ਲੁੱਟਣ ਵਾਲਿਆਂ ਨੇ ਨਾ ਕੋਰੋਨਾ ਦੀ ਪ੍ਰਵਾਹ ਕੀਤੀ, ਨਾ ਕਿਸੇ ਦੀ ਮਜ਼ਬੂਰੀ ਦੀ, ਲੁੱਟ ਜਾਰੀ ਰੱਖੀਂ
Monday, Jun 01, 2020 - 10:35 AM (IST)
ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 98550 36444
ਅੱਜ ਦੇ ਇਨਸਾਨਾਂ ਨੇ ਇਸ ਕੋਰੋਨਾ ਵਾਇਰਸ ਲਾਗ (ਮਹਾਮਾਰੀ) ਤੋਂ ਕੋਈ ਸਬਕ ਤਾਂ ਕੀ ਲੈਣਾ ਸੀ, ਸਗੋਂ ਆਪਣੇ ਆਪ ਨੂੰ ਵਪਾਰੀ ਜਾਂ ਦੁਕਾਨ ਅਖਵਾਉਣ ਵਾਲਿਆਂ ਨੇ ਲੋਕਾਂ ਦੀ ਮਜ਼ਬੂਰੀ ਦਾ ਫ਼ਾਇਦਾ ਉਠਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ। ਵੈਸੇ ਇਸ ਕੋਰੋਨਾ ਦੀ ਮਹਾਮਾਰੀ ਤੋਂ ਇਨਸਾਨਾਂ ਨੂੰ ਬਹੁਤ ਕੁੱਝ ਸਿੱਖਣ ਅਤੇ ਸੇਧ ਲੈਣ ਦੀ ਲੋੜ ਸੀ। ਜੇਕਰ ਅਸੀਂ ਅਸਲੀਅਤ ਵਿੱਚ ਜ਼ਿੰਦਗੀ ਦੇ ਮੁਆਇਨਿਆਂ ਦੀ ਸਮਝ ਰੱਖਦੇ ਤਾਂ ਇਹ ਜ਼ਿੰਦਗੀ ਕਿਸੇ ਵੀ ਸੁਰਗ ਤੋਂ ਘੱਟ ਨਹੀਂ ਸੀ ਲੱਗਣੀ। ਪਰ ਅਸੀਂ ਰੱਬ ਨੂੰ ਤਾਂ ਕੀ, ਸਾਡੇ ਵਿਚੋਂ ਬਹੁਤ ਸਾਰੇ ਲੋਕ ਤਾਂ ਮੌਤ ਨੂੰ ਵੀ ਭੁਲਾਈ ਬੈਠੇ ਸੀ ਪਰ ਹਾਂ ਇਸ ਦੇ ਬਾਵਜੂਦ ਲੁੱਟਣ ਦੀ ਕਲਾਕਾਰੀ ਜਾਰੀ ਸੀ।
ਸਾਡੇ ਸਾਰਿਆਂ ਵਾਸਤੇ ਬਹੁਤ ਹੀ ਸ਼ਰਮ ਦੀ ਗੱਲ ਹੈ ਕੀ ਕੋਰੋਨਾ ਦੀ ਇਸ ਮਹਾਮਾਰੀ ਵਿੱਚ ਲੁੱਟਣ ਦੇ ਨਾਲ-ਨਾਲ ਇਨਸਾਨੀਅਤ ਵੀ ਬਹੁਤ ਸ਼ਰਮਸ਼ਾਰ ਹੋਈ ਪਈ ਹੈ। ਕੋਰੋਨਾ ਵਾਇਰਸ ਦੇ ਕਾਰਨ ਕਈ ਨੇ ਆਪਣੇ ਹੀ ਵਾਰਸਾਂ ਦੇ ਪਾਕ ਸਰੀਰ ਲੈਣ ਤੋਂ ਇਨਕਾਰ ਕਰ ਦਿੱਤਾ। ਖ਼ੂਨ ਦੇ ਰਿਸ਼ਤੇ ਕਹੇ ਜਾਣ ਵਾਲੇ ਅੱਜ ਪਾਣੀ ਤੋਂ ਵੀ ਪਤਲੇ ਹੋਏ ਨਜ਼ਰ ਆਏ। ਇਨਸਾਨੀਅਤ ਮਰੀ ਹੋਈ ਨਜ਼ਰ ਆਈ ਪਰ ਸਮਝ ਤੋਂ ਬਾਹਰ ਸੀ, ਕੀ ਕੋਰੋਨਾ ਐਨਾ ਖ਼ਤਰਨਾਕ ਰੂਪ ਧਾਰਨ ਕਰ ਚੁੱਕਾ ਸੀ ਜਾਂ ਇਨਸਾਨ ਕਹਾਉਣ ਵਾਲੇ ਮਹਾਨ ਇਨਸਾਨਾਂ ਦੀ ਕਿਸੇ ਗਿਰੀ ਹੋਈ ਸੋਚ ਦਾ ਪ੍ਰਤੀਕ ਸੀ।
ਬਹੁਤ ਸਾਰੇ ਪ੍ਰਚੂਨ ਦੇ ਦੁਕਾਨਦਾਰਾਂ ਤੋਂ ਲੈ ਕੇ ਹੋਰ ਵੀ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀ ਖ਼ੂਬ ਲੁੱਟਮਾਰ ਕੀਤੀ ਗਈ। ਬਹੁਤ ਸਾਰੇ ਦੁਕਾਨਦਾਰਾਂ ਨੇ ਤਾਂ ਹਰੇਕ ਚੀਜ਼ ਮਹਿੰਗੀ ਕਹਿਕੇ ਵੇਚੀ। ਇਸ ਮੁਸ਼ਕਲ ਦੀ ਘੜੀ ਵਿੱਚ ਬਹੁਤ ਨੇ ਲੋਕਾਈ ਦਾ ਖ਼ੂਬ ਫ਼ਾਇਦਾ ਉਠਾਇਆ ਗਿਆ ਪਰ ਪ੍ਰਸ਼ਾਸਨ ਤੇ ਸਰਕਾਰਾਂ ਚੁੱਪ ਸੀ।
ਮੈਨੂੰ ਲੱਗਦਾ ਕਿ ਲੁੱਟਣ ਵਾਲੀ ਸੋਚ ਤੋਂ ਤਕਰੀਬਨ ਕੋਈ ਵੀ ਨਹੀਂ ਬਚਿਆ ਹੋਣਾ। ਸਾਡੇ ਦੇਸ਼ ਦੀ ਮਜ਼ਬੂਤੀ ਦਾ ਢਾਂਚਾ ਕਹੇ ਜਾਣ ਵਾਲੇ ਸਾਡੇ ਟਰੱਕ ਡਰਾਈਵਰਾਂ ਦੀ ਵੀ ਖ਼ੂਬ ਲੁੱਟ ਹੋਈ। ਸੋਸ਼ਲ ਮੀਡੀਆ ’ਤੇ ਇਸ ਦੀਆਂ ਕਈ ਵੀਡੀਓ ਵੇਖੀਆਂ ਗਈਆਂ। ਇਸ ਮੌਕੇ ਜਿੱਥੇ ਬਹੁਤ ਸਾਰੇ ਲੋਕਾਂ ਨੇ ਪਾਣੀ ਤੱਕ ਬੰਦ ਕਰ ਦਿੱਤਾ ਸੀ, ਉਥੇ ਦੂਜੇ ਪਾਸੇ ਕਿਸੇ ਤੋਂ ਰੋਟੀ ਦੀ ਕੀ ਉਮੀਦ ਰੱਖ ਸਕਦੇ ਸੀ। ਇਸ ਮੁਸ਼ਕਲ ਦੇ ਸਮੇਂ ਵਿਚ ਬਹੁਤ ਸਾਰੇ ਦਾਨੀ ਸੱਜਣਾਂ ਵਲੋਂ ਆਪਣਾ ਬਣਦਾ ਯੋਗਦਾਨ ਵੀ ਪਾਇਆ ਗਿਆ, ਜੋ ਵਧਾਈ ਦੇ ਹੱਕਦਾਰ ਹਨ।
ਚਲੋ ਅੱਜ ਨਹੀਂ ਤਾਂ ਕੱਲ੍ਹ ਨੂੰ ਇਹ ਕੋਰੋਨਾ ਦੀ ਨਾ ਮੁਰਾਦ ਵਾਇਰਸ ਖ਼ਤਮ ਵੀ ਹੋ ਜਾਵੇਂਗਾ ਜਾਂ ਸਾਨੂੰ ਇਸ ਵਾਇਰਸ ਨਾਲ ਹੀ ਜ਼ਿੰਦਗੀ ਜਿਉਣੀ ਆ ਜਾਵੇ। ਪਰ ਸੋਚਣਾ ਜੋ ਅਸੀਂ ਨਫ਼ਰਤ ਵਾਲਾ ਵਾਇਰਸ ਆਪਣੇ ਆਪ ਜਾਂ ਆਪਣੇ ਆਪਣੇ ਅੰਦਰ ਪਾਲ ਲਿਆ ਹੈ ਕੀ ਅਸੀਂ ਕਦੇ ਇਸ ਨਫ਼ਰਤ ਵਾਲੇ ਵਾਇਰਸ ਤੋਂ ਕਦੇ ਮੁਕਤ ਹੋ ਪਾਵਾਂਗੇ, ਜਾਂ ਅਸੀਂ ਛੋਟੀ ਜਿਹੀ ਜ਼ਿੰਦਗੀ ਵਿੱਚ ਇਸ ਨਫ਼ਰਤ ਦਾ ਭਾਰ ਵੀ ਨਾਲ ਨਾਲ ਚੁੱਕੀ ਫਿਰਾਂਗੇ।
ਗੱਲ ਸੋਚਣ ’ਤੇ ਵਿਚਾਰਨ ਵਾਲੀ ਹੈ ਕਿ ਇਸ ਸੰਕਟ ਵਾਲੀ ਘੜੀ ਵਿੱਚ ਅਸੀਂ ਸਭ ਨੇ ਆਪਣੀ ਸੋਚ ਅਤੇ ਸਮਝ ’ਤੇ ਇਨਸਾਨੀਅਤ ਦਾ ਪ੍ਰਤੀਕ ਦੇਣਾ ਸੀ ਜਾਂ ਆਪਣੇ ਲਾਲਚਪੁਣੇ ਦੀ ਉਦਾਰਹਣ ਦੇ ਕੇ ਪੂਰੀ ਮਾਨਵਤਾ ਸ਼ਰਮਸਾਰ ਕਰਨੀ ਸੀ। ਇਨ੍ਹਾਂ ਸਾਰੀਆਂ ਗੱਲਾਂ ਦੇ ਸਵਾਲ ’ਤੇ ਜਵਾਬ ਸਾਡੇ ਅੰਦਰ ਹੀ ਹਨ। ਬਸ ਫ਼ਰਕ ਐਨਾ ਹੀ ਹੈ ਕੀ ਅਸੀਂ ਕਦੇ ਸਹੀ ਨੂੰ ਸਹੀ ਨਹੀਂ ਆਖਦੇ ਅਤੇ ਗ਼ਲਤ ਨੂੰ ਗ਼ਲਤ ਨਹੀਂ ਆਖਦੇ। ਬਸ ਇੱਕ ਬੇਸਮਝ ਭੀੜ ਦੇ ਮੈਂਬਰ ਬਣਕੇ ਉਸ ਦੀ ਹਾਂ ਵਿੱਚ ਹਾਂ ਮਿਲਾਉਂਦੇ ਜਾਂਦੇ ਹਾਂ। ਜਿਸਦਾ ਨੁਕਸਾਨ ਸਾਡੇ ਆਉਣ ਵਾਲੇ ਕੱਲ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੁੱਕਣਾ ਪਵੇਗਾ।