ਚੁਣੌਤੀਆਂ ਸਾਡੇ ਲਈ ਵਿਕਾਸ ਦਾ ਮੌਕਾ ਵੀ ਹਨ-ਡਾ. ਢਿੱਲੋਂ

Monday, Aug 20, 2018 - 05:23 PM (IST)

ਚੁਣੌਤੀਆਂ ਸਾਡੇ ਲਈ ਵਿਕਾਸ ਦਾ ਮੌਕਾ ਵੀ ਹਨ-ਡਾ. ਢਿੱਲੋਂ

ਭਾਰਤ ਦੇ 72ਵੇਂ ਅਜ਼ਾਦੀ ਦਿਵਸ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਐੱਨ. ਸੀ. ਸੀ. ਦੇ ਵਿਦਿਆਰਥੀਆਂ ਨਾਲ ਮਿਲ ਕੇ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਜਿੱਥੇ ਪੀ.ਏ.ਯੂ. ਨੇ ਹਰੀ ਕ੍ਰਾਂਤੀ ਨੂੰ ਪੰਜਾਬ ਵਿਚ ਹੁਲਾਰਾ ਦੇਣ ਵਿਚ ਵੱਡਾ ਯੋਗਦਾਨ ਪਾਇਆ ਹੈ ਉਥੇ ਅਜੋਕੇ ਸਮੇਂ ਦੇ ਖੇਤੀ ਸੰਕਟਾਂ ਦੇ ਨਿਪਟਾਰੇ ਲਈ ਵੀ ਲਗਾਤਾਰ ਕਰਮਸ਼ੀਲ ਹੈ। ਇਸ ਦੀਆਂ ਅਨੇਕਾਂ ਉਦਾਹਰਨਾਂ ਦਿੰਦਿਆਂ ਉਹਨਾਂ ਦੱਸਿਆ ਕਿ 2016 ਵਿਚ ਨਰਮਾ ਪੱਟੀ ਵਿਚ ਚਿੱਟੀ ਮੱਖੀ ਦਾ ਸੰਕਟ ਸਾਡੇ ਸਾਂਝੇ ਯਤਨਾਂ ਸਦਕਾ ਠੱਲਿਆ ਜਾ ਸਕਿਆ ਅਤੇ ਨਰਮੇ ਦੀ ਰਿਕਾਰਡ ਪੈਦਾਵਾਰ ਹੋਈ ਅਤੇ 84 ਕਰੋੜ ਰੁਪਏ ਦੇ ਖੇਤੀ ਰਸਾਇਣਾਂ ਦੀ ਵਰਤੋਂ ਵੀ ਘਟੀ। ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ 20 ਜੂਨ ਤੋਂ ਝੋਨਾ ਲਾਉਣ ਦੀ ਸਿਫਾਰਿਸ਼ ਪੰਜਾਬ ਸਰਕਾਰ ਨੇ ਮੰਨ ਲਈ। ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਮਸ਼ੀਨਰੀ ਵੀ ਪੀ.ਏ.ਯੂ. ਨੇ ਦਿੱਤੀ ਹੈ ਜਿਸ ਵੱਲ ਸਾਰਾ ਰਾਸ਼ਟਰ ਦੇਖ ਰਿਹਾ ਹੈ। 

ਉਹਨਾਂ ਪੀ.ਏ.ਯੂ. ਦੇ ਪ੍ਰਬੰਧਕਾਂ, ਵਿਗਿਆਨੀਆਂ, ਕਰਮਚਾਰੀਆਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਸਭ ਦੇ ਸਾਂਝੇ ਯਤਨਾਂ ਸਦਕਾ ਹੀ ਅਸੀਂ ਇਸ ਵਰੇ ਸਰਦਾਰ ਪਟੇਲ ਐਵਾਰਡ ਜਿੱਤ ਸਕੇ ਹਾਂ, ਜੋ ਆਈ.ਸੀ. ਏ. ਆਰ. ਵੱਲੋਂ ਸਰਵੋਤਮ ਮਨੁੱਖੀ ਸਰੋਤ ਪ੍ਰਬੰਧਨ ਮੰਤਰਾਲੇ ਵੱਲੋਂ ਹਰ ਸਾਲ ਕੀਤੀ ਦਰਜਾਬੰਦੀ ਵਿਚ ਵੀ ਪੀ.ਏ. ਯੂ. ਮੂਹਰਲੀ ਕਤਾਰ ਵਿਚ ਰਹੀ ਹੈ। ਪ੍ਰਕਾਸ਼ਨਾਵਾਂ ਅਤੇ ਸਾਈਟੇਸ਼ਨ ਦੇ ਖੇਤਰ ਵਿਚ ਇੰਡੀਅਨ ਸਾਈਟੇਸ਼ਨ ਇੰਡੈਕਸ ਵਿਚ ਰਾਜ ਦੀਆਂ ਯੂਨੀਵਰਸਿਟੀਆਂ ਵਿਚੋਂ ਪੀ.ਏ.ਯੂ. ਨੂੰ ਪਹਿਲਾ ਦਰਜਾ ਦਿੱਤਾ ਗਿਆ ਹੈ। ਇੰਸਟੀਚਿਊਟ ਆਫ ਐਮੀਨੈਂਸ ਦੇ ਮੁਕਾਬਲੇ ਵਿਚ ਵਿਸ਼ੇਸ਼ ਕੈਟਾਗਰੀ ਵਿਚ ਪੀ.ਏ.ਯੂ. ਦੀ ਖਾਸ ਤੌਰ ਤੇ ਨਿਸ਼ਾਨਦੇਹੀ ਹੋਈ ਹੈ। ਡਾ. ਢਿੱਲੋਂ ਨੇ ਕਿਹਾ ਕਿ ਹਾਲੇ ਸਦੀਵੀ ਖੇਤੀ, ਪੌਸ਼ਟਿਕ ਸੁਰੱਖਿਆ ਅਤੇ ਮੌਸਮ ਦੀ ਖਲਬਲੀ ਵਰਗੀਆਂ ਚੁਣੌਤੀਆਂ ਸਾਡੇ ਸਨਮੁਖ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਚੁਣੌਤੀਆਂ ਸਾਡੇ ਵਿਕਾਸ ਦਾ ਮੌਕਾ ਵੀ ਹਨ। ਇਸ ਲਈ ਸਖਤ ਮਿਹਨਤ ਦੀ ਲੋੜ ਹੈ। ਰਾਜਨੀਤਕ ਅਜ਼ਾਦੀ ਦੇ ਨਾਲ-ਨਾਲ ਆਰਥਿਕ ਅਜ਼ਾਦੀ ਵੀ ਓਨੀ ਹੀ ਜ਼ਰੂਰੀ ਹੈ। 

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਅਜ਼ਾਦੀ ਦਿਵਸ ਦੇ ਇਸ ਸਮਾਰੋਹ ਵਿਚ ਆਏ ਮਹਿਮਾਨਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਿਖਰ ਤੇ ਟਿਕੇ ਰਹਿਣ ਲਈ ਸਖਤ ਮਿਹਨਤ ਅਤੇ ਅਨੁਸਾਸ਼ਨ ਦੀ ਲੋੜ ਹੈ। ਸੁਖਾਵੇਂ ਮੌਸਮ ਵਿਚ ਹੋਏ ਇਸ ਸਮਾਰੋਹ ਵਿਚ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਡੀਨ, ਪੋਸਟ ਗਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸੰਘਾ, ਡੀਨ, ਖੇਤੀਬਾੜੀ ਕਾਲਜ ਡਾ. ਐਸ. ਐਸ. ਕੁੱਕਲ, ਡਾ. ਜਤਿੰਦਰ ਕੌਰ ਗੁਲਾਟੀ, ਡੀਨ ਕਾਲਜ ਆਫ ਹੋਮ ਸਾਇੰਸ,  ਡਾ. ਸੰਦੀਪ ਕਪੂਰ ਕੰਪਟਰੋਲਰ, ਮਿਲਖ ਅਫਸਰ ਡਾ. ਵਿਸ਼ਵਜੀਤ ਸਿੰਘ ਹਾਂਸ, ਡਾ. ਐੱਨ ਕੇ. ਖੁੱਲਰ, ਕੰਟਰੋਲਰ ਪ੍ਰੀਖਿਆਵਾਂ, ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਸਨ। 
- ਜਗਦੀਸ਼ ਕੌਰ


Related News