ਕਹਾਣੀ ਵਿਸ਼ੇਸ਼: ਮਤਲਬਪ੍ਰਸਤ ਭਾਈਚਾਰਕ ਰਿਸ਼ਤਿਆਂ 'ਤੇ ਵਿਅੰਗ ਕਰਦੀਆਂ ਪੜ੍ਹੋ 2 ਮਿੰਨੀ ਕਹਾਣੀਆਂ

10/21/2020 1:49:12 PM

ਡਾ.ਰਾਮ ਮੂਰਤੀ
94174 49665

ਫਿਰ ਕੋਈ ਗੱਲ ਨਈਂ  

ਜਲ਼ੰਧਰ ਰਹਿੰਦੇ ਮੇਰੇ ਇਕ ਦੋਸਤ ਦਾ ਫੋਨ ਆਇਆ। ਉਸ ਨੇ ਮੇਰਾ ਹਾਲ ਚਾਲ ਪੁੱਛਿਆ ਤਾਂ ਮੈਂ ਕਿਹਾ,
" ਹਾਲ ਮੰਦੇ ਈ ਆ! "
" ਕੀ ਗੱਲ ਹੋ ਗਈ? "ਉਸ ਨੇ ਥੋੜੀ ਉਤਸੁਕਤਾ ਨਾਲ ਪੁੱਛਿਆ ।
" ਬੁਖਾਰ ਹੋ ਗਿਆ! "ਮੇਰੇ ਲਫ਼ਜ਼ਾਂ 'ਚ ਤਕਲੀਫ਼ ਸੀ।
"ਹੈਂ! ਸੁੱਖ ਦਾ ਈ ਆ! ਕਿਤੇ ਦੂਜਾ ਤਾਂ ਨਈਂ ਹੋ ਗਿਆ!" ਉਸ ਨੇ ਬੁਖਾਰ ਬਾਰੇ ਹੋਰ ਜਾਣਨ ਦੇ ਇਰਾਦੇ ਨਾਲ਼ ਪੁੱਛਿਆ।
ਮੈਂ ਕਿਹਾ, " ਯਾਰ ਸੁੱਖ ਦਾ ਨਈਂ ਲਗਦਾ, ਹੱਡ ਪੈਰ ਟੁੱਟੀ ਜਾਂਦੇ ਆ....ਬਦਨ ਦਰਦ ਬਹੁਤ ਹੋ ਰਿਅ੍ਹਾ! "
"ਅੱਛਾ ਅੱਛਾ! ਫਿਰ ਕੋਈ ਗੱਲ ਨਈ ਘਬਰਾਉਣ ਵਾਲੀ...ਡੇਂਗੂ ਆ, ਬਸ ਡੋਲੋ ਖਾਈ ਜਾ ਤੇ ਨਾਰੀਅਲ ਦਾ ਪਾਣੀ ਪੀਵੀ ਚੱਲ! ਕੁਝ ਦਿਨਾਂ 'ਚ ਆਪੇ ਠੀਕ ਹੋ ਜਾਣਾ! "
ਉਸ ਦੀ ਗੱਲ ਸੁਣ ਕੇ ਮੇਰਾ ਧਿਆਨ ਦਸ ਕੁ ਸਾਲ ਪਿੱਛੇ ਚਲਾ ਗਿਆ ਜਦੋਂ ਸਾਡੇ ਇਕ ਰਿਸ਼ਤੇਦਾਰ ਨੂੰ ਡੇਂਗੂ ਹੋ ਗਿਆ ਸੀ ਤੇ ਉਸ ਨੂੰ ਹਸਪਤਾਲ ਭਰਤੀ ਕਰਵਾਉਣਾ ਪੈ ਗਿਆ ਸੀ। ਮਰੀਜ਼ ਦੀ ਹਾਲਤ ਨਾਜ਼ੁਕ ਸੀ ਤੇ ਡਾਕਟਰ ਵੀ ਘਬਰਾਏ ਹੋਏ ਸਨ। ਉਹ ਮਹਿੰਗੀਆਂ ਦਵਾਈਆਂ ਮੰਗਵਾ ਰਹੇ ਸਨ ਤੇ ਘੜ੍ਹੀ ਮੁੜੀ ਖੂਨ ਦੀ ਜਾਂਚ ਕਰਵਾ ਰਹੇ ਸਨ। 
ਬਾਹਰ ਬੈਠੀ ਮਰੀਜ਼ ਦੀ ਘਰ ਵਾਲ਼ੀ ਗੁਟਕਾ ਸਾਹਿਬ ਖੋਲ੍ਹ ਕੇ ਬੈਠੀ ਪਾਠ ਕਰ ਰਹੀ ਸੀ। ਸਵੇਰੇ ਪਿੰਡ ਦੇ ਗੁਰਦੁਆਰੇ ਉਸ ਦੀ ਸਿਹਤਯਾਬੀ ਲਈ ਅਰਦਾਸ ਵੀ ਕਰਵਾਈ ਗਈ ਸੀ। ਅਸੀਂ ਸਾਰੇ ਬਾਹਰ ਬੈਠੇ ਡਰੇ ਹੋਏ ਸਾਂ ਅਤੇ ਸੋਚ ਰਹੇ ਸਾਂ ਪਤਾ ਨਈਂ ਕੀ ਹੋਣ ਵਾਲਾ ਹੈ? ....ਇਕ ਸਨੇਹੀ ਸੌ ਰੁਪਏ ਕਿੱਲੋ ਦੇ ਭਾਅ ਬੱਕਰੀ ਦਾ ਦੁੱਧ ਵੀ ਰੋਜ਼ਾਨਾ ਲਿਆ ਸੀ।…ਚਲੋ ਖੈਰ, ਦਸ ਕੁ ਦਿਨ ਹਸਪਤਾਲ ਰਹਿਣ ਤੋਂ ਬਾਅਦ ਸੁੱਖ ਸਬੀਲੀ ਉਹ ਤੰਦਰੁਸਤ ਹੋ ਕੇ ਘਰ ਆ ਗਿਆ ਸੀ।
ਹੁਣ ਖ਼ਬਰ ਸਾਰ ਲੈਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ ਸੀ। ਲੋਕ ਆਖ਼ਦੇ, "ਢਾਈ ਲੱਖ ਕੀ ਚੀਜ਼ ਐ? ਚਲੋ ਜਾਨ ਬਚ ਗਈ...ਬੰਦਾ ਨਾ ਲੱਖੀਂ ਨਾ ਹਜ਼ਾਰੀਂ! " 

ਤੇ ਅੱਜ ਮੇਰਾ ਮਿੱਤਰ ਕਹਿ ਰਿਹਾ ਸੀ, "ਫਿਰ ਕੋਈ ਗੱਲ ਨਈਂ ਘਬਰਾਉਣ ਵਾਲੀ..ਡੇਂਗੂ ਆ!" ਜਿਵੇ ਦਸ ਸਾਲ ਬਾਅਦ ਕੋਈ ਕਿਸੇ ਨੂੰ ਕਹੇ, " ਫਿਰ ਕੋਈ ਗੱਲ ਨਈਂ ਘਬਰਾਉਣ ਵਾਲੀ...ਕੋਰੋਨਾ ਈ ਆ, ਨਾਰੀਅਲ ਪਾਣੀ ਪੀ ਰੱਜ ਕੇ....ਸਲਾਦ ਖਾ ਤੇ ਗਲੋ ਦਾ ਕਾੜ੍ਹਾ ਪੀ ਚੱਲ...ਆਪਣੇ ਆਪ ਨੂੰ ਘਰਦਿਆਂ ਤੋਂ ਅਲੱਗ ਕਰਲਾ, ਕੁਝ ਦਿਨਾਂ ਲਈ ਆਪੇ ਠੀਕ ਹੋ ਜਾਣਾ ! "

PunjabKesari


 

ਧੰਨਵਾਦ
ਸਰਪੰਚਾਂ ਦੀ ਮਿੰਦੋ ਨੇ ਸਵੇਰੇ ਸੱਤ ਕੁ ਵਜੇ ਛਿੰਦੇ ਦੇ ਘਰ ਦਾ ਦਰ ਆ ਖੜਕਾਇਆ ਤਾਂ ਅੱਗੇ ਛਿੰਦੇ ਦੀ ਮਾਂ ਘਰ ਵਿੱਚ ਝਾੜੂ ਪੋਚਾ ਮਾਰ ਰਹੀ ਸੀ। ਉਸ ਨੇ ਸਰਪੰਚਣੀ ਲਈ ਕਮਰੇ ’ਚੋਂ ਕੁਰਸੀ ਕੱਢ ਲਿਆਂਦੀ ਤੇ ਉਸ ਨੂੰ ਬੈਠਣ ਲਈ ਕਹਿ ਕੇ ਆਪ ਰਸੋਈ 'ਚ ਚਾਹ ਧਰਨ ਚਲੇ ਗਈ।

 ਉਸ ਨੇ ਅੰਦਰੋਂ ਹੀ ਬੋਲਦਿਆਂ ਪੁੱਛਿਆ, "ਮਿੰਦੋ ਮੁੰਡੇ ਦਾ ਹੁਣ ਕੀ ਹਾਲ ਐ? ਮਰ ਜਾਏ ਕੁਤੀੜ ਵਾਧਾ...ਵਿਚਾਰਾ ਮੁੰਡਾ ਈ ਜ਼ਖਮੀ ਕਰਤਾ...ਮੋਟਰ ਸੈਕਲ ਮੂਹਰੇ ਤਾਂ ਝੱਟ ਆ ਛਾਲ ਮਾਰਦੀ ਕੁਤੀੜ!

"ਆਹੋ! ਭੈਣੇ ਕੀ ਕਰੀਏ ਕੁਤੀੜ ਵਾਧੇ ਦਾ...ਪਿੱਛਲੇ ਸਾਲ ਤੈਨੂੰ ਪਤਾ ਸਰਪੰਚ ਸਾਹਿਬ ਦੀ ਜੀਪ ਅੱਗੇ ਅਵਾਰਾ ਸਾਨ੍ਹ ਆ ਗਿਆ ਸੀ ...ਉਦੋਂ ਉਨ੍ਹਾਂ ਦੀ ਮਸਾ ਜਾਨ ਬਚੀ ...ਹੁਣ ਆਹ ਭਾਣਾਂ ਵਾਪਰ ਗਿਆ! " ਸਰਪੰਚਣੀ ਨੇ ਡੂੰਘਾ ਹਉਕਾ ਭਰਦਿਆਂ ਦੁੱਖ ਰੋਇਆ।
"ਚੱਲ ਤੂੰ ਮੁੰਡੇ ਦਾ ਦੱਸ ਕੀ ਹਾਲ ਹੁਣ! "ਛਿੰਦੇ ਦੀ ਮਾਂ ਨੇ ਲਾਗੇ ਡੱਠੇ ਮੰਜੇ 'ਤੇ ਬੈਠਦਿਆਂ ਪੁੱਛਿਆ।
      
"ਮੁੰਡਾ ਤਾਂ ਸੁੱਖ ਨਾਲ ਹੁਣ ਠੀਕ ਆ...ਜਦੋਂ ਕੱਲ੍ਹ ਛਿੰਦੇ ਨੇ ਖੂਨ ਦੀ ਬੋਤਲ ਦਿੱਤੀ ਕਹਿੰਦੇ ਉਦੋਂ ਬੋਲਿਆ...ਪਹਿਲਾਂ ਤਾਂ ਭੈਣੇ ਹੋਸ਼ ਈ ਕੋਈ ਨੀ ਸੀ....ਕਿੱਥੇ ਆ ਛਿੰਦਾ? ਮੈਂ ਤਾਂ ਭੈਣੇ ਉਹਦਾ ਧੰਨਵਾਦ ਕਰਨ ਆਈਆਂ...ਮੇਰਾ ਮੁੰਡਾ ਬਚਾ ਲਿਆ! "ਮਿੰਦੋ ਨੇ ਚੁੰਨੀ ਨਾਲ ਹੰਝੂ ਪੂੰਝਦਿਆਂ ਜਵਾਬ ਦਿੱਤਾ।
        
"ਕੋਈ ਨੀ ਭੈਣ! ਧੰਨਬਾਦ ਕਾਹਦਾ? ਉਹ ਤਾਂ ਖੂਨ ਸੱਤ ਬਗਾਨਿਆਂ ਨੂੰ ਵੀ ਦਿੰਦਾ ਰਹਿੰਦਾ...ਤੁਸੀਂ ਤਾਂ ਫੇਰ ਵੀ ਆਪਣੇ ਨਗਰ ਦੇ ਸਰਪੰਚ ਹੋਏ! "ਕਹਿੰਦਿਆਂ ਛਿੰਦੇ ਦੀ ਮਾਂ ਨੇ ਅੰਦਰੋਂ ਚਾਹ ਦਾ ਕੱਪ ਲਿਆ ਕੇ ਸਰਪੰਚਣੀ ਦੇ ਹੱਥ ਫੜਾਉਂਣਾ ਚਾਹਿਆ ਤਾਂ ਸਰਪੰਚਣੀ ਨੇ ਚਾਹ ਫੜਨੋ ਇਹ ਕਹਿ ਕੇ ਇਨਕਾਰ ਕਰ ਦਿੱਤਾ, "ਨਾ ਨਾ ਭੈਣ ਤੈਨੂੰ ਪਤਾ ਈ ਆ ਸਾਡੇ ਮਹਾਰਾਜੀਆਂ ਦਾ ਹੁਕਮ ਆ ਪਈ ਕਿਸੇ ਦੇ ਘਰੋਂ ਅੰਨ ਪਾਣੀ ਨਈਂ ਛਕਣਾਂ! 
"ਤੇ ਨਾਲ ਹੀ ਸਰਪੰਚਣੀ ਨੇ ਆਪਣੇ ਗਲ਼ ਵਿੱਚ ਪਾਇਆ ਧਾਰਮਿਕ ਚਿੰਨ੍ਹ ਹੱਥ ਨਾਲ਼ ਠੀਕ ਕੀਤਾ ਤੇ ਪੁੱਛਿਆ,"ਛਿੰਦਾ ਕਿੱਥੇ ਆ? ਮੈਂ ਉਨੂੰ ਸ਼ਾਬਾਸ਼ ਦੇਣ ਆਈਆਂ...ਉਦਾ ਧੰਨਬਾਦ ਕਰਨ!…...ਸੱਚ ਦੱਸੀਂ!  ਛਿੰਦੇ ਨੂੰ ਖੂਨ ਦੇਣ ਦੇ ਸਰਕਾਰੋਂ ਪੈਸੇ ਵੀ ਮਿਲਦੇ ਆ? "

"ਮੈਨੂੰ ਤਾਂ ਪਤਾ ਨਈਂ ਮਿੰਦੋ...ਮੇਰੇ ਕੋਲ ਤਾਂ ਕੋਈ ਗੱਲ ਈ ਨਈਂ ਕਰਦਾ...ਤੈਨੂੰ ਕੀਹਨੇ ਦੱਸਿਆ? " ਛਿੰਦੇ ਦੀ ਮਾਂ ਨੇ ਹੈਰਾਨੀ ਨਾਲ਼ ਪੁੱਛਿਆ।
"ਰਾਤੀਂ ਸਰਪੰਚ ਸਾਬ੍ਹ ਈ ਦੱਸਦੇ ਸੀ, ਬੀ ਇਨ੍ਹਾਂ ਨੂੰ ਨਾਮ ਨੂਮ ਤੇ ਪੈਸੇ ਪੂਸੇ ਸਰਕਾਰੋਂ ਮਿਲਦੇ ਰਹਿੰਦੇ ਆ....ਨਈਂ ਤੇ ਅੱਜ ਕੱਲ੍ਹ ਖੂਨ ਤਾਂ ਸਕੇ ਨੀ ਸਕਿਆਂ ਨੂੰ ਦਿੰਦੇ!...ਮੈਂ ਕਿਹਾ ਭਾਈ ਜੋ ਮਰਜ਼ੀ ਹੋਵੇ ਮੈਂ ਤਾਂ ਮੁੰਡੇ ਦਾ ਧੰਨਬਾਦ ਜ਼ਰੂਰ ਕਰਕੇ ਆਉਣਾ...ਕਿੱਥੇ ਆ ਦਿਸਦਾ ਨਈਂ? " ਸਰਪੰਚਣੀ ਨੇ ਕਮਰੇ ਵੱਲ ਝਾਤੀ ਮਾਰਦਿਆਂ ਪੁੱਛਿਆ।

"ਉਹ ਤਾਂ ਸਾਜ੍ਹਰੇ ਈ ਦੁਕਾਨ 'ਤੇ ਚਲਾ ਜਾਂਦਾ ਰੋਜ! "ਛਿੰਦੇ ਦੀ ਮਾਂ ਨੇ ਜਾਣਕਾਰੀ ਦਿੱਤੀ।
             "ਚੱਲ ਚੰਗਾ! ਮੈਂ ਫੇ ਆਉਂਗੀ, ਮੈਂ ਹਾਲੇ ਪੂਜਾ ਪਾਠ ਵੀ ਕਰਨਾ ਜਾ ਕੇ! 
"ਕਹਿੰਦਿਆਂ ਸਰਪੰਚਣੀ ਦਾ ਹੱਥ ਧਾਰਮਿਕ ਚਿੰਨ੍ਹ ਨੂੰ ਫਿਰ ਛੂਹ ਗਿਆ ਤੇ ਉਹ ਮਹਾਰਾਜ ਮਹਾਰਾਜ ਕਰਦੀ ਛਿੰਦੇ ਦੇ ਘਰ ਦੇ ਦਰਵਾਜਿਉਂ ਬਾਹਰ ਹੋ ਗਈ।


rajwinder kaur

Content Editor rajwinder kaur