉੱਨਤ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਂਗੀਰ ਕਹੇਰੂ ਵਿਖੇ ਨਿਯੁਕਤੀ ਕੀਤੀ ਗਈ। ਇੱਥੇ ਬਤੌਰ ਪ੍ਰਿੰਸੀਪਲ ਉਨ੍ਹਾਂ ਸਕੂਲ ਨੂੰ ਅਜਿਹਾ ਮਾਰਗ ਦਰਸ਼ਨ ਦਿੱਤਾ ਕਿ ਸਕੂਲ ਦੀ ਪਹਿਚਾਣ ਖੇਤਰ ਦੇ ਮੋਹਰੀ ਸਕੂਲ ਵਜੋਂ ਹੋਣ ਲੱਗੀ। ਉਨ੍ਹਾਂ ਨਿੱਜੀ ਯਤਨਾਂ ਨਾਲ ਸਰਕਾਰ ਵੱਲੋਂ ਗ੍ਰਾਂਟਾਂ ਦੀ ਵਿਵਸਥਾ ਕਰਦਿਆਂ ਸਕੂਲ ਦੀ ਇਮਾਰਤ ਨੂੰ ਆਕਰਸ਼ਿਕ ਦਿੱਖ ਪ੍ਰਦਾਨ ਕਰਨ ਦੇ ਨਾਲ-ਨਾਲ ਸਕੂਲ ਦੀ ਚਾਰ ਦਿਵਾਰੀ ਵੀ ਬਣਵਾਈ। ਉਨ੍ਹਾਂ ਦੇ ਆਹੁਦਾ ਸੰਭਾਲਣ ਸਮੇਂ ਸਕੂਲ ਵਿੱਚ ਆਰਟਸ ਵਿਸ਼ਿਆਂ ਦੀ ਪੜ੍ਹਾਈ ਦਾ ਪ੍ਰਬੰਧ ਸੀ।ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਕਮਰਸ ਅਤੇ ਗਣਿਤ ਵਿਸ਼ਿਆਂ ਦੀ ਪੜ੍ਹਾਈ ਦਾ ਅਵਸਰ ਪ੍ਰਦਾਨ ਕਰਵਾਉਣ ਲਈ ਉਨ੍ਹਾਂ ਨਿੱਜੀ ਕੋਸ਼ਿਸ਼ਾਂ ਕਰਦਿਆਂ ਸਕੂਲ ਲਈ ਕਮਰਸ ਅਤੇ ਗਣਿਤ ਵਿਸ਼ਿਆਂ ਦੇ ਅਧਿਆਪਕਾਂ ਦਾ ਪ੍ਰਬੰਧ ਕੀਤਾ।

ਪੜ੍ਹੋ ਇਹ ਵੀ ਖਬਰ - ਕੈਨੇਡਾ ਸਟੱਡੀ ਵੀਜ਼ਾ: 30 ਅਪ੍ਰੈਲ ਤੱਕ ਆਨਲਾਈਨ ਕਲਾਸਾਂ ਨੇ ਵਿਦਿਆਰਥੀਆਂ ਦੇ ਵਧਾਏ ਤੌਖ਼ਲੇ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਉਂਦਿਆਂ ਉਨ੍ਹਾਂ ਵਿਭਾਗ ਤੋਂ ਦੋ ਕਦਮ ਅੱਗੇ ਹੋ ਕੇ ਕੰਮ ਕੀਤਾ। ਸਮਾਰਟ ਸਕੂਲ ਵਿੱਚ ਤਬਦੀਲ ਹੋਏ ਇਸ ਸਕੂਲ ਦੇ ਮੁੱਖ ਗੇਟ ਦੀ ਦਿੱਖ ਵੇਖਿਆਂ ਹੀ ਬਣਦੀ ਹੈ। ਵਿਭਾਗ ਵੱਲੋਂ ਅਮਲ ‘ਚ ਲਿਆਂਦੇ ਬਾਲਾ ਵਰਕ ਨੂੰ ਉਨ੍ਹਾਂ ਆਪਣੀ ਸਮਝ ਅਨੁਸਾਰ ਕਈ ਵਰ੍ਹੇ ਪਹਿਲਾਂ ਹੀ ਸ਼ੁਰੂ ਕਰ ਲਿਆ ਸੀ। ਸਕੂਲ ਦੀ ਹਰ ਦੀਵਾਰ ਇੱਥੋਂ ਤੱਕ ਕਿ ਪੌੜੀਆਂ ਵੀ ਸਿੱਖਿਆ ਦੀ ਗੱਲ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਪੌੜੀਆਂ ‘ਤੇ ਲਿਖੇ ਗਣਿਤ ਦੇ ਫਾਰਮੂਲੇ ਵਿਦਿਆਰਥੀ ਖੇਡ ਖੇਡ ਵਿੱਚ ਯਾਦ ਕਰ ਲੈਂਦੇ ਹਨ। ਉਨ੍ਹਾਂ ਵਿੱਦਿਅਕ ਪਾਰਕਾਂ ਦੀ ਸਥਾਪਨਾ ਕਰਦਿਆਂ ਵਿਦਿਆਰਥੀਆਂ ਦੀ ਸਿੱਖਣ ਪ੍ਰਕ੍ਰਿਆ ਨੂੰ ਸਰਲ, ਸਹਿਜ ਅਤੇ ਸਥਾਈ ਬਣਾਇਆ। ਸਕੂਲ ਵਿੱਚ ਬਣਾਏ ਵਿਗਿਆਨ ਅਤੇ ਗਣਿਤ ਪਾਰਕਾਂ ਦਾ ਆਕਰਸ਼ਨ ਵੇਖਿਆਂ ਬਣਦਾ ਹੈ। ਸਕੂਲ ‘ਚ ਵਿਗਿਆਨ ਵਿਸ਼ਿਆਂ ਦੀਆਂ ਸ਼ਾਨਦਾਰ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਕਰਵਾਈ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਖੇਡਾਂ ਪ੍ਰਤੀ ਵਿਸ਼ੇਸ਼ ਧਿਆਨ ਦਿੱਤਾ। ਸਕੂਲ ਦੇ 80 ਦੇ ਕਰੀਬ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ‘ਚ ਰਾਜ ਪੱਧਰ ‘ਤੇ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੀਆਂ ਇਨ੍ਹਾਂ ਅਣਥੱਕ ਕੋਸ਼ਿਸ਼ਾਂ ਸਦਕਾ ਸਕੂਲ ‘ਚ ਵਿਦਿਆਰਥੀਆਂ ਦੀ ਗਿਣਤੀ ਲੱਗਭੱਗ ਦੁੱਗਣੀ ਹੋ ਗਈ।

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਸਿੱਖਿਆ ਨੂੰ ਰੁਜ਼ਗਾਰ ਮੁਖੀ ਬਣਾਉਣਾ ਉਨ੍ਹਾਂ ਦੀ ਵਿਸ਼ੇਸ਼ ਤਵੱਜ਼ੋ ਰਹੀ ਹੈ। ਸਕੂਲ ‘ਚ ਕੰਮ ਕਰਦਿਆਂ ਉਨ੍ਹਾਂ ਘਰ ਪਰਤਣ ਦੀ ਕਦੇ ਕਾਹਲ ਨਹੀਂ ਵਿਖਾਈ। ਉਨ੍ਹਾਂ ਸਕੂਲ ਸਮੇਂ ਤੋਂ ਵਾਧੂ ਸਮਾਂ ਲਗਾਕੇ ਵਿਦਿਆਰਥੀਆਂ ਨੂੰ ਖੁਦ ਫੌਜ ਦੇ ਲਿਖਤੀ ਪੇਪਰ ਦੀ ਤਿਆਰੀ ਕਰਵਾਈ। ਉਨ੍ਹਾਂ ਵੱਲੋਂ ਕਰਵਾਈ ਲਿਖਤੀ ਪੇਪਰ ਦੀ ਤਿਆਰੀ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਨਤੀਜੇ ਵੱਜੋਂ ਵੱਡੀ ਗਿਣਤੀ ‘ਚ ਸਕੂਲ ਦੇ ਵਿਦਿਆਰਥੀ ਫੌਜ ਵਿੱਚ ਰੁਜ਼ਗਾਰ ਕਰਨ ਵਿੱਚ ਕਾਮਯਾਬ ਹੋਏ। ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਨੂੰ ਪੁਸਤਕਾਂ ਅਤੇ ਫੀਸਾਂ ਆਦਿ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਪੜ੍ਹਦਿਆਂ ਵੇਖ ਅਸੀਮ ਖੁਸ਼ੀ ਹਾਸਿਲ ਕਰਨਾ ਸਰਬਜੀਤ ਸਿੰਘ ਦੇ ਹਿੱਸੇ ਖੂਬ ਆਇਆ ਹੈ।

ਕਮਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖਾਸ ਖ਼ਬਰ, ਇੰਝ ਪਾਓ ਰਾਹਤ

ਉਨ੍ਹਾਂ ਦੀਆਂ ਬਤੌਰ ਪ੍ਰਿੰਸੀਪਲ ਸ਼ਾਨਦਾਰ ਸੇਵਾਵਾਂ ਨੂੰ ਵੇਖਦਿਆਂ ਵਿਭਾਗ ਵੱਲੋਂ 2015 ‘ਚ ਉਨ੍ਹਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਲੁਧਿਆਣਾ ਨਿਯੁਕਤ ਕਰਕੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ। ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਕੰਮ ਕਰਦਿਆਂ ਉਨ੍ਹਾਂ ਬਹੁਤ ਸਾਰੇ ਪ੍ਰਬੰਧਕੀ ਸੁਧਾਰ ਕੀਤੇ। ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਰ ਬਿਹਤਰ ਬਣਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਲਗਾਤਾਰ ਪ੍ਰੇਰਿਤ ਕੀਤਾ। ਅਧਿਆਪਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਉਣਾ ਉਨ੍ਹਾਂ ਦੀ ਹਮੇਸ਼ਾ ਤਰਜ਼ੀਹ ਰਹੀ। ਉਪਰੰਤ ਵਿਭਾਗ ਵੱਲੋਂ ਉਨ੍ਹਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਰਨਾਲਾ ਨਿਯੁਕਤ ਕੀਤਾ ਗਿਆ। ਅੱਜਕੱਲ੍ਹ ਉਹ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮਾਨਸਾ ਆਪਣੀਆ ਸੇਵਾਵਾਂ ਨਿਭਾਅ ਰਹੇ ਹਨ। ਕੋਰੋਨਾ ਲਾਗ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਨਿਰਵਿਘਨ ਤਰੀਕੇ ਨਾਲ ਜਾਰੀ ਰੱਖਣ ਦੇ ਨਾਲ ਨਾਲ ਉਹਨਾਂ ਅਧਿਆਪਕਾਂ ਨੂੰ ਤਰੱਕੀਆਂ ਦਾ ਤੋਹਫਾ ਵੀ ਦਿੱਤਾ।

ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਰੋਗੀਆਂ ਲਈ ਖਾਸ ਖ਼ਬਰ, ਇੰਝ ਕਰ ਸਕਦੇ ਹੋ ਇਨ੍ਹਾਂ ਨੂੰ ਕੰਟਰੋਲ

ਉਨ੍ਹਾਂ ਦੀਆਂ ਸਾਨਦਾਰ ਸੇਵਾਵਾਂ ਨੂੰ ਵੇਖਦਿਆਂ ਵਿਭਾਗ ਦੇ ਸਕੱਤਰ ਵੱਲੋਂ ਉਨ੍ਹਾਂ ਨੂੰ ਸਮਾਰਟ ਸਕੂਲ ਦੀ ਸਥਾਪਨਾ ਅਤੇ ਸਰਵੋਤਮ ਨਤੀਜਿਆਂ ਲਈ ਪ੍ਰਸ਼ੰਸਾਂ ਪੱਤਰ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਸੁਤੰਤਰਤਾ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ। ਸਿੱਖਿਆ ਵਿਭਾਗ ਵਿੱਚ ਬਤੌਰ ਅਧਿਆਪਕ ਸੇਵਾ ਸ਼ੁਰੂ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਦੇ ਅਤਿ ਜ਼ਿੰਮੇਵਾਰ ਆਹੁਦੇ ਤੱਕ ਪਹੁੰਚਣ ਦਾ ਤਕਰੀਬਨ ਸੈਂਤੀ ਵਰ੍ਹਿਆਂ ਦਾ ਮਾਣਮੱਤਾ ਸਫਰ ਪੂਰਾ ਕਰਦਿਆਂ ਉਹ ਤੀਹ ਸਤੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹਾਂਗੀਰ ਕਹੇਰੂ ਜ਼ਿਲ੍ਹਾ ਸੰਗਰੂਰ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦਾ ਬੇਟਾ ਹਰਕੰਵਲਪ੍ਰੀਤ ਸਿੰਘ ਇੰਜਨੀਅਰਿੰਗ ਦੀ ਡਿਗਰੀ ਕਰਨ ਉਪਰੰਤ ਨਿੱਜੀ ਵਿੱਦਿਅਕ ਸੰਸਥਾਵਾਂ ਚਲਾ ਰਿਹਾ ਹੈ।ਬੇਟੀ ਜਸਲੀਨ ਕੌਰ ਐੱਮ.ਐੱਸ.ਸੀ, ਬੀ.ਐੱਡ ਦੀ ਉੱਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਪਤੀ ਡਾ.ਸਿਮਰਤ ਸਿੰਘ ਨਾਲ ਖੁਸ਼ੀ ਭਰਿਆ ਜੀਵਨ ਬਤੀਤ ਕਰ ਰਹੀ ਹੈ।ਸਰਬਜੀਤ ਦਾ ਛੋਟਾ ਭਰਾ ਸ. ਜਗਜੀਤ ਸਿੰਘ ਧੂਰੀ ਅਤੇ ਭਰਜਾਈ ਸ੍ਰੀਮਤੀ ਗੁਰਵਿੰਦਰ ਕੌਰ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਹਮੇਸ਼ਾ ਸਰਗਰਮ ਰਹਿੰਦੇ ਹਨ।

ਧਨ ਦੀ ਪ੍ਰਾਪਤੀ ਤੇ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਐਤਵਾਰ ਨੂੰ ਜ਼ਰੂਰ ਕਰੋ ਇਹ ਉਪਾਅ

ਸੇਵਾ ਮੁਕਤੀ ਉਪਰੰਤ ਉਹ ਸਮਾਜ ਸੇਵਾ ਦੇ ਖੇਤਰ ‘ਚ ਹੋਰ ਵੀ ਸਰਗਰਮੀ ਨਾਲ ਵਿਚਰਨ ਦੀ ਚਾਹਤ ਰੱਖਦੇ ਹਨ। ਜ਼ਰੂਰਤਮੰਦ ਵਿਦਿਆਰਥੀਆਂ ਦੀ ਮੱਦਦ ਦਾ ਮਿਸ਼ਨ ਉਹ ਅਖੀਰਲੇ ਦਮ ਤੱਕ ਜਾਰੀ ਰੱਖਣਾ ਚਾਹੁੰਦੇ ਹਨ। ਸਮਾਜਿਕ ਬੁਰਾਈਆਂ ਦਾ ਆਲਮ ਵੀ ਉਨ੍ਹਾਂ ਨੂੰ ਅਕਸਰ ਖਟਕਦਾ ਰਹਿੰਦਾ ਹੈ। ਬੇਸ਼ੱਕ ਉਨ੍ਹਾਂ ਰਾਜਸੀ ਖੇਤਰ ਵਿੱਚ ਕਦੇ ਬਹੁਤੀ ਦਿਲਚਸਪੀ ਨਹੀਂ ਵਿਖਾਈ ਪਰ ਸਮਾਨਤਾ ਅਤੇ ਸੁਤੰਤਰਤਾ ਵਾਲੇ ਸਮਾਜ ਦੀ ਸਥਾਪਨਾ ਲਈ ਉਨ੍ਹਾਂ ਬਿਨਾਂ ਕਿਸੇ ਪਾਰਟੀ ਵਿਸ਼ੇਸ਼ ਦਾ ਨਾਮ ਲਏ ਰਾਜਸੀ ਖੇਤਰ ‘ਚ ਪ੍ਰਵੇਸ਼ ਦਾ ਵੀ ਇਸ਼ਾਰਾ ਦਿੱਤਾ। ਸਾਡੇ ਵੱਲੋਂ ਉਨ੍ਹਾਂ ਨੂੰ ਸੇਵਾ ਮੁਕਤੀ ਦੀਆਂ ਮੁਬਾਰਕਾਂ ਅਤੇ ਸਿਹਤਮੰਦ ਸੇਵਾ ਮੁਕਤ ਜੀਵਨ ਲਈ ਸ਼ੁਭਕਾਮਨਾਵਾਂ।

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ :ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ


rajwinder kaur

Content Editor

Related News